ਸ਼ਹੀਦ ਕਰਤਾਰ ਸਿੰਘ ਸਰਾਭਾ ਦਾ ਪਿੰਡ

ਸ਼ਹੀਦ ਕਰਤਾਰ ਸਿੰਘ ਸਰਾਭਾ ਦਾ ਪਿੰਡ

ਅਮਨਦੀਪ ਦਰਦੀ

ਲੁਧਿਆਣਾ ਭਾਈ ਬਾਲਾ ਚੌਕ ਤੋਂ ਰਾਏਕੋਟ ਨੂੰ ਜਾਣ ਵਾਲੇ ਮਾਰਗ ਉਪਰ ਕਸਬਾ ਰਤਨ, ਜੋਧਾਂ ਤੋਂ ਤਿੰਨ ਕਿਲੋਮੀਟਰ ਅੱਗੇ ਘੁੱਗ ਵਸਦੇ ਪਿੰਡ ਦਾ ਨਾਂ ਸਰਾਭਾ ਹੈ। ਇਸ ਮਾਰਗ ਨੂੰ 1962 ਦੀ ਸੂਬਾ ਸਰਕਾਰ ਵੱਲੋਂ ਸ਼ਹੀਦ ਕਰਤਾਰ ਸਿੰਘ ਸਰਾਭਾ ਮਾਰਗ ਦਾ ਨਾਮ ਦੇਣ ਦਾ ਐਲਾਨ ਕੀਤਾ  ਗਿਆ ਸੀ ਪਰ ਬਾਅਦ ਦੀਆਂ ਸਰਕਾਰਾਂ ਨੇ ਇਸ ਨੂੰ ਅਮਲੀ ਰੂਪ ਵਿੱਚ ਲਾਗੂ ਕਰਨ ਵੱਲ ਧਿਆਨ ਨਹੀਂ ਦਿੱਤਾ। ਇਸ ਪਿੰਡ ਦਾ ਮੁੱਢ ਲਗਪਗ ਛੇ ਸਦੀਆਂ ਪਹਿਲਾਂ ਪਿੰਡ ਆਸੀ ਤੋਂ ਆਏ ਦੋ ਸਕੇ ਭਰਾਵਾਂ ਸਰੂਪਾ ਤੇ ਰਾਮਾ ਨੇ ਬੰਨ੍ਹਿਆ ਸੀ। ਸਰੂਪਾ ਅਤੇ ਰਾਮਾ ਦੇ ਨਾਮ ਤੋਂ ਹੀ ਪਿੰਡ ਦਾ ਨਾਮ ਸਰਾਭਾ ਪਿਆ। ਗ਼ਦਰ ਲਹਿਰ ਦੇ ਨਾਇਕ ਕਰਤਾਰ ਸਿੰਘ ਸਰਾਭਾ ਦਾ ਜਨਮ ਇਸੇ ਪਿੰਡ ਵਿੱਚ ਮੰਗਲ ਸਿੰਘ ਗਰੇਵਾਲ ਦੇ ਘਰ 1896 ਵਿੱਚ ਹੋਇਆ ਸੀ। ਉਨ੍ਹਾਂ ਮੁਢਲੀ ਵਿੱਦਿਆ ਪਿੰਡ ਦੇ ਸਕੂਲ ਤੋਂ ਪ੍ਰਾਪਤ ਕਰਕੇ ਖ਼ਾਲਸਾ ਹਾਈ ਸਕੂਲ ਲੁਧਿਆਣਾ ਤੋਂ ਅੱਠਵੀਂ ਪਾਸ ਕੀਤੀ। ਸਰਾਭੇ ਦੇ ਬਚਪਨ ਵਿੱਚ ਹੀ ਉਸਦੇ ਮਾਤਾ-ਪਿਤਾ ਦਾ ਦੇਹਾਂਤ ਹੋ ਗਿਆ ਸੀ। ਬਾਬਾ ਬਦਨ ਸਿੰਘ ਨੇ ਆਪਣੇ ਪੋਤਰੇ ਨੂੰ ਅਫ਼ਸਰ ਬਣਾਉਣ ਲਈ ਜਨਵਰੀ 1912 ਵਿੱਚ ਉਚੇਰੀ ਪੜ੍ਹਾਈ ਲਈ 16 ਸਾਲ ਦੀ ਉਮਰੇ ਅਮਰੀਕਾ ਭੇਜ ਦਿੱਤਾ। ਉਥੇ ਕਰਤਾਰ ਸਿੰਘ ਨੂੰ ਬਰਕਲੇ ਯੂਨੀਵਰਸਿਟੀ ਵਿੱਚ ਦਾਖ਼ਲਾ ਮਿਲ ਗਿਆ। ਸਰਾਭੇ ਨੂੰ ਅਮਰੀਕਾ ਵਿੱਚ ਭਾਰਤ ਦੇ ਲੋਕਾਂ ਨਾਲ ਹੋ ਰਹੇ ਭੈੜੇ ਸਲੂਕ ਦਾ ਪਤਾ ਲੱਗਿਆ ਤਾਂ ਉਸ ਦਾ ਮਨ ਵਲੂੰਧਰਿਆ ਗਿਆ। ਉਸਦੇ ਮਨ ਵਿੱਚ ਦੇਸ਼ ਦੀ ਆਜ਼ਾਦੀ ਲਈ ਭਾਂਬੜ ਬਲ ਉੱਠਿਆ ਅਤੇ ਉਹ ਪੜ੍ਹਾਈ ਛੱਡ ਕੇ ਗ਼ਦਰ ਪਾਰਟੀ ਵਿੱਚ ਸ਼ਾਮਲ ਹੋ ਗਿਆ। ਇੱਕ ਨਵੰਬਰ 1913 ਨੂੰ ਗ਼ਦਰ ਸਿਰਲੇਖ ਹੇਠ ਗ਼ਦਰ ਲਹਿਰ ਦਾ

ਪਹਿਲਾ ਪਰਚਾ ਪ੍ਰਕਾਸ਼ਿਤ ਹੋਇਆ।  ਜਲੰਧਰ ਵਿੱਚ ਇਸ ਸਬੰਧੀ ਪਹਿਲੀ ਨਵੰਬਰ ਨੂੰ ਗ਼ਦਰੀ ਬਾਬਿਆਂ ਦਾ ਮੇਲਾ ਵੀ ਲਗਦਾ ਹੈ। ਕਰਤਾਰ ਸਿੰਘ ਸਰਾਭਾ ਨੂੰ ਦੇਸ਼ ਦੀ ਆਜ਼ਾਦੀ ਲਈ ਲੜਾਈ ਲੜਨ ਬਦਲੇ 2 ਮਾਰਚ 1915 ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਅਤੇ ਪਹਿਲੇ ਲਾਹੌਰ ਸਾਜ਼ਿਸ਼ ਕੇਸ ਵਿੱਚ ਅਪਰੈਲ ਤੋਂ ਸਤੰਬਰ ਤੱਕ ਮੁਕੱਦਮਾ ਚਲਾ ਕੇ ਛੇ ਹੋਰ ਦੇਸ਼ ਭਗਤਾਂ ਨੂੰ ਸਜ਼ਾ ਸੁਣਾ ਦਿੱਤੀ ਗਈ ਤੇ ਇਨ੍ਹਾਂ ਸੱਤਾਂ ਨੇ 16 ਨਵੰਬਰ 1915 ਨੂੰ ਫਾਂਸੀ ਦੇ ਤਖ਼ਤੇ ’ਤੇ ਇਨਕਲਾਬ ਜ਼ਿੰਦਾਬਾਦ ਦੇ ਨਾਅਰੇ ਲਾਉਂਦੇ ਹੋਏ ਦੇਸ਼ ਲਈ ਕੁਰਬਾਨੀ ਦੇ ਦਿੱਤੀ। ਕਰਤਾਰ ਸਿੰਘ ਸਰਾਭਾ ਹੀ ਭਗਤ ਸਿੰਘ ਦਾ ਆਦਰਸ਼ ਬਣਿਆ ਅਤੇ ਭਗਤ ਸਿੰਘ ਇਸੇ ਇਨਕਲਾਬੀ ਰਾਹ ’ਤੇ ਅੱਗੇ ਤੁਰਦਾ ਗਿਆ। ਪਿੰਡ ਵਿੱਚ ਇੱਕ ਸੀਨੀਅਰ ਸੈਕੰਡਰੀ ਸਕੂਲ, ਇੱਕ ਐਸ.ਕੇ.ਐਸ. ਮੈਮੋਰੀਅਲ ਇੰਟਰਨੈਸ਼ਨਲ ਸਕੂਲ, ਪ੍ਰਾਇਮਰੀ ਸਕੂਲ, ਆਂਗਣਵਾੜੀ ਸਕੂਲ ਤੇ ਇੱਕ ਮਸੀਤ ਹੈ। ਪਿੰਡ ਵਿੱਚ ਤਿੰਨ ਗੁਰਦੁਆਰੇ ਹਨ। ਪਿੰਡ ਵਿੱਚ ਇੱਕ ਡਾਕਘਰ, ਬੈਂਕ ਸਹੂਲਤ ਸਮੇਤ ਏਟੀਐਮ, ਸਰਕਾਰੀ ਹਸਪਤਾਲ ਅਤੇ ਸ਼ਹੀਦ ਕਰਤਾਰ ਸਿੰਘ ਸਰਾਭਾ ਚੈਰੀਟੇਬਲ ਹਸਪਤਾਲ ਹੈ ਜਿਸ ਵਿੱਚ ਦੰਦਾਂ ਦਾ ਕਾਲਜ ਅਤੇ ਹਸਪਤਾਲ, ਆਯੂਰਵੈਦਿਕ ਮੈਡੀਕਲ ਕਾਲਜ ਅਤੇ ਹਸਪਤਾਲ, ਕਾਲਜ ਆਫ ਨਰਸਿੰਗ ਵੀ ਚੱਲ ਰਿਹਾ ਹੈ। ਹਸਪਤਾਲ ਦੇ ਪ੍ਰਬੰਧਕੀ ਅਮਲੇ ਵੱਲੋਂ ਹਸਪਤਾਲ ਵਿੱਚ ਵਿਦੇਸ਼ੀ ਨਕਸ਼ੇ ’ਤੇ ਇੱਕ ਗੁਰਦੁਆਰਾ ਬਣਾਇਆ ਗਿਆ ਹੈ ਜਿੱਥੇ ਵਿਦਿਆਰਥੀ ਤੇ ਮਰੀਜ਼ ਸਵੇਰ-ਸ਼ਾਮ ਨਤਮਸਤਕ ਹੁੰਦੇ ਹਨ। ਹਸਪਤਾਲ ਕਮੇਟੀ ਦੇ ਚੇਅਰਮੈਨ ਹੁਸ਼ਿਆਰ ਸਿੰਘ ਗਰੇਵਾਲ ਹਨ।  ਪਿੰਡ ਵਿੱਚ ਭਗਵਾਨ ਦਾਸ ਦੀ ਯਾਦਗਾਰ ਵੀ ਹੈ। ਪਿੰਡ ਵਿੱਚ ਇੱਕ ਪ੍ਰਾਚੀਨ ਠਾਕੁਰ ਦੁਆਰ ਹੈ। ਇਸ ਨੂੰ ਪਿੰਡ ਵਾਸੀਆਂ ਵੱਲੋਂ 22 ਏਕੜ ਜ਼ਮੀਨ ਦਾਨ ਕੀਤੀ ਗਈ ਹੈ। ਇਸ ਮੰਦਰ ਵਿੱਚ ਕ੍ਰਿਸ਼ਨ ਭਗਵਾਨ ਦੀ ਬਹੁਤ ਹੀ ਕੀਮਤੀ ਧਾਤ ਦੀ ਮੂਰਤੀ ਬਣੀ ਹੋਈ ਹੈ। ਭਾਰਤ ਵਿੱਚ ਹੋਰ ਕਿਧਰੇ ਵੀ ਅਜਿਹੀ ਮੂਰਤੀ ਨਹੀਂ ਹੈ। ਅਜਿਹੀ ਹੀ ਇੱਕ ਮੂਰਤੀ ਚੀਨ ਵਿੱਚ ਬਣੀ ਹੋਈ ਹੈ। ਪਿੰਡ ਦੇ ਕਈ ਨੌਜਵਾਨ ਫ਼ੌਜ ਵਿੱਚ ਸੇਵਾ ਨਿਭਾਅ ਰਹੇ ਹਨ।  ਪੀਏਯੂ ਲੁਧਿਆਣਾ ਦੇ ਡੀਨ ਰਹੇ ਗੁਰਸ਼ਾਮ ਸਿੰਘ ਗਰੇਵਾਲ ਵੀ ਇਸ ਪਿੰਡ ਦੇ ਹੀ ਜੰਮਪਲ ਹਨ। ਪੰਜਾਬੀ ਲੇਖਕ ਸਿਕੰਦਰ ਸਿੰਘ ਸਰਾਭਾ ਤੇ ਦੇਵ ਸਰਾਭਾ ਇਸੇ ਪਿੰਡ ਦੇ ਹਨ। ਪਿੰਡ ਦੇ ਸੂਬੇਦਾਰ ਬੱਗਾ ਸਿੰਘ ਦੇ ਪੁੱਤਰ ਦਰਸ਼ਨ ਸਿੰਘ, ਸਵਿੰਦਰ ਸਿੰਘ, ਲਖਵਿੰਦਰ ਸਿੰਘ, ਬੇਟੀ ਕੁਲਦੀਪ ਕੌਰ ਤੇ ਜਵਾਈ ਗੁਰਦਿਆਲ ਸਿੰਘ ਹਾਂਸ ਨੇ ਮਾਤਾ ਬਚਨ ਕੌਰ ਦੀ ਯਾਦ ਵਿੱਚ ਕਰੀਬ ਚਾਰ ਲੱਖ ਰੁਪਏ ਖ਼ਰਚ ਕੇ ਪਿੰਡ ਵਿੱਚ ਨਵੀਂ ਤਕਨੀਕ ਨਾਲ ਇੱਕ ਸਸਕਾਰ ਭੱਠੀ ਬਣਾਈ ਹੈ। ਪਿੰਡ ਦੇ ਬੱਸ ਸਟੈਂਡ ਨਜ਼ਦੀਕ ਦੋ ਏਕੜ ਥਾਂ ਵਿੱਚ ਸ਼ਹੀਦ ਕਰਤਾਰ ਸਿੰਘ ਸਰਾਭਾ ਦੀ ਯਾਦਗਾਰ ਹੈ। ਇਸ ਵਿੱਚ ਸ਼ਾਨਦਾਰ ਲਾਇਬ੍ਰੇਰੀ ਤੇ ਆਕਰਸ਼ਕ ਪਾਰਕ ਹੈ। ਤੀਹ ਏਕੜ ਪੰਚਾਇਤੀ ਜ਼ਮੀਨ ਵਾਲੇ ਪੰਜਾਬ ਦੇ ਇਸ ਪ੍ਰਸਿੱਧ ਪਿੰਡ ਦੇ ਪਹਿਲੇ ਸਰਪੰਚ ਤੇਜਾ ਸਿੰਘ ਗਰੇਵਾਲ ਸਨ। ਉਨ੍ਹਾਂ ਨੇ ਪਿੰਡ ਦੇ ਸਰਵਪੱਖੀ ਵਿਕਾਸ ਵਿੱਚ ਅਹਿਮ ਯੋਗਦਾਨ ਪਾਇਆ। ਇਸ ਮਗਰੋਂ ਤਿੰਨ ਵਾਰ ਜਗਜੀਤ ਸਿੰਘ ਨੰਬਰਦਾਰ ਅਤੇ ਪੰਦਰਾਂ ਸਾਲ ਭਗਤ ਰਾਮ ਪਿੰਡ ਦੇ ਸਰਪੰਚ ਰਹੇ। ਮੁਗਲ ਰਾਜ ਦੇ ਰਾਜਾ ਕੱਲਾ ਦੇ ਰਾਜਕਾਲ ਦੌਰਾਨ ਪਿੰਡ ਵਿੱਚ ਪਾਣੀ ਦੀ ਸਹੂਲਤ ਲਈ ਖੂਹ ਤਿਆਰ ਕਰਨ ਲਈ ਪਿੰਡ ਵਾਸੀਆਂ ਨੇ ਚੂਨੇ ਦੀਆਂ ਇੱਟਾਂ ਤਿਆਰ ਕੀਤੀਆਂ ਤਾਂ ਇਸ ਦੀ ਭਿਣਕ ਰਾਜੇ ਦੇ ਅਹਿਲਕਾਰਾਂ ਨੂੰ ਲੱਗ ਗਈ। ਉਸ ਸਮੇਂ ਮੁਗਲ ਰਾਜ ਦੀ ਪੱਖੋਵਾਲ ਤਹਿਸੀਲ ਦਾ ਨਿਰਮਾਣ ਹੋ ਰਿਹਾ ਸੀ। ਅਹਿਲਕਾਰ ਨੇ ਪਿੰਡ ਵਾਸੀਆਂ ਨੂੰ ਕਿਹਾ ਕਿ ਖੂਹ ਬਣਾਉਣ ਤੋਂ ਬਾਅਦ ਜੋ ਇੱਟਾਂ ਬਚ ਗਈਆਂ ਉਹ ਤਹਿਸੀਲ ਬਣਾਉਣ ਲਈ ਭੇਜ ਦੇਣੀਆਂ ਪਰ ਪਿੰਡ ਵਾਸੀਆਂ ਖੂਹ ਦਾ ਘੇਰਾ ਇੰਨਾ ਵੱਡਾ ਰੱਖਿਆ ਕਿ 20 ਹੱਥ ਚੌੜੇ (30 ਫੁੱਟ ਤੋਂ ਉਪਰ) 100 ਫੁੱਟ ਡੂੰਘੇ ਖੂਹ ਵਿੱਚ ਸਾਰੀਆਂ ਇੱਟਾਂ ਲੱਗ ਗਈਆਂ ਅਤੇ ਉਸ ਸਮੇਂ ਤੋਂ ਇਸ ਖੂਹ ’ਤੇ ਚਾਰ ਹਲਟ ਚਲਦੇ ਰਹੇ ਹਨ। ਪਿਛਲੇ ਪੰਦਰਾਂ ਸਾਲਾਂ ਤੋਂ ਇਹ ਖੂਹ ਬੰਦ ਹੋ ਪਿਆ ਹੈ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ, ਵਿੰਡਸਰ ਯੂਨੀਵਰਸਿਟੀ ਕੈਨੇਡਾ ਤੇ ਮੌਰੀਸਨ ਸਾਇੰਟੀਫਿਕ ਰਿਸਰਚ ਕੰਪਨੀ ਕੈਲਗਰੀ ਵਿੱਚ ਸਾਇੰਸਦਾਨ ਵਜੋਂ ਸੇਵਾਵਾਂ ਨਿਭਾ ਚੁੱਕੇ ਨਰੰਗ ਸਿੰਘ ਮਾਂਗਟ ਵੱਲੋਂ ਇਲਾਕੇ ਦੇ ਲੋਕਾਂ ਦੇ ਸਹਿਯੋਗ ਨਾਲ ਤਿੰਨ ਹਜ਼ਾਰ ਗਜ਼ ਵਿੱਚ ਪਿੰਡ ਸਰਾਭੇ ਤੋਂ ਸਹੌਲੀ ਲਿੰਕ ਰੋਡ ’ਤੇ ਅਪਾਹਜਾਂ ਲਈ ਗੁਰੂ ਅਮਰਦਾਸ ਆਸ਼ਰਮ ਬਣਵਾਇਆ ਗਿਆ ਹੈ। ਇਹ ਸੰਸਥਾ ਕਿਸੇ ਦੀ ਨਿੱਜੀ ਮਲਕੀਅਤ ਨਹੀਂ ਹੈ। ਇਹ ਗੁਰੂ ਅਮਰਦਾਸ ਦੀ ਯਾਦ ਵਿੱਚ ਉਨ੍ਹਾਂ ਨੂੰ ਸਮਰਪਿਤ ਸੰਸਥਾ ਹੈ। ਪਿੰਡ ਤੋਂ ਬਾਹਰਵਾਰ ਰਾਏਕੋਟ ਰੋਡ ’ਤੇ ਹਰਬੰਸ ਸਿੰਘ ਖੰਗੂੜਾ ਵੱਲੋਂ ਡੇਢ ਏਕੜ ਵਿੱਚ ਜਪਾਨੀ ਤਕਨੀਕ ਨਾਲ ਪਫ ਪੈਨਲ ਨਾਲ ਸ਼ਹੀਦ ਕਰਤਾਰ ਸਿੰਘ ਸਰਾਭਾ ਕੋਲਡ ਸਟੋਰ ਬਣਾਇਆ ਗਿਆ ਹੈ। ਇਸ ਵਿੱਚ ਆਈਸ ਫੈਕਟਰੀ ਤੋਂ ਇਲਾਵਾ ਮਿੰਨੀ ਚਿੜੀਆ ਘਰ ਵੀ ਹੈ। ਪਿਛਲੇ 65 ਸਾਲਾਂ ਤੋਂ ਸ਼ਹੀਦ ਸਪੋਰਟਸ ਕਲੱਬ ਪਿੰਡ ਵਿੱਚ ਸ਼ਾਨਦਾਰ ਖੇਡ ਟੂਰਨਾਮੈਂਟ ਕਰਵਾ ਰਿਹਾ ਹੈ। ਇਸ ਦੇ ਪਹਿਲੇ ਪ੍ਰਧਾਨ ਇਕਬਾਲ ਸਿੰਘ ਗਰੇਵਾਲ ਸਨ।  ਜਗਤਾਰ ਸਿੰਘ ਢਿੱਲੋਂ, ਭਗਵੰਤ ਸਿੰਘ, ਸਿਕੰਦਰ ਸਿੰਘ, ਮਾਸਟਰ ਹਰਨੇਕ ਸਿੰਘ, ਮਾਸਟਰ ਗੁਰਬਚਨ ਸਿੰਘ, ਗੁਰਦੀਪ ਸਿੰਘ, ਗੁਰਸਿਮਰਤ ਸਿੰਘ, ਅਜਮੇਰ ਸਿੰਘ ਤੇ ਬਲਦੇਵ ਸਿੰਘ ਟੂਰਨਾਮੈਂਟ ਲਈ ਅਹਿਮ ਯੋਗਦਾਨ ਪਾਉਂਦੇ ਹਨ। ਇਹ ਪਿੰਡ ਬਲਦਾਂ ਦੀਆਂ ਦੌੜਾਂ ਕਰਾਉਣ ਵਿੱਚ ਵੀ ਪ੍ਰਸਿੱਧ ਹੈ।

ਪਿੰਡ ਨਾਲ ਜੁੜੇ ਕੁਝ ਤੱਥ ਪਿੰਡ ਆਸੀ ਤੋਂ ਆਏ ਦੋ ਭਰਾਵਾਂ ਸਰੂਪਾ ਤੇ ਰਾਮਾ ਨੇ ਪਿੰਡ ਸਰਾਭਾ ਦੀ ਮੋੜ੍ਹੀ ਗੱਡੀ ਸੀ। ਸਰੂਪਾ ਅਤੇ ਰਾਮਾ ਦੇ ਨਾਮ ਤੋਂ ਹੀ ਪਿੰਡ ਦਾ ਨਾਮ ਸਰਾਭਾ ਪੈ ਗਿਆ। ਗ਼ਦਰ ਲਹਿਰ ਦੇ ਨਾਇਕ ਕਰਤਾਰ ਸਿੰਘ ਸਰਾਭਾ ਦਾ ਜਨਮ ਇਸੇ ਪਿੰਡ ਵਿੱਚ ਮੰਗਲ ਸਿੰਘ ਗਰੇਵਾਲ ਦੇ ਘਰ 1896 ਵਿੱਚ ਹੋਇਆ ਸੀ। ਪੰਜਾਬੀ ਲੇਖਕ ਸਿਕੰਦਰ ਸਿੰਘ ਸਰਾਭਾ ਤੇ ਦੇਵ ਸਰਾਭਾ ਵੀ ਇਸੇ ਪਿੰਡ ਦੇ ਹਨ। ਪਿੰਡ ਵਾਸੀਆਂ ਦੀ ਮੰਗ ਹੈ ਕਿ ਲੁਧਿਆਣੇ ਤੋਂ ਰਾਏਕੋਟ ਜਾਣ ਵਾਲੀ ਸੜਕ ਦਾ ਨਾਮ ਸ਼ਹੀਦ ਕਰਤਾਰ ਸਿੰਘ ਸਰਾਭਾ ਮਾਰਗ ਰੱਖਣ ਨੂੰ ਫੌਰੀ ਅਮਲੀ ਰੂਪ ਦਿੱਤਾ ਜਾਵੇ। ਪਿੰਡ ਸਰਾਭੇ ਤੋਂ ਲੁਧਿਆਣੇ ਆਉਣ ਲਈ ਸਿਟੀ ਬੱਸ ਸਰਵਿਸ ਦੀ ਸਹੂਲਤ ਮੁਹੱਈਆ ਕੀਤੀ ਜਾਵੇ।  ਖੇਤੀ ਸਹੂਲਤਾਂ ਲਈ ਪਿੰਡ ਕੋਲ ਦੀ ਲੰਘਦਾ ਤਲਵੰਡੀ ਰਜਵਾਹਾ ਪੱਕਾ ਕੀਤਾ ਜਾਵੇ।  ਪਿੰਡ ਨੂੰ ਜੋੜਨ ਵਾਲੀਆਂ ਸੜਕਾਂ ਦਾ ਨਵ ਨਿਰਮਾਣ ਕੀਤਾ ਜਾਵੇ। ਸੰਪਰਕ: 97818-00325

