ਸ਼ਹੀਦ ਗੁਰਬਖ਼ਸ਼ ਸਿੰਘ ਨਿਹੰਗ

ਬਹਾਦਰ ਸਿੰਘ ਗੋਸਲ

ਸਿੱਖ ਇਤਿਹਾਸ ਦੇ ਸਪੂਰਨ ਪੰਨੇ ਖੂਨੀ ਸਾਕਿਆਂ ਨਾਲ ਭਰੇ ਪਏ ਹਨ, ਜਿਨ੍ਹਾਂ ਵਿਚ ਅਨੇਕਾਂ ਸੂਰਬੀਰਾਂ, ਅਣਖੀਲੇ ਯੋਧਿਆਂ ਅਤੇ ਸਿੱਖੀ ਲਈ ਮਰ ਮਿਟਣ ਵਾਲੇ ਸ਼ਹੀਦਾਂ ਦਾ ਜ਼ਿਕਰ ਮਿਲਦਾ ਹੈ। ਅਜਿਹੇ ਹੀ ਹਜ਼ਾਰਾਂ ਸੂਰਬੀਰ ਸ਼ਹੀਦਾਂ ਵਿਚੋਂ ਸ਼ਹੀਦ ਭਾਈ ਗੁਰਬਖ਼ਸ਼ ਸਿੰਘ ਨਿਹੰਗ ਇਕ ਹਨ, ਜਿਨ੍ਹਾਂ ਦੀ ਅਗਵਾਈ ਵਿਚ 30 ਸਿੰਘਾਂ ਨੇ 1 ਦਸੰਬਰ 1764 ਈ: ਨੂੰ ਅੰਮ੍ਰਿਤਸਰ ਵਿਚ ਸ੍ਰੀ ਹਰਿਮੰਦਰ ਸਾਹਿਬ ਦੀ ਰਾਖੀ ਕਰਦੇ ਹੋਏ ਸ਼ਹੀਦੀਆਂ ਪ੍ਰਾਪਤ ਕੀਤੀਆਂ। ਇਸ ਨਿਰਭੈ ਯੋਧੇ ਦਾ ਜਨਮ 10 ਅਪਰੈਲ 1688 ਈ: ਨੂੰ ਪਿੰਡ ਲੀਹਲ, ਜ਼ਿਲ੍ਹਾ ਲਹੌਰ ਵਿਚ ਖੇਮਕਰਨ ਨਜ਼ਦੀਕ ਹੋਇਆ। ਉਨ੍ਹਾਂ ਦੇ ਮਾਤਾ ਦਾ ਨਾਂ ਮਾਤਾ ਲੱਛਮੀ ਅਤੇ ਪਿਤਾ ਦਾ ਨਾਂ ਭਾਈ ਦਸੌਂਧਾ ਸੀ। ਉਨ੍ਹਾਂ ਦਾ ਪਿੰਡ ਵੰਡ ਸਮੇਂ ਜ਼ਿਲ੍ਹਾ ਅੰਮ੍ਰਿਤਸਰ ਵਿਚ ਸ਼ਾਮਲ ਹੋ ਗਿਆ। ਕਈ ਲੇਖਕਾਂ ਦੀ ਰਾਏ ਹੈ ਕਿ ਭਾਈ ਦਸੌਂਧਾ ਜੀ ਪਰਿਵਾਰ ਸਮੇਤ 1693 ਈ. ਨੂੰ ਅਨੰਦਪੁਰ ਸਾਹਿਬ ਚਲੇ ਗਏ, ਜਿੱਥੇ ਉਨ੍ਹਾਂ ਨੇ ਗੁਰੂ ਗੋਬਿੰਦ ਸਿੰਘ ਕੋਲੋਂ 1699 ਈ: ਵਿਚ ਅੰਮ੍ਰਿਤ ਪਾਨ ਕੀਤਾ। ਪਰ ਕਈ ਲੇਖਕਾਂ ਦਾ ਮੱਤ ਹੈ ਕਿ ਭਾਈ ਗੁਰਬਖ਼ਸ਼ ਸਿੰਘ ਨੇ ਅੰਮ੍ਰਿਤਸਰ ਵਿਚ ਭਾਈ ਮਨੀ ਸਿੰਘ ਜੀ ਕੋਲੋਂ ਅੰਮ੍ਰਿਤ ਛਕਿਆ। ਪ੍ਰਸਿੱਧ ਲੇਖਕ ਭਾਈ ਸੋਹਨ ਸਿੰਘ ਸੀਤਲ ਨੇ ਲਿਖਿਆ ਕਿ ਉਨ੍ਹਾਂ ਨੂੰ ਹਰਿਮੰਦਰ ਸਾਹਿਬ, ਅੰਮ੍ਰਿਤਸਰ ਰਹਿਣ ਵੇਲੇ ਹੀ ਭਾਈ ਮਨੀ ਸਿੰਘ ਕੋਲੋਂ ਅੰਮ੍ਰਿਤ ਛਕਾਇਆ ਗਿਆ ਸੀ। ਪਹਿਲਾਂ ਭਾਈ ਗੁਰਬਖ਼ਸ਼ ਸਿੰਘ ਜੀ ਬਾਬਾ ਦੀਪ ਸਿੰਘ ਦੀ ਸ਼ਹੀਦੀ ਮਿਸਲ ਵਿਚ ਸ਼ਾਮਲ ਹੋ ਗਏ ਪਰ 1757 ਵਿੱਚ ਬਾਬਾ ਜੀ ਦੇ ਅਕਾਲ ਚਲਾਣੇ ਤੋਂ ਬਾਅਦ ਉਨ੍ਹਾਂ ਨੇ ਆਪਣਾ ਵੱਖਰਾ ਦਲ ਬਣਾ ਲਿਆ। ਉਹ ਧਰਮ ਤੇ ਨਿੱਤਨੇਮ ਵਿੱਚ ਪੱਕੇ ਸਨ ਅਤੇ ਅਸਲੀ ਟਕਸਾਲੀ ਅਕਾਲੀ ਅਤੇ ਨਿਹੰਗ ਬਾਣੇ ਵਿਚ ਰਹਿ ਕੇ ਮੁਗਲਾਂ ਨਾਲ ਯੁੱਧ ਕਰਨ ਦੇ ਆਦੀ ਸਨ। ਡਾ. ਗੁਰਚਰਨ ਸਿੰਘ ਔਲਖ ਅਨੁਸਾਰ ਜਦੋਂ ਨਵੰਬਰ 1764 ਵਿਚ ਅਹਿਮਦ ਸ਼ਾਹ ਅਬਦਾਲੀ ਨੇ 30 ਹਜ਼ਾਰ ਮੁਗਲ ਸੈਨਿਕਾਂ ਦੀ ਵੱਡੀ ਫੌਜ ਨਾਲ ਹਮਲਾ ਕੀਤਾ ਤਾਂ ਭਾਈ ਗੁਰਬਖ਼ਸ਼ ਸਿੰਘ ਹਰਿਮੰਦਰ ਸਾਹਿਬ ਅੰਮ੍ਰਿਤਸਰ ਹੀ ਸਨ ਅਤੇ ਉਨ੍ਹਾਂ ਇਸ ਯੁੱਧ ਵਿੱਚ ਅਥਾਹ ਸੂਰਬੀਰਤਾ ਦਿਖਾਈ। ਅਬਦਾਲੀ ਵਲੋਂ ਪਾਨੀਪਤ ਵਿਚ ਮਰਹੱਟਿਆਂ ਨੂੰ ਕਰਾਰੀ ਹਾਰ ਦੇਣ ਤੋਂ ਬਾਅਦ ਲਾਹੌਰ, ਸਰਹਿੰਦ ਅਤੇ ਜਲੰਧਰ ਦੇ ਨਵੇਂ ਗਵਰਨਰ ਸਥਾਪਿਤ ਕੀਤੇ ਗਏ। ਪਰ ਅਬਦਾਲੀ ਦੇ ਜਾਣ ਤੋਂ ਬਾਅਦ ਸਿੱਖਾਂ ਨੇ ਜਲੰਧਰ ਤੋਂ ਸ਼ਹਾਦਤ ਯਾਰ ਖਾਂ ਨੂੰ ਹਾਰ ਦੇ ਕੇ ਭਜਾ ਦਿੱਤਾ। ਆਪਣੇ ਛੇਵੇਂ ਹਮਲੇ ਵੇਲੇ 5 ਫਰਵਰੀ 1762 ਨੂੰ ਸਿੱਖਾਂ ਨੂੰ ਭਾਰੀ ਹਾਰ ਦਿੱਤੀ ਅਤੇ ਉਸ ਨੇ 3 ਮਾਰਚ 1762 ਨੂੰ ਅੰਮ੍ਰਿਤਸਰ ਪਹੁੰਚ ਕੇ ਹਰਿਮੰਦਰ ਸਾਹਿਬ ਨੂੰ ਢਹਿ-ਢੇਰੀ ਕਰ ਦਿੱਤਾ। ਫਿਰ 17 ਅਕਤੂਬਰ 1762 ਈ: ਨੂੰ ਸਿੱਖਾਂ ਦੀ 60 ਹਜ਼ਾਰ ਦੀ ਗਿਣਤੀ ਇੱਕਠੀ ਹੋਈ ਅਤੇ ਦੀਵਾਲੀ ਤੋਂ ਇੱਕ ਦਿਨ ਪਹਿਲਾਂ ਉਨ੍ਹਾਂ ਨੇ ਉਥੇ ਡੇਰਾ ਲਾ ਲਿਆ। ਮੁਗਲਾਂ ਦੀ ਫੌਜ ਨੇ ਹਮਲਾ ਕੀਤਾ, ਪਰ ਸਿੱਖਾਂ ਤੋਂ ਹਾਰ ਗਈ। ਫਿਰ ਸਿੱਖ ਲਗਾਤਾਰ ਅਫ਼ਗਾਨੀਆਂ ਨਾਲ ਲੜਦੇ ਰਹੇ ਅਤੇ 14 ਜਨਵਰੀ 1764 ਨੂੰ ਸਰਹਿੰਦ ’ਤੇ ਹਮਲਾ ਕਰਦੇ ਹੋਏ ਉਥੋਂ ਦੇ ਗਵਰਨਰ ਜੈਨ ਖਾਂ ਨੂੰ ਮਾਰ ਦਿੱਤਾ।

