ਸਕੂਲ ਲਾਇਬ੍ਰੇਰੀ ਦੀ ਹੋਵੇ ਸੁਚੱਜੀ ਵਰਤੋਂ

ਗੁਰਬਿੰਦਰ ਸਿੰਘ ਮਾਣਕ 12007cd _libraryਘਰ ਤੋਂ ਬਾਅਦ ਸਕੂਲ ਬੱਚੇ ਦੇ ਸਰਬਪੱਖੀ ਵਿਕਾਸ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ।ਸਕੂਲ ਵਿੱਚ ਬੱਚੇ ਨੇ ਕੇਵਲ ਪਾਠਕ੍ਰਮ ਦੀਆਂ ਪੁਸਤਕਾਂ ਪੜ੍ਹ ਕੇ ਹੀ ਜਮਾਤਾਂ ਪਾਸ ਨਹੀਂ ਕਰਨੀਆਂ ਹੁੰਦੀਆਂ ਸਗੋਂ ਸਮਾਜਿਕ,ਸਭਿਆਚਾਰਕ,ਭਾਵਨਾਤਮਿਕ ਅਤੇ ਨੈਤਿਕ ਮੁੱਲਾਂ ਸਬੰਧੀ ਬਹੁਤ ਕੁਝ ਸਿੱਖਣਾ ਤੇ ਸਮਝਣਾ ਹੁੰਦਾ ਹੈ। ਫਿਰ ਹੀ ਜੀਵਨ ਨੂੰ ਸਾਰਥਿਕ ਬਣਾਇਆ ਜਾ ਸਕਦਾ ਹੈ। ਅਜੋਕੀ ਸਿਖਿਆ ਪ੍ਰਣਾਲੀ ਪ੍ਰੀਖਿਆ ਦੀ ਦ੍ਰਿਸ਼ਟੀ ਤੋਂ ਕੇਵਲ ਪਾਠ-ਪੁਸਤਕਾਂ ਉਪਰ ਵਧੇਰੇ ਜ਼ੋਰ ਦਿੰਦੀ ਹੈ। ਪਾਠਕ੍ਰਮ ਅਕਾਊ ਤੇ ਨੀਰਸ ਹਨ। ਬੱਚੇ ਅਤੇ ਅਧਿਆਪਕ ਸਾਲ ਦਾ ਬਹੁਤਾ ਸਮਾਂ ਇਸ ਨੂੰ ਮੁਕਾਉਣ ਵਿੱਚ ਹੀ ਉਲਝੇ ਰਹਿੰਦੇ ਹਨ।ਅਧਿਆਪਕ ਵੀ ਨਤੀਜਾ ਚੰਗਾ ਲਿਆਉਣ ਲਈ ਪਾਠਕ੍ਰਮ ਦੇ ਚੱਕਰਵਿਊ ਵਿੱਚੋਂ ਬਾਹਰ ਨਹੀਂ ਨਿਕਲਦਾ। ਪ੍ਰੀਖਿਆ ਪਾਸ ਕਰਨ ਦੇ ਹਊਏ ਨੇ ਵਿਦਿਆਰਥੀਆਂ ਲਈ ਹੋਰ ਸਰਗਰਮੀਆਂ ਵਿੱਚ ਹਿੱਸਾ ਲੈਣ ਦੇ ਦਰਵਾਜ਼ੇ ਬੰਦ ਕੀਤੇ ਹੋਏ ਹਨ। ਹੁਣ ਸਮਾਂ ਆ ਗਿਆ ਹੈ ਕਿ ਬੱਚਿਆਂ ਨੂੰ ਨਵੇਂ ਤਕਨੀਕੀ ਸਾਧਨਾਂ ਦੀ ਵਰਤੋਂ ਲਈ ਸੇਧ ਦਿੱਤੀ ਜਾਵੇ। ਇਹ ਅਗਵਾਈ ਮਾਪਿਆਂ ਤੇ ਅਧਿਆਪਕਾਂ ਨੂੰ ਕਰਨੀ ਚਾਹੀਦੀ ਹੈ। ਟੀਵੀ ਇਕ ਸ਼ਕਤੀਸ਼ਾਲੀ ਮਾਧਿਅਮ ਹੈ,ਤੇ ਇਸ ਦੀ ਚਕਾਚੌਂਧ ਨੇ ਬੱਚਿਆਂ ਨੂੰ ਪੂਰੀ ਤਰ੍ਹਾਂ ਆਪਣੀ ਲਪੇਟ ਵਿੱਚ ਲਿਆ ਹੋਇਆ ਹੈ।ਚਿੰਤਾਜਨਕ ਗੱਲ ਇਹ ਹੈ ਕਿ ਇਹ ਮਾਧਿਅਮ ਵੀ ਬੱਚਿਆਂ ਨੂੰ ਸਹੀ ਦਿਸ਼ਾ ਦੇਣ ਦੀ ਬਜਾਏ ਉਨ੍ਰਾਂ ਦੀਆਂ ਰੁਚੀਆਂ ਨੂੰ ਵਿਗਾੜ ਰਿਹਾ ਹੈ। ਇਸ ਲਈ ਸਕੂਲ ਲਾਇਬ੍ਰੇਰੀਆਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਵਿਕਸਿਤ ਕਰਕੇ,ਵਿਦਿਆਰਥੀਆ ਨੂੰ ਇਕ ਸਾਰਥਿਕ ਬਦਲ ਦੇਣ ਦਾ ਯਤਨ ਕਰਨਾ ਚਾਹੀਦਾ ਹੈ। ਇਹ ਤਾਂ ਹੀ ਸੰਭਵ ਹੋ ਸਕਦਾ ਹੈ ਜੇ ਲਾਇਬ੍ਰੇਰੀ ਸਕੂਲ ਪਾਠਕ੍ਰਮ ਦਾ ਹਿੱਸਾ ਹੋਵੇ। ਅਧਿਆਪਕ ਬੱਚਿਆਂ ਦੇ ਮਨ ਵਿੱਚ ਪੁਸਤਕਾਂ ਪ੍ਰਤੀ ਦਿਲਚਸਪੀ ਪੈਦਾ ਕਰਕੇ, ਉਨ੍ਹਾਂ ਨੂੰ ਲਾਇਬ੍ਰੇਰੀ ਜਾਣ ਲਈ ਉਤਸ਼ਾਹਿਤ ਕਰਨ। ਬੱਚਿਆਂ ਦੇ ਉਮਰ-ਗਰੁੱਪ ਅਨੁਸਾਰ, ਉਨ੍ਹਾਂ ਨੂੰ ਪੁਸਤਕਾਂ ਮੁਹੱਈਆ ਕਰਾਈਆਂ ਜਾਣ। ਜੇ ਹੋ ਸਕੇ ਤਾਂ ਅਧਿਆਪਕ ਪੁਸਤਕਾਂ ਵਿੱਚੋਂ ਕਦੇ ਕਦੇ ਕੁਝ ਦਿਲਚਸਪ ਵੇਰਵੇ ਬੱਚਿਆਂ ਨੂੰ ਪੜ੍ਹ ਕੇ ਸੁਣਾਏ ।ਬੱਚਿਆਂ ਦੀ ਸਕੂਲ ਵਿੱਚ ਕਿਸੇ ਪ੍ਰਾਪਤੀ ਲਈ ਪੁਸਤਕਾਂ ਇਨਾਮ ਵਜੋਂ ਦਿੱਤੀਆਂ ਜਾਣ। ਬੱਚਿਆਂ ਨੂੰ ਲੇਖ ਜਾਂ ਸਾਹਿਤ ਲਿਖਣ ਲਈ ਪ੍ਰੇਰਿਆ ਜਾਵੇ। ਅਸਲ ਵਿੱਚ ਬਹੁਤ ਕੁਝ ਅਧਿਆਪਕ ਦੀ ਆਪਣੀ ਲਗਨ ਅਤੇ ਪ੍ਰਤੀਬੱਧਤਾ ਉੱਤੇ ਨਿਰਭਰ ਕਰਦਾ ਹੈ। ਜਿਹੜਾ ਅਧਿਆਪਕ ਆਪਣੇ ਗਿਆਨ ਨੂੰ ਸਮੇਂ ਦਾ ਹਾਣੀ ਬਣਾੳਣ ਲਈ ਅਖਬਾਰਾਂ, ਰਸਾਲੇ ਅਤੇ ਪੁਸਤਕਾਂ ਪੜ੍ਹਨ ਵਿਚ ਡੂੰਘੀ ਦਿਲਚਸਪੀ ਲੈਂਦਾ ਹੈ, ਉਹ ਨਾ ਕੇਵਲ ਆਪਣੇ ਵਿਸ਼ੇ ਵਿੱਚ ਮੁਹਾਰਿਤ ਹਾਸਲ ਕਰ ਲੈਂਦਾ , ਸਗੋਂ ਇਸ ਗਿਆਨ ਅਤੇ ਅਨੁਭਵ ਦੁਆਰਾ ਬੱਚਿਆਂ ਨੂੰ ਪਾਠਕ੍ਰਮ ਦੇ ਨਾਲ- ਨਾਲ ਜੀਵਨ ਦਾ ਸਰਵਪੱਖੀ ਗਿਆਨ ਹਾਸਲ ਕਰਨ ਦੇ ਮਾਰਗ ਉਪਰ ਤੋਰ ਸਕਦਾ ਹੈ। ਅਕਸਰ ਕਿਹਾ ਜਾਂਦਾ ਹੈ ਕਿ ਲਾਇਬ੍ਰੇਰੀ ਦੀ ਵਰਤੋਂ ਨਾਲ ਬੱਚਿਆਂ ਦੀ ਪੜ੍ਹਾਈ ਦਾ ਨੁਕਸਾਨ ਹੁੰਦਾ ਹੈ। ਇਹ ਸੋਚ ਕਿਸੇ ਵੀ ਤਰ੍ਹਾਂ ਸਹੀ ਨਹੀਂ ਹੈ। ਪੁਸਤਕਾਂ ਪੜ੍ਹਨ ਅਤੇ ਗਿਆਨ ਹਾਸਲ ਕਰਨ ਦੀ ਪ੍ਰਵਿਰਤੀ, ਬੱਚੇ ਦੇ ਮਨ ਵਿੱਚ ਅੱਗੇ ਵਧਣ ਲਈ ਜੋਸ਼ ਅਤੇ ਲਗਨ ਪੈਦਾ ਕਰਦੀ ਹੈ ਪਿਛਲੇ ਕੁਝ ਸਾਲਾਂ ਤੋਂ ਸਰਕਾਰੀ ਸਕੂਲਾਂ ਵਿੱਚ ਕੁਝ ਹੱਦ ਤੱਕ ਲਾਇਬ੍ਰੇਰੀਆਂ ਦੀ ਸਥਾਪਨਾ ਹੋਈ ਹੈ। ਪੁਸਤਕਾਂ ਖਰੀਦਣ ਲਈ ਗਰਾਂਟਾਂ ਵੀ ਮੁਹੱਈਆ ਕਰਾਈਆਂ ਗਈਆਂ ਹਨ। ਜਿੱਥੇ ਅਧਿਆਪਕ ਰੁਚੀ ਲੈਂਦੇ ਹਨ, ਉਨ੍ਹਾਂ ਸਕੂਲਾਂ ਵਿੱਚ ਬਹੁਤ ਸ਼ਾਨਦਾਰ, ਆਕਰਸ਼ਿਕ ਅਤੇ ਪ੍ਰਭਾਵਸ਼ਾਲੀ ਲਾਇਬ੍ਰੇਰੀਆਂ ਦੇਖੀਆਂ ਜਾ ਸਕਦੀਆਂ ਹਨ। ਬਹੁਤੇ ਸਕੂਲਾਂ ਵਿੱਚ ਲਾਰਿਬ੍ਰੇਰੀਅਨ ਦੀ ਆਸਾਮੀ ਖਾਲੀ ਹੋਣ ਕਾਰਨ, ਅਧਿਆਪਕ ਹੀ ਇਹ ਕੰਮ ਦੇਖਦਾ ਹੈ। ਬਹੁਤੇ ਅਧਿਆਪਕ ਇਸ ਨੂੰ ਵਾਧੂ ਦਾ ਬੋਝ ਸਮਝਦੇ ਹਨ ਅਤੇ ਕਿਤਾਬਾਂ ਅਲਮਾਰੀਆਂ ਦਾ ਸ਼ਿੰਗਾਰ ਬਣ ਕੇ ਰਹਿ ਜਾਂਦੀਆਂ ਹਨ। ਹੁਣ ਤਾਂ ਬੱਚੇ ਟੈਲੀਵੀਯਨ, ਕੰਪਿਊਟਰ ਅਤੇ ਮੋਬਾਈਲ ਫੋਨ ਵਿੱਚ ਉਲਝ ਕੇ ਰਹਿ ਗਏ ਹਨ। ਇਨ੍ਹਾਂ ਉਪਕਰਣਾਂ ਦੀ ਵਰਤੋਂ ਵਿੱਚ ਕੋਈ ਬੁਰਾਈ ਨਹੀਂ ਪਰ ਜਿਸ ਤਰ੍ਹਾਂ ਬੱਚੇ ਇਨ੍ਹਾਂ ਦੇ ਗੁਲਾਮ ਬਣਦੇ ਜਾ ਰਹੇ ਹਨ, ਉਸ ਨਾਲ ਕਈ ਸਰੀਰਕ ਤੇ ਮਾਨਸਿਕ ਵਿਕਾਰ ਪੈਦਾ ਹੋਣ ਦੇ ਖ਼ਦਸ਼ੇ ਚਿੰਤਾਜਨਕ ਹਨ। ਇਸ ਲਈ ਬਹੁਤ ਜ਼ਰੂਰੀ ਹੈ ਕਿ ਸਕੂਲ ਲਾਇਬ੍ਰੇਰੀ ਨੂੰ ਸਕੂਲੀ ਪਾਠ-ਕ੍ਰਮ ਦਾ ਹਿੱਸਾ ਬਣਾ ਕੇ, ਇਸ ਦੀ ਸੁਚੱਜੀ ਵਰਤੋਂ ਕੀਤੀ ਜਾਵੇ। ਸੰਪਰਕ: 98153- 56086

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਇਮੀਊਨਿਟੀ ਦੀ ਸੱਜ ਗਈ ਹੱਟੀ

ਇਮੀਊਨਿਟੀ ਦੀ ਸੱਜ ਗਈ ਹੱਟੀ

ਪਰਮਾਣੂ ਹਥਿਆਰ ਅਤੇ ਮਨੁੱਖਤਾ ਦਾ ਭਲਕ

ਪਰਮਾਣੂ ਹਥਿਆਰ ਅਤੇ ਮਨੁੱਖਤਾ ਦਾ ਭਲਕ

ਮੇਰੇ ਪਿੰਡ ਦੇ ਸ਼ਹੀਦਾਂ ਦੀ ਅਲੋਕਾਰ ਗਾਥਾ!

ਮੇਰੇ ਪਿੰਡ ਦੇ ਸ਼ਹੀਦਾਂ ਦੀ ਅਲੋਕਾਰ ਗਾਥਾ!

ਸ਼ਹਿਰ

View All