ਸ਼ਰਾਬ ਦੇ ਠੇਕਾ ਮਾਲਕਾਂ ਨੂੰ ਸੀ.ਸੀ.ਟੀ.ਵੀ. ਕੈਮਰੇ ਲਗਾਉਣ ਦੀ ਹਦਾਇਤ

100 ਨੰਬਰ ’ਤੇ ਸੂਚਨਾ ਦੇਣ ਦੀ ਸਲਾਹ

ਪੱਤਰ ਪ੍ਰੇਰਕ ਜਲੰਧਰ, 7 ਅਕਤੂਬਰ ਸੜਕਾਂ ’ਤੇ ਠੇਕੇ ਸਾਹਮਣੇ ਜਾਂ ਮੈਰਿਜਾਂ ਪੈਲੇਸਾਂ ਦੇ ਬਾਹਰ ਬੈਠ ਕੇ ਸ਼ਰਾਬ ਵੇਚਣ ਤੇ ਪੀਣ ਵਾਲਿਆਂ ਦੀ ਹੁਣ ਖੈਰ ਨਹੀਂ ਕਿਉਂਕਿ ਜ਼ਿਲਾ ਪੁਲੀਸ ਨੇ ਸ਼ਰਾਬ ਦੇ ਠੇਕਿਆਂ, ਹੋਰ ਦੁਕਾਨਾਂ ਅਤੇ ਜਨਤਕ ਥਾਵਾਂ ’ਤੇ ਖੁੱਲ੍ਹੇਆਮ ਸ਼ਰਾਬ ਪੀਣ ਤੋਂ ਰੋਕਣ ਲਈ ਧਾਰਾ 144 ਅਧੀਨ ਪਾਬੰਦੀ ਲਗਾ ਦਿੱਤੀ ਹੈ। ਡਿਪਟੀ ਕਮਿਸ਼ਨਰ ਪੁਲੀਸ ਅਰੁਣਪਾਲ ਸਿੰਘ ਵਲੋਂ ਜਾਰੀ ਕੀਤੇ ਇਨ੍ਹਾਂ ਮਨਾਹੀ ਦੇ ਹੁਕਮਾਂ ਨੂੰ ਸਖਤੀ ਨਾਲ ਲਾਗੂ ਕਰਨ ਦੇ ਇਰਾਦੇ ਨਾਲ ਸ਼ਰਾਬ ਦੇ ਠੇਕਾ ਮਾਲਕਾਂ ਨੂੰ 45 ਦਿਨਾਂ ਦੇ ਅੰਦਰ-ਅੰਦਰ ਸੀ.ਸੀ. ਟੀ.ਵੀ. ਕੈਮਰੇ ਲਗਾਉਣ ਦੀਆਂ ਵੀ ਹਦਾਇਤਾਂ ਜਾਰੀ ਕੀਤੀਆਂ ਹਨ। ਡੀ.ਸੀ.ਪੀ. ਦੇ ਹੁਕਮਾਂ ਮੁਤਾਬਕ ਸ਼ਰਾਬ ਦੇ ਠੇਕਾ ਮਾਲਕਾਂ ਨੂੰ ਹਦਾਇਤਾਂ ਕੀਤੀਆਂ ਗਈਆਂ ਹਨ ਕਿ ਉਹ ਆਪਣੇ ਠੇਕਿਆਂ ਵਿਚ ਸੀ.ਸੀ.ਟੀ.ਵੀ. ਕੈਮਰਿਆਂ ਰਾਹੀਂ ਕੀਤੀ ਗਈ ਰਿਕਾਰਡਿੰਗ ਨੂੰ ਘੱਟੋ-ਘੱਟ 10 ਦਿਨ ਤੱਕ ਸੰਭਾਲ ਕੇ ਰੱਖਣ। ਸੀ.ਸੀ.ਟੀ.ਵੀ. ਕੈਮਰੇ ਵਲੋਂ ਕੀਤੀ ਗਈ ਕਵਰੇਜ ਦੀ ਸੀ.ਡੀ. ਠੇਕੇ ਵਿਚ ਲਗਾਏ ਗਏ ਰਜਿਸਟਰ ਵਿਚ ਦਰਜ ਕਰਕੇ ਸਬੰਧਤ ਥਾਣੇ ਦੇ ਐੱਸ.ਐੱਚ.ਓ. ਨੂੰ ਸਬੰਧਤ ਕਾਂਸਟੇਬਲ ਰਾਹੀਂ ਰੋਜ਼ਾਨਾ ਦੇਣ ਦੀ ਵੀ ਹਦਾਇਤ ਕੀਤੀ ਗਈ ਹੈ। ਡੀ.ਸੀ.ਪੀ. ਦਫਤਰ ਅਨੁਸਾਰ ਠੇਕੇ ਦਾ ਕਰਿੰਦਾ ਜਾਂ ਮੈਨੇਜਰ ਰੋਜ਼ਾਨਾ ਠੇਕੇ ਦੀ ਸੇਲ ਸ਼ੁਰੂ ਕਰਨ ਤੋਂ ਪਹਿਲਾਂ ਇਸ ਗੱਲ ਨੂੰ ਯਕੀਨੀ ਬਣਾਏਗਾ ਕਿ ਸੀ.ਸੀ.ਟੀ.