ਵਿਸ਼ਵ ਜੇਤੂ ਗਾਮਾ ਭਲਵਾਨ

ਹਰਦੀਪ ਸਿੰਘ ਚੁੰਬਰ ਸੁਨਹਿਰੀ ਇਤਿਹਾਸ

ਹਿੰਦੋਸਤਾਨ ਵਿਚ ਨਵੀਆਂ ਉਸਾਰੂ ਰਵਾਇਤਾਂ ਦਾ ਆਗਾਜ਼ ਹੋ ਰਿਹਾ ਸੀ ਅਤੇ ਦੇਸ਼ ਆਜ਼ਾਦੀ ਦੇ ਸੰਘਰਸ਼ ਲਈ ਜੂਝ ਰਿਹਾ ਸੀ। ਲੰਡਨ ਵਿਚ ਗੋਲ ਮੇਜ਼ ਕਾਨਫਰੰਸ, ਜਲ੍ਹਿਆਂਵਾਲਾ ਬਾਗ਼ ਦੀ ਘਟਨਾ, ਭਗਤ ਸਿੰਘ ਦੀ ਸ਼ਹਾਦਤ, ਊਧਮ ਸਿੰਘ ਦਾ ਮਾਈਕਲ ਓਡਵਾਇਰ ਨੂੰ ਮਾਰਨਾ ਅਤੇ ਇਸ ਬਦਲੇ ਉਸ ਨੂੰ ਫਾਂਸੀ ਆਦਿ ਜਿਹੀਆਂ ਘਟਨਾਵਾਂ ਕਾਰਨ ਦੇਸ਼ ਵਿਚ ਰਾਜਨੀਤਿਕ ਉਬਾਲ ਆ ਰਿਹਾ ਸੀ। ਮਹਾਤਮਾ ਗਾਂਧੀ ਅਤੇ ਮੁਹੰਮਦ ਅਲੀ ਜਿਨਾਹ ਆਦਿ ਆਗੂ ਆਪਣੀਆਂ ਸਮਾਜਿਕ ਤੇ ਸਿਆਸੀ ਸਰਗਰਮੀਆਂ ਨੂੰ ਅੰਜਾਮ ਤਕ ਪਹੁੰਚਾਉਣ ਦੀਆਂ ਆਖ਼ਰੀ ਕੋਸ਼ਿਸ਼ਾਂ ਵਿਚ ਲੱਗੇ ਹੋਏ ਸਨ। ਇਸੇ ਸਮੇਂ ਦੌਰਾਨ ਹਿੰਦੋਸਤਾਨ ਵਿਚ ਇਕ ਮਹਾਨ ਪਹਿਲਵਾਨ ਹੋਇਆ ਜਿਸ ਵਰਗਾ ਪਹਿਲਵਾਨ ਦੁਨੀਆਂ ਵਿਚ ਕਿਤੇ ਹੋਰ ਸ਼ਾਇਦ ਹੀ ਪੈਦਾ ਹੋਇਆ ਹੋਵੇ। ਉਹ ਦਰਮਿਆਨੇ ਕੱਦ ਕਾਠੀ ਅਤੇ ਗਠੇ ਹੋਏ ਸਰੀਰ ਵਾਲਾ ਨੇਕ ਸੁਭਾਅ ਦਾ ਮਾਲਕ ਸੀ। ਉਸ ਦਾ ਨਾਂ ਗੁਲਾਮ ਮੁਹੰਮਦ ਬਖਸ਼ ਬੱਟ ਸੀ ਜਿਸ ਨੂੰ ‘ਗਰੇਟ ਗਾਮਾ’ ਵੀ ਕਿਹਾ ਜਾਂਦਾ ਹੈ। ਪੰਜ ਦਹਾਕਿਆਂ ਤੋਂ ਵੱਧ ਸਮੇਂ ਦੇ ਪੇਸ਼ੇਵਰ ਜੀਵਨ ਵਿਚ ਅਜਿੱਤ ਰਹੇ ਭਾਵ ਇਕ ਵੀ ਮੁਕਾਬਲਾ ਨਾ ਹਾਰਨ ਵਾਲੇ ਗਾਮਾ ਪਹਿਲਵਾਨ ਦੀ ਕਥਾ ਦੇਸ਼ ਨੂੰ ਆਜ਼ਾਦੀ ਮਿਲਣ ਤੋਂ ਪਹਿਲਾਂ ਪੇਂਡੂ ਇਲਾਕੇ ਦੇ ਅਖਾੜਿਆਂ ਤੋਂ ਸ਼ੁਰੂ ਹੋਈ। ਇਹ ਉਸ ਦੀ ਤਾਕਤ ਅਤੇ ਪ੍ਰਸਿੱਧੀ ਹੀ ਸੀ ਕਿ ਪ੍ਰਸਿੱਧ ਮਾਰਸ਼ਲ ਆਰਟਿਸਟ ਤੇ ਬਹੁਪੱਖੀ ਪ੍ਰਤਿਭਾ ਬਰੂਸ ਲੀ ਨੇ ਆਪਣਾ ਪੇਸ਼ੇਵਰ ਜੀਵਨ ਲਈ ਉਸ ਤੋਂ ਪ੍ਰੇਰਣਾ ਲਈ। ਉਹ 22 ਮਈ 1878 ਨੂੰ ਬ੍ਰਿਟਿਸ਼ ਰਾਜ ਦੌਰਾਨ ਪੰਜਾਬ ਦੇ ਪਿੰਡ ਜੱਬੋਵਾਲ, ਜ਼ਿਲ੍ਹਾ ਅੰਮ੍ਰਿਤਸਰ ਵਿਚ ਜਨਮਿਆ। ਉਸ ਦੀ ਪਤਨੀ ਦੀ ਨਾਂ ਵਜੀਰ ਬੇਗਮ ਸੀ। ਉਸ ਨੇ ਦੋ ਵਿਆਹ ਕੀਤੇ ਸਨ। ਇਕ ਪਤਨੀ ਪੰਜਾਬ ਵਿਚੋਂ ਅਤੇ ਦੂਜੀ ਬੜੌਦਾ, ਗੁਜਰਾਤ ਵਿਚੋਂ ਸੀ। ਉਸ ਦੇ ਘਰ ਪੰਜ ਪੁੱਤਰਾਂ ਅਤੇ 4 ਧੀਆਂ ਨੇ ਜਨਮ ਲਿਆ। ਉਹ ਦਰਮਿਆਨੇ ਸਰੀਰ ਦਾ ਮਾਲਕ ਸੀ। ਗਾਮੇ ਭਲਵਾਨ ਦਾ ਭਾਰ 109 ਕਿਲੋਗਰਾਮ, 5 ਫੁੱਟ 7 ਇੰਚ ਕੱਦ, ਛਾਤੀ 46 ਇੰਚ, ਕਮਰ 32 ਇੰਚ ਅਤੇ ਡੌਲੇ 20 ਇੰਚ ਸਨ। ਉਸ ਨੇ ਜ਼ਿੰਦਗੀ ਵਿਚ ਕਦੇ ਵੀ ਸ਼ਰਾਬ ਜਾਂ ਕਿਸੇ ਹੋਰ ਨਸ਼ੇ ਦੀ ਵਰਤੋਂ ਨਹੀਂ ਕੀਤੀ। ਉਸ ਨੂੰ 15 ਅਕਤੂਬਰ 1910 ਨੂੰ ਵਰਲਡ ਹੈਵੀਵੇਟ ਚੈਂਪੀਅਨਸ਼ਿਪ ਦੇ ਭਾਰਤੀ ਖਿਤਾਬ ਨਾਲ ਸਨਮਾਨਿਤ ਕੀਤਾ ਗਿਆ ਅਤੇ ਵਿਸ਼ਵ ਭਰ ਵਿਚ ਚੈਂਪੀਅਨਾਂ ਨੂੰ ਹਰਾਉਣ ਲਈ ਅੱਗੇ ਵਧਿਆ। ਗਾਮੇ ਭਲਵਾਨ ਦੇ 52 ਸਾਲਾਂ ਦੇ ਪੇਸ਼ੇਵਰ ਜੀਵਨ ਵਿਚ ਦੁਨੀਆਂ ਦਾ ਕੋਈ ਵੀ ਪਹਿਲਵਾਨ ਉਸ ਨੂੰ ਹਰਾ ਨਹੀਂ ਸਕਿਆ। ਉਸ ਨੂੰ ਉਸ ਸਮੇਂ ਦਾ ਸਭ ਤੋਂ ਮਹਾਨ ਪਹਿਲਵਾਨ ਮੰਨਿਆ ਜਾਂਦਾ ਹੈ। ਉਸ ਨੇ 82 ਸਾਲ ਦੀ ਉਮਰ ਭੋਗ ਜੀਵਨ ਸਫ਼ਰ ਪੂਰਾ ਕੀਤਾ। ਉਹ 1947 ਦੀ ਵੰਡ ਤੋਂ ਬਾਅਦ 82 ਸਾਲ ਦੀ ਉਮਰ ਤਕ ਆਪਣੇ ਬਾਕੀ ਦਿਨ ਲਾਹੌਰ ਪਾਕਿਸਤਾਨ ਵਿਚ ਰਿਹਾ।

ਕੁਲਸੁਮ ਨਵਾਜ਼ ਅਤੇ ਨਵਾਜ਼ ਸ਼ਰੀਫ਼।

ਗੁਲਾਮ ਮੁਹੰਮਦ ਬਖਸ਼ ਬੱਟ ਦਾ ਪਰਿਵਾਰ ਪੰਜਾਬ ਰਹਿੰਦਾ ਕਸ਼ਮੀਰੀ ਪਿਛੋਕੜ ਵਾਲਾ ਮੁਸਲਮਾਨ ਪਰਿਵਾਰ ਸੀ। ਉਸ ਦਾ ਪਰਿਵਾਰ ਕੁਸ਼ਤੀ ਲੜਨ ਵਾਲੇ ਕਈ ਉੱਘੇ ਪਹਿਲਵਾਨਾਂ ਕਾਰਨ ਜਾਣਿਆ ਜਾਂਦਾ ਸੀ। ਉਹ ਮੂਲ ਰੂਪ ਵਿਚ ਕਸ਼ਮੀਰੀ ਬੱਟ ਬ੍ਰਾਹਮਣ ਸਨ ਜਿਨ੍ਹਾਂ ਬਹੁਤ ਪਹਿਲਾਂ ਹੀ ਇਸਲਾਮ ਧਰਮ ਅਪਣਾ ਲਿਆ ਸੀ। ਆਪਣੇ ਪਿਤਾ ਮੁਹੰਮਦ ਅਜ਼ੀਜ਼ ਬਖ਼ਸ਼ ਦੀ ਮੌਤ ਸਮੇਂ ਗਾਮਾ ਛੇ ਸਾਲਾਂ ਦਾ ਸੀ। ਇਸ ਲਈ ਬਾਅਦ ਵਿਚ ਉਸ ਨੂੰ ਨਾਨਾ-ਨਾਨੀ ਨੇ ਪਾਲਿਆ ਜਿਨ੍ਹਾਂ ਦਾ ਪਹਿਲਵਾਨੀ ਦੇ ਖੇਤਰ ਨਾਲ ਕੋਈ ਸਬੰਧ ਨਹੀਂ ਸੀ। ਫਿਰ ਵੀ ਉਨ੍ਹਾਂ ਨੇ ਗਾਮੇ ਨੂੰ ਕੁਸ਼ਤੀ ਦੀ ਸਿਖਲਾਈ ਦੇਣ ਲਈ ਇਕ ਨਾਮੀ ਪਹਿਲਵਾਨ ਈਦਾ ਦਾ ਸ਼ਾਗਿਰਦ ਬਣਾਇਆ। 1888 ਵਿਚ ਉਸ ਦਾ ਨਾਂ ਉਦੋਂ ਚਰਚਾ ਵਿਚ ਆਇਆ ਜਦੋਂ ਮਹਿਜ਼ ਦਸ ਸਾਲ ਦੀ ਉਮਰ ਵਿਚ ਜੋਧਪੁਰ ਵਿਚ ‘ਸਟਰੌਂਗ ਮੈਨ ਕੌਂਪੀਟੀਸ਼ਨ’ ਵਿਚ ਭਾਗ ਲਿਆ। ਮੁਕਾਬਲੇ ਵਿਚ ਚਾਰ ਸੌ ਤੋਂ ਵੱਧ ਨਾਮੀ ਪਹਿਲਵਾਨ ਸ਼ਾਮਲ ਹੋਏ ਅਤੇ ਗਾਮਾ ਆਖ਼ਰੀ ਪੰਦਰਾਂ ਵਿਚੋਂ ਇਕ ਸੀ। ਜੋਧਪੁਰ ਦੇ ਮਹਾਰਾਜਾ ਭਿਵਾਨੀ ਸਿੰਘ ਨੇ ਉਸ ਦੀ ਛੋਟੀ ਉਮਰ ਕਾਰਨ ਉਸ ਨੂੰ ਜੇਤੂ ਕਰਾਰ ਦਿੱਤਾ। ਬਾਅਦ ਵਿਚ ਦਾਤੀਆ ਦੇ ਮਹਾਰਾਜਾ ਨੇ ਗਾਮੇ ਅਤੇ ਉਸ ਦੇ ਭਰਾ ਨੂੰ ਖੁਰਾਕ ਅਤੇ ਸਿਖਲਾਈ ਦੇਣ ਦੀ ਸਾਰੀ ਜ਼ਿੰਮੇਵਾਰੀ ਲਈ।

ਗਾਮਾ ਦੀ ਸਿਖਲਾਈ ਅਤੇ ਖੁਰਾਕ

ਰੋਜ਼ਾਨਾ ਸਿਖਲਾਈ ਵਿਚ ਗਾਮੇ ਨੂੰ ਚਾਲੀ ਸ਼ਕਤੀਸ਼ਾਲੀ ਸਾਥੀਆਂ ਨਾਲ ਪਹਿਲਵਾਨੀ ਦੀ ਵਰਜ਼ਿਸ ਵਿਚ ਸ਼ਾਮਲ ਕੀਤਾ ਗਿਆ। ਉਹ ਇਕ ਦਿਨ ਵਿਚ ਘੱਟੋ-ਘੱਟ ਪੰਜ ਹਜ਼ਾਰ ਬੈਠਕ (100-200 ਬੈਠਕ ਪ੍ਰਤੀ ਮਿੰਟ) ਅਤੇ ਪੰਜ ਤੋਂ ਤਿੰਨ ਹਜ਼ਾਰ ਡੰਡ (50-100 ਪ੍ਰਤੀ ਮਿੰਟ) ਮਾਰਦਾ ਅਤੇ ਕਈ ਵਾਰ 30 ਤੋਂ 45 ਮਿੰਟ ਲਈ 95 ਕਿਲੋਗਰਾਮ ਭਾਰਾ ਚੱਕੀ ਦੇ ਪੁੜ ਦੇ ਆਕਾਰ ਦਾ ਕੁਸ਼ਤੀ ਪੱਥਰ ਗਲ ਵਿਚ ਪਾ ਕੇ ਵਰਜ਼ਿਸ ਕਰਦਾ ਸੀ। ਉਸ ਦੁਆਰਾ ਰੋਜ਼ਾਨਾ ਵਰਜ਼ਿਸ਼ ਕਰਨ ਲਈ ਵਰਤੀ ਜਾਣ ਵਾਲੀ 95 ਕਿਲੋਗਰਾਮ ਭਾਰ ਦੀ ਡਿਸਕ ਨੂੰ ਪਟਿਆਲਾ ਦੇ ਐੱਨਆਈਐਸ ਵਿਚ ਦਰਸ਼ਕਾਂ ਲਈ ਰੱਖਿਆ ਗਿਆ ਹੈ। ਗਾਮਾ ਦੀ ਰੋਜ਼ਾਨਾ ਖੁਰਾਕ ਇਉਂ ਸੀ: * 15 ਲੀਟਰ ਦੁੱਧ * ਇਕ ਕਿਲੋ ਬਾਦਾਮ ਦਾ ਪੇਸਟ ਇਕ ਟੌਨਿਕ ਡਰਿੰਕ * ਅੱਧਾ ਕਿਲੋ ਦੇਸੀ ਘਿਓ * ਪੌਣੇ ਤਿੰਨ ਕਿਲੋਗਰਾਮ ਮੱਖਣ * ਮੌਸਮੀ ਫਲ ਦੀਆਂ ਤਿੰਨ ਬਾਲਟੀਆਂ ਦਾ ਜੂਸ ਲਗਭਗ 4 ਕਿਲੋਗਰਾਮ * ਦੋ ਦੇਸੀ ਮਟਨ * ਛੇ ਦੇਸੀ ਮੁਰਗੇ। ਇਸ ਤੋਂ ਇਲਾਵਾ ਪਾਚਨ ਪ੍ਰਣਾਲੀ ਤੇ ਮਾਸਪੇਸ਼ੀਆਂ ਦੀ ਮਜ਼ਬੂਤੀ ਅਤੇ ਉਤਸ਼ਾਹਿਤ ਕਰਨ ਲਈ ਹੋਰ ਸਮੱਗਰੀ। ਬੜੌਦਾ ਵਿਚ 23 ਦਸੰਬਰ 1902 ਨੂੰ ਹੋਏ ਇਕ ਮੁਕਾਬਲੇ ਵਿਚ ਉਸ ਨੇ 1200 ਕਿਲੋਗਰਾਮ (12 ਕੁਇੰਟਲ) ਵਜ਼ਨ ਦਾ ਪੱਥਰ ਚੁੱਕਿਆ ਸੀ। ਇਹ ਪੱਥਰ ਅੱਜ ਵੀ ਬੜੌਦਾ ਦੇ ਮਿਊਜ਼ੀਅਮ ਵਿਚ ਸੰਭਾਲਿਆ ਹੋਇਆ ਹੈ। ਗਾਮੇ ਦੀ ਉਮਰ ਉਸ ਸਮੇਂ 20 ਸਾਲ ਹੀ ਸੀ।

