ਵੀਹਵੀਂ ਸਦੀ ਵਿਚ ਨਸਲਕੁਸ਼ੀ ਦਾ ਇਤਿਹਾਸ

ਵੀਹਵੀਂ ਸਦੀ ਵਿਚ ਨਸਲਕੁਸ਼ੀ ਦਾ ਇਤਿਹਾਸ

ਮਨੁੱਖਤਾ ਦੇ ਇਤਿਹਾਸ ਵਿਚ ਨਸਲਕੁਸ਼ੀ ਦਾ ਘਿਨੌਣਾ ਵਰਤਾਰਾ ਵਾਰ ਵਾਰ ਵਾਪਰਿਆ ਹੈ। ਇਹ ਲੇਖ ਪਹਿਲੀ ਅਤੇ ਦੂਜੀ ਆਲਮੀ ਜੰਗ ਦੌਰਾਨ ਮਨੁੱਖੀ ਸਭਿਅਤਾ ਦੇ ਮੱਥੇ ’ਤੇ ਲੱਗੇ ਅਜਿਹੇ ਬਦਨੁਮਾ ਦਾਗ਼ਾਂ ਦਾ ਭਾਵਪੂਰਤ ਚਿਤਰਣ ਹੈ।

ਅਰਮੀਨੀਅਨ ਨਸਲਕੁਸ਼ੀ ਦੇ ਦੌਰ ਦੀ ਮੂੰਹ ਬੋਲਦੀ ਤਸਵੀਰ।

ਇਸ ਸਾਲ ਦਾ ਦਸੰਬਰ ਮਹੀਨਾ ਉਨ੍ਹਾਂ ਦੋ ਵਿਲੱਖਣ ਦਸਤਾਵੇਜ਼ਾਂ ਦੇ ਪ੍ਰਵਾਨ ਚੜ੍ਹਨ ਦੀ 70ਵੀਂ ਵਰ੍ਹੇਗੰਢ ਦਾ ਹੈ ਜਿਨ੍ਹਾਂ ਨੇ ਮਨੁੱਖੀ ਅਧਿਕਾਰਾਂ ਦੀ ਧਾਰਨਾ ਅਤੇ ਇਨ੍ਹਾਂ ਅਧਿਕਾਰਾਂ ਦੀ ਰੱਖਿਆ ਦੇ ਸੰਸਥਾਗਤ ਪ੍ਰਬੰਧ ਦੇ ਵਿਸ਼ਵਵਿਆਪੀ ਵਿਗਸਣ ਵਿਚ ਅਹਿਮ ਭੂਮਿਕਾ ਅਦਾ ਕੀਤੀ ਹੈ। ਸੰਯੁਕਤ ਰਾਸ਼ਟਰ ਨੇ 9 ਦਸੰਬਰ 1948 ਨੂੰ ਨਸਲਕੁਸ਼ੀ ਅਪਰਾਧ ਦੀ ਰੋਕਥਾਮ ਅਤੇ ਸਜ਼ਾ ਕਨਵੈਨਸ਼ਨ ਨੂੰ ਸਰਬਸੰਮਤੀ ਨਾਲ ਪਾਸ ਕੀਤਾ ਅਤੇ 10 ਦਸੰਬਰ ਨੂੰ ਮਨੁੱਖੀ ਅਧਿਕਾਰ ਸਰਬ ਸਾਂਝਾ ਐਲਾਨਨਾਮਾ ਅਪਣਾਇਆ। ਸੰਯੁਕਤ ਰਾਸ਼ਟਰ ਆਪਣੇ ਆਪ ਵਿਚ ਦੂਜੀ ਆਲਮੀ ਜੰਗ (1939-45) ਦੇ ਖ਼ੌਫ਼ ਦੀ ਪੈਦਾਵਾਰ ਸੀ। ਇਹ ਅਕਤੂਬਰ 1945 ਵਿਚ ਇਹ ਪ੍ਰਵਾਨ ਕੀਤੇ ਜਾਣ ਨਾਲ ਹੋਂਦ ਵਿਚ ਆਈ ਸੀ ਕਿ ਇਕ ਹੀ ਸੱਭਿਆਚਾਰ, ਭਾਸ਼ਾ, ਇਤਿਹਾਸ ਆਦਿ ਦੇ ਆਧਾਰ ’ਤੇ ਬਣੇ ਆਜ਼ਾਦ ਮੁਲਕਾਂ ਦਰਮਿਆਨ ਮਤਭੇਦਾਂ ਅਤੇ ਵਿਵਾਦਾਂ ਨੂੰ ਗੱਲਬਾਤ ਰਾਹੀਂ ਨਿਪਟਾਉਣ ਅਤੇ ਅਜਿਹਾ ਕਰਦੇ ਸਮੇਂ ਮਤਭੇਦਾਂ ਤੇ ਵਿਵਾਦਾਂ ਨੂੰ ਨਜ਼ਰਅੰਦਾਜ਼ ਕਰਨ ਦੀ ਨਹੀਂ, ਘਟਾਉਣ ਦੀ ਲੋੜ ਹੈ। ਇਨ੍ਹਾਂ ਮਤਭੇਦਾਂ ਅਤੇ ਵਿਵਾਦਾਂ ਨੂੰ (ਜੇ ਜ਼ਰੂਰਤ ਮਹਿਸੂਸ ਹੋਵੇ) ਸਾਂਝੇ ਮਨੁੱਖੀ ਸਰੋਕਾਰਾਂ ਅਧੀਨ ਘਟਾਇਆ ਜਾਣਾ ਚਾਹੀਦਾ ਹੈ। ਤੱਥ ਇਹ ਹੈ ਕਿ 1939 ਦੇ ਬਾਅਦ ਹੋਰ ਵਿਸ਼ਵ ਜੰਗ ਨਹੀਂ ਛਿੜੀ ਜੋ ਸੰਯੁਕਤ ਰਾਸ਼ਟਰ ਦੇ ਮਜ਼ਬੂਤ ਹੋਣ ਦੀ ਗਵਾਹੀ ਭਰਦੀ ਹੈ। ਫਿਰ ਵੀ 1948 ਵਿਚ ਲੱਭਿਆ ਗਿਆ ਹੱਲ ਸੀਮਿਤ ਸੀ, ਖ਼ਾਸ ਤੌਰ ’ਤੇ ਜੇ ਇਸ ਗੱਲ ਦੇ ਮੱਦੇਨਜ਼ਰ ਕਿ ਦੂਜੀ ਆਲਮੀ ਜੰਗ, ਪਹਿਲੀ ਆਲਮੀ ਜੰਗ (1914-18) ਦੇ ਮਹਿਜ਼ ਵਰ੍ਹਿਆਂ ਬਾਅਦ ਹੋ ਗਈ ਸੀ ਜਦੋਂਕਿ ਉਸ ਸਮੇਂ ਕੋਈ ਕੌਮਾਂਤਰੀ ਤਾਲਮੇਲ ਸੰਗਠਨ ਨਹੀਂ ਸੀ ਜਿਵੇਂ ਕਿ ਸੰਯੁਕਤ ਰਾਸ਼ਟਰ ਹੋਂਦ ਵਿਚ ਨਹੀਂ ਆਇਆ ਸੀ।

ਔਸ਼ਵਿਚਜ਼ ਵਿਚ ਨਾਜ਼ੀਆਂ ਦਾ ਬਣਾਇਆ ਤਸੀਹਾ ਕੇਂਦਰ।

ਦੂਜੀ ਆਲਮੀ ਜੰਗ ਤੋਂ ਬਾਅਦ ਦਾ ਸਮਾਂ ਸਮੁੱਚੀ ਤੀਜੀ ਦੁਨੀਆਂ ਵਿਚ ਬਸਤੀਵਾਦ ਦੇ ਖਾਤਮੇ ਦਾ ਵੀ ਸੀ। ਬਸਤੀਵਾਦ ਦੇ ਖਾਤਮੇ ਨਾਲ 1947 ਵਿਚ ਭਾਰਤ ਤੇ ਪਾਕਿਸਤਾਨ ਸਮੇਤ ਕੁਝ ਨਵੇਂ ਦੇਸ਼ਾਂ ਦਾ ਜਨਮ ਵੀ ਹੋਇਆ। ਇਨ੍ਹਾਂ ਵਿਚੋਂ ਕਈ ਨਵੇਂ ਮੁਲਕਾਂ ਦੀਆਂ ਭੂਗੋਲਿਕ ਸਰਹੱਦਾਂ ਬਹੁਤ ਜਲਦਬਾਜ਼ੀ ਵਿਚ ਉਲੀਕੀਆਂ ਗਈਆਂ ਜਿਵੇਂ 1947 ਵਿਚ ਭਾਰਤ ਤੇ ਪਾਕਿਸਤਾਨ ਦੀਆਂ। ਇਸ ਦੇ ਨਾਲ ਹੀ ਨਵੇਂ ਦੇਸ਼ਾਂ ਦਾ ਵਿਚਾਰ ਅਮਲੀ ਤੌਰ ’ਤੇ ਸਮੱਸਿਆ ਮੁਕਤ ਨਹੀਂ ਸੀ। ਸਮੁੱਚੀ ਬਸਤੀਵਾਦੀ ਦੁਨੀਆਂ, ਖ਼ਾਸ ਕਰਕੇ ਏਸ਼ੀਆ ਅਤੇ ਅਫਰੀਕਾ ਵਿਚ, ਬਹੁਤੀਆਂ ਖ਼ਾਹਿਸ਼ਮੰਦ ਕੌਮਾਂ, ਭਾਸ਼ਾਈ ਗਰੁੱਪਾਂ ਅਤੇ ਨਸਲੀ ਭਾਈਚਾਰਿਆਂ ਨੂੰ ਬਸਤੀਵਾਦ ਬਾਅਦ ਵਾਲੇ ਦੇਸ਼ਾਂ ਦੀਆਂ ਸਰਹੱਦਾਂ ਉਲੀਕਣ ਸਮੇਂ ਇਕ-ਦੂੂਜੇ ਨਾਲ ਬੰਨ੍ਹ ਦਿੱਤਾ ਗਿਆ। ਸਿੱਟਾ ਇਹ ਨਿਕਲਿਆ ਕਿ ਭਵਿੱਖੀ ਕੌਮਪ੍ਰਸਤ ਅਤੇ ਨਸਲੀ ਵਿਵਾਦਾਂ ਦੀਆਂ ਸੰਭਾਵਨਾਵਾਂ ਇਨ੍ਹਾਂ ਦੇਸ਼ਾਂ ਦੇ ਹੋਂਦ ਵਿਚ ਆਉਣ ਸਾਰ ਹੀ ਪੈਦਾ ਹੋ ਗਈਆਂ। ਇਹ ਮਹਿਜ਼ ਇਤਫ਼ਾਕ ਨਹੀਂ ਕਿ ਦੇਸ਼ਾਂ ਦਰਮਿਆਨ ਜੰਗਾਂ ਦਾ ਸਥਾਨ ਤੇਜ਼ੀ ਨਾਲ ਦੇਸ਼ਾਂ ਦੀਆਂ ਅੰਦਰੂਨੀ ਜੰਗਾਂ ਨੇ ਲੈ ਲਿਆ ਜਿਹੜੀਆਂ ਅੰਦਰੂਨੀ ਕੌਮਪ੍ਰਸਤ ਤੇ ਨਸਲੀ ਵਿਵਾਦਾਂ ਕਾਰਨ ਛਿੜੀਆਂ। ਫ਼ੌਜਾਂ ਦੀ ਸਭ ਤੋਂ ਵੱਡੀ ਤਾਇਨਾਤੀ ਹੁਣ ਦੇਸ਼ਾਂ ਦਰਮਿਆਨ ਜੰਗਾਂ ਕਾਰਨ ਨਹੀਂ ਸਗੋਂ ਅੰਦਰੂਨੀ ਹਥਿਆਰਬੰਦ ਅੰਦੋਲਨਾਂ ਨਾਲ ਨਿਪਟਣ ਲਈ ਕੀਤੀ ਜਾਂਦੀ ਹੈ। ਅੰਦਰੂਨੀ ਅੰਦੋਲਨ ਜਦੋਂ ਹਥਿਆਰਬੰਦ ਟਕਰਾਅ ਦਾ ਰੂਪ ਧਾਰਨ ਕਰ ਜਾਂਦੇ ਹਨ ਤਾਂ ਮਨੁੱਖੀ ਅਧਿਕਾਰਾਂ ਦੀ ਵੱਡੇ ਪੱਧਰ ’ਤੇ ਉਲੰਘਣਾ ਤੀਜੀ ਦੁਨੀਆਂ ਦੇ ਬਸਤੀਵਾਦ ਦੇ ਖਾਤਮੇ ਬਾਅਦ ਹੋਂਦ ਵਿਚ ਆਏ ਮੁਲਕਾਂ ਵਿਚ ਹੀ ਨਹੀਂ ਹੁੰਦੀ ਸਗੋਂ ਇਹ ਯੂਰੋਪ ਦੇ ਕਈ ਹਿੱਸਿਆਂ ਵਿਚ ਵੀ ਵੇਖਣ ਵਿਚ ਆਈ ਹੈ ਖ਼ਾਸ ਕਰਕੇ ਸਾਬਕਾ ਯੂਗੋਸਲਾਵੀਆ ਦੇ ਟੁੱਟਣ ਬਾਅਦ। 1948 ਵਿਚ ਪ੍ਰਵਾਨ ਕੀਤੀ ਗਈ ਨਸਲਕੁਸ਼ੀ ਅਪਰਾਧ ਦੀ ਰੋਕਥਾਮ ਅਤੇ ਸਜ਼ਾ ਕਨਵੈਨਸ਼ਨ ਆਪਣੇ ਆਪ ਵਿਚ ਆਜ਼ਾਦ ਮੁਲਕਾਂ ਵੱਲੋਂ ਆਪਣੇ ਹੀ ਨਾਗਰਿਕਾਂ ਉਪਰ ਕੀਤੀ ਜਾਂਦੀ ਹਿੰਸਾ ਦਾ ਜਵਾਬ ਸੀ। ਅਡੌਲਫ ਹਿਟਲਰ ਦੀ ਨਾਜ਼ੀ ਪਾਰਟੀ ਦੀ ਅਗਵਾਈ ਵਾਲੀ ਜਰਮਨ ਸਰਕਾਰ ਨੇ 1941-44 ਦਰਮਿਆਨ ਯੂਰੋਪ ਵਿਚ ਤਕਰੀਬਨ ਸੱਠ ਲੱਖ ਲੋਕਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਸੀ। ਜ਼ਿਆਦਾਤਰ ਮਾਰੇ ਗਏ ਯਹੂਦੀ ਜਰਮਨੀ ਦੇ ਨਾਗਰਿਕ ਸਨ। ਇਕ ਪੌਲਿਸ਼ ਯਹੂਦੀ ਵਕੀਲ ਰਾਫੇਲ ਲੈਮਕਿਨ ਨੇ 1943 ਵਿਚ ਸਮੂਹਿਕ ਹੱਤਿਆਵਾਂ ਨੂੰ ਪਛਾਣ ਦੇਣ ਲਈ ‘ਨਸਲਕੁਸ਼ੀ’ ਸ਼ਬਦ ਘੜਿਆ ਸੀ। ਉਸ ਨੇ ਹੀ ਸੰਯੁਕਤ ਰਾਸ਼ਟਰ ਵੱਲੋਂ ਪਾਸ ਕੀਤੀ ਨਸਲਕੁਸ਼ੀ ਕਨਵੈਨਸ਼ਨ ਦਾ ਖਰੜਾ ਤਿਆਰ ਕੀਤਾ ਸੀ। ਲੈਮਕਿਨ ਦੀ 1959 ਵਿਚ 59 ਸਾਲ ਦੀ ਉਮਰ ਵਿਚ ਮੌਤ ਹੋ ਗਈ ਸੀ। ਉਸ ਦੀ ਮੌਤ ਤੋਂ ਕਈ ਸਾਲਾਂ ਬਾਅਦ 2013 ਵਿਚ ਉਸ ਦੀ ਸਵੈ-ਜੀਵਨੀ ਛਾਪੀ ਗਈ। ਲੈਮਕਿਨ ਨੇ ਇਸ ਵਿਚ ਲਿਖਿਆ ਹੈ ਕਿ ਅਸਲ ਵਿਚ ਉਸ ਦਾ ਖੋਜ ਕਾਰਜ ਅਤੇ ਜ਼ਿੰਦਗੀ ਭਰ ਦੀ ਮੁਹਿੰਮ ਦਾ ਆਗਾਜ਼ 1915-17 ਦਰਮਿਆਨ ਹੋਈ ਅਰਮੀਨੀਅਨ ਨਸਲਕੁਸ਼ੀ ਉਪਰ ਆਧਾਰਿਤ ਹੈ। ਇਸ ਵਿਚ ਅੰਦਾਜ਼ਨ ਦਸ ਤੋਂ ਪੰਦਰਾਂ ਲੱਖ ਦਰਮਿਆਨ ਅਰਮੀਨੀਅਨ ਮਾਰੇ ਗਏ ਸਨ। ਅਰਮੀਨੀਅਨ ਨਸਲਕੁਸ਼ੀ ਨੂੰ ਪਹਿਲੀ ਆਧੁਨਿਕ ਨਸਲਕੁਸ਼ੀ ਮੰਨਿਆ ਜਾਂਦਾ ਹੈ। ਤੁਰਕੀ ਦੇ ਓਟੋਮਨ ਸਾਮਰਾਜ ਨੇ ਅਰਮੀਨੀਅਨਾਂ ਦੀਆਂ ਹੱਤਿਆਵਾਂ ਅਗਾਊਂ ਸੋਚ ਸਮਝ ਕੇ ਕੀਤੀਆਂ ਸਨ। ਇਨ੍ਹਾਂ ਵਿਚੋਂ ਬਹੁਤੇ ਓਟੋਮਨ ਸਾਮਰਾਜ ਦੇ ਨਾਗਰਿਕ ਸਨ।

ਪ੍ਰੀਤਮ ਸਿੰਘ (ਪ੍ਰੋ.)*

1948 ਦੀ ਕਨਵੈਨਸ਼ਨ ਵਿਚ ਨਸਲਕੁਸ਼ੀ ਦੀ ਪਰਿਭਾਸ਼ਾ ਵਿਚ ਇਹ ਹਵਾਲਾ ਸ਼ਾਮਲ ਕੀਤਾ ਗਿਆ: ‘ਇਕ ਨਾਗਰਿਕ, ਨਸਲ, ਨਸਲੀ ਜਾਂ ਧਾਰਮਿਕ ਗਰੁੱਪ ਨੂੰ ਪੂਰੀ ਤਰ੍ਹਾਂ ਜਾਂ ਅੰਸ਼ਕ ਰੂਪ ਵਿਚ ਤਬਾਹ ਕਰਨ ਦੀ ਇੱਛਾ ਨਾਲ ਕੀਤਾ ਗਿਆ ਕਾਰਜ’। ਇਹ ਪਰਿਭਾਸ਼ਾ ਭਾਵੇਂ ਬਹੁਤ ਦਰੁਸਤ ਜਾਪਦੀ ਹੈ ਪਰ ਇਹ ਸਮੂਹਿਕ ਹੱਤਿਆਵਾਂ ਦੇ ਸਾਰੇ ਪੱਖਾਂ ਨੂੰ ਫੜ ਰਹੀ ਹੈ, ਸੰਤੁਸ਼ਟ ਨਹੀਂ ਕਰਦੀ। ਵੀਹਵੀਂ ਸਦੀ ਵਿਚ ਸਮੂਹਿਕ ਹੱਤਿਆਵਾਂ ਦੇ ਦੋ ਅਜਿਹੇ ਮੌਕੇ ਹਨ ਜਿਹੜੇ ਇਸ ਪਰਿਭਾਸ਼ਾ ਨਾਲ ਸੁਮੇਲ ਬਿਠਾਉਣ ਵਿਚ ਮੁਸ਼ਕਿਲ ਖੜ੍ਹੀ ਕਰਦੇ ਹਨ। ਪਹਿਲਾ, ਸਟਾਲਿਨ ਵੱਲੋੋਂ 1930ਵਿਆਂ ਵਿਚ ਸਿਆਸੀ ਵਿਰੋਧੀਆਂ ਨੂੰ ਸੋਧਣ ਲਈ ਕੀਤਾ ਗਿਆ ਦਮਨ। ਅਜਿਹੀਆਂ ਦਮਨਕਾਰੀ ਨੀਤੀਆਂ ਕਾਰਨ ਤਕਰੀਬਨ ਦਸ ਲੱਖ ਲੋਕ ਮਾਰੇ ਗਏ। ਇਹ ਹੱਤਿਆਵਾਂ ਉਪਰੋਕਤ ਪਰਿਭਾਸ਼ਾ ਦੇ ਦਾਇਰੇ ਵਿਚ ਨਹੀਂ ਆਉਂਦੀਆਂ ਕਿਉਂਕਿ ਅਜਿਹਾ ਖੱਬੇ ਅਤੇ ਸੱਜੇ ਪੱਖੀਆਂ ਦੇ ਸਟਾਲਿਨ ਦੀਆਂ ਸ਼ਕਤੀਆਂ ਦੇ ਸਿਆਸੀ ਵਿਰੋਧ ਵਜੋਂ ਵਾਪਰਿਆ ਜਾਂ ਗੁਮਰਾਹਕੁੰਨ ਸਨਅਤੀ ਰਣਨੀਤੀ ਕਾਰਨ ਜਿਹੜੀ ਕਿਸਾਨਾਂ ਨੂੰ ਦਬਾਉਣ ਲਈ ਲੋੜੀਂਦੀ ਸੀ। ਦੂਜਾ ਮੌਕਾ, ਸਟਾਲਿਨਿਸਟ ਖਮੇਰ ਰੂਜ਼ ਦੇ ਰਾਜਭਾਗ ਵਿਚ 1975-79 ਦੌਰਾਨ ਕੰਬੋਡੀਅਨਾਂ ਦੀਆਂ 15 ਲੱਖ ਤੋੋਂ ਵੱਧ ਹੱਤਿਆਵਾਂ ਦਾ ਸੀ ਜਿਹੜੀਆਂ ਉੱਥੋਂ ਦੀ ਕੁੱਲ ਆਬਾਦੀ ਦਾ ਕਰੀਬ 25 ਫ਼ੀਸਦੀ ਬਣਦੀਆਂ ਹਨ। ਅਜਿਹਾ ਸਮਾਜਿਕ ਤਬਦੀਲੀ ਲਈ ਚਲਾਈ ਮੁਹਿੰਮ ਤਹਿਤ ਕੀਤਾ ਗਿਆ ਕਿਉਂਕਿ ਖਮੇਰ ਰੂਜ਼ ਦੀ ਕੌਮਪ੍ਰਸਤੀ ਵਿਚ ਨਸਲੀ ਉੱਤਮਤਾ ਦਾ ਪਰਛਾਵਾਂ ਝਲਕਦਾ ਸੀ ਅਤੇ ਦੂਜੀਆਂ ਘੱਟਗਿਣਤੀਆਂ ਜਿਵੇਂ ਵੀਅਤਨਾਮੀਆਂ ਅਤੇ ਦੂਜੇ ਧਰਮਾਂ ਜਿਵੇਂ ਇਸਾਈਆਂ ਅਤੇ ਮੁਸਲਮਾਨਾਂ ਨੂੰ ਨਿਸ਼ਾਨਾ ਬਣਾਇਆ ਗਿਆ, ਇਸ ਲਈ ਇਸ ਨੂੰ ਨਸਲਘਾਤ ਦਾ ਨਾਂ ਦਿੱਤਾ ਗਿਆ। ਨਸਲਘਾਤ ਅਪਰਾਧ ਰੋਕਣ ਅਤੇ ਅਜਿਹਾ ਕਰਨ ਵਾਲਿਆਂ ਲਈ ਸਜ਼ਾ ਵਾਸਤੇ ਕਨਵੈਨਸ਼ਨ ਉਪਰ ਬਹੁਤ ਸਾਰੇ (149) ਮੁਲਕਾਂ ਨੇ ਦਸਤਖ਼ਤ ਕੀਤੇ ਅਤੇ ਇਸ ਸੰਧੀ ਦੀ ਪੁਸ਼ਟੀ ਵੀ ਕੀਤੀ ਪਰ ਨਸਲਘਾਤ ਰੋਕਣ ਵਿਚ ਵੱਡੇ ਪੱਧਰ ’ਤੇ ਅਸਫਲਤਾ ਮਿਲੀ ਹਾਲਾਂਕਿ ਸਜ਼ਾ ਦਿਵਾਉਣ ਵਿਚ ਕੁਝ ਸੀਮਿਤ ਹੱਦ ਤਕ ਪ੍ਰਗਤੀ ਹੋਈ ਹੈ। ਖੁਮੇਰ ਰੂਜ਼ ਦੇ ਦੋ ਆਗੂਆਂ ਨੂੰ ਪਿਛਲੇ ਮਹੀਨੇ ਨਸਲਕੁਸ਼ੀ ਦੇ ਮਾਮਲਿਆਂ ਵਿਚ ਦੋਸ਼ੀ ਠਹਿਰਾਇਆ ਗਿਆ ਹੈ। ਸਰਬੀਆ ਦੇ ਰਾਸ਼ਟਰਪਤੀ ਸਲੋਬੋਦਨ ਮਿਲੋਸੇਵਿਚ ਉਪਰ 1999 ਵਿਚ ਨਸਲਕੁਸ਼ੀ ਕਰਨ ਦਾ ਦੋਸ਼ ਲੱਗਿਆ ਸੀ। ਉਹ ਦੋਸ਼ੀ ਠਹਿਰਾਏ ਜਾਣ ਤੋਂ ਪਹਿਲਾਂ ਹੀ ਪੁਲੀਸ ਹਿਰਾਸਤ ਵਿਚ ਦਮ ਤੋੜ ਗਿਆ। ਰਵਾਂਡਾ ਦਾ ਇਕ ਹੁਤੂ ਨੇਤਾ ਜੀਨ ਪਾਲ ਅਕਾਯੇਸੂ, ਜਿਸ ਉਪਰ ਘੱਟਗਿਣਤੀ ਟੁਟਸੀ ਲੋਕਾਂ ਦੀਆਂ 1994 ਵਿਚ ਕਰੀਬ ਪੰਜ ਲੱਖ ਹੱਤਿਆਵਾਂ ਕਰਨ ਦਾ ਦੋੋਸ਼ ਸੀ, ਅਜਿਹਾ ਪਹਿਲਾ ਵਿਅਕਤੀ ਬਣ ਗਿਆ ਜਿਸ ਨੂੰ 1998 ਵਿਚ ਨਸਲਘਾਤ ਲਈ ਦੋਸ਼ੀ ਐਲਾਨਿਆ ਗਿਆ। ਸੰਸਥਾਗਤ ਜਵਾਬਦੇਹੀ, ਸਜ਼ਾ ਤੋਂ ਛੋਟ ਦੇ ਖਾਤਮੇ, ਮਾੜੇ ਕੰਮਾਂ ਤੋਂ ਰੋਕਣ ਦੇ ਨੁਕਤੇ ਨਾਲ ਵਿਚਾਰਿਆ ਜਾਵੇ ਤਾਂ ਇਹ ਗੱਲ ਅਹਿਮ ਹੈ ਕਿ ਜਿਨ੍ਹਾਂ ਉਪਰ ਨਸਲਘਾਤ ਜਾਂ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦੇ ਦੋਸ਼ ਹਨ, ਉਨ੍ਹਾਂ ਨੂੰ ਸਜ਼ਾਵਾਂ ਮਿਲਣ। ਫਿਰ ਵੀ, ਦੁਨੀਆਂ ਦੇ ਜਿਨ੍ਹਾਂ ਹਿੱਸਿਆਂ ਵਿਚ ਲੋਕਾਂ ਦੀ ਹਾਲਤ ਬਹੁਤ ਤਰਸਯੋਗ ਹੈ, ਉੱਥੇ ਨਸਲਘਾਤ ਰੋਕਣੇ ਬਹੁਤ ਮਹੱਤਵਪੂਰਨ ਹਨ। ਅੰਕੜੇ ਇਕੱਤਰ ਕਰਨ ਲਈ ਨਵੇਂ ਢੰਗ ਤਰੀਕਿਆਂ ਦੀ ਲੋੜ ਹੈ ਜਿਨ੍ਹਾਂ ਰਾਹੀਂ ਸਮੂਹਿਕ ਹੱਤਿਆਵਾਂ ਹੋਣ ਦੀ ਸੰਭਾਵਨਾ ਦਾ ਪਹਿਲਾਂ ਪਤਾ ਲਾਇਆ ਜਾ ਸਕੇ ਅਤੇ ਅਜਿਹੀਆਂ ਹੱਤਿਆਵਾਂ ਰੋਕਣ ਲਈ ਰਣਨੀਤੀਆਂ ਅਮਲ ਵਿਚ ਲਿਆਂਦੀਆਂ ਜਾ ਸਕਣ। ਨਵੀਂ ਆਧੁਨਿਕ ਸੂਚਨਾ ਤਕਨਾਲੋਜੀ ਅੰਕੜੇ ਇਕੱਠੇ ਕਰਨ ਵਿਚ ਲਾਭਕਾਰੀ ਹੋ ਸਕਦੀ ਹੈ ਪਰ ਜ਼ਿਆਦਾ ਮਹੱਤਵਪੂਰਨ ਗੱਲ ਇਹ ਹੈ ਕਿ ਕਿਸੇ ਭਾਈਚਾਰੇ ਵਿਰੁੱਧ ਵਰਤੀ ਜਾ ਰਹੀ ਨਫ਼ਰਤ ਭਰੀ ਸਿਆਸੀ ਭਾਸ਼ਾ ਉਪਰ ਨਿਗਰਾਨੀ ਰੱਖੀ ਜਾਵੇ। ਇਤਿਹਾਸ ਤੋਂ ਇਕ ਸਬਕ ਇਹ ਸਿੱਖਿਆ ਜਾ ਸਕਦਾ ਹੈ ਕਿ ਸਾਰੀਆਂ ਨਸਲਕੁਸ਼ੀ ਹੱਤਿਆਵਾਂ ਦਾ ਕਾਰਨ ਉੱਥੇ ਨਿਸ਼ਾਨੇ ’ਤੇ ਰਹੇ ਭਾਈਚਾਰੇ ਵਿਰੁੱਧ ਪਹਿਲਾਂ ਨਫ਼ਰਤ ਭਰਿਆ ਪ੍ਰਚਾਰ ਕੀਤਾ ਜਾਣਾ ਸੀ। ਇਸ ਦਾ ਅਰਥ ਹੈ ਕਿ ਮਨੁੱਖੀ ਅਧਿਕਾਰ ਉਲੰਘਣਾਵਾਂ ਸਰਕਵੇਂ ਪੱਧਰ ’ਤੇ ਵਾਪਰਦੀਆਂ ਹਨ। ਇਨ੍ਹਾਂ ਘੱਟ ਪੱਧਰ ਦੀਆਂ ਉਲੰਘਣਾਵਾਂ ਨੂੰ ਨਜ਼ਰਅੰਦਾਜ਼ ਕਰਨ ਦਾ ਭਾਵ ਹੈ ਕਿ ਵੱਡੇ ਪੱਧਰ ’ਤੇ ਉਲੰਘਣਾਵਾਂ ਵਾਪਰਨਗੀਆਂ। ਸੰਯੁਕਤ ਰਾਸ਼ਟਰ ਨੂੰ ਹੁਣ 70 ਸਾਲ ਪਹਿਲਾਂ ਨਾਲੋਂ ਵੱਧ ਸਰਗਰਮ ਅਤੇ ਪ੍ਰਭਾਵੀ ਹੋਣ ਦੀ ਲੋੜ ਹੈ।

