ਵੇ ਜਗ ਜਗ ਦੀਵਿਆ...

ਕਿਰਨਦੀਪ ਕੌਰ

ਰੁੱਤਾਂ ਦਾ ਚੱਕ ਜਦੋਂ ਭਉਂਦਾ-ਭਉਂਦਾ ਪੰਜਾਬ ਦੀ ਧਰਤ ’ਤੇ ਰਹਾਅ ’ਚ ਆਉਂਦਾ ਹੈ, ਉਦੋਂ ਚਾਨਣੀ ’ਚ ਗੁੰਨ੍ਹੀਆਂ ਰਾਤਂ ਸਾਡੀਆਂ ਫਸਲਾਂ ’ਤੇ ਪਹਿਰਾ ਦਿੰਦੀਆਂ ਨੇ। ਇਨ੍ਹਾਂ ਕੋਸੇ-ਕੋਸੇ ਦਿਨਾਂ ਵਿਚ ਨੀਮ ਠੰਢੀਆਂ ਪੌਣਾਂ ਜਦ ਛੂਹ ਕੇ ਲੰਘਦੀਆਂ ਨੇ ਤਂ ਕਿਸੇ ਤੰਤੀ ਸਾਜ਼ ਵਰਗਾ ਕਾਂਬਾ ਸਰੀਰ ’ਚ ਸਰਕਦਾ ਹੈ। ਗੁਰੂ ਨਾਨਕ ਕੱਤਕ ਮਾਂਹ ਨੂੰ ਕਿਰਤ ਦਾ ਮਹੀਨਾ ਆਖਦੇ ਨੇ। ਹਾਲੀ-ਪਾਲੀ, ਕਿਸਾਨ-ਮਜ਼ਦੂਰ ਖੇਤਾਂ ’ਚ ਨਰਮੇ-ਕਪਾਹ ਦੀਆਂ ਫੁੱਟੀਆਂ ਚੁਗ ਕੇ ਕਣਕ ਬੀਜ ਰਹੇ ਹੁੰਦੇ ਨੇ। ਉਨ੍ਹਾਂ ਦੇ ਘਰ ’ਚ ਕਪਾਹ ਨਰਮੇ ਦੇ ਢੇਰ ਸਜੇ ਹੁੰਦੇ ਨੇ, ਰਾਤ ਸਮੇਂ ਇਸ ਢੇਰ ਨੂੰ ਤੱਕਣ ਦਾ ਜਲੌਅ ਆਪਣਾ ਹੀ ਹੁੰਦਾ ਹੈ। ਘੁਮਿਆਰ ਮੁੜ੍ਹਕੇ ਨਾਲ ਮਿੱਟੀ ਗੁੰਨ੍ਹ ਕੇ ਚੌਮੁਖੀ ਦੀਵਿਆਂ ਦੀਆਂ ਪਾਲਾਂ ਸਜਾ ਕੇ ਚਹੂੰ ਕੂੰਟਾਂ ਨੂੰ ਰੌਸ਼ਨ ਕਰਨ ਦਾ ਅਹਿਦ ਕਰ ਲੈਂਦੇ ਹਨ। ਇਹੋ-ਜਿਹੇ ਮਨਮੋਹਣੇ ਦਿਨਾਂ ’ਚ ਦੀਵਾਲੀ ਸਾਡੀ ਸਰਦਲ ’ਤੇ ਆਣ ਢੁਕਦੀ ਹੈ। ਚਾਨਣੀ ਦਾ ਮੇਲਾ, ਰੌਸ਼ਨੀਆਂ ਦਾ ਤਿਉਹਾਰ, ਦੀਵਾਲੀ ਕੱਤਕ ਦੀ 30 ਨੂੰ ਆਉਂਦੀ ਹੈ। ਪੰਜਾਬ ਤੇ ਹਿੰਦੋਸਤਾਨੀ ਪਰੰਪਰਾ ਵਿਚ ਇਸ ਦਿਨ ਨੂੰ ਅਸੰਪਰਦਾਇਕ ਤੇ ਨਿਰਪੱਖ ਤਿਉਹਾਰ ਦੇ ਰੂਪ ਵਿਚ ਮਨਾਇਆ ਜਾਂਦਾ ਹੈ। ਇਸ ਨੂੰ ਹਿੰਦੂ, ਸਿੱਖ, ਮੁਸਲਮਾਨ, ਈਸਾਈ ਆਪਣੇ ਧਰਮਾਂ-ਜਾਤਾਂ-ਗੋਤਾਂ ਤੋਂ ਉਤਾਂਹ ਉਠ ਕੇ ਮਨਾਉਂਦੇ ਹਨ। ਦੀਵਾਲੀ ਦੇ ਤਿਉਹਾਰ ਨਾਲ ਵੱਖ ਵੱਖ ਖਿੱਤਿਆਂ ਦੇ ਲੋਕ-ਵਿਸ਼ਵਾਸ ਅਤੇ ਪਰੰਪਰਾਵਾਂ ਜੁੜੀਆਂ ਹੋਈਆਂ ਹਨ। ਦੀਵਾਲੀ ਮਨਾਉਣ ਦੀ ਰੀਤ ਕੱਦ ਤੇ ਕਿਵੇਂ ਆਰੰਭ ਹੋਈ, ਇਸ ਬਾਰੇ ਕੋਈ ਠੋਸ ਤੱਥ ਤਾਂ ਸਾਹਮਣੇ ਨਹੀਂ ਆਉਂਦਾ ਪਰ ਰਵਾਇਤ ਅਨੁਸਾਰ ਸਦੀਆਂ ਪਹਿਲਾਂ ਸ੍ਰੀ ਰਾਮ ਚੰਦਰ, ਰਾਜੇ ਰਾਵਣ ’ਤੇ ਜਿੱਤ ਦਰਜ ਕਰਕੇ ਇਸ ਦਿਨ ਅਯੁੱਧਿਆ ਪਰਤ ਆਏ ਸਨ, ਉਨ੍ਹਾਂ ਦੇ ਮੁੜ ਆਉਣ ਦੀ ਖ਼ੁਸ਼ੀ ਵਿਚ ਅਯੁੱਧਿਆ ਨਿਵਾਸੀਆਂ ਨੇ ਆਪਣੇ ਘਰਾਂ ’ਚ ਦੀਪਮਾਲਾ ਕੀਤੀ। ਮੰਨਿਆ ਜਾਂਦਾ ਹੈ ਕਿ ਉਸ ਦਿਨ ਦੀਵਾਲੀ ਮਨਾਉਣ ਦੀ ਪਰੰਪਰਾ ਦਾ ਮੁੱਢ ਬੱਝ ਗਿਆ। ਇਤਿਹਾਸਕ ਤੱਥ ਤਵਾਰੀਖ ਗੁਰੂ ਖ਼ਾਲਸਾ ਕ੍ਰਿਤ ਗਿਆਨੀ ਗਿਆਨ ਸਿੰਘ ਅਨੁਸਾਰ, ਬਾਦਸ਼ਾਹ ਜਹਾਂਗੀਰ ਅਤੇ ਗੁਰੂ ਹਰਗੋਬਿੰਦ ਸਾਹਿਬ ਦੀ ਵਧਦੀ ‘ਪ੍ਰੀਤੀ’ ਨੇ ਚੰਦੂ ਸ਼ਾਹ ਦੇ ਸਾਹ ਸੁਕਾਉਣੇ ਸ਼ੁਰੂ ਕਰ ਦਿੱਤੇ। ਉਹ ਆਪਣੀ ਕਰਤੂਤ ’ਤੇ ਪਰਦਾਪੋਸ਼ੀ ਲਈ ਚਾਰਾਜੋਈ ਕਰ ਲੱਗਾ। ਇਨ੍ਹੀਂ ਦਿਨੀਂ ਬਾਦਸ਼ਾਹ ਤਾਪ ਦੀ ਬਿਮਾਰੀ ਨਾਲ ਪੀੜਤ ਸੀ, ਚੰਦੂ ਸ਼ਾਹ ਨੇ ਆਪਣੇ ਜੋਤਸ਼ੀ-ਨਜ਼ੂਮੀ ਰਾਹੀਂ ਬਾਦਸ਼ਾਹ ਨੂੰ ਕਹਾਇਆ,‘‘ਤੁਹਾਨੂੰ ਸਾੜ੍ਹਸਤੀ ਆਈ ਹੈ, ਏ ਦੀ ਉਪਾਇ ਸ਼ਿਤਾਬੀ ਕਰਨੀ ਚਾਹੀਏ, ਨਹੀਂ ਤਾਂ ਸਾਢੇ ਸੱਤ ਵਰ੍ਹੇ ਕਲੇਸ਼ ਦੇਵੇਗੀ’’ ਜਗਾਂਗੀਰ ਨੇ ਉਪਾਇ ਲਈ ਪੁੱਛਿਆ। ਉਸ ਨੇ ਆਖਿਆ ‘ਸੋਢੀ ਖਤ੍ਰੀ ਜੁਆਨ ਉਮਰ, ਜਪੀ, ਤਪੀ ਬਰਕਤ ਵਾਲਾ ਹਰਗੋਬਿੰਦ ਨਾਂ ਹੋਵੇ ਉਹ ਦੱਖਣ ਦਿਸ਼ਾ ਵਿਚ ਕਿਸੇ ਕਿਲੇ ’ਚ ਜਾ ਕੇ 41 ਦਿਨ ਜਾਪ ਕਰੇ ਤਾਂ ਸਾੜ੍ਹਸਤੀ ਟਲੇਗੀ।’ ਚੰਦੂ ਸ਼ਾਹ, ਬਾਦਸ਼ਾਹ ਜਹਾਂਗੀਰ ਕੋਲ ਸ਼ਿਕਾਇਤੀ ਮਿਜ਼ਾਜ ਦੀ ਕਨਸੋਆਂ ਘੱਲਦਾ ਰਿਹਾ; ਜਹਾਂਗੀਰ ਦਾ ਗੁਰੂ ਸਾਹਿਬ ਪ੍ਰਤੀ ਵਤੀਰਾ ਬਦਲ ਗਿਆ। ਬਾਦਸ਼ਾਹ ਨੇ ਚਾਲੀ ਦਿਨ ਜਾਪ ਕਰਨ ਦੇ ਬਹਾਨੇ ਨਾਲ ਗੁਰੂ ਸਾਹੁਬ ਨੂੰ ਗਵਾਲੀਅਰ ਦੇ ਕਿਲ੍ਹੇ ਬੁਲਾਇਆ। ਮਾਤਾ ਗੰਗਾ ਜੀ ਨੇ ਸੰਸਾ ਕੀਤਾ, ਗੁਰੂ ਸਾਹਿਬ ਦੀ ਖ਼ਬਰ ਲੈਣ ਲਈ ਪਹਿਲਾਂ ਭਾਈ ਗੁਰਦਾਸ ਫਿਰ ਬਾਬਾ ਬੁੱਢਾ ਜੀ ਨੂੰ ਭੇਜਿਆ। ਫਿਰ ਖ਼ਬਰ ਸੁਣ ਕੇ ਸੰਗਤ ਦੇ ਟੋਲੇ ਗਵਾਲੀਅਰ ਆਉਣ ਲੱਗੇ। ਦਬਿਸਤਾਨ-ਏ-ਮਜ਼ਾਹਿਬ ਦਾ ਕਰਤਾ ਲਿਖਦਾ ਹੈ ‘ਮੈਂ ਆਪਣੇ ਅੱਖੀਂ ਦੇਖਿਆ ਹੈ। ਗੁਰੂ ਹਰਗੋਬਿੰਦ ਦੇ ਸਿੱਖ ਇਸਤਰੀ, ਮਰਦ ਪੰਜਾਬ ਤੋਂ ਚੱਲ ਕੇ ਰੋਜ਼ ਸੌ-ਸੌ ਦੇ ਲਗਭਗ ਗਵਾਲੀਯੇਰ ਪਹੁੰਚੇ ਸੇ, ਤੇ ਕਿਲੇ ਦੀ ਕੰਧ ਨੂੰ ਮੱਥਾ ਟੇਕ ਕੇ ਕੜਾਹ ਪ੍ਰਸਾਦਿ ਵਰਤਾ ਕੇ, ਗੁਰੂ ਸ਼ਬਦ ਗਾਉਂਦੇ ਫੇਰ ਪੰਜਾਬ ਚਲੇ ਜਾਂਦੇ, ਜੋ ਕੋਈ ਪੁੱਛਦਾ ਤਾਂ ਆਖਦੇ ਕਿ ਏਸ ਕਿਲੇ ਵਿਚ ਸਾਡਾ ਸਤਿਗੁਰ ਈਸ਼ਵਰ ਹੈ।’ ਦੀਵਾਲੀ ਦੇ ਪ੍ਰਸੰਗ ਵਿਚ ਸਿੱਖ ਵਿਸ਼ਵਾਸ ਮੰਨਿਆ ਜਾਂਦਾ ਹੈ ਕਿ ਇਸੇ ਦਿਨ ਗੁਰੂ ਸਾਹਿਬ ਗਵਾਲੀਅਰ ਦੇ ਕਿਲੇ ’ਚੋਂ ਮੁਕਤ ਹੋ ਕੇ ਅੰਮ੍ਰਿਤਸਰ ਪੁੱਜੇ ਸਨ। ਸਿੱਖਾਂ ਨੇ ਖ਼ੁਸ਼ੀ ਵਿਚ ਦੀਪਮਾਲਾ ਕੀਤੀ। ਇਸੇ ਪਰੰਪਰਾ ਦੀ ਜਲੌਅ ’ਚ ਅੱਜ ਦੀਵਾਲੀ ਧੂਮਧਾਮ ਨਾਲ ਮਨਾਈ ਜਾਂਦੀ ਹੈ। ਦੀਵਾਲੀ ਦੇ ਪ੍ਰਸੰਗ ਹਿੰਦੂਆਂ-ਸਿੱਖਾਂ-ਮੁਸਲਮਾਨਾਂ ਦੀ ਧਰਮ ਨਿਰਪੇਖ ਪਰੰਪਰਾ ਮੰਨੀਏ ਜਾਂ ਘਟਨਾਵਾਂ ’ਚ ਮੌਕਾ ਮੇਲ। ਦੀਵੇ ਬਾਲ ਕੇ ਖੁਸ਼ੀਆਂ ਵੰਡਣ ਦੀ ਪਰੰਪਰਾ ਮਹਿਜ਼ ਧਰਮਾਂ ਤਕ ਮਹਿਦੂਦ ਨਹੀਂ ਸਗੋਂ ਇਹ ਰਸਮ ਪੰਜਾਬੀ ਬੰਦੇ ਦੇ ਮਨ ਵਿਚ ਗਹਿਰੀ ਵਸੀ ਹੋਈ ਹੈ। ਵਾਰਿਸ਼ ਸ਼ਾਹ ਆਣੀ ਹੀਰ ਵਿਚ ਇਸ ਰਸਮ ਦਾ ਜ਼ਿਕਰ ਕਰਦਾ ਹੈ, ਜਦੋਂ ਹੀਰ ਦਾ ਧਿੰਗੋਜ਼ੋਰੀ ਵਿਆਹ ਕਰ ਦਿੱਤਾ ਜਾਂਦਾ ਹੈ ਤਾਂ ਹੀਰ ਦਾ ਮਨ ਹੈਰਾਸਿਆ-ਵੈਰਾਗਿਆ ਜਾਂਦਾ ਹੈ। ਰਾਂਝਾ ਜੋਗੀ ਦੀ ਵੇਸ-ਭੂਸ਼ਾ ਵਿਚ ਪਹਿਲੀ ਹੀਰ ਨੂੰ ਮਿਲਣ ਜਾਂਦਾ ਹੈ ਤਾਂ ਬਿਰਹੋ ਕੰਠੀ ਹੀ ਹੀਰ ਆਖਦੀ ਹੈ: ਸਾਡੇ ਚੰਮ ਦੀਆਂ ਜੁੱਤੀਆਂ ਕਰੇ ਜੋਗੀ, ਜਿਹੜਾ ਜੀਉ ਰੋਗ ਗਵਾਂਵਦਾ ਈ।। ਦਿਆਂ ਘਿਓ ਦੀਆਂ ਚੂਰੀਆਂ ਬਾਲ ਦੀਵੇ, ਵਾਰਿਸ ਸ਼ਾਹ ਸੁਣਾਂ ਮੈਂ ਆਂਵਦਾ ਈ।। ਇਉਂ ਹੀਰ, ਰਾਂਝੇ ਦੇ ਪਰਤ ਦੀ ਆਸ ’ਚ ਦੀਵੇ ਬਾਲਣ ਦਾ ਅਹਿਦ ਕਰੀਦੀ ਹੈ। ਇਸੇ ਤਰ੍ਹਾਂ ਮੱਧ ਭਾਰਤ ਦੇ ਲੋਕ ਦੀਵਾਲੀ ਨੂੰ ਰਾਜਾ ਬਿਕਰਮਾਦੱਤ ਨਾਲ ਜੋੜਦੇ ਹਨ, ਵਿਸ਼ਵਾਸ ਹੈ ਕਿ ਇਸ ਦਿਨ ਰਾਜਾ ਆਪਣੇ ਰਾਜ ਸਿੰਘਾਸਣ ’ਤੇ ਬੈਠਾ ਸੀ। ਮਹਾਰਾਸ਼ਟਰ ’ਚ ਇਸ ਤਿਉਹਾਰ ਨੂੰ ਰਾਜਾ ਬਾਲੀ ਨਾਲ ਜੋੜਿਆ ਜਾਂਦਾ ਹੈ। ਰਾਜਾ ਬਾਲੀ ਦਾ ਇਸ ਦਿਨ ਰਾਜ ਸਥਾਪਤ ਹੋਇਆ, ਰਵਾਇਤ ਅਨੁਸਾਰ ਔਰਤਾਂ ਗੋਹੇ ਨਾਲ ਰਾਜਾ ਬਾਲੀ ਦੀ ਆਕ੍ਰਿਤੀ ਬਣਾਉਂਦੀਆਂ ਹਨ ਤੇ ਦੀਵੇ ਬਾਲ ਦੁਆ ਕਰਦੀਆਂ ਹਨ ਕਿ ਧਰਤ ’ਤੋਂ ਬੁਰਾਈਆਂ ਖ਼ਤਮ ਹੋ ਜਾਣ। ਬੰਗਾਲੀ ਲੋਕ ਦੀਵਾਲੀ ਕਾਲੀ ਦੇਵੀ ਦੀ ਪੂਜਾ ਕਰਕੇ ਮਨਾਉਂਦੇ ਹਨ। ਜਿਵੇਂ ਅੰਬਰਾਂ ’ਤੇ ਹਜ਼ਾਰਾਂ ਸਾਲਾਂ ਤੋ ਤਾਰਿਆਂ ਦੇ ਦੀਵੇ ਬਲ ਰਹੇ ਹਨ। ਇਸੇ ਤਰ੍ਹਾਂ ਮਨੁੱਖ ਵੀ ਤਾਰਿਆਂ ਦੀ ਰੀਸੇ ਦੀਵੇ ਬਾਲ ਆਪਣੇ ਗ੍ਰਹਿ ਨੂੰ ਰੌਸ਼ਨ ਕਰਨ ਦਾ ਅਹਿਦ ਕਰਦੇ ਹਨ। ਸ਼ਾਲਾ! ਸਾਡੀ ਵੀ ਮਨ ਮੰਮਦੀ ’ਤੇ ਆਸ ਦੇ ਦੀਵੇ ਜਗਦੇ ਰਹਿਣ…! ਸ਼ਾਲਾ.! ਸਾਡੀ ਦੀਵਿਆਂ ਦੀ ਰੌਸ਼ਨੀ ਉਨ੍ਹਾਂ ਦੀ ਰੌਸ਼ਨੀ ਉਨ੍ਹਾਂ ਵਿਹੜਿਆਂ ਦੀ ਸਰਦਲ ’ਤੇ ਜਾਵੇ ਜਿੱਥੇ ਹਨੇਰੇ ਪੈਰ ਜਮਾਈਂ ਬੈਠੇ ਨੇ…! ਇਹ ਦੁਆ ਹੈ ਕਿ ਦੀਵਿਆਂ ਦੀ ਲੋਅ, ਉਨ੍ਹਾਂ ਜੀਆਂ ਲਈ ਨਿੱਘ ਬਣੇ, ਜਿਹੜੇ ਠਰੀ ਚਾਨਣੀ ’ਚ ਗਾਉਂਦੇ ਨੇ ‘‘ਵੇ ਜਗ ਜਗ ਦੀਵੜਿਆ’…!!

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All