ਪਹਿਲਾ ਮੁਕਾਬਲਾ ਰਹੀਮ ਬਖ਼ਸ਼ ਸੁਲਤਾਨੀ ਵਾਲਾ ਨਾਲ

ਗਾਮੇ ਭਲਵਾਨ ਨੂੰ 1895 ਵਿਚ ਪ੍ਰਸਿੱਧੀ ਮਿਲੀ ਜਦੋਂ ਉਸ ਨੇ 17 ਸਾਲ ਦੀ ਉਮਰ ਵਿਚ ਉਸ ਵੇਲੇ ਦੇ ਕੁਸ਼ਤੀ ਚੈਂਪੀਅਨ, ਅੱਧਖੜ ਉਮਰ ਦੇ ਕਸ਼ਮੀਰੀ ਪਹਿਲਵਾਨ ਰਹੀਮ ਬਖਸ਼ ਸੁਲਤਾਨੀ ਵਾਲਾ ਨੂੰ ਚੁਣੌਤੀ ਦਿੱਤੀ ਸੀ। ਸੁਲਾਤਨੀ ਗੁੱਜਰਾਂਵਾਲਾ (ਹੁਣ ਪੰਜਾਬ, ਪਾਕਿਸਤਾਨ) ਦਾ ਨਾਮੀ ਪਹਿਲਵਾਨ ਸੀ। ਲਗਭਗ 7 ਫੁੱਟ ਉੱਚੇ ਅਤੇ ਜਿੱਤਾਂ ਦੇ ਜ਼ਬਰਦਸਤ ਰਿਕਾਰਡ ਵਾਲੇ ਰਹੀਮ ਬਖਸ਼ ਨੂੰ ਉਮੀਦ ਸੀ ਕਿ ਉਹ 5 ਫੁੱਟ 7 ਇੰਚ ਕੱਦ ਵਾਲੇ ਗਾਮੇ ਨੂੰ ਆਸਾਨੀ ਨਾਲ ਹਰਾ ਦੇਵੇਗਾ। ਰਹੀਮ ਦੀ ਇਕੋ ਇਕ ਕਮਜ਼ੋਰੀ ਉਸ ਦੀ ਉਮਰ ਸੀ ਕਿਉਂਕਿ ਉਹ ਗਾਮੇ ਤੋਂ ਬਹੁਤ ਵੱਡਾ ਸੀ ਅਤੇ ਪੇਸ਼ੇਵਰ ਜੀਵਨ ਦੇ ਅੰਤ ਦੇ ਨੇੜੇ। ਮੁਕਾਬਲਾ ਲੰਬੇ ਸਮੇਂ ਤਕ ਚਲਦਾ ਰਿਹਾ ਅਤੇ ਅੰਤ ਵਿਚ ਬਰਾਬਰੀ ਉੱਤੇ ਖ਼ਤਮ ਹੋਇਆ। ਰਹੀਮ ਨਾਲ ਮੁਕਾਬਲਾ ਗਾਮੇ ਦੇ ਜੀਵਨ ਦਾ ਨਵਾਂ ਮੋੜ ਸੀ। ਇਸ ਤੋਂ ਬਾਅਦ ਉਸ ਨੂੰ ਰੁਸਤਮ-ਏ-ਹਿੰਦ ਦੇ ਖ਼ਿਤਾਬ ਦਾ ਅਗਲਾ ਦਾਅਵੇਦਾਰ ਮੰਨਿਆ ਜਾਣ ਲੱਗਿਆ। ਗਾਮਾ ਇੰਡੀਅਨ ਰੈਸਲਿੰਗ ਚੈਂਪੀਅਨਸ਼ਿਪ ਪਹਿਲੇ ਗੇੜ ਵਿਚ ਬਚਾਅ ਪੱਖ ਤੋਂ ਖੇਡਦਾ ਰਿਹਾ, ਪਰ ਦੂਜੇ ਗੇੜ ਵਿਚ ਹਮਲਾਵਰ ਹੋ ਕੇ। ਆਪਣੇ ਨੱਕ ਅਤੇ ਕੰਨ ਵਿਚੋਂ ਕਾਫ਼ੀ ਖ਼ੂਨ ਵਗਣ ਦੇ ਬਾਵਜੂਦ ਉਸ ਨੇ ਰਹੀਮ ਬਖਸ਼ ਦਾ ਸਖ਼ਤ ਟੱਕਰ ਦਿੱਤੀ ਅਤੇ ਬਰਾਬਰੀ ਉੱਤੇ ਰਿਹਾ। 1910 ਤਕ ਬਾਈ ਸਾਲ ਦੇ ਗਾਮੇ ਨੇ ਸਾਰੇ ਪ੍ਰਮੁੱਖ ਭਾਰਤੀ ਪਹਿਲਵਾਨਾਂ ਨੂੰ ਹਰਾ ਦਿੱਤਾ ਸੀ। ਇਸ ਸਮੇਂ ਉਸ ਨੇ ਵਿਸ਼ਵ ਜੇਤੂ ਬਣਨ ਉੱਤੇ ਧਿਆਨ ਕੇਂਦਰਤ ਕੀਤਾ। ਆਪਣੇ ਛੋਟੇ ਭਰਾ ਇਮਾਮ ਬਖਸ਼ ਨਾਲ ਉਹ ਪੱਛਮੀ ਪਹਿਲਵਾਨਾਂ ਨਾਲ ਮੁਕਾਬਲਾ ਕਰਨ ਲਈ ਇੰਗਲੈਂਡ ਰਵਾਨਾ ਹੋਇਆ, ਪਰ ਕੱਦ ਘੱਟ ਹੋਣ ਕਾਰਨ ਉਹ ਉਨ੍ਹਾਂ ਮੁਕਾਬਲਿਆਂ ਵਿਚ ਹਿੱਸਾ ਨਹੀਂ ਲੈ ਸਕਿਆ।

