ਵੇ ਹੋਵੇ ਅਨਲੌਕ ਵਿੱਚ ਇਨ੍ਹਾਂ ਨੂੰ ਕਰੋਨਾ, ਉਭਰੇ ਕੋਈ ਖੂਨ ਨਵਾਂ

ਐੱਸ ਪੀ ਸਿੰਘ* ਜਦੋਂ ਤੋਂ ਕਰੋਨਾਵਾਇਰਸ ਵਾਲਾ ਸੰਕਟ ਕਾਲ ਸ਼ੁਰੂ ਹੋਇਆ ਹੈ, ਵਿਰੋਧੀ ਧਿਰ ਦੇ ਹਫ਼ਤੇ ਜਾਂ ਪੰਦਰਵਾੜੇ ਪਿੱਛੋਂ ਆਉਂਦੇ ਇੱਕਾ-ਦੁੱਕਾ ਬਿਆਨਾਂ ਨੂੰ ਛੱਡ ਰਾਜਸੀ ਪਾਰਟੀਆਂ ਨੇ ਰਾਜਨੀਤੀ ਤੋਂ ਤੋੜ-ਵਿਛੋੜਾ ਕੀਤਾ ਹੋਇਆ ਹੈ। ਸਰਕਾਰ ਨੇ ਮੁਲਕ ਨੂੰ ਡਰਾ, ਅੰਦਰ ਡੱਕ, ਇੱਕ ਤੋਂ ਬਾਅਦ ਇੱਕ ਲੌਕਡਾਊਨ ਐਲਾਨਦਿਆਂ ਨਾਗਰਿਕਾਂ ਦੇ ਤਮਾਮ ਮੌਲਿਕ ਅਧਿਕਾਰ ਮਧੋਲੇ, ਕਰੋੜਾਂ ਸੜਕਾਂ ’ਤੇ ਰੁਲੇ, ਲੱਖਾਂ ਨਿੱਤ ਅਵਾਜ਼ਾਰ ਹੋਏ, ਹਜ਼ਾਰਾਂ ਢਾਰਾ-ਨੁਮਾ ਇਕਾਂਤਵਾਸ ਕੇਂਦਰਾਂ ਵਿੱਚ ਰੁਲੇ, ਪਰ ਸਿਆਸੀ ਮੁਸ਼ੱਕਤ ’ਕੱਲੇ-ਦੁਕੱਲੇ ਬਿਆਨ ਤੋਂ ਬਿਨਾਂ ਕਿਤੇ ਨਾ ਝਲਕੀ। ਇੰਝ ਜਾਪਿਆ ਜਿਵੇਂ ਸਾਰੀਆਂ ਪ੍ਰਮੁੱਖ ਵਿਰੋਧੀ ਪਾਰਟੀਆਂ ਲੌਕਡਾਊਨ ਖੁੱਲ੍ਹਣ ਅਤੇ ਕਿਸੇ ਕਰੋਨਾ-ਰੋਕੂ ਟੀਕੇ ਦੀ ਈਜਾਦ ਦਾ ਇੰਤਜ਼ਾਰ ਕਰ ਰਹੀਆਂ ਹੋਣ। ਨਿੱਤ ਹਮਵਾਤ ਅਤੇ ਨਵੇਂ ਕੇਸਾਂ ਦੇ ਅਦਾਦੋ-ਸ਼ੁਮਾਰ ਮੁਹੱਈਆ ਕਰਦੀ ਸਰਕਾਰ ਨੂੰ ਕਰੋਨਾ ਦਾ ਡਰ ਬੜਾ ਰਾਸ ਆਇਆ ਸੀ। ਸਦੀਆਂ, ਦਹਾਕਿਆਂ, ਵਰ੍ਹਿਆਂ ਦੀਆਂ ਲੋਕ-ਸਰੋਕਾਰੀ ਭਖਵੀਆਂ ਲੜਾਈਆਂ ਤੋਂ ਬਾਅਦ ਹਾਸਲ ਕੀਤੇ ਹੱਕ-ਹਕੂਕ ਅਤੇ ਮਜ਼ਦੂਰ ਦਾ ਬਚਾਅ ਕਰਦੇ ਕਾਨੂੰਨ ਛਿੱਕੇ ਟੰਗੇ ਗਏ, ਭੁੱਖੇ ਵਿਲਕਦੇ ਲੋਕ ਕੁੱਲ ਜਹਾਨ ਸਾਹਵੇਂ ਤੜਪ-ਤੜਪ ਮਰ ਗਏ, ਪਰ ਸਿਆਸਤ ਸੁੱਤੀ ਰਹੀ। ਜੇ ਕਰੋਨਾ ਅੰਕੜਿਆਂ ਤੋਂ ਡਰਨਾ ਹੀ ਹੈ ਤਾਂ ਇਹ ਭਾਰਤ ਸਰਕਾਰ ਦੇ ਅੰਕੜੇ ਪੜ੍ਹੋ ਜਿਹੜੇ ਸਾਡੇ ਮੀਡੀਆ ਨੇ ਬਹੁਤੀ ਪ੍ਰਮੁੱਖਤਾ ਨਾਲ ਸ਼ਾਇਆ ਹੀ ਨਹੀਂ ਕੀਤੇ। ਅੱਜ ਜਿਸ ਵੇਲੇ ਐਤਵਾਰ ਨੂੰ ਮੈਂ ਇਹ ਸਤਰਾਂ ਲਿਖ ਰਿਹਾ ਹਾਂ ਤਾਂ ਪਿਛਲੇ 24 ਘੰਟਿਆਂ ਵਿੱਚ ਕਰੋਨਾ ਦੇ ਕੁੱਲ 8,380 ਨਵੇਂ ਕੇਸ ਆਏ। ਇੰਝ ਭਾਰਤ ਦੇ ਕੁੱਲ ਕਰੋਨਾ ਕੇਸ 1,82,143 ਹੋ ਗਏ। ਦੇਸ਼ ਦੇ ਸਰਬਉੱਚ ਪ੍ਰਸ਼ਾਸਨਿਕ ਅਫ਼ਸਰ, ਕੈਬਨਿਟ ਸਕੱਤਰ ਰਾਜੀਵ ਗਾਬਾ ਨੇ ਸਾਰੇ ਸੂਬਿਆਂ ਦੇ ਸਿਹਤ ਸਕੱਤਰਾਂ ਨਾਲ 26 ਅਪਰੈਲ ਦੀ ਮੀਟਿੰਗ ਵਿੱਚ ਜਿਹੜੇ ਸੰਭਾਵਿਤ ਅੰਕੜੇ ਸਾਂਝੇ ਕੀਤੇ, ਉਨ੍ਹਾਂ ਨੂੰ ਪੜ੍ਹ ਕੇ ਬਿਨਾਂ ਕਰੋਨਾ ਵੀ ਤੁਹਾਨੂੰ ਆਕਸੀਜਨ ਦੀ ਲੋੜ ਪੈ ਸਕਦੀ ਹੈ। ਸਰਕਾਰੀ ਅਨੁਮਾਨ ਅਨੁਸਾਰ ਭਾਰਤ ਨੇ 31 ਮਈ ਤੱਕ 1,65,000 ਕਰੋਨਾ ਕੇਸਾਂ ਵਾਲਾ ਮੁਕਾਮ ਵੇਖਣਾ ਸੀ, ਪਰ 29 ਮਈ ਨੂੰ ਹੀ ਇਹ ਅੰਕੜਾ 1,65,799 ਹੋ ਗਿਆ ਸੀ। ਇਸ ਵੇਲੇ ਡਬਲਿੰਗ ਟਾਈਮ 14.63 ਦਿਨ ਸੀ। ਹਕੂਮਤੀ ਅਨੁਮਾਨ ਅਨੁਸਾਰ 15 ਜੂਨ ਨੂੰ ਕੁੱਲ ਕੇਸ 3,95,727 ਹੋਣਗੇ ਜਦੋਂਕਿ ਹਰ ਰੋਜ਼ 22,400 ਨਵੇਂ ਮਰੀਜ਼ ਹੋਣਗੇ ਅਤੇ ਡਬਲਿੰਗ ਰੇਟ 12 ਦਿਨ ਹੋਵੇਗਾ। 