ਵੰਡ ਤੋਂ ਪਹਿਲਾਂ ਲਾਹੌਰ ਦੀਆਂ ਪਿਕਨਿਕਾਂ : The Tribune India

ਵੰਡ ਤੋਂ ਪਹਿਲਾਂ ਲਾਹੌਰ ਦੀਆਂ ਪਿਕਨਿਕਾਂ

ਵੰਡ ਤੋਂ ਪਹਿਲਾਂ ਲਾਹੌਰ ਦੀਆਂ ਪਿਕਨਿਕਾਂ

ਸਕੂਲੀ ਇਮਤਿਹਾਨਾਂ ਵਿਚ ਬੱਚਿਆਂ ਨੂੰ ਲੇਖ ਲਿਖਣ ਲਈ ਅਕਸਰ ਪਿਕਨਿਕ ’ਤੇ ਜਾਣ ਦਾ ਵਿਸ਼ਾ ਦਿੱਤਾ ਜਾਂਦਾ ਹੈ। ਇਸ ਵਿਸ਼ੇ ’ਤੇ ਕਿਤਾਬਾਂ ਵਿਚ ਬਣੇ-ਬਣਾਏ ਲੇਖ ਮਿਲ ਜਾਂਦੇ ਸਨ ਅਤੇ ਪਾੜ੍ਹੇ ਉਨ੍ਹਾਂ ਨੂੰ ਰੱਟੇ ਮਾਰ ਕੇ ਇਮਤਿਹਾਨਾਂ ਦਾ ਬੁੱਤਾ ਸਾਰ ਲੈਂਦੇ ਹਨ। ਪਰ ਸਾਡੇ ਦਰਮਿਆਨ ਵਧੇਰੇ ਚੰਗਾ ਇਹ ਸਮਝਿਆ ਜਾਂਦਾ ਸੀ ਕਿ ਅਜਿਹਾ ਲੇਖ ਆਪਣੇ ਜ਼ਾਤੀ ਤਜਰਬਿਆਂ ਦੇ ਆਧਾਰ ’ਤੇ ਲਿਖਿਆ ਜਾਵੇ। ਮੈਨੂੰ ਚੇਤੇ ਹੈ ਕਿ ਛੋਟੇ ਹੁੰਦਿਆਂ ਅਸੀਂ ਹਮੇਸ਼ਾਂ ਇਸ ਉਡੀਕ ਵਿਚ ਰਹਿੰਦੇ ਕਿ ਅਧਿਆਪਕ ਸਾਨੂੰ ਕਦੋਂ ਲਾਹੌਰ ਦੇ ਭੀੜ-ਭੜੱਕੇ ਵਿਚੋਂ ਕੱਢ ਕੇ ਖੁੱਲ੍ਹੇ-ਡੁੱਲ੍ਹੇ ਮਿੰਟੋ ਪਾਰਕ ਵਿਚ ਪਿਕਨਿਕ ਲਈ ਲਿਜਾਣਗੇ। ਗਰਮੀਆਂ ਦੌਰਾਨ, ਜਦੋਂ ਵੀ ਆਸਮਾਨ ਵਿਚ ਬੱਦਲ ਛਾ ਜਾਂਦੇ, ਅਸੀਂ ਅਧਿਆਪਕ ਨੂੰ ਜ਼ੋਰ ਦਿੰਦੇ ਕਿ ਅੱਜ ਸਾਨੂੰ ਬਾਹਰ ਖੇਡਣ ਲਈ ਲਿਜਾਇਆ ਜਾਵੇ। ਅਸੀਂ ਦੋ-ਦੋ ਦੀਆਂ ਕਤਾਰਾਂ ’ਚ ਤੰਗ ਗਲੀਆਂ ਤੇ ਭੀੜ ਭਰੇ ਬਾਜ਼ਾਰਾਂ ਵਿਚੋਂ ਲੰਘਦਿਆਂ, ਕਿਲ੍ਹੇ ਵਾਲੇ ਇਲਾਕੇ ਵੱਲ ਅੱਗੇ ਵਧਦੇ। ਜਦੋਂ ਅਸੀਂ ਹਜ਼ੂਰੀ ਬਾਗ਼ ਪੁੱਜਦੇ ਤਾਂ ਸਾਹਮਣੇ ਹਰੇ-ਭਰੇ ਦਰਖ਼ਤ, ਫੁੱਲ ਅਤੇ ਫ਼ੁਹਾਰੇ ਦੇਖ ਕੇ ਦਿਲ ਗਦਗਦ ਹੋ ਉੱਠਦਾ ਅਤੇ ਅਸੀਂ ਆਪ-ਮੁਹਾਰੇ ਹੀ ਆਪਣੀ ਉਰਦੂ ਦੀ ਕਿਤਾਬ ਵਿਚੋਂ ਇਕ ਮਸ਼ਹੂਰ ਕਵਿਤਾ ਉੱਚੀ ਉੱਚੀ ਗਾਉਣ ਲੱਗਦੇ ਜੋ ਅਸੀਂ ਦਿਲੋਂ ਚੇਤੇ ਕੀਤੀ ਹੋਈ ਸੀ। ਇਹ ਕੁਝ ਇੰਜ ਸੀ: ਸੁਬ੍ਹਾ ਕਾ ਥਾ ਵਕਤ ਔਰ ਠੰਡੀ ਹਵਾ, ਪਰਿੰਦੋਂ ਕਾ ਥਾ ਹਰ ਤਰਫ਼ ਚਹਿਚਹਾ, ਜ਼ੇਹੀ ਜੀ ਮੇਂ ਆਈ ਕਿ ਘਰ ਸੇ ਨਿਕਲ ਟਹਿਲਤਾ ਟਹਿਲਤਾ ਜ਼ਰਾ ਬਾਗ਼ ਚਲ ਛੜੀ ਹਾਥ ਮੇਂ ਲੇ ਕੇ ਘਰ ਸੇ ਚਲਾ, ਔਰ ਏਕ ਬਾਗ਼ ਕੇ ਸੀਧਾ ਰਾਸਤਾ ਲੀਆ, ਵਹਾਂ ਜਾ ਕੇ ਦੇਖੀ ਕੁਛ ਔਰ ਹੀ ਬਹਾਰ, ਪਰਿੰਦੋਂ ਕੀ ਥੀ ਹਰ ਤਰਫ਼ ਏਕ ਕਤਾਰ, ਕਹੀਂ ਆਮ ਥੇ ਔਰ ਕਹੀਂ ਥੇ ਅਨਾਰ, ਕਹੀਂ ਖੱਟੇ ਮੀਠੇ ਥੇ ਦੇਤੇ ਬਹਾਰ। (ਸਵੇਰ ਦਾ ਵੇਲਾ ਸੀ ਅਤੇ ਠੰਢੀ ਹਵਾ ਵਗ ਰਹੀ ਸੀ। ਚਾਰੇ ਪਾਸੇ ਪੰਛੀਆਂ ਦੀ ਚਹਿਚਹਾਟ ਸੀ। ਇਸ ਮਾਹੌਲ ’ਚ ਮੇਰਾ ਦਿਲ ਘਰੋਂ ਨਿਕਲ ਕੇ ਕਿਸੇ ਬਾਗ਼ ਵਿਚ ਜਾਣ ਨੂੰ ਕੀਤਾ। ਮੈਂ ਆਪਣੀ ਛੜੀ ਫੜੀ ਅਤੇ ਸਿੱਧਾ ਬਾਗ਼ ਵੱਲ ਹੋ ਤੁਰਿਆ। ਉੱਥੇ ਪੁੱਜ ਕੇ ਮੈਂ ਕੁਦਰਤੀ ਨਜ਼ਾਰਾ ਦੇਖਦਾ ਹੀ ਰਹਿ ਗਿਆ। ਉੱਥੇ ਚਾਰੇ ਪਾਸੇ ਦਰਖ਼ਤਾਂ ਉੱਤੇ ਕਤਾਰਾਂ ਵਿਚ ਬੈਠੇ ਪੰਛੀ ਚਹਿਚਹਾ ਰਹੇ ਸਨ। ਰੁੱਖ ਵੀ ਫਲਾਂ ਨਾਲ ਲੱਦੇ ਖੜ੍ਹੇ ਸਨ ਜਿਨ੍ਹਾਂ ਨੂੰ ਲੱਗੇ ਅੰਬ, ਅਨਾਰ, ਸੰਗਤਰੇ ਤੇ ਨਿੰਬੂ ਆਦਿ ਮਾਹੌਲ ਨੂੰ ਖ਼ੁਸ਼ਗਵਾਰ ਬਣਾ ਰਹੇ ਸਨ।) ਇਕ ਵਾਰ ਪਾਰਕ ਵਿਚ ਅਧਿਆਪਕ ਨੇ ਸਾਨੂੰ ਵੱਖ ਵੱਖ ਟੀਮਾਂ ਵਿਚ ਵੰਡ ਕੇ ਕ੍ਰਿਕਟ, ਫੁਟਬਾਲ ਅਤੇ ਰੱਸਾਕਸ਼ੀ ਆਦਿ ਖੇਡਾਂ ਖਿਡਾਈਆਂ। ਬਹੁਤ ਸਾਰੇ ਮੁੰਡਿਆਂ ਨੇ ਕਬੱਡੀ ਖੇਡਣ ਦਾ ਮਜ਼ਾ ਲਿਆ, ਜਿਹੜੀ ਮਕਬੂਲ ਪੰਜਾਬੀ ਖੇਡ ਹੈ, ਜਿਸ ਵਿਚ ਜ਼ੋਰਦਾਰ ਭੱਜ-ਦੌੜ, ਉੱਚੀ-ਉੱਚੀ ਬੋਲਣਾ ਸਭ ਕੁਝ ਸ਼ਾਮਲ ਹੈ। ਸਾਡੇ ਵਿਚੋਂ ਕਈ ਜਣਿਆਂ ਨੇ ਸੌਖੀ ਖੇਡ ਗੁੱਲੀ-ਡੰਡਾ ਵੀ ਖੇਡੀ। ਅਧਿਆਪਕ ਆਪੋ-ਆਪਣੇ ਮੂੰਹ ਵਿਚ ਸੀਟੀਆਂ ਲਈ, ਸਾਡੇ ਸੇਧਗਾਰਾਂ ਤੇ ਰੈਫਰੀਆਂ ਦਾ ਕਿਰਦਾਰ ਨਿਭਾਉਂਦੇ ਰਹੇ। ਇਸ ਮੌਕੇ ਪੂਰਾ ਜ਼ਾਬਤਾ ਰੱਖਿਆ ਗਿਆ ਅਤੇ ਗੜਬੜ ਕਰਨ ਵਾਲਿਆਂ ਨੂੰ ਫ਼ੌਰੀ ਖੇਡ ਤੋਂ ਬਾਹਰ ਕੱਢਣ ਦੀ ਸਜ਼ਾ ਸੁਣਾਈ ਜਾਂਦੀ।

ਪ੍ਰਾਣ ਨਿਵੇਲ

ਖੇਡਾਂ ਖ਼ਤਮ ਹੋਣ ਤੋਂ ਬਾਅਦ ਅਧਿਆਪਕਾਂ ਨੇ ਇਤਿਹਾਸਕ ਕਹਾਣੀਆਂ ਸੁਣਾ ਕੇ ਸਾਡਾ ਮਨਪ੍ਰਚਾਵਾ ਕੀਤਾ। ਸਾਡੇ ਵਰਗੇ ਜਿਹੜੇ ਖੇਡਾਂ ਵਿਚ ਬਹੁਤੀ ਦਿਲਚਸਪੀ ਨਹੀਂ ਸਨ ਰੱਖਦੇ, ਲਈ ਇਹ ਕਹਾਣੀਆਂ ਵਾਲਾ ਸਮਾਂ ਪਿਕਨਿਕ ਦਾ ਬਿਹਤਰੀਨ ਹਿੱਸਾ ਸੀ। ਮੈਨੂੰ ਚੇਤੇ ਹੈ ਕਿ ਅਸੀਂ ਅਕਬਰ ਮਹਾਨ ਦੇ ਦਰਬਾਰ ਵਿਚ ਬੀਰਬਲ ਦੀ ਹਾਜ਼ਰਜਵਾਬੀ ਅਤੇ ਸਿਆਣਪ ਦੇ ਕਿੱਸੇ ਸੁਣ-ਸੁਣ ਕੇ ਕਿਵੇਂ ਹੱਸ-ਹੱਸ ਕੇ ਲੋਟ-ਪੋਟ ਹੋਏ ਸਾਂ। ਹੁਣ ਤੱਕ ਸਮਾਂ ਹੋ ਚੱਲਾ ਸੀ ਕਿ ਖਾਣ-ਪੀਣ ਦੀ ਮੁਹਿੰਮ ਵਿੱਢੀ ਜਾਵੇ, ਕਿਉਂਕਿ ਪਹਿਲਾਂ ਹੀ ਖਾਣ-ਪੀਣ ਦੀਆਂ ਵੰਨਸੁਵੰਨੀਆਂ ਚੀਜ਼ਾਂ, ਖ਼ਾਸਕਰ ਛੋਲੇ ਕੁਲਚੇ ਲੈ ਕੇ ਵੱਡੀ ਗਿਣਤੀ ਫੜ੍ਹੀਆਂ ਵਾਲੇ ਸਾਡੇ ਦੁਆਲੇ ਇਕੱਤਰ ਹੋ ਚੁੱਕੇ ਸਨ। ਆਖ਼ਰ ਬਾਹਰ ਘੁੰਮਣ ਦਾ ਪ੍ਰੋਗਰਾਮ ਮੁਕੰਮਲ ਹੋਇਆ। ਅਧਿਆਪਕਾਂ ਨੇ ਸਾਰਿਆਂ ਦੀ ਹਾਜ਼ਰੀ ਲਾਈ ਤੇ ਫਿਰ ਅਸੀਂ ਪਹਿਲਾਂ ਵਾਂਗ ਹੀ ਸਕੂਲ ਨੂੰ ਵਾਪਸ ਚਾਲੇ ਪਾ ਦਿੱਤੇ। ਕਈ ਦਿਨਾਂ ਤੱਕ ਇਹ ਪਿਕਨਿਕ ਸਾਡੀਆਂ ਗੱਲਾਂ ਦਾ ਵਿਸ਼ਾ ਬਣੀ ਰਹੀ। ਅਸੀਂ ਉੱਥੇ ਜੋ ਵੀ ਮੌਜ-ਮਸਤੀ ਕੀਤੀ, ਉਸ ਨੂੰ ਵਾਰ-ਵਾਰ ਚੇਤੇ ਕਰਦੇ ਅਤੇ ਪਿਕਨਿਕ ’ਤੇ ਜਾਣ ਦੇ ਅਗਲੇ ਮੌਕੇ ਦੀ ਬੇਤਾਬੀ ਨਾਲ ਉਡੀਕ ਕਰਦੇ। ਲਾਹੌਰ ਅਜਿਹਾ ਸ਼ਹਿਰ ਹੈ ਜਿੱਥੇ ਘੱਟੋ-ਘੱਟ ਚਾਰ ਮੁਗ਼ਲ ਬਾਦਸ਼ਾਹਾਂ ਨਾਲ ਸਬੰਧਤ ਇਤਿਹਾਸਕ ਯਾਦਗਾਰਾਂ ਅਤੇ ਬਾਗ਼ ਮੌਜੂਦ ਹਨ। ਉੱਥੇ ਪਿਕਨਿਕ ਲਈ ਅਨੇਕਾਂ ਵਧੀਆ ਥਾਵਾਂ ਸਨ। ਜਦੋਂ ਅਸੀਂ ਵੱਡੇ ਹੋਏ ਤਾਂ ਅਸੀਂ ਸਾਈਕਲਾਂ ’ਤੇ ਘੁੰਮ-ਘੁੰਮ ਕੇ ਸ਼ਾਲੀਮਾਰ ਬਾਗ਼, ਜਹਾਂਗੀਰ ਦਾ ਮਕਬਰਾ, ਬਾਰਾਂਦਰੀ ਅਤੇ ਨਹਿਰ ਦੇ ਕੰਢੇ ਆਦਿ ਸੁੰਦਰ ਨਜ਼ਾਰਿਆਂ ਵਾਲੀਆਂ ਥਾਵਾਂ ਦੀ ਸ਼ਨਾਖ਼ਤ ਕਰ ਲਈ। ਕਿਸ਼ਤੀਆਂ ਚਲਾਉਣ ਜਾਂਦਿਆਂ ਅਸੀਂ ਦਰਿਆ ’ਤੇ ਵੀ ਕੁਝ ਦਿਲਕਸ਼ ਥਾਵਾਂ ਦੀ ਨਿਸ਼ਾਨਦੇਹੀ ਕਰ ਲਈ। ਸਰਦੀਆਂ ਆਉਂਦੀਆਂ ਤਾਂ ਕ੍ਰਿਸਮਸ ਦੀਆਂ ਛੁੱਟੀਆਂ ਮੌਕੇ ਪਿਕਨਿਕ ਦਾ ਮਾਹੌਲ ਸਿਖਰਾਂ ’ਤੇ ਰਹਿੰਦਾ। ਉਦੋਂ ਸਾਡਾ ਇਕ ਹੋਰ ਕੰਮ ਹੁੰਦਾ ਸੀ ਖਾਣਾ ਪਕਾਉਣ ਦੇ ਤਜਰਬੇ ਕਰਨਾ, ਖ਼ਾਸਕਰ ਬੱਕਰੇ ਜਾਂ ਮੁਰਗੇ ਦੇ ਮਾਸ ਦੀ ਤਰਕਾਰੀ ਪਕਾਉਣਾ। ਖਾਣਾ ਪਕਾਉਣ ਦਾ ਕੰਮ ਸਾਰੇ ਮੈਂਬਰਾਂ ਦਰਮਿਆਨ ਵੰਡ ਦਿੱਤਾ ਜਾਂਦਾ। ਸਾਡੇ ਵਿਚੋਂ ਕੋਈ ਪਿਆਜ਼ ਛਿੱਲਦਾ ਤੇ ਚੀਰਦਾ, ਕੋਈ ਟਮਾਟਰ ਕੱਟਦਾ ਅਤੇ ਕੋਈ ਹੋਰ ਦਹੀਂ ਰਿੜਕਦਾ ਅਤੇ ਮਸਾਲੇ ਮਿਲਾਉਂਦਾ। ਕੋਈ ਹੋਰ ਅੱਗ ਮਚਾਉਣ ਲਈ ਲੱਕੜਾਂ ਇਕੱਠੀਆਂ ਕਰਦਾ। ਮੁੱਖ ਰਸੋਈਆ ਯਕੀਨਨ ਉਹ ਹੁੰਦਾ ਜਿਹੜਾ ਅੱਗ ਦੇ ਨੇੜੇ ਬਹਿੰਦਾ ਅਤੇ ਪਕਾਉਣ ਦੇ ਕੰਮ ਦੀ ਨਿਗਰਾਨੀ ਕਰਦਾ। ਇਹ ਕੰਮ ਕਰਦਿਆਂ ਅਸੀਂ ਮੂਲੀਆਂ ਜਾਂ ਗਾਜਰਾਂ ਵੀ ਖਾਈ ਜਾਂਦੇ। ਆਖ਼ਰ ਕਈ ਅਜ਼ਮਾਇਸ਼ਾਂ, ਗ਼ਲਤੀਆਂ ਅਤੇ ਵਾਰ-ਵਾਰ ਸੁਆਦ ਚੱਖ ਕੇ ਦੇਖਣ ਮਗਰੋਂ ਤਰਕਾਰੀ ਰੋਟੀਆਂ ਨਾਲ ਵਰਤਾਉਣ ਲਈ ਤਿਆਰ ਹੁੰਦੀ। ਕਈ ਵਾਰ ਸੌਖੀ ਅਤੇ ਘੱਟ ਭੱਜ-ਦੌੜ ਵਾਲੀ ਪਿਕਨਿਕ ਵੀ ਮਨਾਈ ਜਾਂਦੀ, ਜਦੋਂ ਲਾਹੌਰ ਦੇ ਸੈਦ ਮਿੱਠਾ ਦੇ ਹਲਵਾਈ ਨਿੱਕੂ ਸ਼ਾਹ ਦੀ ਮਸ਼ਹੂਰ ਦੁਕਾਨ ਤੋਂ ਪੂਰੀਆਂ, ਆਲੂ ਤੇ ਹਲਵਾ ਲਿਆ ਕੇ ਖਾ ਲਿਆ ਜਾਂਦਾ। ਮੈਨੂੰ ਅਜਿਹੀ ਕਿਸੇ ਪਿਕਨਿਕ ਵੇਲੇ ਦਾ ਇਕ ਹੌਲਨਾਕ ਹਾਦਸਾ ਚੇਤੇ ਹੈ, ਜਦੋਂ ਮੈਂ ਰਾਵੀ ਵਿਚ ਡੁੱਬਣ ਤੋਂ ਵਾਲ ਵਾਲ ਬਚਿਆ। ਅਸੀਂ ਪਾਣੀ ਦੇ ਵਹਾਅ ਦੇ ਉਲਟ ਦਿਸ਼ਾ ਵਿਚ ਕਿਸ਼ਤੀ ਚਲਾ ਰਹੇ ਸਾਂ ਕਿ ਅਚਾਨਕ ਕਿਸ਼ਤੀ ਛਿਛਲੇ ਪਾਣੀ ਵਿਚ ਫਸ ਗਈ ਜਿਹੜਾ ਉੱਥੇ ਪਾਣੀ ਹੇਠ ਰੇਤ ਦੇ ਉਭਾਰ ਕਾਰਨ ਬਣਿਆ ਹੋਇਆ ਸੀ। ਸਾਡੇ ਗਰੁੱਪ ਦੇ ਦੋ ਜਣੇ ਸਈਦ ਅਤੇ ਰਾਜਿੰਦਰ, ਜਿਹੜੇ ਤੈਰਨਾ ਜਾਣਦੇ ਸਨ, ਨੇ ਦਰਿਆ ਵਿਚ ਛਾਲਾਂ ਮਾਰ ਦਿੱਤੀਆਂ ਤਾਂ ਕਿ ਉਹ ਕਿਸ਼ਤੀ ਨੂੰ ਅੱਗੇ ਵਧਣ ਲਈ ਧੱਕਾ ਦੇ ਸਕਣ। ਮੈਂ ਤੈਰਨਾ ਨਹੀਂ ਸਾਂ ਜਾਣਦਾ, ਪਰ ਇਹ ਦੇਖ ਕੇ ਕਿ ਉਸ ਥਾਂ ਪਾਣੀ ਜ਼ਿਆਦਾ ਡੂੰਘਾ ਨਹੀਂ ਸੀ, ਮੈਂ ਭੁਲਾਵੇ ਵਿਚ ਆ ਕੇ ਪਾਣੀ ’ਚ ਉਤਰ ਗਿਆ। ਮੈਂ ਕੁਝ ਫੁੱਟ ਹੀ ਅਗਾਂਹ ਵਧਿਆ ਹੋਵਾਂਗਾ ਕਿ ਮੈਨੂੰ ਆਪਣੇ ਪੈਰਾਂ ਹੇਠੋਂ ਦਰਿਆ ਦਾ ਤਲ ਖਿਸਕਦਾ ਜਾਪਿਆ। ਉੱਥੇ ਕਾਫ਼ੀ ਡੂੰਘਾਈ ਸੀ ਅਤੇ ਮੈਂ ਡੁੱਬਣ ਲੱਗਾ। ਮੈਨੂੰ ਉਹ ਪਲ ਪੂਰੀ ਤਰ੍ਹਾਂ ਚੇਤੇ ਹਨ, ਜਦੋਂ ਮੈਂ ਜ਼ਿੰਦਗੀ ਤੇ ਮੌਤ ਦਰਮਿਆਨ ਝੂਲ ਗਿਆ ਸਾਂ। ਮੈਂ ਪਾਣੀ ਦੇ ਉਪਰ ਰਹਿਣ ਲਈ ਹੱਥ-ਪੈਰ ਮਾਰਦਿਆਂ ਮੱਦਦ ਲਈ ਦੁਹਾਈ ਦਿੱਤੀ। ਰਾਜਿੰਦਰ ਮੇਰੇ ਬਚਾਅ ਲਈ ਬਹੁੜਿਆ, ਪਰ ਉਹ ਵੀ ਮੇਰੀ ਪਕੜ ਵਿਚ ਜਕੜਿਆ ਗਿਆ। ਅਸੀਂ ਦੋਵੇਂ ਇਕ ਭੰਵਰ ਵਿਚ ਫਸ ਕੇ ਡੁੱਬਣ ਲੱਗੇ। ਇਸ ਦੌਰਾਨ ਸਾਡੇ ਦੋਸਤਾਂ ਸਈਦ ਅਤੇ ਨਰੋਤਮ ਨੇ ਸਾਨੂੰ ਬਚਾਉਣ ਵਾਸਤੇ ਮੱਦਦ ਲਈ ਉੱਚੀ-ਉੱਚੀ ਪੁਕਾਰਨਾ ਸ਼ੁਰੂ ਕਰ ਦਿੱਤਾ। ਸਾਡੀ ਚੰਗੀ ਕਿਸਮਤ ਨੂੰ ਦਰਿਆ ਕੰਢੇ ਮੌਜੂਦ ਇਕ ਪਹਿਲਵਾਨ ਫੌਰੀ ਕਿਸ਼ਤੀ ਲੈ ਕੇ ਸਾਡੇ ਬਚਾਅ ਲਈ ਪੁੱਜਾ ਅਤੇ ਸਾਨੂੰ ਸੁਰੱਖਿਅਤ ਕੰਢੇ ਤਕ ਲੈ ਆਇਆ। ਇਹ ਮੌਤ ਨਾਲ ਬੜਾ ਨੇੜਿਓਂ ਸਾਹਮਣਾ ਸੀ। ਜਦੋਂ ਵੀ ਮੈਨੂੰ ਇਹ ਭਿਆਨਕ ਦ੍ਰਿਸ਼ ਚੇਤੇ ਆਉਂਦਾ ਹੈ, ਮੈਂ ਧੁਰ ਤਕ ਕੰਬ ਜਾਂਦਾ ਹਾਂ। ਬਾਅਦ ਵਿਚ ਮੈਂ ਤੈਰਨਾ ਤਾਂ ਸਿੱਖ ਲਿਆ, ਪਰ ਕਦੇ ਵੀ ਮੇਰਾ ਰਾਵੀ ਦੇ ਪਾਣੀ ’ਚ ਉਤਰਨ ਦਾ ਹੀਆ ਨਾ ਪਿਆ। ਜਦੋਂ ਅਸੀਂ ਹੋਰ ਵੱਡੇ ਹੋਏ ਤਾਂ ਅਸੀਂ ਚੰਨ ਚਾਨਣੀ ਰਾਤ ਵੇਲੇ ਦੀਆਂ ਪਿਕਨਿਕਾਂ ਉੱਤੇ ਜਾਣ ਲੱਗੇ। ਅਸੀਂ ਆਮ ਕਰਕੇ ਨਹਿਰ ਕੰਢੇ ਜਾਂਦੇ। ਅੰਬਾਂ ਦੀਆਂ ਟੋਕਰੀਆਂ ਸਾਡੇ ਕੋਲ ਹੁੰਦੀਆਂ। ਅਸੀਂ ਬਹੁਤ ਮਜ਼ੇ ਕਰਦੇ। ਟੋਕਰੀਆਂ ਨੂੰ ਨਹਿਰ ਠੰਢੇ ਪਾਣੀ ਵਿਚ ਲਕਮਾ ਦਿੰਦੇ ਤੇ ਖ਼ੁਦ ਨਹਿਰ ਦੇ ਰਵਾਂ ਵਗ ਰਹੇ ਪਾਣੀ ਵਿਚ ਤਾਰੀਆਂ ਲਾਉਂਦੇ। ਜਦੋਂ ਤਕ ਅਸੀਂ ਪਰਤਦੇ, ਅੰਬ ਠੰਢੇ ਤੇ ਤਾਜ਼ਾ ਹੋ ਜਾਂਦੇ ਅਤੇ ਅਸੀਂ ਮਜ਼ੇ ਲੈ-ਲੈ ਕੇ ਉਨ੍ਹਾਂ ਨੂੰ ਚੂਪਦੇ। ਸਮਾਂ ਗੁਜ਼ਰਨ ਦੇ ਨਾਲ ਅੰਬਾਂ ਦੀ ਥਾਂ ਬੀਅਰ ਦੀਆਂ ਬੋਤਲਾਂ ਨੇ ਲੈ ਲਈ ਅਤੇ ਪਿਕਨਿਕਾਂ ਹੋਰ ਵੱਧ ਸੰਜੀਦਾ ਮਾਮਲਾ ਬਣ ਗਈਆਂ। ਕਈ ਵਾਰ ਪਿਕਨਿਕਾਂ ਨੂੰ ਲਾਹੌਰ ਦੀਆਂ ਇਤਿਹਾਸਕ ਥਾਵਾਂ ਦੀ ਫੇਰੀ ਨਾਲ ਜੋੜ ਲਿਆ ਜਾਂਦਾ, ਖ਼ਾਸਕਰ ਜਦੋਂ ਬਾਹਰਲੇ ਸ਼ਹਿਰਾਂ ਤੋਂ ਮਹਿਮਾਨ ਆਏ ਹੁੰਦੇ ਅਤੇ ਉਨ੍ਹਾਂ ਨੂੰ ਸ਼ਹਿਰ ਦੀ ਸੈਰ ਕਰਾਉਣੀ ਹੁੰਦੀ। ਅਜਿਹੇ ਮੌਕਿਆਂ ’ਤੇ ਆਮ ਕਰਕੇ ਦਿਨ ਭਰ ਲਈ ਤਾਂਗਾ ਭਾੜੇ ’ਤੇ ਕਰ ਲਿਆ ਜਾਂਦਾ ਅਤੇ ਅਸੀਂ ਸ਼ਹਿਰ ਘੁੰਮਣ ਨਿਕਲ ਤੁਰਦੇ। ਇਸ ਮੌਕੇ ਬਾਦਸ਼ਾਹੀ ਮਸਜਿਦ, ਹਜ਼ੂਰੀ ਬਾਗ਼, ਪੁਰਾਣਾ ਕਿਲ੍ਹਾ, ਮਹਾਰਾਜਾ ਰਣਜੀਤ ਸਿੰਘ ਦੀ ਸਮਾਧ, ਸ਼ਾਹਦਰਾ ਵਿਚ ਜਹਾਂਗੀਰ ਦਾ ਮਕਬਰਾ ਆਦਿ ਮੁੱਖ ਦੇਖਣ ਵਾਲੀਆਂ ਥਾਵਾਂ ਹੁੰਦੀਆਂ। ਮੁੜ ਪਿਕਨਿਕਾਂ ਦੀ ਗੱਲ ਕਰਦੇ ਹਾਂ। ਮੈਨੂੰ ਇਕ ਮਜ਼ਾਹੀਆ ਘਟਨਾ ਚੇਤੇ ਹੈ। ਸਾਡਾ ਇਕ ਸੀਨੀਅਰ ਸਹਿਕਰਮੀ ਮਲਿਕ ਰਿਆਜ਼ ਹੁਸੈਨ, ਜੋ ਕਿੰਗਜ਼ ਕਮਿਸ਼ਨਡ ਅਫ਼ਸਰ ਸੀ, ਸਾਨੂੰ ਆਪਣੀ ਕਾਰ ਰਾਹੀਂ ਪੇਂਡੂ ਇਲਾਕੇ ਵਿਚ ਘੁਮਾਉਣ ਲੈ ਗਿਆ। ਅਸੀਂ ਉਸ ਨਾਲ ਛੇੜਖ਼ਾਨੀ ਦੇ ਇਰਾਦੇ ਨਾਲ ਉਸ ਨੂੰ ਕਿਸੇ ਦੂਰ-ਦੁਰਾਡੇ ਪਿੰਡ ਵਿਚ ਚੱਲਣ ਲਈ ਕਿਹਾ ਤਾਂ ਕਿ ਅਸੀਂ ਪੇਂਡੂ ਮੁਟਿਆਰਾਂ ਦੇਖ ਸਕੀਏ, ਜਿਵੇਂ ਫ਼ਿਲਮਾਂ ਵਿਚ ਦਿਖਾਈਆਂ ਜਾਂਦੀਆਂ ਸਨ। ਪੇਂਡੂ ਮੁਟਿਆਰਾਂ ਦੀ ਸ਼ਹਿਰੀ ਮੁੰਡਿਆਂ ਨਾਲ ਇਸ਼ਕਬਾਜ਼ੀ ਫ਼ਿਲਮਾਂ ਦਾ ਆਮ ਵਿਸ਼ਾ ਹੁੰਦਾ ਸੀ। ਕੁੜੀਆਂ ਨਾਲ ਮੇਲ-ਮਿਲਾਪ ਨਾ ਹੋਣ ਕਾਰਨ ਸਾਨੂੰ ਆਪਣੀ ਉਮਰ ਦੀਆਂ ਕੁੜੀਆਂ ਨਾਲ ਗੱਲ ਕਰਨ ਦੇ ਮੌਕੇ ਘੱਟ ਹੀ ਮਿਲਦੇ। ਅਸੀਂ ਪੰਜਾਬਣ ਮੁਟਿਆਰਾਂ ਨੂੰ ਬੜੇ ਗਹੁ ਨਾਲ ਦੇਖਦੇ ਜੋ ਬੜੀਆਂ ਸੋਹਣੀਆਂ ਤੇ ਦਗ਼ਦੇ ਚਿਹਰਿਆਂ ਵਾਲੀਆਂ ਹੁੰਦੀਆਂ। ਸਾਈਕਲਾਂ ਉੱਤੇ ਜਾ ਰਹੀਆਂ ਇਨ੍ਹਾਂ ਕੁੜੀਆਂ ਦੀਆਂ ਚੁੰਨੀਆਂ ਹਵਾ ਵਿਚ ਉਡਦੀਆਂ ਬਹੁਤ ਹੀ ਦਿਲਕਸ਼ ਲੱਗਦੀਆਂ। ਅਸੀਂ ਪੇਂਡੂ ਨੱਢੀਆਂ ਨੂੰ ਕਰੀਬ ਤੋਂ ਦੇਖਣਾ ਚਾਹੁੰਦੇ ਸਾਂ ਜਿਹੜੀਆਂ ਫ਼ਿਲਮੀ ਕਹਾਣੀਆਂ ਵਿਚ ਆਪਣੇ ਨਿੱਘੇ ਸੁਭਾਅ, ਤਕੜੇ ਜੁੱਸੇ, ਕਸਵੀਆਂ ਗੱਲ੍ਹਾਂ, ਗੁਲਾਬੀ ਬੁੱਲ੍ਹਾਂ ਲਈ ਜਾਣੀਆਂ ਜਾਂਦੀਆਂ ਸਨ। ਰਿਆਜ਼ ਸਾਨੂੰ ਗੁੱਜਰਾਂਵਾਲਾ ਤੋਂ ਵੀ ਅਗਾਂਹ ਹਾਫ਼ਿਜ਼ਾਬਾਦ ਵੱਲ ਲੈ ਗਿਆ ਅਤੇ ਅਖ਼ੀਰ ਅਸੀਂ ਇਕ ਡਾਕ ਬੰਗਲੇ ਵਿਚ ਪੁੱਜੇ। ਉਸ ਨੇ ਆਪਣੀ ਕਾਰ ਉੱਥੇ ਖੜ੍ਹਾਈ ਅਤੇ ਸਾਨੂੰ ਫੁੱਟ-ਫੁੱਟ ਧੂੜ-ਮਿੱੱਟੀ ਵਾਲੇ ਰਸਤੇ ਰਾਹੀਂ ਇਕ ਪਿੰਡ ਵੱਲ ਲੈ ਤੁਰਿਆ। ਰਾਹ ਵਿਚ ਸਾਨੂੰ ਧੂੜਾਂ ਪੁੱਟਦੀ ਆਉਂਦੀ ਬੈਲ ਗੱਡੀ ਮਿਲੀ ਜਿਸ ਕਾਰਨ ਅਸੀਂ ਸਾਰੇ ਘੱਟੇ ਨਾਲ ਬੁਰੀ ਤਰ੍ਹਾਂ ਭਰ ਗਏ। ਅਸੀਂ ਇਕ ਪਿੰਡ ਵਿਚ ਪੁੱਜੇ, ਪਰ ਉੱਥੇ ਕਿਤੇ ਵੀ ਕੋਈ ਪੇਂਡੂ ਮੁਟਿਆਰ ਨਜ਼ਰੀਂ ਨਾ ਪਈ। ਫਿਰ ਅਸੀਂ ਆਪਣੇ ਘੱਟੇ ਨਾਲ ਭਰੇ ਚਿਹਰੇ ਧੋਣ ਲਈ ਨੇੜਲੇ ਖੂਹ ’ਤੇ ਪੁੱਜੇ। ਉੱਥੇ ਸਾਨੂੰ ਦੋ ਬਜ਼ੁਰਗ ਔਰਤਾਂ ਮਿਲੀਆਂ ਜਿਹੜੀਆਂ ਖੂਹ ਵਿਚੋਂ ਪਾਣੀ ਕੱਢ ਰਹੀਆਂ ਸਨ। ਫਿਰ ਸਾਨੂੰ ਨੇੜਲੇ ਖੇਤਾਂ ਵੱਲ ਜਾਣ ਲਈ ਕਿਹਾ ਗਿਆ ਤਾਂ ਕਿ ਉੱਥੇ ਅਸੀਂ ਕੰਮ ਕਰਦੀਆਂ ਸੋਹਣੀਆਂ-ਸੁਨੱਖੀਆਂ ਮੁਟਿਆਰਾਂ ਦੇ ਦਰਸ਼ਨ ਕਰ ਸਕੀਏ, ਪਰ ਉੱਥੇ ਵੀ ਨਿਰਾਸ਼ਾ ਹੀ ਪੱਲੇ ਪਈ। ਅਸੀਂ ਤਾਂ ਇਸ ਗੱਲੋਂ ਹੀ ਹੈਰਾਨ-ਪ੍ਰੇਸ਼ਾਨ ਸਾਂ ਕਿ ਆਖ਼ਰ ਪਿੰਡ ਵਿਚ ਕੋਈ ਸੋਹਣੀ ਮੁਟਿਆਰ ਕਿਉਂ ਨਹੀਂ ਸੀ ਹੱਸਦੀ-ਖੇਡਦੀ ਦਿੱਸ ਰਹੀ। ਰਿਆਜ਼ ਨੇ ਦੱਸਿਆ ਕਿ ਇਸ ਪਿੰਡ ਤੋਂ ਕਰੀਬ ਤਿੰਨ ਮੀਲ ਦੂਰ ਇਕ ਹੋਰ ਪਿੰਡ ਵਿਚ ਮੇਲਾ ਹੋਣ ਕਾਰਨ ਬਹੁਤੀ ਨੌਜਵਾਨ ਪੀੜ੍ਹੀ ਉੱਥੇ ਗਈ ਹੋਈ ਸੀ। ਸਾਡੇ ਵਿਚ ਇਸ ਧੂੜ ਭਰੇ ਰਾਹ ਉੱਤੇ ਅਗਾਂਹ ਹੋਰ ਇਕ ਕਦਮ ਵੀ ਚੱਲਣ ਦੀ ਹਿੰਮਤ ਨਹੀਂ ਸੀ ਤੇ ਅਸੀਂ ਬੰਗਲੇ ਨੂੰ ਪਰਤਣ ਦਾ ਫ਼ੈਸਲਾ ਕੀਤਾ। ਇਸ ਦੌਰਾਨ ਰਿਆਜ਼ ਹਾਜਤ ਲਈ ਜਾਣ ਦੀ ਆਖ ਕੇ ਸਾਡੇ ਕੋਲੋਂ ਚਲਾ ਗਿਆ। ਉਸ ਨੇ ਕਿਹਾ ਕਿ ਉਹ ਸਾਨੂੰ ਡਾਕ ਬੰਗਲੇ ’ਤੇ ਹੀ ਮਿਲੇਗਾ। ਇਕ ਘੰਟਾ ਤੁਰਦੇ ਤੇ ਮਿੱਟੀ ਘੱਟਾ ਫੱਕਦੇ ਅਸੀਂ ਬੰਗਲੇ ’ਤੇ ਪੁੱਜੇ, ਪਰ ਅੱਗੇ ਦੇਖਿਆ ਕਿ ਨਾ ਉੱਥੇ ਰਿਆਜ਼ ਸੀ ਤੇ ਨਾ ਉਸ ਦੀ ਕਾਰ। ਕਰੀਬ ਘੰਟਾ ਭਰ ਦੁਖੀ ਮਨ ਨਾਲ ਉਸ ਦੀ ਉਡੀਕ ਕਰਦੇ-ਕਰਦੇ ਅਸੀਂ ਹੋਰ ਅੱਕ ਤੇ ਥੱਕ ਗਏ। ਫਿਰ ਅਸੀਂ ਡਾਕ ਬੰਗਲੇ ਦੇ ਚੌਕੀਦਾਰ ਨੂੰ ਆਉਂਦਾ ਦੇਖਿਆ। ਉਸ ਨੇ ਦੱਸਿਆ ਕਿ ਸਾਹਬ ਤਾਂ ਕਾਰ ਲੈ ਕੇ ਜੀ.ਟੀ. ਰੋਡ ਵੱਲ ਚਲੇ ਗਏ ਹਨ। ਅਸੀਂ ਵੀ ਥੱਕੇ-ਟੁੱਟੇ ਪੈਰ ਘੜੀਸਦੇ ਹਾਫ਼ਿਜ਼ਾਬਾਦ ਵੱਲ ਨੂੰ ਤੁਰ ਪਏ ਤਾਂ ਕਿ ਲਾਹੌਰ ਜਾਣ ਲਈ ਬੱਸ ਫੜ ਸਕੀਏ। ਜਿਉਂ ਹੀ ਅਸੀਂ ਬੱਸ ਸਟਾਪ ਉੱਤੇ ਪੁੱਜੇ ਤਾਂ ਦੇਖਿਆ ਕਿ ਰਿਆਜ਼ ਉੱਥੇ ਲਾਲ ਸੂਹੇ ਮਾਲਟੇ ਖਾ ਰਿਹਾ ਸੀ ਅਤੇ ਸਾਡੇ ਵੱਲ ਦੇਖ ਕੇ ਸ਼ਰਾਰਤ ਨਾਲ ਮੁਸਕੁਰਾ ਰਿਹਾ ਸੀ। ਉਸ ਨੂੰ ਦੇਖ ਕੇ ਅਸੀਂ ਰਤਾ ਰਾਹਤ ਦੀ ਸਾਹ ਲਈ। ਜਦੋਂ ਅਸੀਂ ਉਸ ਦੀ ਕਾਰ ਵਿਚ ਲਾਹੌਰ ਵੱਲ ਪਰਤ ਰਹੇ ਸਾਂ ਤਾਂ ਉਸ ਨੇ ਕਿਹਾ, ‘‘ਹਾਂ ਫਿਰ ਤੁਹਾਨੂੰ ਲਾਹੌਰ ਦੀਆਂ ਨੱਢੀਆਂ ਦੇ ਮੁਕਾਬਲੇ ਉਹ ਪੇਂਡੂ ਮੁਟਿਆਰਾਂ ਕਿਹੋ ਜਿਹੀਆਂ ਲੱਗੀਆਂ?’’ ਅਸੀਂ ਸ਼ਰਮ ਦੇ ਮਾਰੇ ਚੁੱਪ ਰਹਿਣਾ ਹੀ ਬਿਹਤਰ ਸਮਝਿਆ।.

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਗੁਜਰਾਤ ਵਿਚ ਚੋਣ ਪਿੜ ਭਖਿਆ

ਗੁਜਰਾਤ ਵਿਚ ਚੋਣ ਪਿੜ ਭਖਿਆ

ਮੁਲਕ ਨਾਲ ਕਦਮ ਤਾਲ ਦਾ ਤਰੱਦਦ

ਮੁਲਕ ਨਾਲ ਕਦਮ ਤਾਲ ਦਾ ਤਰੱਦਦ

ਅਵੱਲੜੇ ਦਰਦ ਲਿਬਾਸ ਦੇ

ਅਵੱਲੜੇ ਦਰਦ ਲਿਬਾਸ ਦੇ