ਪੌਂਟਿਕ ਗਰੀਕ ਨਸਲਕੁਸ਼ੀ ਦੀ ਯਾਦਗਾਰ।

ਪਹਿਲੀ ਆਲਮੀ ਜੰਗ ਦੌਰਾਨ ਹੋਈ ਨਸਲਕੁਸ਼ੀ ਵਿਚ 15 ਲੱਖ ਅਰਮੀਨੀਅਨ, 2.5 ਲੱਖ ਅਸੀਰਅਨ (ਇਰਾਕ, ਤੁਰਕੀ ਆਦਿ ਵਿਚ ਰਹਿਣ ਵਾਲੇ) ਇਸਾਈ ਅਤੇ 3.5 ਲੱਖ ਤੋਂ ਵੱਧ ਅਨਤੋਲੀਅਨ ਤੇ ਪੋਟਿੰਕ ਗਰੀਕ ਮਾਰੇ ਗਏ। * * * ਪਹਿਲੇ ਸੰਸਾਰ ਯੁੱਧ ਦੌਰਾਨ ਹੋ ਰਹੀ ਕਤਲੋਗਾਰਤ ਤੇ ਨਸਲਕੁਸ਼ੀਆਂ ਦਾ ਨਕਸ਼ਾ ਖਿੱਚਦਿਆਂ ਪ੍ਰਸਿੱਧ ਜਰਮਨ ਚਿੰਤਕ ਰੋਜ਼ਾ ਲਕਸਮਬਰਗ ਨੇ ਲਿਖਿਆ: ‘‘ਰੋਜ਼ਾਨਾ ਭਾਰੀ ਪੈਮਾਨੇ ’ਤੇ ਹੋ ਰਹੀ ਕਤਲੋਗਾਰਤ ਰੋਜ਼ਮਰ੍ਹਾ ਦੇ ਜੀਵਨ ਦਾ ਨੀਰਸ ਤੇ ਅਕਾਊ ਪਹਿਲੂ ਬਣ ਕੇ ਉੱਭਰੀ ਹੈ ਅਤੇ ਇਸ ਦਾ ਕੋਈ ਅੰਤ ਦਿਖਾਈ ਨਹੀਂ ਦਿੰਦਾ। ਇਸ ਤਬਾਹੀ ਵਿਚ ਵਪਾਰ ਤਰੱਕੀ ਕਰ ਰਿਹਾ ਹੈ... ਸ਼ਹਿਰ ਖੰਡਰਾਤ ਬਣ ਗਏ ਹਨ, ਪਿੰਡ ਕਬਰਿਸਤਾਨ ਤੇ ਦੇਸ਼ ਮਾਰੂਥਲ...।’’

