ਵਿਸ਼ਵ ਪ੍ਰਸਿੱਧ ਪੁਸਤਕ ਫਿਰਦੌਸੀ ਦਾ ਸ਼ਾਹਨਾਮਾ : The Tribune India

ਵਿਸ਼ਵ ਪ੍ਰਸਿੱਧ ਪੁਸਤਕ ਫਿਰਦੌਸੀ ਦਾ ਸ਼ਾਹਨਾਮਾ

ਵਿਸ਼ਵ ਪ੍ਰਸਿੱਧ ਪੁਸਤਕ ਫਿਰਦੌਸੀ ਦਾ ਸ਼ਾਹਨਾਮਾ

ਫਿਰਦੌਸੀ ਦਾ ਪੂਰਾ ਨਾਂ ਹਸਨ ਬਿਨ ਮਨਸੂਰ ਜਾਂ ਹਸਨ ਬਿਨ ਇਸਹਾਕ ਬਿਨ ਸ਼ਰਫ ਸ਼ਾਹ ਜਾਂ ਮਨਸੂਰ ਬਿਨ ਹਸਨ ਸੀ। ਉਸ ਦੀ ਕੁਨੀਅਤ ਅਬੁੱਲ ਕਾਸਿਮ ਅਤੇ ਤਖੱਲਸ ਫਿਰਦੌਸੀ ਸੀ। ਫਿਰਦੌਸੀ ਤੋਂ ਭਾਵ ਹੈ ਆਹਲਾ ਦਰਜੇ ਦੀ ਜੰਨਤ ਵਿਚ ਰਹਿਣ ਵਾਲਾ। ਜੰਨਤ-ਉਲ-ਫਿਰਦੌਸ ਸਵਰਗ ਦਾ ਇਕ ਉੱਚ ਦਰਜਾ ਹੈ। ਫਿਰਦੌਸੀ ਦਾ ਜਨਮ 843-44 ਈਸਵੀ ਵਿਚ ਹੋਇਆ। ਉਸ ਦੇ ਜਨਮ ਸਥਾਨ ਬਾਰੇ ਇਤਿਹਾਸਕਾਰਾਂ ਵਿਚਕਾਰ ਮਤਭੇਦ ਹਨ। ਨਿਜ਼ਾਮੀ ਅਰੂਜ਼ੀ ਸਮਰਕੰਦੀ ਅਨੁਸਾਰ ਫਿਰਦੌਸੀ ਦਾ ਜਨਮ ਤਾਬਰਾਨ ਸੂਬੇ ਦੇ ਤੂਸ ਇਲਾਕੇ ਦੇ ਇਕ ਪਿੰਡ ਪਾਜ਼ ਵਿਖੇ ਹੋਇਆ। ਦੌਲਤ ਸ਼ਾਹ ਸਮਰਕੰਦੀ ਅਨੁਸਾਰ ਫਿਰਦੌਸੀ ਦੀ ਜਨਮ ਭੂਮੀ ਰਜ਼ਾਨ ਹੈ। ਇਹ ਦੋਵੇਂ ਇਲਾਕੇ ਤੂਸ ਇਲਾਕੇ ਵਿਚ ਹੀ ਸਥਿਤ ਹਨ। ਫਿਰਦੌਸੀ ਦੇ ਪਰਿਵਾਰ ਦਾ ਸਬੰਧ ਦਹਿਕਾਨ ਤਬਕੇ ਨਾਲ ਸੀ। ਦਹਿਕਾਨ ਪੁਰਾਤਨ ਇਰਾਨ ਦੇ ਇਕ ਸਤਿਕਾਰਤ ਤਬਕੇ ਵਿਚ ਆਉਂਦਾ ਸੀ। ਇਸ ਤਬਕੇ ਦੇ ਲੋਕ ਅਮੀਰ ਅਤੇ ਸਮਾਜਿਕ ਖੇਤਰ ਵਿਚ ਰੁਤਬਾ ਪ੍ਰਾਪਤ ਹੁੰਦੇ ਸਨ। ਫਿਰਦੌਸੀ ਦੀ ਫਾਰਸੀ ਸਾਹਿਤ ਵਿਚ ਵਿਸ਼ਵ ਪ੍ਰਸਿੱਧ ਰਚਨਾ 'ਸ਼ਾਹਨਾਮਾ' ਹੈ। ਮਹਾਕਾਵਿ ਨੂੰ ਫਾਰਸੀ ਭਾਸ਼ਾ ਵਿਚ ਸ਼ਾਹਨਾਮਾ ਕਿਹਾ ਜਾਂਦਾ ਹੈ। ਸ਼ਾਹਨਾਮਾ ਦੀ ਬਹਿਰ ਵਿਚ ਲਿਖੀ ਇਕ ਹੋਰ ਇਸ਼ਕੀਆ ਮਸਨਵੀ 'ਯੂਸਫ ਜੁਲੈਖਾਂ' ਨੂੰ ਵੀ ਕੁਝ ਵਿਦਵਾਨਾਂ ਵੱਲੋਂ ਫਿਰਦੌਸੀ ਦੁਆਰਾ ਲਿਖੀ ਗਈ ਮੰਨਿਆ ਜਾਂਦਾ ਹੈ, ਪ੍ਰੰਤੂ ਵਧੇਰੇ ਇਤਿਹਾਸਕਾਰ ਇਸ ਮਤ ਨਾਲ ਸਹਿਮਤ ਨਹੀਂ ਹਨ। ਸ਼ਾਹਨਾਮਾ ਦੀ ਰਚਨਾ ਮੁਕੰਮਲ ਹੋਣ ਸਮੇਂ ਫਿਰਦੌਸੀ ਦੀ ਉਮਰ 80 ਸਾਲ ਸੀ। ਸ਼ਾਹਨਾਮਾ ਦੀ ਰਚਨਾ ਨੂੰ 30 ਸਾਲ ਦੀ ਕਰੜੀ ਘਾਲਣਾ ਉਪਰੰਤ ਫਿਰਦੌਸੀ ਦੁਆਰਾ ਪੂਰਾ ਕੀਤਾ ਗਿਆ। ਸ਼ਾਹਨਾਮਾ ਦਾ ਮੁੱਖ ਵਿਸ਼ਾ-ਵਸਤੂ ਇਰਾਨੀ ਕੌਮ ਦਾ ਪ੍ਰਾਚੀਨ ਸਮੇਂ ਤੋਂ ਸਰਬਉੱਚਤਾ ਪ੍ਰਾਪਤ ਹੋਣ ਨੂੰ ਉਜਾਗਰ ਕਰਨਾ ਹੈ। ਫਿਰਦੌਸੀ ਦੁਆਰਾ ਇਸ ਨੂੰ ਤਿੰਨ ਭਾਗਾਂ ਵਿਚ ਵੰਡਿਆ ਗਿਆ ਹੈ। ਪਹਿਲੇ ਭਾਗ ਵਿਚ ਮਿਥਿਹਾਸਕ ਯੁੱਗ ਬਾਰੇ ਲਿਖਿਆ ਹੈ। ਇਸ ਯੁੱਗ ਦੇ ਪ੍ਰਮੁੱਖ ਬਾਦਸ਼ਾਹਾਂ ਕੈਯੂਮਰਸ, ਹੈਸੰਗ, ਤਹਿਮੂਰਸ, ਜਮਸ਼ੀਦ ਅਤੇ ਜ਼ਹਾਕ ਆਦਿ ਦੇ ਰਾਜਕਾਲ ਸ਼ਾਮਲ ਹਨ। ਸ਼ਾਹਨਾਮਾ ਦੇ ਦੂਸਰੇ ਭਾਗ ਵਿਚ ਮੁੱਖ ਯੋਧਿਆਂ, ਪਹਿਲਵਾਨਾਂ ਅਤੇ ਹੋਰ ਸੂਰਬੀਰਾਂ ਦੀਆਂ ਵਿਸ਼ਵ ਪ੍ਰਸਿੱਧ ਪ੍ਰਾਪਤੀਆਂ ਨੂੰ ਵਰਨਣ ਕੀਤਾ ਗਿਆ ਹੈ। ਕਾਵਾ, ਫਰੀਦੂ, ਕਾਰਨ, ਗਾਰਸ਼ਾਸਪ, ਸ਼ਾਮ, ਜ਼ਾਲ, ਨਰੀਮਾਨ, ਰੁਸਤਮ, ਸੁਹਰਾਬ, ਗੇਵ, ਬੇਜ਼ਨ ਅਤੇ ਗੋਦਰੇਜ਼ ਆਦਿ ਪਹਿਲਵਾਨਾਂ ਦੇ ਕਿੱਸੇ, ਕਥਾਵਾਂ ਇਸ ਭਾਗ ਦਾ ਮੁੱਖ ਆਧਾਰ ਹਨ। ਉਪਰੋਕਤ ਪਹਿਲਵਾਨ ਨਾ ਕੇਵਲ ਸਮੇਂ ਦੇ ਬਾਦਸ਼ਾਹਾਂ ਲਈ ਕੁਸ਼ਤੀਆਂ ਘੁਲਦੇ ਸਨ ਸਗੋਂ ਉਹ ਯੁੱਧ ਖੇਤਰਾਂ ਵਿਚ ਵੀ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਸਨ। ਤੀਸਰੇ ਭਾਗ ਵਿਚ ਇਤਿਹਾਸਕ ਯੁੱਗ ਦਾ ਵਰਨਣ ਕੀਤਾ ਗਿਆ ਹੈ। ਇਸ ਭਾਗ ਵਿਚ ਫਿਰਦੌਸੀ ਵੱਲੋਂ ਇਰਾਨ ਦੇ ਮਹੱਤਵਪੂਰਨ ਵੰਸ਼ਾਂ ਇਸ਼ਕਾਨੀ, ਹਖਾਮਨਸ਼ੀ, ਸਾਸਾਨੀ ਆਦਿ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ ਹੈ। ਇਸ ਭਾਗ ਵਿਚ ਵੱਖ-ਵੱਖ ਵੰਸ਼ਾਂ ਦੇ ਰਾਜਿਆਂ, ਉਨ੍ਹਾਂ ਦੀਆਂ ਪ੍ਰਾਪਤੀਆਂ, ਸਮਾਜਿਕ ਰੁਤਬੇ, ਸੁਧਾਰ, ਕਵੀਆਂ, ਲੇਖਕਾਂ ਦੀ ਸਰਪ੍ਰਸਤੀ ਆਦਿ ਬਾਰੇ ਬਿਆਨ ਕੀਤਾ ਗਿਆ ਹੈ। ਸ਼ਾਹਨਾਮਾ ਨੂੰ ਲਿਖਣ ਲੱਗਿਆਂ ਫਿਰਦੌਸੀ ਵੱਲੋਂ ਇਤਿਹਾਸਕ ਹਵਾਲਿਆਂ ਲਈ ਅਬੂ ਮਨਸੂਰ ਅਤੇ ਦਕੀਕੀ ਦੇ ਸ਼ਾਹਨਾਮਿਆਂ ਨੂੰ ਆਧਾਰ ਬਣਾਇਆ ਗਿਆ ਹੈ। ਦੋਵਾਂ ਤੋਂ ਇਲਾਵਾ ਹੋਰ ਸ੍ਰੋਤ ਸਮੱਗਰੀ ਇਕੱਠੀ ਕਰਨ ਲਈ ਫਿਰਦੌਸੀ ਵੱਲੋਂ ਵੱਖ-ਵੱਖ ਥਾਵਾਂ ਅਤੇ ਵਿਦਵਾਨਾਂ ਤੱਕ ਨਿੱਜੀ ਰੂਪ ਵਿਚ ਪਹੁੰਚ ਕੀਤੀ ਗਈ। ਤੱਥਾਂ ਅਤੇ ਘਟਨਾਵਾਂ ਦੀ ਠੀਕ ਅਤੇ ਵਿਗਿਆਨਕ ਰੂਪ ਵਿਚ ਉਚਿਤਤਾ ਜਾਣਨ ਲਈ ਸੋਮਿਆਂ ਦਾ ਇਕ ਦੂਸਰੇ ਨਾਲ ਮੁਲਾਂਕਣ ਕਰਨ ਉਪਰੰਤ ਹੀ ਵਰਤੋਂ ਕੀਤੀ ਗਈ। ਮੰਨਿਆ ਜਾਂਦਾ ਹੈ ਕਿ ਇਸ ਪੁਸਤਕ ਨੂੰ ਲਿਖਣ ਲਈ ਪ੍ਰੇਰਨਾ ਸਰੋਤ ਫਿਰਦੌਸੀ ਦੀ ਪਤਨੀ ਸੀ। ਕੁਝ ਵਿਦਵਾਨਾਂ ਦਾ ਵਿਚਾਰ ਹੈ ਕਿ ਸ਼ਾਹਨਾਮਾ ਦੀ ਰਚਨਾ ਫਿਰਦੌਸੀ ਵਲੋਂ ਸੁਲਤਾਨ ਮਹਿਮੂਦ ਦੇ ਕਹਿਣ 'ਤੇ ਸ਼ੁਰੂ ਕੀਤੀ ਗਈ ਸੀ। ਸੁਲਤਾਨ ਮਹਿਮੂਦ ਵੱਲੋਂ ਇਸ ਦੇ ਹਰੇਕ ਸ਼ੇਅਰ ਬਦਲੇ ਇਕ ਸੋਨੇ ਦਾ ਸਿੱਕਾ ਜਾਂ ਅਸ਼ਰਫੀ ਦੇਣ ਦਾ ਵਾਅਦਾ ਕੀਤਾ ਗਿਆ ਸੀ ਪ੍ਰੰਤੂ ਬਾਅਦ ਵਿਚ ਸੁਲਤਾਨ ਮੁਨਕਰ ਹੋ ਗਿਆ ਅਤੇ ਫਿਰਦੌਸੀ ਇਹ ਗਮ ਨਾ ਸਹਾਰ ਸਕਿਆ ਤੇ ਉਸ ਦੀ ਮੌਤ ਹੋ ਗਈ। ਇਤਿਹਾਸਕ ਪੱਖ ਤੋਂ ਇਸ ਤੱਥ ਵਿਚ ਸਚਾਈ ਨਹੀਂ ਜਾਪਦੀ ਕਿਉਂਕਿ ਫਿਰਦੌਸੀ ਵੱਲੋਂ ਮਹਿਮੂਦ ਦੇ ਸੁਲਤਾਨ ਬਣਨ ਤੋਂ 15-20 ਸਾਲ ਪਹਿਲਾਂ ਸ਼ਾਹਨਾਮਾ ਦੀ ਰਚਨਾ ਸ਼ੁਰੂ ਕਰ ਦਿੱਤੀ ਗਈ ਸੀ। ਫਿਰ ਸੁਲਤਾਨ ਦੇ ਵਾਅਦਾ ਕਰਨ ਅਤੇ ਕਹਿ ਕੇ ਲਿਖਵਾਉਣ ਦੀ ਗੱਲ ਠੀਕ ਨਹੀਂ ਜਾਪਦੀ। ਸ਼ਾਹਨਾਮਾ ਪੁਸਤਕ ਇਰਾਨੀ ਬਾਦਸ਼ਾਹਾਂ, ਉਨ੍ਹਾਂ ਦੀਆਂ ਪ੍ਰਾਪਤੀਆਂ, ਉੱਥੋਂ ਦੇ ਲੋਕਾਂ ਦੇ ਸਮਾਜਿਕ, ਧਾਰਮਿਕ, ਆਰਥਿਕ ਅਤੇ ਰਾਜਨੀਤਿਕ ਜੀਵਨ ਦਾ ਇਕ ਕਲਾਸਿਕ ਨਮੂਨਾ ਹੈ। ਮੱਧਕਾਲ ਦੇ ਪਰਜਾ ਹਿਤਕਾਰੀ ਬਾਦਸ਼ਾਹਾਂ ਲਈ ਇਹ ਮਾਰਗ ਦਰਸ਼ਕ ਦਾ ਨਮੂਨਾ ਰਹੀ ਹੈ। ਦਰਬਾਰੀ ਸਿਆਸਤ ਬਾਰੇ ਵਿਸਥਾਰਪੂਰਵਕ ਨਮੂਨਾ ਹੈ। ਇਹ ਧਰਮ ਤੇ ਰਾਜਨੀਤੀ ਦੀ ਇਕ ਵਿਸ਼ੇਸ਼ ਪੁਸਤਕ ਹੈ। ਇਤਿਹਾਸਕ ਖੇਤਰ ਵਿਚ ਫਾਰਸੀ ਦੇ ਬੀਰਰਸੀ ਖੇਤਰ ਵਿਚ ਇਹ ਉੱਚ-ਕੋਟੀ ਦੀ ਰਚਨਾ ਹੈ। ਇਸੇ ਕਾਰਨ ਇਹ ਵਿਸ਼ਵ ਦੀਆਂ ਪ੍ਰਮੁੱਖ ਭਾਸ਼ਾਵਾਂ ਵਿਚ ਅਨੁਵਾਦਤ ਹੋ ਚੁੱਕੀ ਹੈ। ਇਸ ਦੇ ਕਾਰਨ ਹੀ ਫਿਰਦੌਸੀ ਦਾ ਨਾਮ ਅੱਜ ਤੱਕ ਅਮਰ ਹੈ।