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਬਿਜਲੀ ਸੋਧ ਬਿਲ ਰਾਹੀਂ ਕੇਂਦਰੀਕਰਨ ਤੇ ਨਿੱਜੀਕਰਨ

ਬਿਜਲੀ ਸੋਧ ਬਿਲ ਰਾਹੀਂ ਕੇਂਦਰੀਕਰਨ ਤੇ ਨਿੱਜੀਕਰਨ

ਆਜ਼ਾਦੀ, ਪ੍ਰਾਪਤੀਆਂ ਅਤੇ ਲੋਕ ਸੰਘਰਸ਼

ਆਜ਼ਾਦੀ, ਪ੍ਰਾਪਤੀਆਂ ਅਤੇ ਲੋਕ ਸੰਘਰਸ਼

ਸਾਂਝ ਤੇ ਅਮਨ ਦੀ ਲੋਅ

ਸਾਂਝ ਤੇ ਅਮਨ ਦੀ ਲੋਅ

ਮੁਫ਼ਤ ਰਿਆਇਤਾਂ ਦੀ ਬਹਿਸ ਦਾ ਪ੍ਰਸੰਗ

ਮੁਫ਼ਤ ਰਿਆਇਤਾਂ ਦੀ ਬਹਿਸ ਦਾ ਪ੍ਰਸੰਗ

ਆਜ਼ਾਦੀ ਦੇ ਸਫ਼ਰ ਦੇ 75 ਵਰ੍ਹੇ

ਆਜ਼ਾਦੀ ਦੇ ਸਫ਼ਰ ਦੇ 75 ਵਰ੍ਹੇ

ਸ਼ਹਿਰ

View All