ਪਹਿਲੀ ਸੰਸਾਰ ਜੰਗ ਦੌਰਾਨ ਅਰਮੀਨੀਅਨ ਲੋਕਾਂ ਦੀ ਨਸਲਕੁਸ਼ੀ ਪਹਿਲੀ ਸੰਸਾਰ ਜੰਗ ਦੌਰਾਨ ਓਟੋਮਨ ਬਾਦਸ਼ਾਹਤ ਦੀਆਂ ਸਿੱਧੀਆਂ ਹਦਾਇਤਾਂ ਅਨੁਸਾਰ 15 ਲੱਖ ਅਰਮੀਨੀਅਨ ਕਤਲ ਕੀਤੇ ਗਏ। ਇਨ੍ਹਾਂ ਵਿਚੋਂ ਬਹੁਤੇ ਅਰਮੀਨੀਅਨ ਓਟੋਮਨ ਸਾਮਰਾਜ ਦੇ ਹੀ ਨਾਗਰਿਕ ਸਨ। ਇਸ ਨਸਲਕੁਸ਼ੀ ਦੀ ਸ਼ੁਰੂਆਤ 24 ਅਪਰੈਲ 1915 ਤੋਂ ਹੋਈ ਮੰਨੀ ਜਾਂਦੀ ਹੈ ਜਦੋਂ ਬਾਦਸ਼ਾਹਤ ਦੇ ਅਧਿਕਾਰੀਆਂ ਨੇ ਇਸਤੰਬੁਲ ਤੋਂ 235-270 ਦੇ ਲਗਪਗ ਅਰਮੀਨੀਅਨ ਆਗੂਆਂ ਤੇ ਬੁੱਧੀਜੀਵੀਆਂ ਨੂੰ ਗ੍ਰਿਫ਼ਤਾਰ ਕਰਕੇ ਅੰਕਾਰਾ ਦੇ ਇਲਾਕੇ ਵਿਚ ਭੇਜ ਦਿੱਤਾ ਅਤੇ ਬਾਅਦ ਵਿਚ ਉਨ੍ਹਾਂ ਵਿਚੋਂ ਬਹੁਤਿਆਂ ਨੂੰ ਕਤਲ ਕਰ ਦਿੱਤਾ ਗਿਆ। ਇਸ ਨਸਲਕੁਸ਼ੀ ਦੇ ਦੋ ਪੜਾਅ ਸਨ। ਪਹਿਲੇ ਪੜਾਅ ਵਿਚ ਮਰਦਾਂ ਨੂੰ ਵੱਖ ਵੱਖ ਤਰੀਕਿਆਂ ਨਾਲ ਕਤਲ ਕੀਤਾ ਗਿਆ ਤੇ ਉਨ੍ਹਾਂ ਤੋਂ ਜਬਰੀ ਵਗਾਰ ਕਰਾਈ ਗਈ। ਦੂਜੇ ਪੜਾਅ ਵਿਚ ਔਰਤਾਂ, ਬੱਚਿਆਂ, ਬਜ਼ੁਰਗਾਂ ਤੇ ਅਪਾਹਜ ਲੋਕਾਂ ਨੂੰ ਭੁੱਖੇ ਤਿਹਾਏ ਸੀਰੀਆ ਦੇ ਮਾਰੂਥਲ ਵੱਲ ਜਲੂਸਾਂ ਦੀ ਸ਼ਕਲ ਵਿਚ ਲਿਜਾਂਦਿਆਂ ਤਸੀਹੇ ਦੇ ਕੇ ਮਾਰਿਆ ਗਿਆ। ਭਾਵੇਂ ਸਾਰੀ ਦੁਨੀਆਂ ਵਿਚ ਮਨੁੱਖਤਾ ਵਿਰੁੱਧ ਏਨੇ ਵੱਡੇ ਪੱਧਰ ਦੇ ਅਪਰਾਧ ਨੂੰ ਵੀਹਵੀਂ ਸਦੀ ਦੀ ਪਹਿਲੀ ਨਸਲਕੁਸ਼ੀ ਕਿਹਾ ਜਾਂਦਾ ਹੈ ਪਰ ਤੁਰਕੀ ਹੁਣ ਵੀ ਇਸ ਕਤਲੇਆਮ ਨੂੰ ਨਸਲਕੁਸ਼ੀ ਨਹੀਂ ਮੰਨਦਾ। ਅਰਮੀਨੀਅਨ ਲੋਕ ਕੌਣ ਹਨ: ਅਰਮੀਨੀਅਨ ਲੋਕ ਅਰਮੀਨੀਅਨ ਪਹਾੜੀਆਂ, ’ਤੇ ਵਸਣ ਵਾਲੇ ਲੋਕ ਹਨ ਜਿਹੜੇ ਆਮ ਕਰਕੇ ਅਰਮੀਨੀਅਨ ਐਪੋਸਟੇਲਿਕ ਚਰਚ ਦੇ ਅਨੁਯਾਈ ਹਨ। ਇਹ ਲੋਕ ਯੂਰੋਪ ਤੇ ਏਸ਼ੀਆ ਦੀ ਸਰਹੱਦ ਦੇ ਨਾਲ ਨਾਲ ਤੁਰਕੀ, ਇਰਾਕ, ਇਰਾਨ, ਤੁਰਕੀ, ਸੀਰੀਆ ਅਤੇ ਅਰਮੀਨੀਆ ਵਿਚ ਵਸਦੇ ਹਨ।

