ਵੀਡੀਓ ਕਾਨਫ਼ਰੰਸ ਰਾਹੀਂ ਲੱਗਣਗੀਆਂ ਦੋ ਅਦਾਲਤਾਂ

ਨਵੀਂ ਦਿੱਲੀ, 24 ਮਾਰਚ ਸੁਪਰੀਮ ਕੋਰਟ ਭਲਕੇ ਵੀਡੀਓ ਕਾਨਫ਼ਰੰਸ ਰਾਹੀਂ ਸੁਣਵਾਈ ਕਰੇਗਾ। ਦੋ ਅਦਾਲਤਾਂ ਇਕ ਐਪ ਰਾਹੀਂ ਲੱਗਣਗੀਆਂ। ਕੇਸ ਸਿਖ਼ਰਲੀ ਅਦਾਲਤ ਦੀ ਵੈੱਬਸਾਈਟ ’ਤੇ ਸੂਚੀਬੱਧ ਕਰ ਦਿੱਤੇ ਗਏ ਹਨ। ਜਸਟਿਸ ਡੀ.ਵਾਈ. ਚੰਦਰਚੂੜ ਤੇ ਜਸਟਿਸ ਸੂਰੀਆ ਕਾਂਤ ਦਾ ਇਕ ਬੈਂਚ ਬਣਾਇਆ ਗਿਆ ਹੈ। ਦੂਜੇ ਬੈਂਚ ਵਿਚ ਜਸਟਿਸ ਐੱਲ. ਨਾਗੇਸ਼ਵਰ ਰਾਓ ਅਤੇ ਅਨਿਰੁੱਧ ਬੋਸ ਹਨ। ਸੂਚੀ ਵਿਚ ਕਿਸੇ ਕੋਰਟ ਰੂਮ ਦਾ ਜ਼ਿਕਰ ਨਹੀਂ ਹੈ। ਇਸ ਦਾ ਮਤਲਬ ਹੈ ਕਿ 15 ਮਾਮਲੇ ਵੀਡੀਓ ਕਾਨਫ਼ਰੰਸ ਰਾਹੀਂ ਸੁਣੇ ਜਾਣਗੇ। ਜੱਜ ਇਨ੍ਹਾਂ ਨੂੰ ਚੈਂਬਰ ਜਾਂ ਦਫ਼ਤਰ ਵਿਚ ਸੁਣਨਗੇ। ਮਾਮਲਿਆਂ ਦੇ ਵਕੀਲਾਂ ਨੂੰ ਡੈਸਕਟੌਪ ਜਾਂ ਲੈਪਟੌਪ ਰਾਹੀਂ ਸੁਣਵਾਈ ਵਿਚ ਸ਼ਾਮਲ ਹੋਣ ਲਈ ਕਿਹਾ ਗਿਆ ਹੈ। ਉਹ ਸੁਪਰੀਮ ਕੋਰਟ ਦੀ ਲੀਗਲ ਸਰਵਿਸ ਅਥਾਰਿਟੀ ਦਾ ਲਾਹਾ ਵੀ ਲੈ ਸਕਦੇ ਹਨ। ਅਦਾਲਤ ਨੇ ਵਕੀਲਾਂ ਨੂੰ ਵੀਡੀਓ ਕਾਨਫ਼ਰੰਸ ਲਿੰਕ ਕਿਸੇ ਨਾਲ ਵੀ ਸਾਂਝਾ ਨਾ ਕਰਨ ਲਈ ਕਿਹਾ ਹੈ। ਅਦਾਲਤ 23 ਮਾਰਚ ਨੂੰ ਸਫ਼ਲਤਾ ਨਾਲ ਵੀਡੀਓ ਕਾਨਫ਼ਰੰਸ ਦਾ ਟਰਾਇਲ ਕਰ ਚੁੱਕੀ ਹੈ। ਤਿੰਨ ਮਾਮਲੇ ਵੀਡੀਓ ਲਿੰਕ ਰਾਹੀਂ ਸੁਣੇ ਜਾ ਚੁੱਕੇ ਹਨ। ਦੱਸਣਯੋਗ ਹੈ ਕਿ 23 ਮਾਰਚ ਨੂੰ ਸੁਪਰੀਮ ਕੋਰਟ ਸਰਕੁਲਰ ਜਾਰੀ ਕਰ ਕੇ ਲਗਭਗ ਤਾਲਾਬੰਦੀ ਵਰਗੀ ਸਥਿਤੀ ਦਾ ਫ਼ੈਸਲਾ ਲੈ ਚੁੱਕਾ ਹੈ ਤਾਂ ਕਿ ਕਰੋਨਾਵਾਇਰਸ ਨੂੰ ਫ਼ੈਲਣ ਤੋਂ ਰੋਕਿਆ ਜਾ ਸਕੇ। ਅਦਾਲਤ ’ਚ ਵਕੀਲਾਂ ਤੇ ਹੋਰ ਸਟਾਫ਼ ਦਾ ਦਾਖ਼ਲਾ ਉੱਚ ਸੁਰੱਖਿਆ ਵਾਲੇ ਖੇਤਰਾਂ ਵਿਚ ਬੰੰਦ ਕਰ ਦਿੱਤਾ ਗਿਆ ਸੀ। ਸਰਕੁਲਰ ਵਿਚ ਕਿਹਾ ਗਿਆ ਸੀ ਕਿ ਜਿਹੜੇ ਮਾਮਲੇ ਬੇਹੱਦ ਜ਼ਰੂਰੀ ਹਨ, ਉਹ ਵੀਡੀਓ ਕਾਨਫ਼ਰੰਸ ਰਾਹੀਂ ਹੀ ਸੁਣੇ ਜਾਣਗੇ। ਵਕੀਲਾਂ ਨੂੰ ਮੋਬਾਈਲ ’ਤੇ ਵੀਡੀਓ ਐਪ ਡਾਊਨਲੋਡ ਕਰਨ ਲਈ ਕਿਹਾ ਗਿਆ ਸੀ। -ਪੀਟੀਆਈ

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All