ਸ਼ਾਹੀ ਅੰਦਾਜ਼ ਵਾਲੀ ਅਦਾਕਾਰਾ ਵੀਨਾ

ਸਿਨੇ ਪੰਜਾਬੀ : ਯਾਦਾਂ ਤੇ ਯਾਦਗਾਰਾਂ

ਮਨਦੀਪ ਸਿੰਘ ਸਿੱਧੂ

ਸ਼ੁਰੂਆਤੀ ਦੌਰ ਦੀਆਂ ਭਾਰਤੀ ਫ਼ਿਲਮਾਂ ਵਿਚ ਸ਼ਾਹੀ ਕਿਰਦਾਰਾਂ ਨੂੰ ਬੇਮਿਸਾਲ ਢੰਗ ਨਾਲ ਅਦਾ ਕਰਨ ਵਾਲੀ ਖ਼ੂਬਸੂਰਤ ਅਦਾਕਾਰਾ ਵੀਨਾ ਦੀ ਪੈਦਾਇਸ਼ 1923 ਵਿਚ ਸਾਂਝੇ ਪੰਜਾਬ ਦੇ ਸ਼ਹਿਰ ਸਿਆਲਕੋਟ ਦੇ ਮੁਸਲਿਮ ਪੰਜਾਬੀ ਪਰਿਵਾਰ ਵਿਚ ਹੋਈ। ਉਸਦਾ ਅਸਲੀ ਨਾਮ ਸ਼ਹਿਜ਼ਾਦੀ ਤਜੌਰ ਸੁਲਤਾਨਾ ਸੀ। ਉਹ ਟੈਨਿਸ, ਹਾਕੀ ਅਤੇ ਬੈਡਮਿੰਟਨ ਦੀ ਵੀ ਉਮਦਾ ਖਿਡਾਰਨ ਸੀ। ਥੋੜ੍ਹੇ ਸਮੇਂ ਬਾਅਦ ਤਜੌਰ ਸੁਲਤਾਨਾ ਦਾ ਪਰਿਵਾਰ ਸਿਆਲਕੋਟ ਤੋਂ ਲਾਹੌਰ ਦੀ ਚੂਨਾ ਮੰਡੀ ਆ ਗਿਆ ਅਤੇ ਇੱਥੇ ਹੀ ਉਸਨੇ ਤਾਲੀਮ ਹਾਸਿਲ ਕੀਤੀ। ਵੀਨਾ ਦੀ ਪਹਿਲੀ ਪੰਜਾਬੀ ਫ਼ਿਲਮ ਸਿਨੇ ਸਟੂਡੀਓਜ਼, ਲਾਹੌਰ ਦੀ ਜੀ. ਆਰ. ਸੇਠੀ ਨਿਰਦੇਸ਼ਿਤ ‘ਗਵਾਂਢੀ’ (1942) ਸੀ। ਫ਼ਿਲਮਸਾਜ਼ ਕਿਸ਼ੋਰੀ ਲਾਲ ਸ਼ਾਹ ਨੇ ਉਸਨੂੰ ਨਵੀਂ ਹੀਰੋਇਨ ਵਜੋਂ ਪੇਸ਼ ਕਰਵਾਇਆ। ਫ਼ਿਲਮ ’ਚ ਉਸ ਨੇ ‘ਸ਼ੀਲਾ’ ਦਾ ਕਿਰਦਾਰ, ਜਿਸਦੇ ਮੁਕਾਬਿਲ ਸਿਆਲਕੋਟ ਦਾ ਗੱਭਰੂ ਸ਼ਿਆਮ ਬੀ. ਏ. ‘ਜਯ’ ਦਾ ਪਾਰਟ ਨਿਭਾ ਰਿਹਾ ਸੀ। ਫ਼ਿਲਮ ਦੀ ਕਹਾਣੀ ਨਿਰੰਜਨਪਾਲ, ਮੁਕਾਲਮੇ ਵਲੀ ਸਾਹਬ, ਗੀਤ ਸੋਹਨ ਲਾਲ ਸਾਹਿਰ ਬੀ. ਏ. (ਕਪੂਰਥਲਾ), ਵਲੀ ਸਾਹਬ ਤੇ ਬੀ. ਸੀ. ਬੇਕਲ ‘ਅੰਮ੍ਰਿਤਸਰੀ’ ਨੇ ਤਹਿਰੀਰ ਕੀਤੇ। ਪੰਡਤ ਅਮਰਨਾਥ ਦੀਆਂ ਤਰਜ਼ਾਂ ’ਚ ਤਾਮੀਰ ਵੀਨਾ, ਸ਼ਿਆਮ ’ਤੇ ਫ਼ਿਲਮਾਏ ‘ਹੋਣੀ ਡਾਹਢੀ ਏ ਸਾਡੀ ਪੇਸ਼ ਨਾ ਜਾਏ’ (ਸ਼ਮਸ਼ਾਦ ਬੇਗ਼ਮ), ‘ਘੁੰਡ ਚੁੱਕ ਲੈ ਨੀਂ ਬਾਂਕੀਏ ਨਾਰੇ’ (ਜ਼ੀਨਤ ਬੇਗ਼ਮ, ਇਕਬਾਲ ਬੇਗ਼ਮ), ‘ਮਾਹੀ ਵੇ ਮੈਨੂੰ ਵੰਗਾਂ ਚੜ੍ਹਾ ਦੇ’ (ਇਕਬਾਲ ਬੇਗ਼ਮ, ਜ਼ੀਨਤ ਬੇਗ਼ਮ, ਐੱਸ. ਡੀ. ਬਾਤਿਸ਼), ‘ਮੱਖਣਾ ਦੀਏ ਪਲੀਏ ਨੀ’ (ਐੱਸ. ਡੀ. ਬਾਤਿਸ਼, ਜ਼ੀਨਤ ਬੇਗ਼ਮ) ਆਦਿ ਗੀਤ ਬੇਹੱਦ ਮਕਬੂਲ ਹੋਏ। ਇਹ ਫ਼ਿਲਮ ਪ੍ਰਭਾਤ ਟਾਕੀਜ਼ ਵਿਚ 25 ਜੂਨ 1942 ਨੂੰ ਨੁਮਾਇਸ਼ ਹੋਈ ਅਤੇ ਸੁਪਰਹਿੱਟ ਰਹੀ। ਏ. ਜੇ. ਐੱਨ. ਮਹੇਸ਼ਵਰੀ ਪ੍ਰੋਡਕਸ਼ਨਜ਼, ਲਾਹੌਰ ਦੀ ਸ਼ੰਕਰ ਮਹਿਤਾ ਨਿਰਦੇਸ਼ਿਤ ਪੰਜਾਬੀ ਫ਼ਿਲਮ ‘ਰਾਵੀ ਪਾਰ’ (1942) ’ਚ ਵੀਨਾ ਦੂਜੀ ਹੀਰੋਇਨ ਵਜੋਂ ‘ਜਮੁਨਾ’ ਦਾ ਪਾਰਟ ਅਦਾ ਕਰ ਰਹੀ ਸੀ, ਜਿਸਦੇ ਰੂਬਰੂ ਐੱਸ. ਡੀ. ਨਾਰੰਗ ‘ਪ੍ਰਤਾਪ’ ਦੇ ਕਿਰਦਾਰ ਵਿਚ ਮੌਜੂਦ ਸੀ। ਮੌਸੀਕਾਰ ਉਸਤਾਦ ਝੰਡੇ ਖ਼ਾਨ ਤੇ ਸ਼ਿਆਮ ਸੁੰਦਰ ਦੇ ਸੰਗੀਤ ਵਿਚ ਵੀਨਾ ’ਤੇ ਫ਼ਿਲਮਾਏ ‘ਗਾਉਣੇ ਛੱਡ ਦੇ ਗੀਤ ਪੰਛੀਆ’ (ਸ਼ਮਸ਼ਾਦ ਬੇਗ਼ਮ), ‘ਯਾਰ ਜਾਣੇ ਤੇ ਭਾਵੇਂ ਜਾਣੇ ਮੇਰਾ ਢੋਲ ਜਵਾਨੀਆ ਮਾਣੇ’ ਤੇ ‘ਰਾਵੀ ਪਾਰ ਬਸੇਰਾ ਮਾਹੀ ਦਾ’ (ਰਾਜਕੁਮਾਰੀ) ਆਦਿ ਗੀਤ ਬੜੇ ਪਸੰਦ ਕੀਤੇ ਗਏ। ਇਸ ਤੋਂ ਬਾਅਦ ਉਹ ਹਿੰਦੀ ਫ਼ਿਲਮਾਂ ਵਿਚ ਮਸਰੂਫ਼ ਹੋ ਗਈ। ਇਸ ਫ਼ਿਲਮ ਦੇ 27 ਸਾਲਾਂ ਬਾਅਦ ਕਲਪਨਾਲੋਕ ਲਿਮਟਿਡ, ਅੰਮ੍ਰਿਤਸਰ ਦੀ ਪੰਨਾ ਲਾਲ ਮਹੇਸ਼ਵਰੀ ਦੀ ਫ਼ਿਲਮਸਾਜ਼ੀ ਅਤੇ ਰਾਮ ਮਹੇਸ਼ਵਰੀ ਦੀ ਹਿਦਾਇਤਕਾਰੀ ’ਚ ਬਣੀ ਧਾਰਮਿਕ ਪੰਜਾਬੀ ਫ਼ਿਲਮ ‘ਨਾਨਕ ਨਾਮ ਜਹਾਜ਼ ਹੈ’ (1969) ’ਚ ਉਸਨੇ ਪ੍ਰਿਥਵੀਰਾਜ ਕਪੂਰ (ਗੁਰਮੁੱਖ ਸਿੰਘ) ਦੀ ਪਤਨੀ ਦਾ ਕਿਰਦਾਰ ਅਦਾ ਕੀਤਾ। ਐੱਸ. ਮੋਹਿੰਦਰ ਦੇ ਦਿਲਕਸ਼ ਸੰਗੀਤ ਵਿਚ ਵਰਮਾ ਮਲਿਕ ਦਾ ਲਿਖਿਆ ਭੰਗੜਾ ਗੀਤ ਵੀਨਾ ਤੇ ਪ੍ਰਿਥਵੀਰਾਜ ’ਤੇ ਫ਼ਿਲਮਾਇਆ ‘ਬੁੱਲ੍ਹ ਤੇਰੇ ਨੇ ਚੰਡੀਗੜ੍ਹ ਦੇ’ (ਮੁਹੰਮਦ ਰਫ਼ੀ, ਆਸ਼ਾ ਭੋਸਲੇ) ਬੜਾ ਹਿੱਟ ਹੋਇਆ। 3 ਅਪਰੈਲ 1970 ਨੂੰ ਚਿੱਤਰਾ ਟਾਕੀਜ਼, ਅੰਮ੍ਰਿਤਸਰ ਵਿਖੇ ਨੁਮਾਇਸ਼ ਹੋਈ ਇਸ ਫ਼ਿਲਮ ਨੂੰ ਬਿਹਤਰੀਨ ਪੰਜਾਬੀ ਫ਼ਿਲਮ ਦਾ ਨੈਸ਼ਨਲ ਐਵਾਰਡ ਮਿਲਿਆ। ਵੀਨਾ ਦੀ ਤੀਜੀ ਪੰਜਾਬੀ ਫ਼ਿਲਮ ਬੇਦੀ ਐਂਡ ਬਖ਼ਸ਼ੀ ਪ੍ਰੋਡਕਸ਼ਨਜ਼, ਬੰਬੇ ਦੀ ‘ਦੁੱਖ ਭੰਜਨ ਤੇਰਾ ਨਾਮ’ (1972) ਸੀ। ਫ਼ਿਲਮ ਵਿਚ ਵੀਨਾ ਨੇ ਡੀ. ਕੇ. ਸਪਰੂ (ਰਾਜਾ ਦੁਨੀ ਚੰਦ) ਦੀ ਪਤਨੀ ‘ਸ਼ੀਲਾ’ ਦੀ ਭੂਮਿਕਾ ਨਿਭਾਈ। ਇਹ ਫ਼ਿਲਮ 7 ਜੁਲਾਈ 1972 ਨੂੰ ਐਨਮ ਥੀਏਟਰ, ਅੰਮ੍ਰਿਤਸਰ ਵਿਖੇ ਨੁਮਾਇਸ਼ ਹੋਈ। ਬੀ. ਆਰ ਐਂਟਰਪ੍ਰਾਈਜ਼, ਬੰਬੇ ਦੀ ਪੰਜਾਬੀ ਫ਼ਿਲਮ ‘ਸਤਿਗੁਰੂ ਤੇਰੀ ਓਟ’ (1974) ’ਚ ਉਸਨੇ ਦਾਰਾ ਸਿੰਘ (ਸੂਬੇਦਾਰ ਕਰਮਚੰਦ) ਦੀ ਪਤਨੀ ‘ਸ਼ਾਂਤੀ’ ਦਾ ਕਿਰਦਾਰ ਨਿਭਾਇਆ। ਮੌਸੀਕਾਰਾ ਜਗਜੀਤ ਕੌਰ ਦੇ ਸੰਗੀਤ ’ਚ ਨਕਸ਼ ਲਾਇਲਪੁਰੀ ਦਾ ਲਿਖਿਆ ਧਾਰਮਿਕ ਗੀਤ ‘ਤੇਰਾ ਨਾਮ ਸਦਾ ਸੁਖਦਾਈ...ਸਤਿਗੁਰੂ ਤੇਰੀ ਓਟ’ (ਜਗਜੀਤ ਕੌਰ) ਗੀਤ ਵੀ ਰੱਬੀ ਇਬਾਦਤ ਨੂੰ ਦਰਸਾਉਂਦਾ ਹੈ। ਐੱਸ. ਜੇ. ਕੇ. ਪ੍ਰੋਡਕਸ਼ਨਜ਼, ਬੰਬੇ ਦੀ ਸੁਰਿੰਦਰ ਸ਼ਰਮਾ ਨਿਰਦੇਸ਼ਿਤ ਪੰਜਾਬੀ ਫ਼ਿਲਮ ‘ਧਰਤੀ ਸਾਡੀ ਮਾਂ’ (1976) ’ਚ ਵੀਨਾ ਨੇ ਹਰਿੰਦਰ (ਬੂਟਾ ਸਿੰਘ ਸ਼ਾਦ) ਦੀ ਮਾਂ ਦਾ ਪਾਤਰ ਅਦਾ ਕੀਤਾ। ਇਹ ਫ਼ਿਲਮ 19 ਨਵੰਬਰ 1976 ਨੂੰ ਸੰਗਮ ਸਿਨਮਾ, ਅੰਮ੍ਰਿਤਸਰ ਵਿਖੇ ਨੁਮਾਇਸ਼ ਹੋਈ। ਬਰਾੜ ਪ੍ਰੋਡਕਸ਼ਨਜ਼, ਬੰਬੇ ਦੀ ਬੂਟਾ ਸਿੰਘ ਸ਼ਾਦ ਤੇ ਸੁਰਿੰਦਰ ਸਿੰਘ ਨਿਰਦੇਸ਼ਿਤ ਪੰਜਾਬੀ ਫ਼ਿਲਮ ‘ਸੱਚਾ ਮੇਰਾ ਰੂਪ ਹੈ’ (1976) ’ਚ ਉਸਨੇ ਅਦਾਕਾਰਾ ਸਰਿਤਾ ਦੀ ਮਾਂ ਤੇ ਰਾਜਨ ਹਕਸਰ ਦੀ ਪਤਨੀ ਦਾ ਕਿਰਦਾਰ ਨਿਭਾਇਆ। 17 ਸਤੰਬਰ 1976 ਨੂੰ ਇਹ ਫ਼ਿਲਮ ਰਿਆਲਟੋ ਸਿਨਮਾ, ਅੰਮ੍ਰਿਤਸਰ ’ਚ ਨੁਮਾਇਸ਼ ਹੋਈ। ਜਸਵੰਤ ਫ਼ਿਲਮਜ਼, ਬੰਬੇ ਦੀ ਸੁਭਾਸ਼ ਭਾਖੜੀ ਨਿਰਦੇਸ਼ਿਤ ਫ਼ਿਲਮ ‘ਸ਼ੇਰ ਪੁੱਤਰ’ (1977) ’ਚ ਉਸਨੇ ਮਨਮੋਹਨ ਕ੍ਰਿਸ਼ਨ ਦੀ ਪਤਨੀ ‘ਪਾਰਵਤੀ’ ਦੀ ਭੂਮਿਕਾ ਨਿਭਾਈ। ਨੀਲਮ ਪ੍ਰੋਡਕਸ਼ਨਜ਼, ਬੰਬੇ ਦੀ ਓਮੀ ਬੇਦੀ ਨਿਰਦੇਸ਼ਿਤ ਪੰਜਾਬੀ ਫ਼ਿਲਮ ‘ਯਮਲਾ ਜੱਟ’ (1977) ਵੀਨਾ ਦੀ ਆਖ਼ਰੀ ਪੰਜਾਬੀ ਫ਼ਿਲਮ ਸੀ। ਇਸ ’ਚ ਉਸਨੇ ਆਈ. ਐੱਸ. ਜੌਹਰ (ਸੁੱਚੇ) ਦੀ ਭਾਬੀ ਦਾ ਕਿਰਦਾਰ ਅਦਾ ਕੀਤਾ।

ਮਨਦੀਪ ਸਿੰਘ ਸਿੱਧੂ

ਉਸਦੀ ਪਹਿਲੀ ਹਿੰਦੀ ਫ਼ਿਲਮ ਅਸ਼ਿਯਾਟਿਕ ਪਿਕਚਰਜ਼, ਬੰਬੇ ਦੀ ਮਜ਼ਹਰ ਖ਼ਾਨ ਨਿਰਦੇਸ਼ਿਤ ‘ਯਾਦ’ (1942) ਸੀ। ਫ਼ਿਲਮ ਵਿਚ ਵੀਨਾ ਦੇ ਮੁਕਾਬਿਲ ਹੀਰੋ ਦਾ ਕਿਰਦਾਰ ਪੰਜਾਬੀ ਗੱਭਰੂ ਸਤੀਸ਼ ਛਾਬੜਾ ਨੇ ਅਦਾ ਕੀਤਾ। ਉਸਦੀ ਦੂਜੀ ਹਿੰਦੀ/ਉਰਦੂ ਫ਼ਿਲਮ ਮਹਿਬੂਬ ਪ੍ਰੋਡਕਸ਼ਨਜ਼, ਬੰਬਈ ਦੀ ਮਹਿਬੂਬ ਖ਼ਾਨ ਨਿਰਦੇਸ਼ਿਤ ‘ਨਜਮਾ’ (1943) ਸੀ। ਰਫ਼ੀਕ ਗ਼ਜ਼ਨਵੀ ਬੀ. ਏ. ਦੇ ਸੰਗੀਤ ’ਚ ਵੀਨਾ ’ਤੇ ਫ਼ਿਲਮਾਇਆ ‘ਭਲਾ ਕਯੂੰ ਹਾਏ-ਹਾਏ’ (ਪਾਰੁਲ ਘੋਸ਼, ਮੁਮਤਾਜ਼), ‘ਨਜ਼ਰ ਕੁਛ ਆਜ ਐਸਾ ਆ ਰਹਾ ਹੈ’ (ਮੁਮਤਾਜ਼, ਅਸ਼ੋਕ ਕੁਮਾਰ) ਗੀਤ ਵੀ ਪਸੰਦ ਕੀਤੇ ਗਏ। ਸਨਰਾਈਜ਼ ਪਿਕਚਰਜ਼, ਬੰਬਈ ਦੀ ਬੀ. ਐੱਮ. ਵਿਆਸ ਨਿਰਦੇਸ਼ਿਤ ਫ਼ਿਲਮ ‘ਮਾਂ ਬਾਪ’ (1944) ਅਦਾਕਾਰ ਨਜ਼ੀਰ ਨਾਲ ਕੀਤੀ। ਮਹਿਬੂਬ ਪ੍ਰੋਡਕਸ਼ਨਜ਼ ਦੀ ਫ਼ਿਲਮ ‘ਹੂਮਾਯੂੰ’ (1945) ’ਚ ਉਸਨੇ ਚੰਦਰ ਮੋਹਨ (ਕੁਮਾਰ) ਦੇ ਸਨਮੁੱਖ ਰਾਜਪੂਤ ਰਾਜਕੁਮਾਰੀ ਦਾ ਪਾਤਰ ਅਦਾ ਕੀਤਾ। ਫੇਮਸ ਫ਼ਿਲਮਜ਼, ਬੰਬਈ ਦੀ ਕੇ. ਆਸਿਫ਼ ਨਿਰਦੇਸ਼ਿਤ ਰੁਮਾਨੀ ਫ਼ਿਲਮ ‘ਫੂਲ’ (1945) ’ਚ ਉਸਨੇ ਪ੍ਰਿਥਵੀਰਾਜ ਕਪੂਰ ਨਾਲ ਅਦਾਕਾਰੀ ਕੀਤੀ। ਮਜ਼ਹਰ ਆਰਟ ਪ੍ਰੋਡਕਸ਼ਨਜ਼, ਬੰਬਈ ਦੀ ਮਜ਼ਹਰ ਖ਼ਾਨ ਨਿਰਦੇਸ਼ਿਤ ਫ਼ਿਲਮ ‘ਪਹਿਲੀ ਨਜ਼ਰ’ (1945) ’ਚ ਉਸਨੇ ਮੋਤੀ ਲਾਲ ਨਾਲ ਹੀਰੋਇਨ ਦੀ ਭੂਮਿਕਾ ਨਿਭਾਈ। ਰਣਜੀਤ ਮੂਵੀਟੋਨ, ਬੰਬਈ ਦੀ ਅਸਪੀ ਨਿਰਦੇਸ਼ਿਤ ਤਾਰੀਖ਼ੀ ਫ਼ਿਲਮ ‘ਰਾਜਪੂਤਾਨੀ’ (1946) ਵਿਚ ਉਸਨੇ ਅਦਾਕਾਰ ਜਯਰਾਜ ਨਾਲ ਕੰਮ ਕੀਤਾ। ਬੰਬੇ ਸਿਨੇਟੋਨ ਲਿਮਟਿਡ, ਬੰਬੇ ਦੀ ਤਾਰੀਖ਼ੀ ਫ਼ਿਲਮ ‘ਸਮਰਾਟ ਅਸ਼ੋਕ’ (1947) ’ਚ ਵੀਨਾ ਨੇ ਸਪਰੂ ਨਾਲ ਆਪਣੀ ਅਦਾਕਾਰੀ ਦੀ ਨੁਮਾਇਸ਼ ਕੀਤੀ। 1947 ਵਿਚ ਦੇਸ਼ ਦੀ ਵੰਡ ਹੋ ਗਈ ਅਤੇ ਵੀਨਾ ਨੇ ਲਾਹੌਰ ਛੱਡ ਕੇ ਬੰਬਈ ਰਹਿਣ ਦਾ ਫ਼ੈਸਲਾ ਕੀਤਾ। ਇਸ ਦੌਰਾਨ ਉਸਨੇ 1947 ਵਿਚ ਅਦਾਕਾਰ ਅਲ ਨਾਸਿਰ ਨਾਲ ਵਿਆਹ ਕਰਵਾ ਲਿਆ। ਉਸਨੇ ਅਲ ਨਾਸਿਰ ਨਾਲ ਕਈ ਫ਼ਿਲਮਾਂ ਵਿਚ ਕੰਮ ਕੀਤਾ। ਅਲ ਨਾਸਿਰ ਨਹੀਂ ਚਾਹੁੰਦਾ ਸੀ ਕਿ ਉਸਦੀ ਘਰਵਾਲੀ ਕਿਸੇ ਹੋਰ ਹੀਰੋ ਨਾਲ ਕੰਮ ਕਰੇ। ਲਿਹਾਜ਼ਾ ਉਸਨੇ ਏ. ਆਰ. ਕਾਰਦਾਰ ਦੀ ਹਿਦਾਇਤਕਾਰੀ ’ਚ ਬਣੀ ਫ਼ਿਲਮ ‘ਦਾਸਤਾਨ’ (1950) ’ਚ ਵੀਨਾ ਨੂੰ ਰਾਜਕਪੂਰ ਦੀ ਹੀਰੋਇਨ ਬਣਨ ਤੋਂ ਰੋਕ ਦਿੱਤਾ। ਬਾਅਦ ’ਚ ਸੁਰੱਈਆ ਨੇ ਹੀਰੋਇਨ ਦੀ ਭੂਮਿਕਾ ਅਦਾ ਕੀਤੀ ਅਤੇ ਵੀਨਾ ਨੇ ਰਾਜਕਪੂਰ ਤੇ ਅਲ ਨਾਸਿਰ ਦੀ ਭੈਣ ਦਾ ਰੋਲ ਅਦਾ ਕੀਤਾ। ਰਾਜਦੀਪ ਪਿਕਚਰਜ਼ ਦੀ ਫ਼ਿਲਮ ‘ਕਸ਼ਮੀਰ’ (1951) ’ਚ ਵੀਨਾ ਤੇ ਅਲ ਨਾਸਿਰ ਦੀ ਜੋੜੀ ਸੀ। ਇਸ ਤਰ੍ਹਾਂ ਸ਼ੁਰੂਆਤੀ ਦੌਰ ਵਿਚ ਹੀਰੋਇਨ ਦਾ ਮਰਕਜ਼ੀ ਕਿਰਦਾਰ ਕਰਨ ਵਾਲੀ ਵੀਨਾ ਸਹਾਇਕ ਅਤੇ ਚਰਿੱਤਰ ਕਿਰਦਾਰ ਨਿਭਾਉਣ ਲਈ ਮਜਬੂਰ ਹੋ ਗਈ। ਪਤੀ ਦੀ ਗ਼ੈਰਤਮੰਦੀ ਬਰਕਰਾਰ ਰੱਖਣ ਲਈ ਉਸਨੇ ਆਪਣਾ ਫ਼ਿਲਮੀ ਕਰੀਅਰ ਤਬਾਹ ਕਰ ਲਿਆ। ਹੋਰਨਾਂ ਅਦਾਕਾਰਾਂ ਨਾਲ ਉਸਨੂੰ ਕੰਮ ਕਰਨ ਤੋਂ ਰੋਕਣ ਵਾਲੇ ਅਲ ਨਾਸਿਰ ਦੀ 35 ਸਾਲ ਦੀ ਉਮਰ ਵਿਚ ਮੌਤ ਹੋ ਗਈ। ਵੀਨਾ ਕੋਲ ਇਕ ਧੀ ਹੁਮਾ ਅਤੇ ਬੇਟਾ ਅਲਤਮਸ ਸਨ। ਕਮਾਲ ਅਮਰੋਹੀ ਨਿਰਦੇਸ਼ਿਤ ਤਾਰੀਖ਼ੀ ਫ਼ਿਲਮ ‘ਰਜ਼ੀਆ ਸੁਲਤਾਨ’ (1983) ਵਿਚ ਨਿਭਾਏ ਆਪਣੇ ਕਿਰਦਾਰ ਨੂੰ ਉਸਨੇ ਉਮਦਾ ਮੰਨਿਆ। ਹਿਦਾਇਤਕਾਰ ਅਲੀ ਰਜ਼ਾ ਦੀ ਫ਼ਿਲਮ ‘ਜਾਨਵਰ’ (1983) ਵੀਨਾ ਦੀ ਆਖ਼ਰੀ ਫ਼ਿਲਮ ਸੀ, ਜਿਸ ਵਿਚ ਉਸਨੇ ‘ਰਾਜਮਾਤਾ’ ਦਾ ਪਾਰਟ ਅਦਾ ਕੀਤਾ। ਇਤਿਹਾਸਕ ਤੇ ਰੁਮਾਨੀ ਫ਼ਿਲਮਾਂ ਵਿਚ ਸ਼ਾਹੀ ਕਿਰਦਾਰ ਨਿਭਾਉਣ ਵਾਲੀ ਵੀਨਾ 14 ਨਵੰਬਰ 2004 ਨੂੰ 81 ਸਾਲ ਦੀ ਉਮਰ ’ਚ ਬੰਬਈ ਵਿਖੇ ਵਫਾਤ ਪਾ ਗਈ।

ਸੰਪਰਕ: 97805-09545

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All