ਅਰਮੀਨੀਅਨ ਨਸਲਕੁਸ਼ੀ ਦੀ ਯਾਦਗਾਰ।

ਸ਼ਬਦ ਨਸਲਕੁਸ਼ੀ (Genocide): ਇਹ ਸ਼ਬਦ ਰਫੈਲ ਲੈਮਕਿਨ ਨੇ 1943-44 ਦੇ ਲਾਗੇ ਵੱਡੇ ਕਤਲੇਆਮ ਵਾਸਤੇ ਵਰਤਿਆ। ਰਫੈਲ ਲੈਮਕਿਨ ਪੋਲੈਂਡ ਦਾ ਯਹੂਦੀ ਵਸਨੀਕ ਸੀ ਅਤੇ ਪਹਿਲੀ ਵੱਡੀ ਜੰਗ ਦੌਰਾਨ ਉਸ ਦੇ ਪਰਿਵਾਰ ਨੂੰ ਆਪਣਾ ਘਰ-ਬਾਰ ਛੱਡ ਕੇ ਜੰਗਲ ਵਿਚ ਜਾ ਕੇ ਰਹਿਣਾ ਪਿਆ ਸੀ ਤੇ ਉਹਦਾ ਭਰਾ ਜੰਗਲ ਵਿਚ ਰਹਿੰਦਿਆਂ ਨਮੂਨੀਏ ਤੇ ਭੁੱਖਮਰੀ ਕਾਰਨ ਮਰ ਗਿਆ। ਲੈਮਕਿਨ ਨੇ ਨਾਜ਼ੀ ਸਮਿਆਂ ਵਿਚ ਯਹੂਦੀਆਂ ਵਿਰੁੱਧ ਵਧ ਰਹੇ ਅੱਤਿਆਚਾਰਾਂ, ਜੋ ਬਾਅਦ ਵਿਚ ਨਸਲਕੁਸ਼ੀ ਦੀ ਸ਼ਕਲ ਅਖ਼ਤਿਆਰ ਕਰ ਗਏ, ਨੂੰ ਤੱਕਿਆ। 1933 ਵਿਚ ਉਸ ਨੇ ‘ਲੀਗ ਆਫ਼ ਨੇਸ਼ਨਜ਼’ ਸਾਹਮਣੇ ਇਹ ਤਜਵੀਜ਼ ਰੱਖੀ ਕਿ ਬੱਜਰ ਅਪਰਾਧਾਂ (‘ਕ੍ਰਾਈਮ ਆਫ਼ ਬਾਰਬੈਰਿਟੀ’ ਭਾਵ ਜਿਸ ਵਿਚ ਹਜ਼ਾਰਾਂ ਲੋਕ ਮਾਰੇ ਜਾਣ) ਨੂੰ ਕੌਮਾਂਤਰੀ ਕਾਨੂੰਨ ਤਹਿਤ ਅਪਰਾਧ ਮੰਨਿਆ ਜਾਣਾ ਚਾਹੀਦਾ ਹੈ। ਉਸ ਦਾ ਇਹ ਪ੍ਰਸਤਾਵ 1933 ਵਿਚ ਇਰਾਕ ਵਿਚ ਹੋਏ ਅਸੀਰੀਅਨ ਲੋਕਾਂ ਦੇ ਕਤਲੇਆਮ ਤੋਂ ਪ੍ਰਭਾਵਿਤ ਸੀ। ਸ਼ਬਦ ‘ਜੈਨੋਸਾਈਡ’ ਗਰੀਕ ਸ਼ਬਦ ‘ਜੈਨੋਸ’ (ਜਿਸ ਦਾ ਮਤਲਬ ਕਬੀਲਾ ਜਾਂ ਨਸਲ ਹੈ) ਤੇ ਲਾਤੀਨੀ ਸ਼ਬਦ ‘ਸਾਈਡ’ (ਜਿਸ ਦਾ ਮਤਲਬ ਕਤਲ ਹੈ) ਨੂੰ ਮਿਲਾ ਕੇ ਬਣਿਆ ਹੈ। ਦੂਜੀ ਸੰਸਾਰ ਜੰਗ ਦੌਰਾਨ ਹੋਈ ਯਹੂਦੀਆਂ ਦੀ ਨਸਲਕੁਸ਼ੀ ਇਹ ਨਸਲਕੁਸ਼ੀ ਜਿਸ ਨੂੰ ‘ਹੋਲੋਕਾਸਟ’ ਜਾਂ ‘ਛੋਆਹ’ ਵੀ ਕਿਹਾ ਜਾਂਦਾ ਹੈ, ਨਾਜ਼ੀ ਜਰਮਨੀ ਦੇ ਦੌਰ ਵਿਚ 60 ਲੱਖ ਯੂਰੋਪੀਅਨ ਯਹੂਦੀਆਂ ਦਾ ਯੋਜਨਾਬੱਧ ਤਰੀਕੇ ਨਾਲ ਕੀਤਾ ਗਿਆ ਕਤਲੇਆਮ ਸੀ। ਯਹੂਦੀਆਂ ਦੇ ਨਾਲ ਨਾਲ ਇਸ ਕਤਲੇਆਮ ਦੀਆਂ ਪੀੜਤ ਧਿਰਾਂ ਵਿਚ ਜਿਪਸੀ (ਰੋਮਾਂ ਕਬੀਲੇ ਦੇ ਲੋਕ), ਅਪਾਹਜ, ਨਾਜ਼ੀਆਂ ਦੇ ਸਿਆਸੀ ਵਿਰੋਧੀ, ਕਮਿਊਨਿਸਟ ਤੇ ਸਮਾਜਵਾਦੀ ਵਿਚਾਰਾਂ ਵਾਲੇ ਲੋਕ, ਪੋਲੈਂਡ, ਰੂਸੀ ਤੇ ਸਮਲਿੰਗੀ ਵੀ ਸ਼ਾਮਿਲ ਸਨ। ਕਈ ਅੰਦਾਜ਼ਿਆਂ ਮੁਤਾਬਿਕ ਇਸ ਭਿਆਨਕ ਨਸਲਕੁਸ਼ੀ ਵਿਚ 1 ਕਰੋੜ 70 ਲੱਖ ਲੋਕ ਮਾਰੇ ਗਏ। ਇਸ ਨਸਲਕੁਸ਼ੀ ਪਿੱਛੇ ਯਹੂਦੀ ਵਿਰੋਧੀ ਵਿਚਾਰਧਾਰਾ ਸੀ। ਇਹ ਵਿਚਾਰਧਾਰਾ ਮੱਧਕਾਲੀਨ ਦੌਰ ਵਿਚ ਯੂਰੋਪ ਵਿਚ ਪਨਪੀ ਜਿਸ ਵਿਚ ਯਹੂਦੀਆਂ ਨੂੰ ਈਸਾ ਮਸੀਹ ਦੇ ਕਤਲ ਅਤੇ ਸੰਸਾਰ ਦੀਆਂ ਸਾਰੀਆਂ ਬੁਰਾਈਆਂ ਲਈ ਜ਼ਿੰਮੇਵਾਰ ਠਹਿਰਾਇਆ ਗਿਆ। ਬਾਅਦ ਵਿਚ ‘ਕੁਝ ਵਿਦਵਾਨਾਂ’ ਨੇ ਇਸ ਸਿਧਾਂਤ ਦਾ ਪ੍ਰਚਾਰ ਕੀਤਾ ਕਿ ਦੁਨੀਆਂ ’ਤੇ ਰਾਜ ਕਰਨ ਦੀ ਲੜਾਈ ਯਹੂਦੀਆਂ ਤੇ ਆਰੀਅਨ ਨਸਲਾਂ ਵਿਚਕਾਰਲੀ ਲੜਾਈ ਸੀ। ਹਿਟਲਰ ਅਤੇ ਹੋਰ ਨਾਜ਼ੀਆਂ ਨੇ ਇਸ ਗੱਲ ਨੂੰ ਵਧ-ਚੜ੍ਹ ਕੇ ਪ੍ਰਚਾਰਿਆ ਕਿ ਯਹੂਦੀਆਂ ਨੇ ਪਹਿਲੀ ਸੰਸਾਰ ਜੰਗ ਦੌਰਾਨ ਜਰਮਨੀ ਨਾਲ ਧੋਖਾ ਕੀਤਾ ਸੀ। ਨਸਲਕੁਸ਼ੀ ਬੜੇ ਯੋਜਨਾਬੱਧ ਤਰੀਕੇ ਨਾਲ ਕੀਤੀ ਗਈ। ਪਹਿਲਾਂ ਯਹੂਦੀਆਂ ਨੂੰ ਆਮ ਨਾਗਰਿਕ ਜ਼ਿੰਦਗੀ ਤੋਂ ਅਲੱਗ-ਥਲੱਗ ਕੀਤਾ ਗਿਆ ਤੇ ਉਨ੍ਹਾਂ ’ਤੇ ਹਮਲੇ ਕੀਤੇ ਗਏ, ਫਿਰ ਹੌਲੀ ਹੌਲੀ 42,000 ਤਸੀਹਾ ਕੇਂਦਰ ਬਣਾਏ ਗਏ ਅਤੇ ਇਸ ਤੋਂ ਬਾਅਦ ਸ਼ੁਰੂ ਹੋਇਆ ਯਹੂਦੀਆਂ ਨੂੰ ਮਾਰਨ ਦਾ ਸਿਲਸਿਲਾ। ਗੋਲੀਬਾਰੀ ਦਸਤਿਆਂ ਨੇ ਲੱਖਾਂ ਲੋਕ ਮਾਰੇ; ਫਿਰ ਗੈਸ ਚੈਂਬਰ ਬਣਾਏ ਗਏ। 1942 ਸਭ ਤੋਂ ਭਿਆਨਕ ਸਾਲ ਸੀ ਜਿਸ ਵਿਚ 30 ਲੱਖ ਯਹੂਦੀ ਮਾਰੇ ਗਏ। ਔਸ਼ਵਿਚਜ਼ ਦੇ ਤਸੀਹਾ ਕੇਂਦਰ ਵਿਚ 11 ਲੱਖ ਯਹੂਦੀ ਮਾਰੇ ਗਏ। ਔਸ਼ਵਿਚਜ਼ ਵਿਚ ਬੈਲਜੈਕ, ਚੱਲਮਨੋ ਆਦਿ ਹੋਰ ਥਾਵਾਂ ’ਤੇ ਬਣਾਏ ਗਏ ਕੈਂਪਾਂ ਨੂੰ ਮੌਤ ਦੇ ਘਾਟ ਉਤਾਰਨ ਵਾਲੇ ਕੈਂਪ (ਐਕਸਟਰਮੀਨੇਸ਼ਨ ਕੈਂਪ) ਕਿਹਾ ਜਾਂਦਾ ਹੈ। ਬੁਚਨਵਾਲਡ ਦੇ ਤਸੀਹਾ ਕੇਂਦਰ ਵਿਚ ਹੋਇਆ ਕਤਲੇਆਮ ਇਸ ਦੀ ਇਕ ਹੋਰ ਸਿਖ਼ਰ ਸੀ। ਨਵੰਬਰ 1943 ਦੇ ਪਹਿਲੇ ਵਿਚ ਅਪਰੇਸ਼ਨ ਹਾਰਵੈਸਟ ਫੈਸਟੀਵਲ ਦੌਰਾਨ 42 ਹਜ਼ਾਰ ਯਹੂਦੀ ਮਾਰੇ ਗਏ। ਮਈ 1945 ਵਿਚ ਦੂਜੀ ਆਲਮੀ ਜੰਗ ਦੇ ਅੰਤ ਤਕ ਯਹੂਦੀਆਂ ਦਾ ਕਤਲੇਆਮ ਜਾਰੀ ਰਿਹਾ।

