ਸ਼ੋਪੀਆਂ ਵਿਚ ਦੋ ਅਤਿਵਾਦੀ ਹਲਾਕ

ਸ੍ਰੀਨਗਰ, 11 ਜੂਨ ਇਸਲਾਮਿਕ ਸਟੇਟ ਦੀ ਵਿਚਾਰਧਾਰਾ ਤੋਂ ਪ੍ਰਭਾਵਿਤ ਦੋ ਸਥਾਨਕ ਅਤਿਵਾਦੀ ਅੱਜ ਸੁਰੱਖਿਆ ਬਲਾਂ ਨਾਲ ਜੰਮੂ ਕਸ਼ਮੀਰ ਦੇ ਜ਼ਿਲ੍ਹਾ ਸ਼ੋਪੀਆਂ ਵਿਚ ਹੋਏ ਮੁਕਾਬਲੇ ਵਿਚ ਮਾਰੇ ਗਏ ਹਨ। ਪੁਲੀਸ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਇਲਾਕੇ ਵਿਚ ਅਤਿਵਾਦੀਆਂ ਦੇ ਮੌਜੂਦ ਹੋਣ ਦੀ ਸੂਚਨਾ ਮਿਲਣ ’ਤੇ ਸ਼ੋਪੀਆਂ ਦੇ ਅਵਨੀਰਾ ਇਲਾਕੇ ਵਿਚ ਤੜਕੇ ਸਵੇਰੇ ਤਲਾਸ਼ੀ ਮੁਹਿੰਮ ਵਿੱਢੀ ਗਈ ਸੀ। ਉਨ੍ਹਾਂ ਕਿਹਾ ਕਿ ਸੁਰੱਖਿਆ ਬਲਾਂ ਵਲੋਂ ਅਤਿਵਾਦੀਆਂ ਉੱਤੇ ਕੀਤੀ ਗੋਲੀਬਾਰੀ ਕਾਰਨ ਤਲਾਸ਼ੀ ਮੁਹਿੰਮ ਮੁਕਾਬਲੇ ਵਿਚ ਤਬਦੀਲ ਹੋ ਗਈ। ਪੁਲੀਸ ਬੁਲਾਰੇ ਨੇ ਦੱਸਿਆ,‘ਸੁਰੱਖਿਆ ਬਲਾਂ ਵਲੋਂ ਜੁਆਬੀ ਕਾਰਵਾਈ ਦੌਰਾਨ ਦੋ ਅਤਿਵਾਦੀ ਮਾਰੇ ਗਏ। ਮੁਕਾਬਲੇ ਵਾਲੀ ਥਾਂ ਤੋਂ ਹਥਿਆਰ ਤੇ ਅਸਲਾ ਬਰਾਮਦ ਹੋਇਆ ਹੈ।’ ਮ੍ਰਿਤਕਾਂ ਦੀ ਪਛਾਣ ਸਯਾਰ ਅਹਿਮਦ ਭੱਟ ਵਾਸੀ ਕੁਲਗਾਮ ਅਤੇ ਸ਼ਾਕਿਰ ਅਹਿਮਦ ਵਾਘੇ ਵਾਸੀ ਅਵਨੀਰਾ ਵਜੋਂ ਹੋਈ ਹੈ। ਬੁਲਾਰੇ ਨੇ ਦੱਸਿਆ,‘ਪੁਲੀਸ ਰਿਕਾਰਡ ਮੁਤਾਬਕ, ਮਾਰੇ ਗਏ ਦੋਵੇਂ ਅਤਿਵਾਦੀ ਆਈਐੱਸ ਦੀ ਵਿਚਾਰਧਾਰਾ ਤੋਂ ਪ੍ਰਭਾਵਿਤ ਸਨ।’ -ਪੀਟੀਆਈ

ਬਾਰਾਮੂਲਾ ਵਿਚ ਅਤਿਵਾਦੀਆਂ ਤੇ ਸੁਰੱਖਿਆ ਬਲਾਂ ’ਚ ਗੋਲੀਬਾਰੀ ਸ਼ੁਰੂ ਸ੍ਰੀਨਗਰ: ਜੰਮੂ ਕਸ਼ਮੀਰ ਦੇ ਬਾਰਾਮੂਲਾ ਜ਼ਿਲ੍ਹੇ ਦੇ ਸੋਪੋਰ ਇਲਾਕੇ ਵਿਚ ਅਤਿਵਾਦੀਆਂ ਅਤੇ ਸੁਰੱਖਿਆ ਬਲਾਂ ਵਿਚਕਾਰ ਗੋਲੀਬਾਰੀ ਸ਼ੁਰੂ ਹੋ ਗਈ। ਪੁਲੀਸ ਮੁਤਾਬਕ ਇਹ ਗੋਲੀਬਾਰੀ ਤਲਾਸ਼ੀ ਮੁਹਿੰਮ ਦੌਰਾਨ ਹੋਈ। ਉਨ੍ਹਾਂ ਦੱਸਿਆ ਕਿ ਅਜੇ ਤਕ ਕਿਸੇ ਜਾਨੀ ਨੁਕਸਾਨ ਦੀ ਖਬਰ ਨਹੀਂ ਹੈ।-ਪੀਟੀਆਈ

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All