ਸ਼ਰਧਾ ਅਤੇ ਰਾਜਨੀਤੀ ਦੇ ਓਹਲੇ

ਬਲਦੇਵ ਸਿੰਘ (ਸੜਕਨਾਮਾ)

ਬੰਗਾਲ ਵਿਚ ਤੇ ਖ਼ਾਸ ਕਰਕੇ ਕਲਕੱਤਾ (ਕੋਲਕਾਤਾ) ਮਹਾਂਨਗਰ ਵਿਚ ‘ਦੁਰਗਾ ਪੂਜਾ’ ਤਿਉਹਾਰ ਦਾ ਬੜਾ ਮਹੱਤਵ ਹੈ। ਇਹ ਬੰਗਾਲੀਆਂ ਦਾ ਸਭ ਤੋਂ ਵੱਡਾ ਉਤਸਵ ਹੈ। ਸਮੂਹ ਬੰਗਾਲੀ ਭਾਈਚਾਰਾ ਇਨ੍ਹੀਂ ਦਿਨੀਂ ਪੂਰੇ ਜਲੌਅ ਅਤੇ ਉਤਸ਼ਾਹ ਵਿਚ ਹੁੰਦਾ ਹੈ। ਇਸ ਦੇ ਸਮਾਨਅੰਤਰ ਭਾਰਤ ਦੇ ਬਹੁਤੇ ਹਿੱਸਿਆਂ ਵਿਚ ਦੁਸਹਿਰਾ ਮਨਾਇਆ ਜਾਂਦਾ ਹੈ। ਹਰ ਮੁਹੱਲੇ ਵਿਚ ਪੂਜਾ ਪੰਡਾਲ ਸਜਾਏ ਜਾਂਦੇ ਹਨ। ਇਨ੍ਹਾਂ ਪੰਡਾਲਾਂ ਵਿਚ ਦੁਰਗਾ ਦੇਵੀ ਦੀ ਪ੍ਰਤਿਮਾ ਸਥਾਪਤ ਕੀਤੀ ਜਾਂਦੀ ਹੈ। ਮੁਹੱਲੇ ਜਾਂ ਵਾਰਡਾਂ ਦੀਆਂ ਪੂਜਾ ਕਮੇਟੀਆਂ ਦੀ ਹੈਸੀਅਤ ਅਨੁਸਾਰ ਪੂਜਾ ਸਮੱਗਰੀ ਤੋਂ ਲੈ ਕੇ ਦੁਰਗਾ ਦੇਵੀ ਦੀ ਪ੍ਰਤਿਮਾ ਅਤੇ ਹਾਰ ਸ਼ਿੰਗਾਰ ਦੀ ਸ਼ੋਭਾ ਵਧਦੀ-ਘਟਦੀ ਰਹਿੰਦੀ ਹੈ। ਇਨ੍ਹਾਂ ਦਿਨਾਂ ਵਿਚ ਮੁਹੱਲੇ ਦੇ ਦਾਦਿਆਂ ਅਤੇ ਉਤਸ਼ਾਹੀ ਨੌਜਵਾਨਾਂ ਵੱਲੋਂ ਆਮ ਲੋਕਾਂ, ਦੁਕਾਨਦਾਰਾਂ, ਦਫ਼ਤਰੀ ਬਾਬੂਆਂ ਅਤੇ ਗੱਡੀਆਂ ਵਾਲਿਆਂ ਤੋਂ ਚੰਦੇ ਵਸੂਲੇ ਜਾਂਦੇ ਹਨ। ਪਿਆਰ ਨਾਲ ਜਾਂ ਧੌਂਸ ਨਾਲ, ਸਭ ਕੁਝ ਧਾਰਮਿਕ ਪੂਜਾ ਦੇ ਨਾਮ ’ਤੇ ਹੁੰਦਾ ਹੈ। ਹੁਣ ਤਾਂ ਬੰਗਾਲ ਦੀ ਮੁੱਖ ਮੰਤਰੀ ਨੇ ਹਰ ਪੂਜਾ ਕਮੇਟੀ ਨੂੰ 25-25 ਹਜ਼ਾਰ ਰੁਪਏ ਦੇਣ ਦਾ ਐਲਾਨ ਕੀਤਾ ਹੈ। ਇਸ ਤਰ੍ਹਾਂ ਤਿਉਹਾਰਾਂ ਨਾਲ ਇਹ ਹਮਦਰਦੀ ਚੋਣਾਂ ਨਾਲ ਵੀ ਜੁੜੀ ਹੁੰਦੀ ਹੈ। ਖ਼ੈਰ, ਵਗਾਰਾਂ ਵੀ ਲਈਆਂ ਜਾਂਦੀਆਂ ਹਨ। ਵੱਡੀਆਂ ਰੈਲੀਆਂ ਲਈ ਵਗਾਰਾਂ ਦਾ ਰਿਵਾਜ ਤਾਂ ਏਧਰ ਪੰਜਾਬ ਵਿਚ ਵੀ ਖਾਸਾ ਹੈ। ਰੈਲੀਆਂ ਕਲਕੱਤੇ ਵਿਚ ਵੀ ਘੱਟ ਨਹੀਂ ਹੁੰਦੀਆਂ। ਆਏ ਦਿਨ ਜਲੂਸ ਨਿਕਲਦੇ ਹਨ। ਕਲਕੱਤੇ ਨੂੰ ਤਾਂ ਕਿਹਾ ਹੀ ‘ਜਲੂਸਾਂ ਦਾ ਮਹਾਂਨਗਰ’ ਜਾਂਦਾ ਹੈ। ਨੰਗੇ ਪੈਰੀਂ, ਨੰਗੇ ਧੜ, ਦਿਹਾਤਾਂ ਤੋਂ ਆਏ ਕਾਲੇ, ਸੁੱਕੇ ਹੱਡੀਆਂ ਦਾ ਪਿੰਜਰ ਬਣੇ ਲੋਕਾਂ ਦੀ ਬੇਤਰਤੀਬੀ ਜਿਹੀ ਅਮੁੱਕ ਭੀੜ, ਹੱਥਾਂ ਵਿਚ ਕਦੇ ਲਾਲ ਝੰਡੇ, ਕਦੇ ਤਿਰੰਗੇ, ਕਦੇ ਪੀਲੇ ਹਰੇ ਵੀ ਚੁੱਕੀ ਬਾਹਾਂ ਉਲਾਰ ਕੇ ਰਟਿਆ-ਰਟਾਇਆ ਇਕੋ ਹੀ ਨਾਅਰਾ ‘ਇਨਕਲਾਬ-ਜ਼ਿੰਦਾਬਾਦ’ ਬੋਲੀ ਤੁਰੀ ਜਾਂਦੀ ਹੈ। ਅਜਿਹੀ ਭੀੜ ਵਿਚੋਂ ਇਕ ਵਾਰ ਕੁਝ ਬੰਦਿਆਂ ਨੂੰ ਪੁੱਛਿਆ: - ਕਿੱਧਰ ਜਾ ਰਹੇ ਹੋ?’ - ਮਾਲੂਮ ਨਹੀਂ।’ ਇਕ ਜਣੇ ਦੀ ਮਰੀਅਲ ਜਿਹੀ ਆਵਾਜ਼ ਸੁਣੀ। - ਇਨਕਲਾਬ ਮਾਅਨੇ ਕੀ?’ - ਮਾਲੂਮ ਨਹੀਂ।’ - ਜ਼ਿੰਦਾਬਾਦ ਮਾਅਨੇ ਕੀ?’ - ਮਾਲੂਮ ਨਹੀਂ।’ - ਕਿਉਂ ਆਏ ਹੋ?’ - ਖਾਨੇ ਕਾ ਪੈਕਟ ਮਿਲੇਗਾ ਮੁਫ਼ਤ। ਊਪਰ ਸੇ ਪਾਂਚ ਰੁਪਿਆ।’ (ਇਹ 1978-79 ਸੰਨ ਦੀਆਂ ਗੱਲਾਂ ਨੇ) ਇਸ ਤਰ੍ਹਾਂ ਦੇ ਲੋਕਾਂ ਦੀ ਅਥਾਹ ਭੀੜ ਹੁੰਦੀ ਹੈ। ਉਹ! ਮਾਫ਼ ਕਰਨਾ, ਗੱਲ ਤਾਂ ਪੂਜਾ ਦੀ ਕਰ ਰਹੇ ਸਾਂ। ਸਥਾਈ, ਅਸਥਾਈ ਬਣੀਆਂ ਪੂਜਾ ਕਮੇਟੀਆਂ ਦੇ ਮੋਹਤਬਰ, ਦਾਦੇ, ਘਰਾਂ ਵਿਚ ਤੇ ਦੁਕਾਨਾਂ ਵਿਚ ਜਾਂਦੇ ਹਨ। - ਬਾਬੂ ਮੋਸ਼ਾਏ, ਦੁਰਗਾ ਪੂਜਾ ਆ ਰਹੀ ਹੈ।’ - ਪਤਾ ਹੈ ਭਾਈ, ਬੰਗਾਲੀ ਨੂੰ ਮੱਛੀ ਖਾਣ ਦੀ ਜਾਚ ਦੱਸ ਰਹੇ ਹੋ ਕੀ?’ ਦੁਕਾਨਦਾਰ ਉਨ੍ਹਾਂ ਦੀ ਖਿੱਲੀ ਉਡਾਉਣ ਦੇ ਮੂਡ ਵਿਚ ਹੈ। - ਠੀਕ ਆਚੇ...।’ ਤੇ ਫਿਰ ਆਪਣੇ ਨਾਲ ਦੇ ਮੁੰਡਿਆਂ ਨੂੰ ਕਹਿੰਦਾ ਹੈ ‘ਇਸ ਕੀ ਏਕ ਸੌ ਟਕੇ ਕੀ ਪਰਚੀ ਕਾਟੋ।’ - ਏਕ ਸੌ ਟਕਾ? ਮਾਥਾ ਖ਼ਰਾਬ ਆਚੇ ਕੀ?’ ਦੁਕਾਨਦਾਰ ਘਬਰਾ ਕੇ ਕਹਿੰਦਾ ਹੈ। - ਹਾਂ, ਏਕ ਸੌ ਟਕਾ। ਦੁਰਗਾ ਮਾਂ ਕੀ ਪੂਜਾ ਹੈ ਨਾ। - ਬਾਜ਼ਾਰ ਏਕ ਦਮ ਖ਼ਰਾਬ ਹੈ। ਦੋ ਦਿਨ ਰੁਕ ਕੇ ਆਨਾ। - ਬਹੁਤ ਕਾਮ ਹੈ ਦਾਦਾ। ਪੂਜਾ ਸਮੱਗਰੀ ਕਾ ਪ੍ਰਬੰਧ ਕਰੋਗੇ। ਦੁਰਗਾ ਮਾਂ ਪਰੋਤਿਮਾ ਖ਼ਰੀਦ ਕੋਰਬੋ।...ਆ ਭੀ ਦੇਨਾ ਹੋਗਾ। - ਜੀਕ ਆਚੇ, ਦਸ ਟਕਾ ਪਰਚੀ ਕਾਟੋ। - ਨਾ, ਹੋਏਗਾ ਨਹੀਂ। ਸੌ ਸੇ ਕਮ ਏਕ ਟਕਾ ਭੀ ਨਹੀਂ। ਸਾਲ ਮੇਂ ਏਕ ਬਾਰ ਤੋਂ ਦੁਰਗਾ ਪੂਜਾ ਆਤੀ ਹੈ।

ਬਲਦੇਵ ਸਿੰਘ (ਸੜਕਨਾਮਾ)

ਇੰਨੇ ਵਿਚ ਨਾਲ ਵਾਲਾ ਲੜਕਾ ਸੌ ਰੁਪਏ ਦੀ ਪਰਚੀ ਕੱਟ ਕੇ ਫੜਾਉਂਦਾ ਹੈ। - ਏਹ ਕੀ ਜੋਬਰਦਸਤੀ ਹੈ ਭਾਈ।’ ਦੁਕਾਨਦਾਰ ਭੜਕਦਾ ਹੈ। - ਕੀ ਬੋਲਾ? ਜੋਬਰਦਸਤੀ...? ਇਸ ਕਾ ਮਤਲਬ ਹੈ, ਚੰਦਾ ਦੇਨੇ ਦਾ ਮਨ ਨਹੀਂ ਹੈ? ਠੀਕ ਹੈ, ਅਗਰ ਰਾਤ ਕੋ ਦੁਕਾਨ ਮੇਂ ਲੂਟਮਾਰ ਹੋ ਗਈ ਤੋ ਹਮ ਜ਼ਿੰਮੇਵਾਰ ਨਹੀਂ ਹੋਂਗੇ। ਫਿਰ ਨਾ ਕਹਿਨਾ।’ ਲੜਕੇ ਲੁਕਵੀਂ ਧਮਕੀ ਦਿੰਦੇ ਹਨ। ਦੁਕਾਨਦਾਰ ਇੰਨੇ ’ਚ ਹੀ ਜਰਕ ਜਾਂਦਾ ਹੈ। ਪੂਜਾ ਦੇ ਇਨ੍ਹਾਂ ਦਿਨਾਂ ਵਿਚ ਬੰਗਾਲੀ ਲੋਕ ਤਾਂ ਸਾਰੀ ਰਾਤ ਘੁੰਮਦੇ ਹਨ। ਉੱਥੇ ਰਹਿਣ ਵਾਲੇ ਪੰਜਾਬੀ, ਬਿਹਾਰੀ, ਗੁਜਰਾਤੀ, ਮਾਰਵਾੜੀ ਤੇ ਹੋਰ ਪ੍ਰਾਂਤਾਂ ਦੇ ਲੋਕ ਵੀ ਬੜੇ ਉਤਸ਼ਾਹ ਅਤੇ ਜੋਸ਼ ਨਾਲ ਪੂਜਾ ਵਿਚ ਸ਼ਾਮਲ ਹੁੰਦੇ ਹਨ। ਵੰਨ ਸੁਵੰਨੇ ਸਜੇ ਪੰਡਾਲਾਂ ਵਿਚ ਦੁਰਗਾ ਦੇਵੀ ਦੀਆਂ ਪ੍ਰਤਿਮਾਵਾਂ ਦਾ ਜਲੌਅ ਦੇਖਦੇ ਹਨ। ਪੰਡਾਲਾਂ ਨੂੰ ਸਜਾਉਣ ਵਿਚ ਮਾਹਰ ਆਪਣਾ ਹੁਨਰ ਵਿਖਾਉਂਦੇ ਹਨ। ਰਾਤ ਭਰ ਹੋਟਲ ਅਤੇ ਸ਼ੋਅਰੂਮ ਖੁੱਲ੍ਹੇ ਰਹਿੰਦੇ ਹਨ। ਕੁਝ ਨੌਜਵਾਨ ਲੜਕੇ-ਲੜਕੀਆਂ ਦਾ ਸਾਲ ਭਰ ਤੋਂ ਚੱਲ ਰਿਹਾ ਅੱਖ-ਮਟੱਕਾ ਪੂਜਾ ਦੇ ਇਨ੍ਹਾਂ ਦਿਨਾਂ ਵਿਚ ਰਾਸ ਆਉਂਦਾ ਹੈ। ਲੜਕੇ ਆਪਣੀਆਂ ਦੋਸਤ ਕੁੜੀਆਂ ਨੂੰ ਸਬਜ਼ਬਾਗ ਵਿਖਾਉਂਦੇ ਹਨ। ਫ਼ਿਲਮਾਂ ਵੇਖੀਆਂ ਜਾਂਦੀਆਂ ਹਨ। ਹੋਟਲਾਂ ਵਿਚ ਪਕਵਾਨ ਖਾਧੇ ਜਾਂਦੇ ਹਨ। ਪਾਰਕਾਂ ਅਤੇ ਮੈਦਾਨਾਂ ਵਿਚ ਘੁੰਮਿਆ ਜਾਂਦਾ ਹੈ। ਫ਼ਸਲੀ ਆਸ਼ਕਾਂ ਲਈ ਪੂਜਾ ਦੇ ਇਹ ਦਿਨ ਘੁੰਮਣ ਅਤੇ ਮੌਜ-ਮਸਤੀ ਕਰਨ ਦੇ ਹੁੰਦੇ ਹਨ। ਪੂਜਾ ਵੀ ਹੁੰਦੀ ਹੈ ਤੇ ਮਨੋਰੰਜਨ ਵੀ। ਮਾਂ ਦੁਰਗਾ ਪੂਜਾ ਦੇ ਸਜੇ ਪੰਡਾਲਾਂ ਵਿਚ ਦੇਵੀ ਦੀ ਉਸਤਤ ਵਿਚ ਗਾਏ ਭਜਨਾਂ ਤੋਂ ਇਲਾਵਾ ਫ਼ਿਲਮੀ ਰਿਕਾਰਡ ਵੀ ਵਜਾਏ ਜਾਂਦੇ ਹਨ। ਕੁਝ ਪੰਡਾਲਾਂ ਵਿਚ ਰਵਾਇਤੀ ਪੂਜਾ ਵੀ ਹੁੰਦੀ ਹੈ। ਕਿਸੇ ਕਿਸੇ ਪੂਜਾ ਪੰਡਾਲ ਦੇ ਪਿੱਛੇ ਮੁਹੱਲੇ ਦੇ ਮਨਚਲੇ ਲੜਕੇ ਜਬਰੀ ਉਗਰਾਹੇ ਚੰਦਿਆਂ ਦੀ ਦੁਰਵਰਤੋਂ ਵੀ ਕਰਦੇ ਹਨ ਤੇ ਨਸ਼ੇ ਵਿਚ ਆਏ ਇਨ੍ਹਾਂ ਦਿਨਾਂ ਵਿਚ ਮਾਰੇ ਮਾਅਰਕਿਆਂ ਨੂੰ ਮਿਰਚ-ਮਸਾਲਾ ਲਾ ਕੇ ਇਕ-ਦੂਸਰੇ ਨੂੰ ਸੁਣਾਉਂਦੇ ਹਨ। ਮੁਹੱਲੇ ਦੇ ਨੇਤਾ ਵਧ-ਚੜ੍ਹ ਕੇ ਉਨ੍ਹਾਂ ਨੂੰ ਥਾਪੜਾ ਦੇਣ ਲਈ ਆਉਂਦੇ ਹਨ। ਇਹੀ ਲੜਕੇ ਚੋਣਾਂ ਵੇਲੇ ਬੂਥਾਂ ਦੀ ਨਿਗਰਾਨੀ ਵੀ ਕਰਦੇ ਹਨ ਤੇ ਲੋੜ ਵੇਲੇ ਵਿਰੋਧੀਆਂ ਨੂੰ ਅੱਖਾਂ ਦਿਖਾਉਣ ਦੀ ਜੁਅੱਰਤ ਵੀ ਰੱਖਦੇ ਹਨ। ਇਹ ਵਰਤਾਰਾ ਤਾਂ ਸ਼ਾਇਦ ਹੁਣ ਆਮ ਹੁੰਦਾ ਜਾ ਰਿਹਾ ਹੈ। ਇਸ ਤਰ੍ਹਾਂ ਦੇ ਤਿਉਹਾਰਾਂ ਦੀ ਆੜ ਵਿਚ ਰਾਜਨੀਤੀ ਆਪਣੇ ਦਾਅ-ਪੇਚ ਖੇਡਦੀ ਹੈ। ਇਕ ਪਾਸੇ ਪੂਜਾ-ਪਾਠ ਹੁੰਦਾ ਹੈ, ਅਰਦਾਸਾਂ ਹੁੰਦੀਆਂ ਹਨ, ਮੰਤਰ ਪੜ੍ਹੇ ਜਾ ਰਹੇ ਹੁੰਦੇ ਨੇ, ਜੈਕਾਰੇ ਛੱਡੇ ਜਾਂਦੇ ਨੇ। ਦੂਜੇ ਪਾਸੇ ਨੇਤਾ ਆਪਣੇ ਗੁਰਗਿਆਂ ’ਚ ਘਿਰੇ, ਆਪਣੀ ਜੈ-ਜੈ ਕਰਵਾਉਂਦੇ ਧੂੰਆਂ ਛੱਡਦੇ ਹਨ। ਭਾਵੇਂ ਸੱਚੀ ਆਸਥਾ ਅਤੇ ਸ਼ਰਧਾ ਨਾਲ ਵੀ ਇਹੋ ਜੇਹੇ ਤਿਉਹਾਰ ਮਨਾਉਣ ਵਾਲੇ ਹਨ, ਪਰ ਲੋਕਤੰਤਰ ਦੀ ਇਸ ਕਣਕ ਵਿਚ ਕਾਂਗਿਆਰੀ ਦੀ ਥੋੜ੍ਹ ਨਹੀਂ ਹੈ।

ਸੰਪਰਕ: 98147-83069

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All