* ਪ੍ਰੋਫ਼ੈਸਰ, ਔਕਸਫੋਰਡ ਸਕੂਲ ਆਫ ਗਲੋਬਲ ਐਂਡ ਏਰੀਆ ਸਟੱਡੀਜ਼, ਯੂਨੀਵਰਸਿਟੀ ਆਫ ਔਕਸਫੋਰਡ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਆਜ਼ਾਦੀ ਘੁਲਾਟੀਏ ਪ੍ਰੇਮਦੱਤ ਵਰਮਾ ਨੂੰ ਯਾਦ ਕਰਦਿਆਂ

ਆਜ਼ਾਦੀ ਘੁਲਾਟੀਏ ਪ੍ਰੇਮਦੱਤ ਵਰਮਾ ਨੂੰ ਯਾਦ ਕਰਦਿਆਂ

ਭੈਅ ਦਾ ਸਾਮਰਾਜ

ਭੈਅ ਦਾ ਸਾਮਰਾਜ

ਕਿਉਂ ਹੈ ਸਿਹਤ ਉੱਪਰ ਬਿਮਾਰੀ ਦੀ ਸਰਦਾਰੀ

ਕਿਉਂ ਹੈ ਸਿਹਤ ਉੱਪਰ ਬਿਮਾਰੀ ਦੀ ਸਰਦਾਰੀ

ਸੰਸਾਰ ਪ੍ਰਸੰਨਤਾ ਦਰਜਾਬੰਦੀ ਵਿਚ ਭਾਰਤ

ਸੰਸਾਰ ਪ੍ਰਸੰਨਤਾ ਦਰਜਾਬੰਦੀ ਵਿਚ ਭਾਰਤ

ਆਰਥਿਕ ਨਾ-ਬਰਾਬਰੀ ਜਮਹੂਰੀਅਤ ਲਈ ਖ਼ਤਰਾ

ਆਰਥਿਕ ਨਾ-ਬਰਾਬਰੀ ਜਮਹੂਰੀਅਤ ਲਈ ਖ਼ਤਰਾ

ਸ਼ਹਿਰ

View All