ਲੰਡਨ ਵਿਚ ਟੂਰਨਾਮੈਂਟ

ਲੰਡਨ ਵਿਚ ਕੱਦ ਘੱਟ ਹੋਣ ਕਰਕੇ ਮੁਕਾਬਲੇ ਵਿਚ ਭਾਗ ਨਾ ਲੈ ਸਕਣ ਕਾਰਨ ਉਹ ਬੇਚੈਨ ਹੋਇਆ। ਫਿਰ ਗਾਮੇ ਨੇ ਭਰੇ ਹੋਏ ਹਾਲ ਵਿਚ ਸਟੇਜ ਉੱਤੇ ਜਾ ਖੁੱਲ੍ਹੀ ਚੁਣੌਤੀ ਦਿੱਤੀ ਕਿ ਉਹ ਕਿਸੇ ਵੀ ਭਾਰ ਵਰਗ ਦੇ ਤਿੰਨ ਪਹਿਲਵਾਨਾਂ ਨੂੰ ਤੀਹ ਮਿੰਟਾਂ ਵਿਚ ਹਰਾ ਸਕਦਾ ਹੈ। ਉਨ੍ਹਾਂ ਦੇ ਕੁਸ਼ਤੀ ਪ੍ਰਮੋਟਰ ਆਰ.ਬੀ. ਬੈਂਜਾਮਿਨ ਦੁਆਰਾ ਇਸ ਚੁਣੌਤੀ ਨੂੰ ਪਹਿਲਵਾਨਾਂ ਨੇ ਧੌਂਸ ਸਮਝਿਆ। ਲੰਬੇ ਸਮੇਂ ਤਕ ਕਿਸੇ ਨੇ ਵੀ ਚੁਣੌਤੀ ਸਵੀਕਾਰ ਨਾ ਕੀਤੀ। ਸਾਰੇ ਪਾਸੇ ਸੰਨਾਟਾ ਸੀ। ਇਸ ਸੰਨਾਟੇ ਨੂੰ ਤੋੜਨ ਲਈ ਗਾਮੇ ਨੇ ਖ਼ਾਸ ਹੈਵੀਵੇਟ ਪਹਿਲਵਾਨਾਂ ਨੂੰ ਇਕ ਹੋਰ ਚੁਣੌਤੀ ਦਿੱਤੀ। ਉਸਨੇ ਸਟੈਨਿਸਲਾਸ ਜ਼ਬਿਸਕੋ ਅਤੇ ਫਰੈਂਕ ਗੋਚ ਨੂੰ ਚੁਣੌਤੀ ਦਿੱਤੀ ਕਿ ਜਾਂ ਤਾਂ ਉਹ ਉਨ੍ਹਾਂ ਨੂੰ ਹਰਾਵੇਗਾ ਅਤੇ ਜੇ ਉਹ ਹਾਰਨਾ ਪਸੰਦ ਨਹੀਂ ਕਰਦੇ ਤਾਂ ਜਿੱਤੀ ਹੋਈ ਇਨਾਮ ਦੀ ਰਕਮ ਗਾਮੇ ਨੂੰ ਦੇ ਕੇ ਆਪਣੇ ਘਰ ਜਾ ਸਕਦੇ ਹਨ ਅਤੇ ਉਹ ਵੀ ਘਰ ਚਲਾ ਜਾਵੇਗਾ। ਉਸ ਦੀ ਚੁਣੌਤੀ ਦੀ ਝੰਡੀ ਨੂੰ ਫੜਨ ਵਾਲਾ ਪਹਿਲਾ ਪੇਸ਼ੇਵਰ ਪਹਿਲਵਾਨ ਅਮਰੀਕੀ ਬੈਂਜਾਮਿਨ ਰੋਲਰ ਸੀ। ਮੁਕਾਬਲੇ ਵਿਚ ਗਾਮੇ ਨੇ ਰੋਲਰ ਨੂੰ ਪਹਿਲੀ ਵਾਰ 1 ਮਿੰਟ 40 ਸਕਿੰਟ ਵਿਚ ਅਤੇ ਦੂਜੇ ਦੌਰਾਨ 9 ਮਿੰਟ 10 ਸਕਿੰਟ ਵਿਚ ਹਰਾ ਦਿੱਤਾ। ਦੂਜੇ ਦਿਨ ਉਸ ਨੇ 12 ਪਹਿਲਵਾਨਾਂ ਨੂੰ ਹਰਾਇਆ। ਇਸ ਤਰ੍ਹਾਂ ਉਸ ਨੇ ਬਾਕਾਇਦਾ ਤੌਰ ਉੱਤੇ ਟੂਰਨਾਮੈਂਟ ਵਿਚ ਪ੍ਰਵੇਸ਼ ਕਰ ਲਿਆ।

