ਸ਼ਾਹ ਮੁਹੰਮਦ ਦਾ ਸ਼ਾਹਕਾਰ

ਸ਼ਾਹ ਮੁਹੰਮਦ ਦਾ ਸ਼ਾਹਕਾਰ

‘ਜੰਗਨਾਮਾ ਸਿੰਘਾਂ ਤੇ ਫਰੰਗੀਆਂ’ ਸ਼ਾਹ ਮੁਹੰਮਦ (1782-1862 ਈ.) ਦੀ ਸ਼ਾਹਕਾਰ ਰਚਨਾ ਹੈ। ਇਹ ਜੰਗਨਾਮਾ ਭਾਵੇਂ ਉਨੀਵੀਂ ਸਦੀ ਦੇ ਲਗਪਗ ਅੱਧ ਵਿਚ ਲਿਖਿਆ ਗਿਆ ਪਰ ਇਸ ਦੀ ਸਾਰਥਿਕਤਾ ਇਕੀਵੀਂ ਸਦੀ ਵਿਚ ਵੀ ਬਣੀ ਹੋਈ ਹੈ। ਸਮੇਂ ਤੇ ਸਥਾਨ ਦੀਅ ਹੱਦਬੰਦੀਆਂ ਨੂੰ ਤੋੜਦਾ ਹੋਇਆ ਇਹ  ਨਵ-ਸਾਮਰਾਜ ਦੀਆਂ ਕੂਟਨੀਤੀਆਂ ਬਾਰੇ ਵੀ ਪੰਜਾਬੀਆਂ ਨੂੰ ਚੇਤਨ ਕਰਦਾ ਦ੍ਰਿਸ਼ਟੀਗੋਚਰ ਹੁੰਦਾ ਹੈ। ਭਾਰਤ ਅੰਦਰ ਫੈਲਾਏ ਜਾ ਰਹੇ ਅਸਹਿਣਸੀਲਤਾ ਦੇ ਮਾਹੌਲ ਨੂੰ ਇਹ ਜੰਗਨਾਮਾ ਅੱਜ ਵੀ ਮੁਖਾਤਿਬ ਹੁੰਦਾ ਪ੍ਰਤੀਤ ਹੁੰਦਾ ਹੈ। ਸ਼ਾਹ ਮੁਹੰਮਦ ਨੇ ਭਾਵੇਂ ਅੰਗਰੇਜ਼ ਸਾਮਰਾਜ  ਦੀ ਪੰਜਾਬ ਵਿਚ ਆਮਦ ਤੋਂ ਬਾਅਦ ਪੈਦਾ ਹੋਣ ਵਾਲੇ ਸੰਕਟਾਂ ਦੀਆਂ ਭਵਿੱਖਬਾਣੀਆਂ ਕੀਤੀਆਂ ਸਨ ਪਰ ਅੱਜ ਦੇ ਨਵ-ਸਾਮਰਾਜੀ ਸੰਕਟਾਂ ਦੇ ਸਿੱਟੇ ਵਜੋਂ ਟੁੱਟ ਰਹੇ ਆਪਸੀ ਭਾਈਚਾਰੇ ਸਬੰਧੀ ਦਰਸਾਈਆਂ ਗੱਲਾਂ ਅਜੋਕੇ ਯਥਾਰਥ ਦੇ ਕਾਫੀ ਨੇੜੇ ਹਨ। ਸ਼ਾਹ ਮੁਹੰਮਦ ਨੇ ਅੰਗਰੇਜ਼ ਸਾਮਰਾਜ ਦੀ ਪੰਜਾਬ ਵਿਚ ਆਮਦ ਨੂੰ ਨਵੇਂ ਸੰਕਟਾਂ ਦੀ ਆਮਦ ਦਾ ਨਾਂ ਦਿੱਤਾ ਸੀ। ਸ਼ਾਹ ਮੁਹੰਮਦ ਦਾ ਸਭ ਤੋਂ ਵੱਡਾ ਫਿਕਰ ਇਹ ਸੀ ਕਿ ਅੰਗਰੇਜ਼ ਸਾਮਰਾਜ ਨੇ ਪੰਜਾਬੀਆਂ ਦੇ ਸਦੀਆਂ ਪੁਰਾਣੇ ਸਾਂਝੇ ਭਾਈਚਾਰੇ ਨੂੰ ਤਹਿਸ-ਨਹਿਸ ਕਰ ਦੇਣਾ ਹੈ। ਇਹੋ ਕਾਰਨ ਹੈ ਕਿ ਸ਼ਾਹ ਮੁਹੰਮਦ ਪੰਜਾਬ ਵਿਚ ਅੰਗਰੇਜ਼ ਸਾਮਰਾਜ ਦੇ ਆਉਣ ਨੂੰ ਵੱਡੇ ਸੰਕਟ (ਆਫ਼ਾਤ) ਦੇ ਤੌਰ ’ਤੇ ਵੇਖਦਾ  ਹੈ: ਰਾਜ਼ੀ ਬਹੁਤ ਰਹਿੰਦੇ ਮੁਸਲਮਾਨ ਹਿੰਦੂ, ਸਿਰ ਦੋਹਾਂ ਦੇ ਉਤੇ ਆਫ਼ਾਤ ਆਈ। ਸ਼ਾਹ ਮੁਹੰਮਦਾ ਵਿਚ ਪੰਜਾਬ ਦੇ ਜੀ, ਕਦੇ ਨਹੀਂ ਸੀ ਤੀਸਰੀ ਜ਼ਾਤ ਆਈ। ਪੰਜਾਬ ਵਿਚ ਤੀਸਰੀ ਜ਼ਾਤ (ਅੰਗਰੇਜ਼ ਸਾਮਰਾਜ) ਦੀ ਆਮਦ ਬਾਰੇ ਕੀਤੀਆਂ ਭਵਿੱਖਬਾਣੀਆਂ ਸ਼ਾਹ ਮੁਹੰਮਦ ਦੀ ਇਸ ਸ਼ਾਹਕਾਰ ਰਚਨਾ ਨੂੰ ਹੋਰ ਵੀ ਪੁਖ਼ਤਗੀ ਪ੍ਰਦਾਨ ਕਰਦੀਆਂ ਹਨ। ਇਹੋ ਕਾਰਨ ਹੈ ਕਿ ਸ਼ਾਹ ਮੁਹੰਮਦ ਦਾ ਇਹ ਜੰਗਨਾਮਾ ਪੰਜਾਬੀ ਸਾਹਿਤ ਵਿਚ ਸ਼ਾਹਕਾਰ ਰਚਨਾ ਦੇ ਤੌਰ ’ਤੇ ਪੜ੍ਹਿਆ, ਪਰਖਿਆ ਤੇ ਪੜਚੋਲਿਆ ਜਾਂਦਾ ਹੈ। ਸ਼ਾਹ ਮੁਹੰਮਦ ਨੇ ਆਪਣੀ ਇਸ ਸ਼ਾਹਕਾਰ ਰਚਨਾ ਵਿਚ ਮੁੱਖ ਤੌਰ ’ਤੇ ਰਣਜੀਤ ਸਿੰਘ ਦੀ ਮੌਤ (27 ਜੂਨ, 1839) ਤੋਂ ਬਾਅਦ ਪੰਜਾਬ ਵਿਚ ਫੈਲੀ ਖਾਨਾਜੰਗੀ ਦਾ ਲਾਭ ਉਠਾ ਕੇ ਅੰਗਰੇਜ਼ ਸਾਮਰਾਜ ਦੁਆਰਾ ਵੱਖ-ਵੱਖ ਕੂਟਨੀਤੀਆਂ ਰਾਹੀਂ ਹਾਸਲ ਕੀਤੀ ਰਾਜਸੱਤਾ ਦਾ ਗੰਭੀਰ ਨੋਟਿਸ ਲਿਆ ਹੈ। ਉਹ ਇਸ ਗੱਲ ਲਈ ਵਾਰ-ਵਾਰ ਕੁਰਲਾਉਂਦਾ ਦਿਖਾਈ ਦਿੰਦਾ ਹੈ ਕਿ ਅੰਗਰੇਜ਼ ਹਾਕਮ ਲਾਹੌਰ-ਦਰਬਾਰ ਨੂੰ ਹਰ ਹਾਲਤ ਵਿਚ ਅੰਦਰੋਂ ਖੋਖਲਾ ਕਰਕੇ ਇਥੇ ਕਾਬਜ਼ ਹੋਣ ਦੀ ਤਾਕ ਵਿਚ ਰਹਿੰਦੇ ਹਨ। ਲਾਹੌਰ-ਦਰਬਾਰ ਦੀ ਖਾਨਾਜੰਗੀ ਉਸ ਨੂੰ ਮਾਨਸਿਕ ਪੀੜਾ ਦਿੰਦੀ ਹੈ। ਇਹੋ ਮਾਨਸਿਕ ਪੀੜਾ ਉਸ ਤੋਂ ਇਹ ਸ਼ਾਹਕਾਰ (ਜੰਗਨਾਮਾ) ਲਿਖਵਾਉਣ ਦਾ ਸਬੱਬ ਬਣਦੀ ਹੈ। ਹੇਠ ਲਿਖੀਆਂ ਸਤਰਾਂ ਵਿਚ ਸ਼ਾਹ ਮੁਹੰਮਦ ਅੰਗਰੇਜ਼  ਸਾਮਰਾਜ ਦੁਆਰਾ ਲਾਹੌਰ ਦਰਬਾਰ ’ਤੇ ਕਬਜ਼ਾ ਕਰ ਲੈਣ ਦੀ ਘਟਨਾ ਨੂੰ ਇਸ ਤਰ੍ਹਾਂ ਬਿਆਨ ਕਰਦਾ ਹੈ: ਬਣੇ ਮਾਈ ਦੇ ਆਣ ਅੰਗਰੇਜ਼ ਰਾਖੇ, ਪਾਈ ਛਾਵਣੀ ਵਿਚ ਲਾਹੌਰ ਦੇ ਜੀ। ਰੋਹੀ ਮਾਲਵਾ ਪਾਰ ਦਾ ਮੁਲਕ ਸਾਰਾ, ਠਾਣਾ ਘੱਤਿਆ ਵਿਚ ਫਲੌਰ ਦੇ ਜੀ। ਲਿਆ ਸ਼ਹਿਰ ਲਾਹੌਰ, ਫੀਰੋਜ਼ਪੁਰ ਦਾ, ਕਿਹੜੇ ਟਕੇ ਆਵਣ ਨੰਦਾ ਚੌਰ ਦੇ ਜੀ। ਸ਼ਾਹ ਮੁਹੰਮਦ ਕਾਂਗੜਾ ਮਾਰ ਲੀਤਾ, ਉਹਦੇ ਕੰਮ ਗਏ ਸੱਭੇ ਸੌਰਦੇ ਜੀ।