ਵੀ. ਕੈਮਰਾ ਠੀਕ ਹਾਲਤ ਵਿਚ ਕੰਮ ਕਰ ਰਿਹਾ ਹੈ। ਜੇਕਰ ਕੈਮਰੇ ਵਿਚ ਕੋਈ ਨੁਕਸ ਧਿਆਨ ਵਿਚ ਆਉਂਦਾ ਹੈ ਤਾਂ ਉਸ ਨੂੰ ਫੌਰੀ ਠੀਕ ਕਰਵਾਇਆ ਜਾਵੇ ਅਤੇ ਇਸ ਦੀ ਲਿਖਤੀ ਰੂਪ  ਵਿਚ ਸਬੰਧਤ ਥਾਣੇ ਨੂੰ ਸੂਚਨਾ ਦੇ ਕੇ ਇਸ ਸਬੰਧੀ ਪੁਲੀਸ ਸਟੇਸ਼ਨ ਦੇ ਡਿਊਟੀ ਅਫਸਰ ਤੋਂ ਰੋਜ਼ਾਨਾ ਡਾਇਰੀ ਰਜਿਸਟਰ ਦਾ ਨੰਬਰ ਪ੍ਰਾਪਤ ਕਰਨਾ ਹੋਵੇਗਾ। ਜੇਕਰ ਸੀ.ਸੀ.ਟੀ.ਵੀ. ਕੈਮਰੇ ਦੀ ਮੋਨੀਟਰਿੰਗ ਕਰ ਰਹੇ ਠੇਕੇ ’ਤੇ ਬੈਠੇ ਮੈਨੇਜਰ ਜਾਂ ਕਰਿੰਦੇ ਦੇ ਠੇਕੇ ਦੇ ਆਸ-ਪਾਸ ਕਿਤੇ ਗੈਰ-ਕਾਨੂੰਨੀ ਢੰਗ ਨਾਲ ਸ਼ਰਾਬ ਪੀਤੀ ਜਾ ਰਹੀ ਜਾਂ ਗੈਰ-ਕਾਨੂੰਨੀ ਢੰਗ ਨਾਲ ਸ਼ਰਾਬ ਦੀ ਵਿਕਰੀ ਹੋ ਰਹੀ ਹੈ ਤਾਂ ਉਹ ਕੰਟਰੋਲ ਰੂਮ ਦੇ ਟੈਲੀਫੋਨ ਨੰਬਰ 100 ’ਤੇ ਜਾਂ ਨਜ਼ਦੀਕ ਪੈਂਦੇ ਥਾਣੇ ਦੇ ਧਿਆਨ ਵਿਚ ਲਿਆਵੇ। ਇਸ ਦੇ ਨਾਲ ਹੀ ਸ਼ਰਾਬ ਦੇ ਠੇਕੇਦਾਰ ਵਲੋਂ ਠੇਕੇ ਉਪਰ ਸਾਈਨ ਬੋਰਡ ਲਗਾਇਆ ਜਾਵੇਗਾ, ਜਿਸ ਉਤੇ ਜਨਤਕ ਥਾਵਾਂ ’ਤੇ ਸ਼ਰਾਬ ਪੀਣ ਤੇ ਗੈਰ-ਕਾਨੂੰਨੀ ਢੰਗ ਨਾਲ ਠੇਕੇ ਤੋਂ ਬਾਹਰ ਸ਼ਰਾਬ ਵੇਚਣਾ ਗੈਰ-ਕਾਨੂੰਨੀ ਤੇ ਕਾਨੂੰਨ ਦੀ ਉਲੰਘਣਾ ਸਬੰਧੀ ਲਿਖਣਾ ਹੋਵੇਗਾ ਅਤੇ ਨਾਲ ਹੀ ਬੋਰਡ ’ਤੇ ਨਜ਼ਦੀਕੀ ਥਾਣੇ ਦਾ ਨੰਬਰ ਵੀ ਲਿਖਣਾ ਹੋਵੇਗਾ। ਫਿਲਹਾਲ ਇਹ ਹੁਕਮ 5 ਅਕਤੂਬਰ ਤੋਂ 4 ਦਸੰਬਰ ਤੱਕ ਲਾਗੂ ਰਹਿਣਗੇ ਅਤੇ ਹੁਕਮਾਂ ਦੀ ਉਲੰਘਣਾ ਕਰਨ ਵਾਲਿਆਂ ਦੇ ਖਿਲਾਫ ਆਈ.ਪੀ.ਸੀ. ਦੀ ਧਾਰਾ 188 ਤਹਿਤ ਕਾਰਵਾਈ ਕੀਤੀ ਜਾਵੇਗੀ। ਇਸ ਸਬੰਧੀ ਜਦੋਂ ਸ਼ਹਿਰ ਕੇ ਇਕ ਸ਼ਰਾਬ ਦੇ ਠੇਕੇਦਾਰ ਨੂੰ ਇਨ੍ਹਾਂ ਹੁਕਮਾਂ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਦੱਸਿਆ ਕਿ ਡੀ.ਸੀ.ਪੀ. ਅਰੁਣਪਾਲ ਸਿੰਘ ਵਲੋਂ ਜਾਰੀ ਹੁਕਮਾਂ ਬਾਰੇ ਉਨ੍ਹਾਂ ਨੂੰ ਅਜੇ ਕੋਈ ਜਾਣਕਾਰੀ ਨਹੀਂ ਹੈ ਅਤੇ ਨਾ ਹੀ ਡੀ.ਸੀ.ਪੀ. ਸ਼ਰਾਬ ਦੇ ਠੇਕੇਦਾਰਾਂ ਨਾਲ ਕੋਈ ਮੀਟਿੰਗ ਕਰਕੇ ਇਸ ਬਾਰੇ ਦੱਸਿਆ ਗਿਆ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All