30 ਜੂਨ ਨੂੰ ਕੁੱਲ ਕੇਸ 11,22,839 ਹੋਣਗੇ ਅਤੇ ਹਰ ਦਿਨ 75,415 ਨਵੇਂ ਕੇਸ ਆਉਣਗੇ। ਕੇਂਦਰੀ ਸਰਕਾਰ ਦੇ ਇਸੇ ਮਾਡਲ ਅਨੁਸਾਰ 31 ਜੁਲਾਈ ਨੂੰ ਕੁੱਲ ਕੇਸ 96,90,715 ਅਤੇ ਰੋਜ਼ਾਨਾ ਕੇਸ 6,50,869 ਹੋਣਗੇ। ਜਦੋਂ 15 ਅਗਸਤ ਨੂੰ ਪ੍ਰਧਾਨ ਮੰਤਰੀ ਲਾਲ ਕਿਲ੍ਹੇ ’ਤੇ ਝੰਡਾ ਝੁਲਾਉਣਗੇ, ਭਾਰਤ ਵਿੱਚ ਕਰੋਨਾ ਕੇਸਾਂ ਦੀ ਕੁੱਲ ਗਿਣਤੀ 2,74,96,513 (ਲਗਭਗ ਪੌਣੇ ਤਿੰਨ ਕਰੋੜ) ਹੋ ਚੁੱਕੀ ਹੋਵੇਗੀ, ਅਤੇ ਹਰ ਰੋਜ਼ 18,46,781 (ਲਗਭਗ ਸਾਢੇ ਅਠਾਰਾਂ ਲੱਖ) ਨਵੇਂ ਮਰੀਜ਼ ਕਰੋਨਾ-ਗ੍ਰਸਤ ਹੋਣਗੇ। ਯਾਦ ਰਹੇ ਕਿ ਇਹ ਹਕੂਮਤੀ ਅਨੁਮਾਨ ਹਨ, ਹਕੀਕਤ ਵਿੱਚ ਹੁਣ ਤੱਕ ਕੇਸਾਂ ਦੀ ਗਿਣਤੀ ਇਸ ਮਾਡਲ ਤੋਂ ਜ਼ਰਾ ਜ਼ਿਆਦਾ ਹੀ ਰਹੀ ਹੈ। ਕੀ ਇਨ੍ਹਾਂ ਅੰਕੜਿਆਂ ਤੋਂ ਭੈਅਭੀਤ ਹੋ ਰਾਜਨੀਤਕ ਪਾਰਟੀਆਂ ਦਾ ਸਿਆਸੀ ਪਿੜ ਵਿੱਚੋਂ ਗਾਇਬ ਹੋ ਜਾਣਾ ਜਾਇਜ਼ ਠਹਿਰਾਇਆ ਜਾ ਸਕਦਾ ਹੈ? ਸੱਚ ਇਹ ਹੈ ਕਿ ਬਹੁਤੀਆਂ ਵਿਰੋਧੀ ਪਾਰਟੀਆਂ, ਖ਼ਾਸ ਤੌਰ ਉੱਤੇ ਕਾਂਗਰਸ ਅਤੇ ਖੇਤਰੀ ਪਾਰਟੀਆਂ, ਆਪਣੀ ਸਿਆਸੀ ਜ਼ਮੀਨ ਕਰੋਨਾ ਤੋਂ ਬਹੁਤ ਪਹਿਲਾਂ ਹੀ ਗਵਾ ਚੁੱਕੀਆਂ ਸਨ ਕਿਉਂ ਜੋ ਉਨ੍ਹਾਂ ਦਾ ਤਰੱਕੀ ਅਤੇ ਆਰਥਿਕਤਾ ਬਾਰੇ ਨਜ਼ਰੀਆ ਧੁਰ-ਸੱਜੇ ਪੱਖੀ ਭਾਰਤੀ ਜਨਤਾ ਪਾਰਟੀ ਤੋਂ ਬਹੁਤਾ ਵੱਖਰਾ ਨਹੀਂ ਸੀ। ਕਰੋਨਾਵਾਇਰਸ ਸਗੋਂ ਉਹ ਸੁਨਹਿਰੀ ਮੌਕਾ ਲੈ ਕੇ ਆਇਆ ਸੀ ਜਿਸ ਨੇ ਇਨ੍ਹਾਂ ਸਾਰੀਆਂ ਪਾਰਟੀਆਂ ਨੂੰ ਅੰਤਰਝਾਤ ਲਈ ਮਜਬੂਰ ਕਰਨਾ ਸੀ। ਨਾਗਰਿਕਾਂ ਲਈ ਮੁੱਢਲੀਆਂ ਸਿਹਤ ਅਤੇ ਸਿੱਖਿਆ ਸਹੂਲਤਾਂ, ਮਜ਼ਦੂਰਾਂ ਕਾਮਿਆਂ ਦੇ ਹੱਕ, ਮੁਲਕ ਦੀ ਦੌਲਤ ਵਿੱਚ ਗ਼ਰੀਬ ਮਿਹਨਤਕਸ਼ ਦੀ ਹਿੱਸੇਦਾਰੀ, ਸਮਾਜ ਭਲਾਈ ਕਾਰਜਾਂ ਯੋਜਨਾਵਾਂ ਪ੍ਰਤੀ ਪਹੁੰਚ, ਫੈਡਰਲ ਢਾਂਚੇ ਪ੍ਰਤੀ ਪ੍ਰਤੀਬੱਧਤਾ - ਇਨ੍ਹਾਂ ਸਭਨਾਂ ਮੁੱਦਿਆਂ ਉੱਤੇ ਇੱਕ ਵੱਡੀ ਬਹਿਸ ਛਿੜਨੀ ਸੀ, ਸਵੈ-ਪੜਚੋਲ ਕਰਨੀ ਸੀ। ਇੱਕ ਨਵੀਂ ਨਰੋਈ ਅਤੇ ਸੁਚੱਜੀ ਲੋਕ-ਪੱਖੀ ਸਿਆਸਤ ਖੜ੍ਹੀ ਕਰਕੇ ਹਕੂਮਤੀ ਜ਼ੋਰ-ਜ਼ਬਰਦਸਤੀ ਨੂੰ ਚੁਣੌਤੀ ਦਿੱਤੀ ਜਾ ਸਕਦੀ ਸੀ। ਵੈਸੇ ਤਾਂ ਇਹ ਬਹਾਨਾ ਹੀ ਹਾਸੋਹੀਣਾ ਹੈ ਕਿ ਕਰੋਨਾ ਦੇ ਭੈਅ ਕਾਰਨ ਖ਼ਲਕਤ ਅਜਿਹੀ ਸਿਆਸਤ ਲਈ ਤਿਆਰ ਨਹੀਂ ਸੀ। ਸਗੋਂ ਜੇ ਰਾਜਨੀਤਕ ਪਾਰਟੀਆਂ ਨੇ ਹੀ ਰਾਜਨੀਤੀ ਨੂੰ ਤਿਲਾਂਜਲੀ ਨਾ ਦਿੱਤੀ ਹੁੰਦੀ ਤਾਂ ਮਹਾਂਮਾਰੀ ਨੇ ਤਾਂ ਖ਼ਲਕਤ ਅੰਦਰ ਬਹੁਤ ਸਾਰੇ ਸਿਆਸੀ ਸਵਾਲ ਖੜ੍ਹੇ ਕਰ ਦੇਣੇ ਸਨ। ਭਾਰਤ ਵਿਚਲੇ ਕਰੋਨਾ ਅੰਕੜਿਆਂ ਤੋਂ ਵੀ ਵਧੇਰੇ ਭੈਅਭੀਤ ਕਰ ਦੇਣ ਵਾਲੇ ਅੰਕੜੇ ਅਮਰੀਕਾ ਦੇ ਹਨ। ਓਥੇ ਇੱਕ ਲੱਖ ਤੋਂ ਵੀ ਵਧੇਰੇ ਹਮਵਾਤ ਹੋ ਚੁੱਕੀਆਂ ਹਨ, 18 ਲੱਖ ਲੋਕ ਕਰੋਨਾ ਨਾਲ ਪ੍ਰਭਾਵਿਤ ਹੋਏ ਹਨ ਤਾਂ ਵੀ ਵਿਤਕਰਿਆਂ ਦਾ ਸ਼ਿਕਾਰ ਹੋਇਆ ਅਫ਼ਰੀਕੀ-ਅਮਰੀਕੀ ਭਾਈਚਾਰਾ ਅਤੇ ਨਾਗਰਿਕ ਅਧਿਕਾਰਾਂ ਲਈ ਹਾਅ ਦਾ ਨਾਅਰਾ ਮਾਰਦੀਆਂ ਰੋਹ-ਭਰੀਆਂ ਭੀੜਾਂ ਪੁਲੀਸ ਜ਼ੁਲਮ ਅਤੇ ਟਰੰਪੀ ਸਿਆਸਤ ਖ਼ਿਲਾਫ਼ ਦਰਜਨਾਂ ਸ਼ਹਿਰਾਂ ਵਿੱਚ ਸੜਕਾਂ ’ਤੇ ਉਮੜ ਆਈਆਂ ਹਨ। 