- ਮੁਹੰਮਦ ਇਦਰੀਸ (ਡਾ.) * ਮੋਬਾਈਲ: 98141-71786

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਮੁੱਖ ਖ਼ਬਰਾਂ

ਪੰਜਾਬ ਦੇ ਰਾਜਪਾਲ ਤੇ ਮੁੱਖ ਮੰਤਰੀ ਵਿਚਾਲੇ ਸ਼ਬਦੀ ਜੰਗ ਭਖੀ

ਪੰਜਾਬ ਦੇ ਰਾਜਪਾਲ ਤੇ ਮੁੱਖ ਮੰਤਰੀ ਵਿਚਾਲੇ ਸ਼ਬਦੀ ਜੰਗ ਭਖੀ

ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਭਗਵੰਤ ਮਾਨ ਨੂੰ ਸੰਵਿਧਾਨ ਦੀਆਂ ਧਾਰਾ...

ਪੰਜਾਬ ਦੇ ਰਾਜਪਾਲ ਪੁਰੋਹਿਤ ਸੂਬੇ ਵਿੱਚ ‘ਅਪਰੇਸ਼ਨ ਲੋਟਸ’ ਨੂੰ ਲਾਗੂ ਕਰਨ ਲਈ ਭਾਜਪਾ ਦੇ ਇਸ਼ਾਰੇ ’ਤੇ ਕੰਮ ਕਰ ਰਹੇ: ‘ਆਪ’

ਪੰਜਾਬ ਦੇ ਰਾਜਪਾਲ ਪੁਰੋਹਿਤ ਸੂਬੇ ਵਿੱਚ ‘ਅਪਰੇਸ਼ਨ ਲੋਟਸ’ ਨੂੰ ਲਾਗੂ ਕਰਨ ਲਈ ਭਾਜਪਾ ਦੇ ਇਸ਼ਾਰੇ ’ਤੇ ਕੰਮ ਕਰ ਰਹੇ: ‘ਆਪ’

ਕੈਬਨਿਟ ਮੰਤਰੀ ਅਮਨ ਅਰੋੜਾ ਨੇ ‘ਆਪ’ ਸਰਕਾਰ ਵਿਰੁੱਧ ਸਾਜ਼ਿਸ਼ ਰਚਣ ਦੇ ਦ...

ਖਰਾਬ ਮੌਸਮ ਕਾਰਨ ਪ੍ਰਧਾਨ ਮੰਤਰੀ ਦਾ ਮੰਡੀ ਦੌਰਾ ਰੱਦ

ਖਰਾਬ ਮੌਸਮ ਕਾਰਨ ਪ੍ਰਧਾਨ ਮੰਤਰੀ ਦਾ ਮੰਡੀ ਦੌਰਾ ਰੱਦ

ਭਾਜਪਾ ਯੂਥ ਵਰਕਰਾਂ ਨੂੰ ਵੀਡੀਓ ਕਾਨਫਰੰਸਿੰਗ ਜ਼ਰੀਏ ਕੀਤਾ ਸੰਬੋਧਨ

ਸ਼ਹਿਰ

View All