ਸ਼ਾਂਤ ਤੇ ਖ਼ੂਬਸੂਰਤ ਤੀਰਥਨ ਘਾਟੀ

ਕੁਲਵਿੰਦਰ ਸਿੰਘ ਬਿੱਟੂ ਸੈਰ ਸਫ਼ਰ

ਪੰਜਾਬ ਦੇ ਗੁਆਂਢੀ ਸੂਬੇ ਹਿਮਾਚਲ ਪ੍ਰਦੇਸ਼ ਨੂੰ ਕੁਦਰਤ ਨੇ ਬਹੁਤ ਖ਼ੂਬਸੂਰਤੀ ਬਖ਼ਸ਼ੀ ਹੈ। ਜੂਨ ਵਿਚ ਅਜਿਹੀ ਹੀ ਇਕ ਥਾਂ ਭਾਵ ਤੀਰਥਨ ਘਾਟੀ ਦਾ ਆਨੰਦ ਮਾਣਨ ਦਾ ਸਬੱਬ ਬਣਿਆ। ਕੁੱਲੂ ਜ਼ਿਲ੍ਹੇ ਦੀ ਇਸ ਘਾਟੀ ਨੂੰ ਗਰੇਟ ਹਿਮਾਲਿਅਨ ਨੈਸ਼ਨਲ ਪਾਰਕ ਦਾ ਦਰਵਾਜ਼ਾ ਵੀ ਕਿਹਾ ਜਾਂਦਾ ਹੈ। ਕੀਰਤਪੁਰ ਸਾਹਿਬ ਤੋਂ ਅੱਗੇ ਜਾ ਕੇ ਕਾਰ ਸੱਪ ਵਾਂਗ ਵਲੇਵੇਂ ਖਾਂਦੀ ਸੜਕ ’ਤੇ ਚੜ੍ਹਾਈ ਚੜ੍ਹਨ ਲੱਗੀ। ਇਸ ਰਸਤੇ ਵਿਚ ਚੀਲ ਦੇ ਦਰੱਖਤ ਹਨ। ਪਹਾੜੀ ਚੋਟੀ ’ਤੇ ਪਹੁੰਚ ਕੇ ਅਸੀਂ ਆਲਾ-ਦੁਆਲਾ ਨਿਹਾਰਨ ਲਈ ਰੁਕ ਗਏ। ਇਹ ਸਵਾਰ ਘਾਟ ਸੀ। ਸਮੁੰਦਰੀ ਤਲ ਤੋਂ 4,000 ਫੁੱਟ ਉੱਚਾ ਤੇ ਠੰਢਾ ਸ਼ਹਿਰ। ਕੀਰਤਪੁਰ ਸਾਹਿਬ ਤੋਂ ਮਹਿਜ਼ 25 ਕਿਲੋਮੀਟਰ ਦੂਰ। ਇੱਥੇ ਪੱਖਿਆਂ ਦੀ ਜ਼ਰੂਰਤ ਨਹੀਂ ਪੈਂਦੀ। ਹਿਮਾਚਲ ਸਰਕਾਰ ਵੱਲੋਂ ਇਸ ਸ਼ਹਿਰ ਵਿਚ ਸੈਲਾਨੀਆਂ ਲਈ ਗੈਸਟ ਹਾਊਸ ਵੀ ਬਣਾਏ ਹੋਏ ਹਨ। ਅਸੀਂ ਫਿਰ ਆਪਣੀ ਮੰਜ਼ਿਲ ਵੱਲ ਚੱਲ ਪਏ। ਮੰਡੀ ਸ਼ਹਿਰ ’ਚ ਗੁਰੂ ਗੋਬਿੰਦ ਸਿੰਘ ਜੀ ਨਾਲ ਸਬੰਧਿਤ ਗੁਰਦਆਰਾ ਹੈ ਜਿੱਥੇ ਗੁਰੂ ਸਾਹਿਬ ਦੇ ਜੀਵਨ ਨਾਲ ਸਬੰਧਿਤ ਵਸਤਾਂ ਪਲੰਘ, ਜੁੱਤੀ, ਰਬਾਬ ਤੇ ਬੰਦੂਕ ਦੇ ਦਰਸ਼ਨ ਕਰ ਤੇ ਗੁਰੂ ਗ੍ਰੰਥ ਸਾਹਿਬ ਨੂੰ ਨਤਮਸਤਕ ਹੋਣ ਮਗਰੋਂ ਅਸੀਂ ਤੀਰਥਨ ਘਾਟੀ ਵੱਲ ਤੁਰ ਪਏ। ਇਸ ਸਫ਼ਰ ਦੌਰਾਨ ਮਨਾਲੀ ਰੋਡ ’ਤੇ ਬਿਆਸ ਦਰਿਆ ਕਦੇ ਖੱਬੇ ਤੇ ਕਦੇ ਸੱਜੇ ਪਾਸੇ ਹੋ ਲੰਘਣ ਵਾਲਿਆਂ ਨਾਲ ਲੁਕਣਮੀਟੀ ਖੇਡਦਾ ਜਾਪਦਾ ਹੈ। ਮੰਡੀ ਤੋਂ 35 ਕੁ ਕਿਲੋਮੀਟਰ ਦੀ ਵਿੱਥ ’ਤੇ ਪੰਡੋਹ ਡੈਮ ਵਿਚ ਬਿਆਸ ਦਰਿਆ ਦਾ ਤੇਜ਼ ਰਫ਼ਤਾਰ ਵਿਚ ਡਿੱਗਦਾ ਪਾਣੀ ਆਕਰਸ਼ਕ ਲੱਗਦਾ ਹੈ। ਇਹ ਡੈਮ 990 ਮੈਗਾਵਾਟ ਬਿਜਲੀ ਪੈਦਾ ਕਰਦਾ ਹੈ। ਪੰਡੋਹ ਡੈਮ ਤੋਂ ਮਨਾਲੀ ਰੋਡ ’ਤੇ ਔਟ ਸੁਰੰਗ ਤੋਂ ਪਾਸਾ ਵੱਟ ਅਸੀਂ ਬੰਜਾਰ ਸ਼ਹਿਰ ਵੱਲ ਤੁਰ ਗਏ। ਔਟ ਸੁਰੰਗ ਤੋਂ ਬੰਜਾਰ ਸ਼ਹਿਰ 25 ਕੁ ਕਿਲੋਮੀਟਰ ਦੀ ਵਿੱਥ ’ਤੇ ਹੈ। ਇਸ ਸ਼ਹਿਰ ਦੇ ਬਾਜ਼ਾਰ ਤੋਂ ਪਹਿਲਾਂ ਹੀ ਖੱਬੇ ਹੱਥ 30 ਡਿਗਰੀ ਤੋਂ ਵੀ ਘੱਟ ਕੂਹਣੀ ਮੋੜ ਮੁੜਦਿਆਂ ਅਸੀਂ ਆਪਣੀ ਮੰਜ਼ਿਲ ਦੇ ਆਖ਼ਰੀ ਪੜਾਅ ’ਤੇ ਪਹੁੰਚ ਗਏ। ਤੀਰਥਨ ਦਰਿਆ ਸਾਡੀ ਅਗਵਾਈ ਕਰਨ ਲੱਗਿਆ। ਸ਼ਾਮ ਦੇ ਪੰਜ ਕੁ ਵਜੇ ਤੀਰਥਨ ਘਾਟੀ ਵਿਚ ਮੀਂਹ ਪੈਣ ਲੱਗਾ। ਤੀਰਥਨ ਨਦੀ ਦੀ ਆਵਾਜ਼ ਸੁਣਾਈ ਦੇ ਰਹੀ ਸੀ। ਅਸੀਂ ਬੰਜਾਰ ਤੋਂ ਅੱਠ ਕੁ ਕਿਲੋਮੀਟਰ ਦੂਰ ਸਮੁੰਦਰ ਤਲ ਤੋਂ 5,020 ਫੁੱਟ ਉੱਚੇ ਤੀਰਥਨ ਨਦੀ ਕਿਨਾਰੇ ਵਸੇ ਪਿੰਡ ਗੁਸ਼ੈਣੀ ਵਿਚ ਸਿਰ ਲੁਕਾਉਣ ਲਈ ਥਾਂ ਲੱਭਣ ਲੱਗੇ। ਰਾਤ ਹੋ ਚੁੱਕੀ ਸੀ। ਇਕ ਹੋਮ ਸਟੇਅ ਵਿਚ ਅਸੀਂ ਟਿਕਾਣਾ ਕਰ ਲਿਆ। ਕਮਰੇ ਵਿਚ ਕੋਈ ਪੱਖਾ ਨਹੀਂ ਸੀ। ਬੈੱਡ ’ਤੇ ਰਜਾਈਆਂ ਰੱਖੀਆਂ ਹੋਈਆਂ ਸਨ। ਉਸ ਸਮੇਂ ਤਾਪਮਾਨ ਤਕਰੀਬਨ 20 ਕੁ ਡਿਗਰੀ ਸੈਲਸੀਅਸ ਸੀ।

ਕੁਲਵਿੰਦਰ ਸਿੰਘ ਬਿੱਟੂ

ਅਸੀਂ ਅਗਲੇ ਦਿਨ ਤਰੋਤਾਜ਼ਾ ਹੋ ਸੁਵਖਤੇ ਹੀ ਤੀਰਥਨ ਨਦੀ ਕਿਨਾਰੇ ਸੈਰ ਲਈ ਤੁਰ ਪਏ। ਹਲਕੇ ਚਾਨਣ ਵਿਚ ਦੂਰ ਦੂਰ ਤਕ ਕੋਈ ਮਨੁੱਖ ਜਾਂ ਗੱਡੀ ਦਿਖਾਈ ਨਹੀਂ ਸੀ ਦੇ ਰਹੀ। ਸਮੁੱਚੀ ਕਾਇਨਾਤ ਵਿਚ ਸ਼ਾਂਤੀ ਸੀ। ਚੀਲ, ਦਿਉਦਾਰ, ਫਾਗੂ, ਕਾਇਲ ਤੇ ਕਾਕੜ ਜਿਹੇ ਦਰੱਖਤ ਇਕ ਦੂਜੇ ਨਾਲ ਜਿਵੇਂ ਜੁੜੇ ਹੋਏ ਸਨ। ਨਦੀ ਕਿਨਾਰੇ ਖੁਰਮਾਨੀਆਂ, ਨਾਸ਼ਪਾਤੀਆਂ, ਸੇਬਾਂ ਤੇ ਆੜੂਆਂ ਦੇ ਬੂਟੇ ਫ਼ਲਾਂ ਨਾਲ ਲੱਦੇ ਪਏ ਸਨ। ਕਿਤੇ ਕਿਤੇ ਛਾਹੜੀ ਤੇ ਬੱਬੂਗੋਸ਼ਿਆਂ ਦੇ ਦਰੱਖਤ ਵੀ ਨਾਲ ਹੀ ਜੁੜੇ ਹੋਏ ਸਨ। ਇਸ ਲੰਮੀ ਸੈਰ ਤੋਂ ਵਾਪਸ ਆਉਂਦਿਆਂ ਵੀ ਉਹੀ ਸ਼ਾਂਤੀ ਬਰਕਰਾਰ ਸੀ। ਕੋਈ ਰੌਲਾ-ਰੱਪਾ ਨਹੀਂ। ਗੱਡੀਆਂ ਦੀ ਪੀਂ ਪੀਂ ਤੇ ਧੂੰਆਂ ਨਹੀਂ। ਇਮਾਰਤਾਂ ਦੀ ਭਰਮਾਰ ਨਹੀਂ। ਇਕਾਂਤਪਸੰਦ ਮਨੁੱਖ ਲਈ ਇਹ ਥਾਂ ਬੇਸ਼ਕੀਮਤੀ ਹੈ। ਦੂਜੇ ਦਿਨ ਅਸੀਂ ਕਿਸੇ ਹੋਰ ਵਾਦੀ ਵੱਲ ਚਾਲੇ ਪਾਉਣੇ ਸੀ, ਪਰ ਤੀਰਥਨ ਦੀ ਸੁੰਦਰਤਾ ਨੇ ਸਾਨੂੰ ਇਹ ਦਿਨ ਵੀ ਇਸ ਘਾਟੀ ਵਿਚ ਗੁਜ਼ਾਰਨ ਲਈ ਮਜਬੂਰ ਕਰ ਦਿੱਤਾ। ਅਸੀ ਤੀਰਥਨ ਦੇ ਸ਼ੁੱਧ ਤੇ ਸਾਫ਼ ਪਾਣੀ ਨੂੰ ਨੇੜੇ ਤੋਂ ਤੱਕਿਆ। ਫਿਰ ਅਸੀਂ ਗੁਸ਼ੈਣੀ ਤੋਂ 10 ਕਿਲੋਮੀਟਰ ਦੂਰ ਬਠ੍ਹਾੜ ਪਿੰਡ ਵੱਲ ਤੁਰ ਪਏ। ਰਸਤਾ ਖ਼ਰਾਬ ਹੋਣ ਕਾਰਨ ਅਸੀਂ ਬੱਸ ਦੇ ਸਫ਼ਰ ਤੇ ਪਹਾੜੀ ਸੰਗੀਤ ਦਾ ਆਨੰਦ ਲਿਆ। ਧੁੱਪ ਖਿੜੀ ਹੋਣ ਕਾਰਨ ਪੈਦਲ ਚਲਦਿਆਂ ਨਿੱਘ ਜਿਹਾ ਮਹਿਸੂਸ ਹੋਇਆ। ਥੋੜ੍ਹੇ ਸਮੇਂ ਬਾਅਦ ਹੀ ਬੱਦਲਾਂ ਦੀ ਟੁਕੜੀ ਸਾਡੇ ਸਿਰ ਉੱਤੇ ਮੰਡਰਾਉਣ ਲੱਗੀ। ਮਿੰਟਾਂ ਵਿਚ ਹੀ ਮੀਂਹ ਦੀ ਕਿਣਮਿਣ ਪੂਰੀ ਛਹਿਬਰ ਵਿਚ ਬਦਲ ਗਈ। ਕੁਝ ਸਮੇਂ ਲਈ ਸਾਨੂੰ ਇਕ ਦੁਕਾਨ ਵਿਚ ਸਿਰ ਲੁਕਾਉਣਾ ਪਿਆ। ਬਠ੍ਹਾੜ ਦੇ ਸੰਘਣੇ ਜੰਗਲਾਂ ਵਿਚ ਘਿਰਿਆ ਝਰਨਾ ਬਹੁਤ ਹੀ ਖ਼ੂਬਸੂਰਤ ਦ੍ਰਿਸ਼ ਪੇਸ਼ ਕਰਦਾ ਹੈ। ਟਰੈਕਿੰਗ ਦੇ ਸ਼ੈਦਾਈਆਂ ਲਈ ਇੱਥੇ ਅਨੇਕਾਂ ਸਥਾਨ ਉਪਲੱਬਧ ਹਨ ਜਿਨ੍ਹਾਂ ਵਿਚ ਗਰੇਟ ਹਿਮਾਲਿਅਨ ਨੈਸ਼ਨਲ ਪਾਰਕ, ਜਲੌੜੀ ਪਾਸ, ਰੌਲਾ ਪਾਸ, ਤੀਰਥ ਟਰੈਕ ਆਦਿ। ਤੀਰਥਨ ਘਾਟੀ ਵਿਚ ਦਸੰਬਰ ਤੋਂ ਫਰਵਰੀ ਤਕ ਬਰਫ਼ ਦਾ ਲੁਤਫ਼ ਵੀ ਲਿਆ ਜਾ ਸਕਦਾ ਹੈ। ਪਾਣੀ ਦੀ ਫੁਹਾਰ ਵਿਚ ਕਾਫ਼ੀ ਸਮਾਂ ਬਤੀਤ ਕਰ ਅਸੀਂ ਆਪਣੇ ਕਮਰੇ ਵਿਚ ਆ ਗਏ। ਸ਼ਾਮ ਹੋ ਚੁੱਕੀ ਸੀ। ਅਸੀਂ ਬਾਲਕੋਨੀ ਵਿਚ ਕੁਰਸੀਆਂ ’ਤੇ ਬੈਠ ਠੰਢੇ ਮੌਸਮ ਦਾ ਆਨੰਦ ਲੈਣ ਲੱਗੇ। ਸਾਹਮਣੇ ਤੀਰਥਨ ਨਦੀ ਆਪਣੀ ਰਫ਼ਤਾਰ ਨਾਲ ਵਗ ਰਹੀ ਸੀ। ਤੀਜੇ ਦਿਨ ਅਸੀਂ ਜਿਭੀ ਘਾਟੀ ਵੱਲ ਤੁਰ ਪਏ। ਜਿਭੀ ਘਾਟੀ ਬੰਜਾਰ ਤੋਂ ਅੱਠ ਕਿਲੋਮੀਟਰ ਦੂਰ ਹੈ। ਜਿਭੀ ਤੋਂ ਜਲੌੜੀ ਪਾਸ 12 ਕਿਲੋਮੀਟਰ ਦੂਰ ਹੈ ਜੋ ਅੱਗੇ ਅਨਾਰਕੰਡਾ ਤੇ ਸ਼ਿਮਲਾ ਰੋਡ ਨੂੰ ਜਾ ਮਿਲਦਾ ਹੈ। ਜਿਭੀ ਤੋਂ ਗੜਾ ਗੁਸ਼ੈਣੀ ਘਾਟੀ 20 ਕਿਲੋਮੀਟਰ ਦੀ ਦੂਰੀ ’ਤੇ ਹੈ। ਅਸੀਂ ਦਿਨ ਦੇ ਗਿਆਰਾਂ ਕੁ ਵਜੇ ਜਿਭੀ ਘਾਟੀ ਪਹੁੰਚ ਗਏ। ਕੁੱਲੂ ਜ਼ਿਲ੍ਹੇ ਦੀ ਇਸ ਅਤਿ ਖ਼ੂਬਸੂਰਤ ਛੋਟੀ ਜਿਹੀ ਵਾਦੀ ਦੀ ਸਮੁੰਦਰ ਤਲ ਤੋਂ ਉਚਾਈ 6,000 ਫੁੱਟ ਹੈ। ਇਸ ਵਾਦੀ ਵਿਚ ਚੀਲ ਦੇ ਦਰੱਖਤ ਹੋਰ ਵੀ ਲੰਮੇ ਤੇ ਸੰਘਣੇ ਹਨ। ਇਸ ਵਾਦੀ ਦਾ ਤਾਪਮਾਨ ਗੁਸ਼ੈਣੀ ਤੋਂ ਵੀ ਹੇਠਾਂ ਸੀ। ਵਾਦੀ ਦੇ ਆਲੇ-ਦੁਆਲੇ ਪਹਾੜਾਂ ਉੱਤੇ ਚੀਲ ਦੇ ਸੰਘਣੇ ਦਰੱਖਤ ਸਨ। ਦੁਪਹਿਰ ਦੀ ਖਿੜੀ ਧੁੱਪ ਵਿਚ ਵੀ ਅਤਿ ਦੀ ਠੰਢਕ ਸੀ। ਇੱਥੇ ਵੀ ਪਲਾਂ ਵਿਚ ਹੀ ਬੱਦਲ ਚੜ੍ਹਾਈ ਕਰਕੇ ਆਏ ਤੇ ਬੂੰਦਾ-ਬਾਂਦੀ ਸ਼ੁਰੂ ਕਰ ਦਿੱਤੀ। ਅਸੀਂ ਪੈਦਲ ਹੀ ਝਰਨੇ ਵੱਲ ਚੱਲ ਪਏ ਜੋ ਕਾਫ਼ੀ ਉਚਾਈ ’ਤੇ ਹੈ। ਸਥਾਨਕ ਲੋਕ ਅੱਗ ਬਾਲ ਕੇ ਸੇਕ ਰਹੇ ਸਨ। ਉਨ੍ਹਾਂ ਅਨੁਸਾਰ ਇਹ ਧਾਰਮਿਕ ਸਥਾਨ ਛੋਈ ਦੇਵਤੇ ਦਾ ਹੈ। ਇੱਥੋਂ ਹੀ ਸਾਰੇ ਦੇਵੀ ਦੇਵਤਿਆਂ ਦੀ ਉਤਪਤੀ ਹੋਈ ਹੈ। ਝਰਨੇ ਤਕ ਦਾ ਰਸਤਾ ਕਾਫ਼ੀ ਸੰਘਣਾ ਹੈ। ਪਾਣੀ ਨੂੰ ਲੱਕੜ ਦੇ ਛੋਟੇ ਛੋਟੇ ਪੁਲਾਂ ਨਾਲ ਲੰਘਣਯੋਗ ਬਣਾਇਆ ਹੋਇਆ ਹੈ। ਝਰਨੇ ਦਾ ਦ੍ਰਿਸ਼ ਵਾਕਈ ਲਾਜਵਾਬ ਸੀ। ਉੱਥੇ ਮੁੰਡੇ ਕੁੜੀਆਂ ਦੇ ਛੋਟੇ ਛੋਟੇ ਦੋ ਹੀ ਗਰੁੱਪ ਸਨ। ਸੰਘਣਾ ਜੰਗਲ ਹੋਣ ਕਾਰਨ ਉੱਥੇ ਕਾਫ਼ੀ ਸਰਦੀ ਲੱਗੀ। ਉੱਤੋਂ ਦੀ ਕੁਦਰਤ ਪਾਣੀ ਦੀਆਂ ਫੁਹਾਰਾਂ ਸੁੱਟ ਠੰਢ ਵਿਚ ਹੋਰ ਵਾਧਾ ਕਰ ਰਹੀ ਸੀ। ਇਸ ਝਰਨੇ ਤੋਂ ਜਿਭੀ ਵਾਦੀ ਦਾ ਦ੍ਰਿਸ਼ ਦਿਲਕਸ਼ ਨਜ਼ਾਰਾ ਪੇਸ਼ ਕਰਦਾ ਹੈ। ਇਸ ਵਾਦੀ ਵਿਚ ਦਾਖ਼ਲ ਹੁੰਦਿਆਂ ਹੀ ਖੱਬੇ ਪਾਸੇ ਸਕੂਲ ਤੇ ਨਾਲ ਹੀ ਸ਼ੇਸ਼ਨਾਗ ਦਾ ਮੰਦਰ ਹੈ। ਇਸ ਵਾਦੀ ਦੀ ਖਾਸੀਅਤ ਇਸ ਦੀ ਸਮੁੰਦਰ ਤਲ ਤੋਂ ਉਚਾਈ ਹੈ। ਇੱਥੇ ਪੂਰਨ ਸ਼ਾਂਤੀ ਹੈ। ਅਗਲੇ ਦਿਨ ਅਸੀਂ ਜਲੌੜੀ ਪਾਸ ਵੱਲ ਜਾਣਾ ਸੀ, ਪਰ ਕੁਝ ਜ਼ਰੂਰੀ ਰੁਝੇਵਿਆਂ ਕਾਰਨ ਅਸੀਂ ਆਪਣੇ ਸ਼ਹਿਰ ਵੱਲ ਤੁਰ ਪਏ।

ਸੰਪਰਕ: 84370-00103

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All