ਬਹਾਦਰ ਸਿੰਘ ਗੋਸਲ

ਸਿੱਖਾਂ ਹਥੋਂ ਅਫਗਾਨਾਂ ਦੀਆਂ ਲਗਾਤਾਰ ਹਾਰਾਂ ਨੂੰ ਦੇਖਦੇ ਹੋਏ ਅਹਿਮਦ ਸ਼ਾਹ ਅਬਦਾਲੀ ਨੇ ਅਕਤੂਬਰ 1764 ਵਿਚ 18 ਹਜ਼ਾਰ ਅਫਗਾਨਾਂ ਦੀ ਵੱਡੀ ਫੌਜ ਨਾਲ ਅਤੇ 12 ਹਜ਼ਾਰ ਬਲੋਚ ਸੈਨਿਕਾਂ ਨਾਲ ਸਿੱਖਾਂ ’ਤੇ ਹਮਲੇ ਕੀਤੇ। ਉਸ ਵੇਲੇ ਬਹੁਤ ਸਾਰੇ ਸਿੱਖ ਲੱਖੀ ਜੰਗਲ ਵੱਲ ਜਾ ਚੁੱਕੇ ਸਨ। ਅਹਿਮਦ ਸ਼ਾਹ ਨੂੰ ਦੱਸਿਆ ਗਿਆ ਕਿ ਸਿੱਖ ਅੰਮ੍ਰਿਤਸਰ ਚਲੇ ਗਏ ਹਨ ਤਾਂ ਅਫਗਾਨਾਂ ਨੇ ਅੰਮ੍ਰਿਤਸਰ ਸ਼ਹਿਰ ਨੂੰ ਘੇਰ ਲਿਆ ਪਰ ਉਸ ਸਮੇਂ ਹਰਿਮੰਦਰ ਸਾਹਿਬ ਦੀ ਰਾਖੀ ਲਈ ਦੁਸ਼ਮਣ ਨਾਲ ਟੱਕਰ ਲੈਣ ਦੀ ਵਿਓਂਤ ਬਣਾਈ ਅਤੇ ਆਪ ਅੱਗੇ ਹੋ ਕੇ ਸਾਰੇ ਦੇ ਸਾਰੇ 30 ਸਿੱਖਾਂ ਨੂੰ ਲੜਨ ਲਈ ਹੱਲਾਸ਼ੇਰੀ ਦੇਣ ਲੱਗੇ। ਇਨ੍ਹਾਂ ਸਿੰਘਾਂ ਨੇ ਅਜਿਹੀਆਂ ਤੇਗਾਂ ਚਲਾਈਆਂ ਕਿ ਅਫਗਾਨ ਧੜਾ ਧੜਾ ਧਰਤੀ ’ਤੇ ਡਿੱਗਦੇ ਗਏ। ਇਸੇ ਲੜਾਈ ਵਿਚ ਇੱਕ ਅਫਗਾਨ ਨੇ ਦੂਰੋਂ ਹੀ ਭਾਈ ਸਾਹਿਬ ਨੂੰ ਗੋਲੀ ਮਾਰ ਕੇ ਜ਼ਖ਼ਮੀ ਕਰ ਦਿੱਤਾ। ਆਖਰੀ ਦਮ ਤੱਕ ਲੜਦੇ ਹੋਏ ਇਹ 30 ਦੇ 30 ਸਿੰਘ ਭਾਈ ਗੁਰਬਖ਼ਸ਼ ਸਿੰਘ ਸਮੇਤ ਸ਼ਹੀਦੀ ਜਾਮ ਪੀ ਗਏ। ਇਨ੍ਹਾਂ ਦੀ ਸ਼ਹਾਦਤ ਸੰਨ 1764ਈ. ਦੀ ਹੈ ਅਤੇ ਉਹ ਇਸ ਸ਼ਹੀਦੀ ਸਦਕਾ ਸਦਾ ਲਈ ਅਮਰ ਹੋ ਗਏ। ਸੰਪਰਕ: 98764-52223

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All