46 ਸਾਲਾ ਜੌਰਜ ਫਲੋਇਡ ਤੜਪ-ਤੜਪ ਕੇ ਪੁਕਾਰਦਾ ਰਿਹਾ ਕਿ ਉਹਨੂੰ ਸਾਹ ਨਹੀਂ ਆ ਰਿਹਾ, ਪਰ ਗੋਰੇ ਅਮਰੀਕੀ ਪੁਲਸੀਏ ਨੇ ਉਹਦੀ ਧੌਣ ਤੋਂ ਕਈ ਮਿੰਟਾਂ ਤੱਕ ਗੋਡਾ ਨਾ ਚੁੱਕਿਆ। ਕੁੱਲ ਜਹਾਨ ਜਾਣਦਾ ਹੈ ਕਿ ਫਲੋਇਡ ਸੜਕ ਉੱਤੇ ਕੇਵਲ ਇਸ ਲਈ ਦਮ ਤੋੜ ਗਿਆ ਕਿਉਂ ਜੋ ਉਹ ਸਿਆਹਫਾਮ ਸੀ। ਨਸਲੀ ਵਿਤਕਰੇ ਵਿਰੁੱਧ ਸਿਆਸਤ ਰੋਹ ਵਿੱਚ ਆ ਗਈ। ਸ਼ਾਂਤੀਪੂਰਨ ਮੁਜ਼ਾਹਰਿਆਂ ਤੋਂ ਲੈ ਕੇ ਅੱਗਜ਼ਨੀ ਕਰਦੀਆਂ ਭੀੜਾਂ ਤੱਕ ਕੋਈ ਇਸ ਲਈ ਘਰ ਨਹੀਂ ਬੈਠ ਗਿਆ ਕਿ ਅਜੇ ਬਾਹਰ ਕਰੋਨਾ ਫੈਲਿਆ ਹੋਇਆ ਹੈ। ਮੂੰਹ ’ਤੇ ਟਾਕੀਆਂ ਬੰਨ੍ਹ ਉਨ੍ਹਾਂ ਅਤਿ-ਸੱਜੇਪੱਖੀ ਟਰੰਪੀ ਸਿਆਸਤ ਲਈ ਵੱਡਾ ਸਿਆਪਾ ਖੜ੍ਹਾ ਕਰ ਦਿੱਤਾ ਹੈ। ਭੂਤਰਿਆ ਟਰੰਪ ਵ੍ਹਾਈਟ ਹਾਊਸ ਸਾਹਮਣੇ ਭੀੜਾਂ ਵੇਖ ਕਹਿ ਰਿਹਾ ਸੀ ਕਿ ਉਹਨੇ ਭੀੜ ਉੱਤੇ ਖ਼ਤਰਨਾਕ ਕੁੱਤੇ ਛੱਡ ਦੇਣੇ ਸਨ, ਪਰ ਭੀੜ ਤਾਂ ਸਿਆਸਤ ਕਰਨ ਆਈ ਸੀ। ਹਰ ਹਲਕੇ ਹੋਏ ਕੁੱਤੇ ਦੀ ਪੂਛ ਸਿੱਧੀ ਕਰਨ ’ਤੇ ਬਜ਼ਿੱਦ ਸੀ।

ਐੱਸ ਪੀ ਸਿੰਘ*

ਇਸ ਭਖੀ ਸਿਆਸਤ ਵਿੱਚ ਅਮਰੀਕਾ ਸੜ ਰਿਹਾ ਹੈ। ਮਿਨੀਆਪੋਲਿਸ ਤੋਂ ਭੜਕਿਆ ਲਾਵਾ ਟਰੰਪ ਦੇ ਘਰ ਤੱਕ ਪਹੁੰਚ ਗਿਆ ਹੈ। ਇਸ ਵਾਹਦ ਵਿਸ਼ਵ ਸ਼ਕਤੀ ਵਿੱਚ ਸਿਆਸਤ ਇਸ ਬਹਿਸ ਨਾਲ ਗੁੱਥਮਗੁੱਥਾ ਹੋ ਰਹੀ ਹੈ ਕਿ ਸਮਾਜਿਕ ਆਰਥਿਕ ਨਾਬਰਾਬਰੀ ਅਤੇ ਵਿਤਕਰੇ ਵਾਲੇ ਸਮਾਜ ਨੂੰ ਕਿਵੇਂ ਬਦਲ ਕੇ ਇੱਕ ਬਿਹਤਰ ਦੁਨੀਆਂ ਸਿਰਜੀ ਜਾ ਸਕਦੀ ਹੈ। ਜਨਤਾ ਭਾਰਤ ਵਿੱਚ ਵੀ ਇਹੋ ਸਵਾਲ ਖੜ੍ਹੇ ਕਰ ਰਹੀ ਹੈ। ਕਿਸਾਨਾਂ ਮਜ਼ਦੂਰਾਂ ਦੀਆਂ ਦਰਜਨਾਂ ਜਥੇਬੰਦੀਆਂ ਸਾਰਥਕ ਸਿਆਸਤ ਕਰ ਰਹੀਆਂ ਹਨ। ਵਿਦਿਆਰਥੀ ਜਥੇਬੰਦ ਹੋ ਸਮੇਂ ਦੇ ਹਾਣ ਦੇ ਸਵਾਲ ਪੁੱਛ ਰਹੇ ਹਨ। ਮਜ਼ਦੂਰ ਔਰਤਾਂ ਤੋਂ ਲੈ ਕੇ ਯੂਨੀਵਰਸਿਟੀ ਦੀਆਂ ਖੋਜਾਰਥੀ ਵਿਦਿਆਰਥਣਾਂ ਮਹੱਤਵਪੂਰਨ ਸਵਾਲਾਂ ਦੇ ਜਵਾਬ ਲੱਭ ਰਹੀਆਂ ਹਨ। ਪਰ ਸਾਡੀਆਂ ਰਾਜਸੀ ਪਾਰਟੀਆਂ ਨੂੰ ਖ਼ੌਰੇ ਕਿਹੜਾ ਕਰੋਨਾ ਮਾਰ ਗਿਆ ਹੈ। ਉਧਰ ਹਾਕਮ ਲਗਾਤਾਰ ਸਿਆਸਤ ਕਰ ਰਿਹਾ ਹੈ। ਆਏ ਦਿਨ ਲੋਕ ਘੁਲਾਟੀਏ ਕਾਰਕੁਨਾਂ, ਵਿਦਿਆਰਥੀ ਲੀਡਰਾਂ ਦੀ ਫੜੋਫੜੀ ਜਾਰੀ ਹੈ। ਹਸਪਤਾਲ ਕਦੋਂ ਬਣਨੇ ਚਾਹੀਦੇ ਹਨ ਅਤੇ ਮੰਦਿਰ ਕਦੋਂ, ਹਕੂਮਤ ਨੂੰ ਅਜਿਹੇ ਸਵਾਲ ਕਰਨਾ ਮੁਸ਼ਕਿਲ ਕੀਤਾ ਜਾ ਰਿਹਾ ਹੈ। ਜੇ ਅਜੇ ਵੀ ਰਾਜਸੀ ਪਾਰਟੀਆਂ ਨੇ ਸਿਆਸਤ ਨਹੀਂ ਕਰਨੀ ਤਾਂ ਫਿਰ ਰੱਬ ਕਰੇ ਕੋਈ ਐਸਾ ਅਨਲੌਕ ਹੋਵੇ ਕਿ ਇਨ੍ਹਾਂ ਨੂੰ ਕਰੋਨਾ ਹੁੱਜ ਮਾਰੇ ਅਤੇ ਵੈਂਟੀਲੇਟਰ ਨਾ ਥਿਆਵੇ। ਪਿੜ ਖਾਲੀ ਹੋਵੇ ਤਾਂ ਜੋ ਨਵਾਂ ਕੋਈ ਖੂਨ ਉੱਭਰੇ, ਜਨਤਾ ਦੇ ਮਨ ਦੀ ਅਸਲੀ ਕੋਈ ਬਾਤ ਕਰੇ, ਸਿਆਸਤ ਸੱਚੀ ਨੂੰ ਆਤਮਸਾਤ ਕਰੇ। (ਲੇਖਕ ਸੀਨੀਅਰ ਪੱਤਰਕਾਰ ਹੈ ਅਤੇ ਆਪਣੀਆਂ ਗਲੀਆਂ ਸੜੀਆਂ ਰਾਜਨੀਤਕ ਪਾਰਟੀਆਂ ਦੀ ਮੌਤ ਵਿੱਚੋਂ ਮੁੜ-ਸੁਰਜੀਤੀ ਭਾਲਦਾ ਗੋਰਿਆਂ ਦੇ ਮੁਲਕ ਭਖੀ ਸਿਆਸਤ ਤੋਂ ਹਰਖਿਆ ਪਿਆ ਹੈ।)

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All