ਸਟੈਨਿਸਲਾਸ ਜ਼ਬਿਸਕੋ ਨਾਲ ਮੈਚ

ਉਸ ਨੇ ਵਿਸ਼ਵ ਚੈਂਪੀਅਨ ਸਟੈਨਿਸਲਾਸ ਜ਼ਬਿਸਕੋ ਨੂੰ ਚੁਣੌਤੀ ਦਿੱਤੀ। ਇਸ ਮਹਾਨ ਪਹਿਲਵਾਨ ਦੇ ਵਿਸ਼ਵ ਕੁਸ਼ਤੀ ਯੁੱਧ ਦੀ ਤਾਰੀਖ 10 ਸਤੰਬਰ 1910 ਨਿਰਧਾਰਤ ਕਰ ਦਿੱਤੀ ਗਈ। ਉਸ ਸਮੇਂ ਜ਼ਬਿਸਕੋ ਨੂੰ ਦੁਨੀਆਂ ਦੇ ਪ੍ਰਮੁੱਖ ਪਹਿਲਵਾਨਾਂ ਵਿਚ ਗਿਣਿਆ ਜਾਂਦਾ ਸੀ। ਉਸ ਨੇ ਭਾਰਤ ਦੇ ਗਾਮੇ ਦੀ ਵੱਡੀ ਚੁਣੌਤੀ ਦਾ ਸਾਹਮਣਾ ਕਰਨਾ ਸੀ ਜਿਸ ਨੂੰ ਕੋਈ ਵੀ ਹਰਾ ਨਹੀਂ ਸਕਿਆ ਸੀ। ਨਾਮੀ ਪਹਿਲਵਾਨ ਫਰੈਂਕ ਗੋਚ ਵੀ ਉਸ ਨੂੰ ਇਕ ਮੈਚ ਵਿਚ ਹਰਾਉਣ ਦੀ ਕੋਸ਼ਿਸ਼ ਵਿਚ ਅਸਫਲ ਰਿਹਾ। ਇਸ ਤਰ੍ਹਾਂ 10 ਸਤੰਬਰ 1910 ਨੂੰ ਜ਼ਬਿਸਕੋ ਨੇ ਲੰਡਨ ਵਿਚ ਜੌਨ ਬੁਲ ਵਰਲਡ ਚੈਂਪੀਅਨਸ਼ਿਪ ਦੇ ਫਾਈਨਲ ਵਿਚ ਗਾਮਾ ਨਾਲ ਮੁਕਾਬਲਾ ਲੜਿਆ। ਇਹ ਮੈਚ ਇਨਾਮੀ ਰਾਸ਼ੀ ਵਿਚ 250 ਡਾਲਰ ਅਤੇ ਜੌਨ ਬੁਲ ਬੈਲਟ ਦਾ ਸੀ। ਇਕ ਮਿੰਟ ਵਿਚ ਗਾਮੇ ਨੇ ਜ਼ਬਿਸਕੋ ਨੂੰ ਢਾਹ ਲਿਆ। ਮੈਚ ਬਾਕੀ 2 ਘੰਟੇ ਅਤੇ 35 ਮਿੰਟ ਉਸ ਸਥਿਤੀ ਵਿਚ ਰਿਹਾ। ਕੁਝ ਖ਼ਾਸ ਪਲਾਂ ਵਿਚ ਜ਼ਬਿਸਕੋ ਨੇ ਵਾਪਸੀ ਕਰਨ ਦੀ ਕੋਸ਼ਿਸ਼ ਕੀਤੀ, ਪਰ ਅਸਫਲ ਰਿਹਾ। ਜ਼ਮੀਨ ਉੱਤੇ ਕੁਸ਼ਤੀ ਲਈ ਵਿਛਾਈ ਗਈ ਚਟਾਈ ਨੂੰ ਜੱਫੀ ਪਾ ਚਿਪਕਣ ਦੀ ਬਚਾਅ ਪੱਖੀ ਰਣਨੀਤੀ ਕਾਰਨ ਉਹ ਗਾਮੇ ਕੋਲੋਂ ਹਾਰ ਤੋਂ ਬਚ ਗਿਆ। ਜ਼ਬਿਸਕੋ ਨੇ ਤਕਰੀਬਨ ਤਿੰਨ ਘੰਟੇ ਦੀ ਕੁਸ਼ਤੀ ਤੋਂ ਬਾਅਦ ਮੈਚ ਨੂੰ ਡਰਾਅ ਹੋਣ ਤਕ ਖਿੱਚ ਲਿਆ। ਹਾਲਾਂਕਿ ਇਸ ਮੈਚ ਵਿਚ ਜ਼ਬਿਸਕੋ ਦੀ ਕਮਜ਼ੋਰ ਸਥਿਤੀ ਨੇ ਉਸ ਦੇ ਬਹੁਤ ਸਾਰੇ ਪ੍ਰਸ਼ੰਸਕਾਂ ਨੂੰ ਨਾਰਾਜ਼ ਕਰ ਦਿੱਤਾ। ਫਿਰ ਵੀ ਜ਼ਬਿਸਕੋ ਉਨ੍ਹਾਂ ਕੁਝ ਕੁ ਪਹਿਲਵਾਨਾਂ ਵਿਚੋਂ ਇਕ ਬਣ ਗਿਆ ਜੋ ਗਾਮੇ ਕੋਲੋਂ ਨਹੀਂ ਹਾਰੇ ਸਨ। ਦੋਵੇਂ ਪਹਿਲਵਾਨਾਂ ਲਈ ਦੁਬਾਰਾ ਇਕ ਦੂਜੇ ਦਾ ਸਾਹਮਣਾ ਕਰਨ ਦਾ ਦਿਨ 17 ਸਤੰਬਰ 1910 ਨਿਰਧਾਰਤ ਕੀਤਾ ਗਿਆ। ਉਸ ਤਾਰੀਖ ਨੂੰ ਜ਼ਬਿਸਕੋ ਉਸ ਸਾਹਮਣੇ ਆਉਣ ਦੀ ਹਿੰਮਤ ਨਾ ਕਰ ਸਕਿਆ ਤਾਂ ਗਾਮੇ ਨੂੰ ਜੇਤੂ ਐਲਾਨ ਦਿੱਤਾ ਗਿਆ। ਉਸ ਨੂੰ ਇਨਾਮ ਅਤੇ ਜੌਨ ਬੁਲ ਬੈਲਟ ਨਾਲ ਸਨਮਾਨਿਤ ਕੀਤਾ ਗਿਆ। ਇਸ ਬੈਲਟ ਨੂੰ ਪ੍ਰਾਪਤ ਕਰਨ ਕਰਕੇ ਹੀ ਉਸ ਨੂੰ ਰੁਸਤਮ-ਏ-ਜ਼ਮਾਨ ਜਾਂ ਵਿਸ਼ਵ ਚੈਂਪੀਅਨ ਕਿਹਾ ਜਾਂਦਾ ਹੈ, ਪਰ ਹੁਣ ਤਕ ਵਿਸ਼ਵ ਦਾ ਮੁੱਖ ਤੌਰ ’ਤੇ ਚੈਂਪੀਅਨ ਨਹੀਂ ਸੀ ਕਿਉਂਕਿ ਉਸ ਨੇ ਜ਼ਬਿਸਕੋ ਨੂੰ ਰਿੰਗ ਵਿਚ ਨਹੀਂ ਹਰਾਇਆ ਸੀ।

ਅਮਰੀਕੀ ਅਤੇ ਯੂਰੋਪੀਅਨ ਚੈਂਪੀਅਨਜ਼ ਵਿਰੁੱਧ ਮੁਕਾਬਲੇ

ਇਸ ਦੌਰੇ ਦੌਰਾਨ ਗਾਮੇ ਭਲਵਾਨ ਨੇ ਦੁਨੀਆਂ ਦੇ ਕੁਝ ਬਿਹਤਰੀਨ ਪਹਿਲਵਾਨਾਂ ਨੂੰ ਹਰਾਇਆ: * ਅਮਰੀਕਾ ਦਾ ਡਾ. ਬੈਂਜਾਮਿਨ ਰੋਲਰ * ਸਵਿਟਜ਼ਰਲੈਂਡ ਦਾ ਮੌਰਿਸ ਡੇਰੀਆਜ਼ * ਜੋਹਾਨ ਲੇਮ (ਯੂਰੋਪੀਅਨ ਚੈਂਪੀਅਨ) ਸਵਿਟਜ਼ਰਲੈਂਡ ਅਤੇ * ਜੈਸੀ ਪੀਟਰਸਨ (ਵਿਸ਼ਵ ਜੇਤੂ) ਸਵੀਡਨ ਤੋਂ। ਰੋਲਰ ਵਿਰੁੱਧ ਮੈਚ ਵਿਚ ਗਾਮੇ ਨੇ ‘ਡਾ.’ ਬੈਂਜਾਮਿਨ ਰੋਲਰ ਨੂੰ 15 ਮਿੰਟ ਦੇ ਮੈਚ ਵਿਚ 13 ਵਾਰ ਜ਼ਮੀਨ ਉੱਤੇ ਪਟਕਿਆ। ਫਿਰ ਉਸ ਨੇ ਹੁਣ ਵਿਸ਼ਵ ਚੈਂਪੀਅਨ ਹੋਣ ਦਾ ਦਾਅਵਾ ਕਰਨ ਵਾਲੇ ਬਾਕੀ ਪਹਿਲਵਾਨਾਂ ਲਈ ਚੁਣੌਤੀ ਜਾਰੀ ਕਰ ਦਿੱਤੀ। ਇਸ ਵਿਚ ਜਪਾਨੀ ਜੂਡੋ ਚੈਂਪੀਅਨ ਟੈਰੋ ਮਿਆਕ, ਰੂਸ ਦਾ ਜਾਰਜ ਹੈਕਨਸ਼ਮੀਡਟ ਅਤੇ ਅਮਰੀਕਾ ਦਾ ਫਰੈਂਕ ਗੌਚ ਸ਼ਾਮਲ ਸਨ। ਇਨ੍ਹਾਂ ਨੇ ਉਸ ਦਾ ਸਾਹਮਣਾ ਕਰਨ ਲਈ ਰਿੰਗ ਵਿਚ ਆਉਣ ਦਾ ਸੱਦਾ ਠੁਕਰਾ ਦਿੱਤਾ। ਗਾਮੇ ਨੇ ਵੀਹ ਅੰਗਰੇਜ਼ ਪਹਿਲਵਾਨਾਂ ਨਾਲ ਲੜਨ ਦੀ ਪੇਸ਼ਕਸ਼ ਕੀਤੀ। ਉਸ ਨੇ ਐਲਾਨ ਕੀਤਾ ਕਿ ਉਹ ਉਨ੍ਹਾਂ ਸਾਰਿਆਂ ਨੂੰ ਹਰਾ ਦੇਵੇਗਾ ਜਾਂ ਹਾਰ ਉੱਤੇ ਉਨ੍ਹਾਂ ਨੂੰ ਇਨਾਮ ਦੀ ਰਕਮ ਅਦਾ ਕਰੇਗਾ, ਪਰ ਕੋਈ ਵੀ ਉਸ ਦੀ ਚੁਣੌਤੀ ਨੂੰ ਸਵੀਕਾਰ ਨਹੀਂ ਕਰ ਸਕਿਆ।

ਰਹੀਮ ਬਖਸ਼ ਸੁਲਤਾਨੀ ਵਾਲਾ ਨਾਲ ਅੰਤਿਮ ਮੁਕਾਬਲਾ

ਇੰਗਲੈਂਡ ਤੋਂ ਵਾਪਸ ਆਉਣ ਤੋਂ ਥੋੜ੍ਹੀ ਦੇਰ ਬਾਅਦ ਗਾਮੇ ਦਾ ਸਾਹਮਣਾ ਅਲਾਹਾਬਾਦ ਦੇ ਰਹੀਮ ਬਖ਼ਸ਼ ਸੁਲਤਾਨੀ ਵਾਲਾ ਨਾਲ ਹੋਇਆ। ਆਖ਼ਰਕਾਰ ਇਸ ਮੁਕਾਬਲੇ ਵਿਚ ਗਾਮੇ ਦੀ ਜਿੱਤ ਨੇ ਉਸ ਸਮੇਂ ਦੀ ਭਾਰਤੀ ਕੁਸ਼ਤੀ ਦੇ ਦੋ ਥੰਮ੍ਹਾਂ ਵਿਚਕਾਰ ਲੰਮੇ ਸੰਘਰਸ਼ ਨੂੰ ਖ਼ਤਮ ਕਰ ਦਿੱਤਾ ਅਤੇ ਗਾਮੇ ਨੇ ਰੁਸਤਮ-ਏ-ਹਿੰਦ ਦਾ ਖਿਤਾਬ ਜਿੱਤਿਆ। ਬਾਅਦ ਵਿਚ ਜਦੋਂ ਉਸ ਨੂੰ ਪੁੱਛਿਆ ਗਿਆ ਕਿ ਉਸ ਦਾ ਸਭ ਤੋਂ ਵੱਡਾ ਵਿਰੋਧੀ ਪਹਿਲਵਾਨ ਕੌਣ ਹੈ ਤਾਂ ਗਾਮੇ ਨੇ ਜਵਾਬ ਦਿੱਤਾ, “ਰਹੀਮ ਬਖ਼ਸ਼ ਸੁਲਤਾਨੀ ਵਾਲਾ।”