ਸ਼ਾਹ ਮੁਹੰਮਦ ਦੂਰ-ਦ੍ਰਿਸ਼ਟੀ ਵਾਲਾ ਕਵੀ ਸੀ ਜੋ ਆਉਣ ਵਾਲੀਆਂ ਘਟਨਾਵਾਂ ਦੇ ਅਕਸ ਨੂੰ ਵੇਖ ਸਕਦਾ ਸੀ। ਉਸ ਦੇ ਅੰਦਾਜੇ ਤਜਰਬਿਆਂ ਤੇ ਤੱਥਾਂ ’ਤੇ ਆਧਾਰਤ ਸਨ। ਉਹ ਜਾਣਦਾ ਸੀ ਕਿ ਰਣਜੀਤ ਸਿੰਘ ਦਾ ਰਾਜ ਕਾਲ ਪੰਜਾਬੀਆਂ ਦੇ ਦਿਲਾਂ ਵਿਚ ਸਾਂਝੇ ਕੌਮੀ ਭਾਵ ਦੇ ਉਤਪੰਨ ਹੋਣ ਦਾ ਸਮਾਂ ਸੀ। ਸਾਂਝੀਵਾਲਤਾ ਅਤੇ ਧਰਮ-ਨਿਰਪੱਖਤਾ ਵਾਲੇ ਇਸ ਦੌਰ ਵਿਚ ਰਣਜੀਤ ਸਿੰਘ ਦੀ ਉਦਾਰਵਾਦੀ ਸੋਚ ਨੇ ਅਹਿਮ ਰੋਲ ਅਦਾ ਕੀਤਾ ਸੀ। ਇਸ ਰੋਲ ਸਦਕਾ ਹੀ ਪੰਜਾਬੀਆਂ ਵਿਚ ਧਾਰਮਿਕ ਸਹਿਣਸ਼ੀਲਤਾ ਅਤੇ ਆਪਸੀ ਪਿਆਰ ਦੇ ਗੁਣ ਉਤਪੰਨ ਹੋਏ ਸਨ। ਪਰ ਵਿਡੰਬਨਾ ਇਹ ਸੀ ਕਿ  ਅੰਗਰੇਜ਼ ਸਾਮਰਾਜ ਦੇ ਇਕੋ ਝਟਕੇ ਨੇ ਰਣਜੀਤ ਸਿੰਘ ਰਾਜ ਕਾਲ ਦੇ ਅਨੇਕ ਗੁਣਾਂ ਨੂੰ ਖ਼ਤਮ ਕਰ ਦਿੱਤਾ ਸੀ। ਅੰਗਰੇਜ਼ ਸਾਮਰਾਜ ਦੇ ਹਮਲੇ ਨੇ ਤਤਕਾਲੀਨ ਪੰਜਾਬ ਦੀ ਆਰਥਿਕਤਾ, ਸਿਆਸਤ, ਸੱਭਿਆਚਾਰ ਆਦਿ ਨੂੰ ਵੀ ਆਪਣੇ ਖੂਨੀ ਪੰਜਿਆਂ ਵਿਚ ਜਕੜ ਲਿਆ ਸੀ। ਸ਼ਾਹ ਮੁਹੰਮਦ ਪੰਜਾਬ ਦੇ ਕਾਲੇ ਭਵਿੱਖ ਬਾਰੇ ਆਪਣੀ ਫਿਕਰਮੰਦੀ ਇਸ ਤਰ੍ਹਾਂ ਜ਼ਾਹਰ ਕਰਦਾ ਹੈ: ਜਿਹੜੀ ਹੋਈ ਸੋ ਲਈ ਹੈ ਵੇਖ ਅੱਖੀਂ, ਅੱਗੇ ਹੋਰ ਕੀ ਬਣਤ ਬਣਾਵਣੀ ਜੀ। ਇਕ ਘੜੀ ਦੀ ਕੁਝ ਉਮੈਦ ਨਾਹੀ, ਕਿਸੇ ਲਈ ਹਾੜੀ ਕਿਸੇ ਸਾਵਣੀ ਜੀ। ਨਿਕੇ ਪੋਚ ਹੁਣ ਬੈਠ ਕੇ ਕਰਨ ਗੱਲਾਂ, ਅਸੀਂ ਡਿੱਠੀ ਫਰੰਗੀ ਦੀ ਛਾਵਣੀ ਜੀ। ਸ਼ਾਹ ਮੁਹੰਮਦਾ ਨਹੀਂ ਮਾਲੂਮ ਸਾਨੂੰ, ਅੱਗੇ ਹੋਰ ਕੀ ਖੇਡ ਖਿਡਾਵਣੀ ਜੀ। ਸ਼ਾਹ ਮੁਹੰਮਦ ਨੇ ਪੰਜਾਬ ਦੀ ਤ੍ਰਾਸਦੀ ਨੂੰ ਜਿਸ ਤਰ੍ਹਾਂ ਕਰੁਣਾਮਈ ਕੜੀ ਵਿਚ ਪਰੋਇਆ ਹੈ, ਉਸ ਦੀ ਮਿਸਾਲ ਬਾਕੀ ਜੰਗਨਾਮਿਆਂ ਵਿਚ ਕਿਧਰੇ ਨਜ਼ਰ ਨਹੀਂ ਆਉਂਦੀ। ਤਤਕਾਲੀਨ ਪੰਜਾਬ ਦੀਆਂ ਇਤਿਹਾਸਕ ਘਟਨਾਵਾਂ ਦਾ ਸੰਜਮ ਭਰਿਆ ਵਰਣਨ, ਨਿਰਪੱਖ ਬਿਆਨ ਆਦਿ ਇਸ ਸ਼ਾਹਕਾਰ ਰਚਨਾ ਦੀਆਂ ਖ਼ੂਬੀਆਂ ਹਨ। ਸ਼ਾਹ ਮੁਹੰਮਦ ਨੇ ਤਤਕਾਲੀਨ ਸਿਆਸੀ ਲੀਡਰਾਂ ਤੇ ਧੜਿਆਂ ਦੀ ਆਪਸੀ ਫੁੱਟ ਨੂੰ ਉਭਾਰਨ ਦੇ ਨਾਲ-ਨਾਲ ਅੰਗਰੇਜ਼ ਹਾਕਮਾਂ ਨਾਲ ਪੰਜਾਬ ਦੇ ਲੀਡਰਾਂ ਦੇ ਬਣਦੇ-ਵਿਗੜਦੇ ਸਬੰਧਾਂ  ਨੂੰ ਵੀ ਸਿਰਜਣ ਦਾ ਯਤਨ ਕੀਤਾ ਹੈ। ਸ਼ਾਹ ਮੁਹੰਮਦ ਜੰਗਨਾਮੇ ਦੇ ਪਹਿਲੇ ਅੱਧ ਵਿਚ ਤਤਕਾਲੀਨ ਸਿਆਸੀ ਸੱਤਾਵਾਨਾਂ ਦੀ ਧੜੇਬੰਦੀ ਤੇ ਕਤਲਾਂ ਦੀ ਪੇਸ਼ਕਾਰੀ ਕਰਦਾ ਹੈ। ਉਦਾਹਰਣ ਦੇ ਤੌਰ ’ਤੇ ਚੇਤ ਸਿੰਘ, ਸ਼ੇਰ ਸਿੰਘ, ਕੰਵਰ ਪ੍ਰਤਾਪ ਸਿੰਘ, ਜਵਾਹਰ ਸਿੰਘ ਆਦਿ ਦਾ ਕਤਲ ਸਿਆਸੀ ਛਲ-ਕਪਟ ਰਾਹੀਂ ਕੀਤਾ ਜਾਂਦਾ ਹੈ। ਲਾਹੌਰ-ਦਰਬਾਰ ਦੀ ਭੁੂਮੰਡਲੀ (ਸਿੱਖ ਫੌਜ) ਦੀ ਬੁਰਾਛਾਗਰਦੀ ਲਈ ਅੰਗਰੇਜ਼ ਸਿਆਸਤ ਵੀ ਬਰਾਬਰ ਦੀ ਭਾਈਵਾਲ ਸੀ। ਅੰਗਰੇਜ਼ ਹਾਕਮ ਉਘੇ ਲੀਡਰਾਂ ਨੂੰ ਖ਼ਤਮ ਕਰਵਾ ਕੇ ਖ਼ੁਦ ਪੰਜਾਬ ਦੀ ਸੱਤਾ ’ਤੇ ਕਾਬਜ਼ ਹੋਣ ਲਈ ਉਤਾਵਲੇ ਸਨ। ਇਸ ਦਾ ਪ੍ਰਮੁੱਖ ਕਾਰਨ ਇਹ ਸੀ ਕਿ ਪੰਜਾਬ ਸਮੁੰਦਰ ਤੋਂ ਦੂਰ ਹੋਣ ਕਰਕੇ ਅੰਗਰੇਜ਼ ਸਾਮਰਾਜੀ ਸੱਤਾ ਦੀ ਸੁਰੱਖਿਆ ਲਈ ਬਹੁਤ ਅਹਿਮੀਅਤ ਰੱਖਦਾ ਸੀ। ਇਹੋ ਕਾਰਨ ਸੀ ਕਿ ਅੰਗਰੇਜ਼ ਸਾਮਰਾਜ ਨੇ ਸਿਆਸਤ ਦੀਆਂ ਹਰ ਤਰ੍ਹਾਂ ਦੀਆਂ ਕੂਟਨੀਤੀਆਂ ਵਰਤ ਕੇ ਅਤੇ ਆਪਣੀ ਮੁਕੰਮਲ ਫੌਜੀ ਤਾਕਤ ਝੋਕ ਕੇ ਪੰਜਾਬ ਨੁੰ ਆਪਣੇ ਕਬਜ਼ੇ ਹੇਠ ਕਰਨ ਦੀਆਂ ਸਕੀਮਾਂ ਬਣਾ ਲਈਆਂ ਸਨ। ਪੰਜਾਬੀਆਂ ਤੇ ਸਿੱਖਾਂ ਦੀ ਬਹਾਦਰ ਫੌਜ ਨੂੰ ਹਰਾਉਣ ਲਈ ਅੰਗਰੇਜ਼ ਸਾਮਰਾਜ ਨੇ ਹਿੰਦੋਸਤਾਨੀ ਬਸਤੀਆਂ ਦੀ ਫੌਜ ਦਾ ਵੀ ਆਸਰਾ ਲਿਆ ਸੀ। ਅੰਗਰੇਜ਼ ਸਾਮਰਾਜ ਨੇ ਪੰਜਾਬ ਵਿਚ ਰਾਜਸੱਤਾ ਹਾਸਲ ਕਰਦਿਆਂ ਹੀ ਲੋਕਾਂ ਨੂੰ ਧਰਮਾਂ, ਜਾਤਾਂ ਆਦਿ ਵਿਚ ਵੰਡਣਾ ਸ਼ੁਰੂ ਕੀਤਾ, ਇਸ ਦਾ ਖ਼ਮਿਆਜਾ ਪੰਜਾਬੀਆਂ ਨੁੰ ਸੰਨ 1947 ਦੀ ਵੰਡ ਦੌਰਾਨ ਭੁਗਤਣਾ ਪਿਆ। ਅੱਜ ਜਦੋਂ ਨਵ-ਸਾਮਰਾਜ ਦੇ ਪ੍ਰਭਾਵ ਅਧੀਨ ਭਾਰਤੀ ਕੱਟੜਪੰਥੀ ਤਾਕਤਾਂ ਭਾਰਤ ਨੂੰ ਧਰਮ ਦੇ ਨਾਂ ’ਤੇ ਵੰਡ ਕੇ ਇਕ ਵਿਸ਼ੇਸ਼ ਧਰਮ ਦੀ ਸੱਤਾ ਸਥਾਪਤ ਕਰਨੀ ਚਾਹੁੰਦੀਆਂ ਹਨ, ਅਜਿਹੇ ਸਮੇਂ ਸਾਹ ਮੁਹੰਮਦ ਦਾ ਜੰਗਨਾਮਾ ਸਾਨੂੰ ਆਗਾਹ ਵੀ ਕਰਦਾ ਹੈ ਅਤੇ ਸੇਧ ਵੀ ਦਿੰਦਾ ਹੈ। ਇਸ ਅਸਹਿਣਸ਼ੀਲਤਾ ਦੇ ਦੌਰ ਵਿਚ ਸ਼ਾਹ ਮੁਹੰਮਦ ਦਾ ਸ਼ਾਹਕਾਰ ਸਾਡੇ ਲਈ ਪ੍ਰੇਰਨਾਸ੍ਰੋਤ ਬਣਿਆ ਰਹੇਗਾ। ਸੰਪਰਕ: 98149-02040

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਪੰਜਾਬ ਬਜਟ 2022-23 ਦੀ ਪੁਣ-ਛਾਣ

ਪੰਜਾਬ ਬਜਟ 2022-23 ਦੀ ਪੁਣ-ਛਾਣ

ਰੁਪਏ ਦੀ ਕੀਮਤ ਵਿਚ ਨਿਘਾਰ ਦਾ ਦੂਜਾ ਪਾਸਾ

ਰੁਪਏ ਦੀ ਕੀਮਤ ਵਿਚ ਨਿਘਾਰ ਦਾ ਦੂਜਾ ਪਾਸਾ

ਪੰਜਾਬ ਸਰਕਾਰ ਦੇ ਬਜਟ ਦਾ ਲੇਖਾ-ਜੋਖਾ

ਪੰਜਾਬ ਸਰਕਾਰ ਦੇ ਬਜਟ ਦਾ ਲੇਖਾ-ਜੋਖਾ

ਪੰਜਾਬ ਦਾ ਬਜਟ ਅਤੇ ਖੇਤੀ ਸੈਕਟਰ

ਪੰਜਾਬ ਦਾ ਬਜਟ ਅਤੇ ਖੇਤੀ ਸੈਕਟਰ

ਸ਼ਹਿਰ

View All