ਹਰਦੀਪ ਸਿੰਘ ਚੁੰਬਰ

ਜ਼ਬਿਸਕੋ ਨਾਲ ਦੁਬਾਰਾ ਮੈਚ

ਰਹੀਮ ਬਖਸ਼ ਸੁਲਤਾਨੀ ਵਾਲਾ ਨੂੰ ਹਰਾਉਣ ਤੋਂ ਬਾਅਦ ਗਾਮੇ ਦਾ ਸਾਹਮਣਾ ਪੰਡਿਤ ਬਿੱਡੂ ਨੇ ਕੀਤਾ ਜੋ ਉਸ ਸਮੇਂ (1916) ਦੇ ਭਾਰਤ ਦੇ ਸਰਬੋਤਮ ਪਹਿਲਵਾਨਾਂ ਵਿਚੋਂ ਇਕ ਸੀ। ਗਾਮੇ ਨੇ ਉਸ ਨੂੰ ਵੀ ਹਰਾਇਆ। 1922 ਵਿਚ ਭਾਰਤ ਦੀ ਯਾਤਰਾ ਦੌਰਾਨ ਵੇਲਜ਼ ਦੇ ਰਾਜਕੁਮਾਰ ਨੇ ਗਾਮੇ ਨੂੰ ਚਾਂਦੀ ਦਾ ਗੁਰਜ ਭੇਟ ਕੀਤਾ। 1927 ਤਕ ਗਾਮਾ ਨੂੰ ਟੱਕਰ ਦੇਣ ਵਾਲਾ ਕੋਈ ਵੀ ਪਹਿਲਵਾਨ ਨਹੀਂ ਸੀ। ਇਹ ਐਲਾਨ ਕੀਤਾ ਗਿਆ ਕਿ ਗਾਮਾ ਅਤੇ ਜ਼ਬਿਸਕੋ ਇਕ ਵਾਰ ਫਿਰ ਇਕ ਦੂਜੇ ਦੇ ਸਾਹਮਣੇ ਮੈਦਾਨ ਵਿਚ ਆਉਣਗੇ। ਉਨ੍ਹਾਂ ਦੀ ਮੁੜ ਮੁਲਾਕਾਤ ਜਨਵਰੀ 1928 ਵਿਚ ਪਟਿਆਲੇ ਵਿਚ ਹੋਈ। ਮੁਕਾਬਲੇ ਵਿਚ ਟੱਕਰ ਦੇ ਕੇ ਜ਼ਬਿਸਕੋ ਅਤੇ ਗਾਮੇ ਭਲਵਾਨ ਦੇ ਸਰੀਰ ਵਿਚ ਕਾਫ਼ੀ ਫ਼ਰਕ ਦਿਖਾਈ ਦਿੱਤਾ, ਫਿਰ ਵੀ ਉਸ ਨੇ ਸਾਬਕਾ ਵਿਸ਼ਵ ਜੇਤੂ ਉੱਤੇ ਆਸਾਨੀ ਨਾਲ ਕਾਬੂ ਪਾ ਕੇ ਇਕ ਮਿੰਟ ਦੇ ਅੰਦਰ ਹੀ ਮੁਕਾਬਲਾ ਜਿੱਤ ਲਿਆ। ਮੁਕਾਬਲੇ ਤੋਂ ਬਾਅਦ ਜ਼ਬਿਸਕੋ ਨੇ ਉਸ ਦੀ ਪ੍ਰਸ਼ੰਸਾ ਕੀਤੀ ਅਤੇ ਉਸ ਨੂੰ ‘ਟਾਈਗਰ’ ਦੇ ਨਾਮ ਨਾਲ ਸੰਬੋਧਤ ਕੀਤਾ। 48 ਸਾਲ ਦੀ ਉਮਰ ਵਿਚ ਉਹ ਭਾਰਤ ਹੀ ਨਹੀਂ ਸਗੋਂ ਦੁਨੀਆਂ ਦੇ ‘ਮਹਾਨ ਪਹਿਲਵਾਨਾਂ’ ਦੀ ਮੁੱਢਲੀ ਕਤਾਰ ਦੇ ਪਹਿਲਵਾਨ ਵਜੋਂ ਜਾਣਿਆ ਜਾਂਦਾ ਸੀ।

ਗਾਮਾ ਦੀ ਬਲਰਾਮ ਹੀਰਾਮਨ ਸਿੰਘ ਯਾਦਵ ਨਾਲ ਟੱਕਰ

ਜ਼ਬਿਸਕੋ ਨੂੰ ਹਰਾਉਣ ਤੋਂ ਬਾਅਦ ਗਾਮੇ ਨੇ ਫਰਵਰੀ 1929 ਵਿਚ ਜੇ.ਸੀ. ਪੀਟਰਸਨ ਨੂੰ ਹਰਾਇਆ। ਇਹ ਮੁਕਾਬਲਾ ਸਿਰਫ਼ ਡੇਢ ਮਿੰਟ ਹੀ ਚੱਲਿਆ। ਇਹ ਆਖ਼ਰੀ ਮੁਕਾਬਲਾ ਸੀ ਜੋ ਉਸ ਨੇ ਆਪਣੇ ਪੇਸ਼ੇਵਰ ਜੀਵਨ ਦੌਰਾਨ ਲੜਿਆ। ਨਿਜ਼ਾਮ ਨੇ ਉਸ ਨੂੰ ਪਹਿਲਵਾਨ ਬਲਰਾਮ ਹੀਰਾਮਨ ਸਿੰਘ ਯਾਦਵ ਦਾ ਸਾਹਮਣਾ ਕਰਨ ਲਈ ਭੇਜਿਆ, ਉਹ ਵੀ ਜ਼ਿੰਦਗੀ ਵਿਚ ਕਦੇ ਹਾਰਿਆ ਨਹੀਂ ਸੀ। ਕੁਸ਼ਤੀ ਦੀ ਲੜਾਈ ਬਹੁਤ ਲੰਬੀ ਸੀ। ਗਾਮਾ ਹੀਰਾਮਨ ਨੂੰ ਹਰਾਉਣ ਵਿਚ ਅਸਮਰੱਥ ਰਿਹਾ, ਪਰ ਆਖ਼ਰਕਾਰ ਕੋਈ ਪਹਿਲਵਾਨ ਨਾ ਜਿੱਤ ਸਕਿਆ। ਹੀਰਾਮਨ, ਗਾਮੇ ਦਾ ਸਾਹਮਣਾ ਕਰਨ ਨੂੰ ਸਭ ਤੋਂ ਮੁਸ਼ਕਿਲ ਮੁਕਾਬਲਿਆਂ ਵਿਚੋਂ ਇਕ ਮੰਨਦਾ ਸੀ।

ਦੇਸ਼ ਵੰਡ ਤੋਂ ਬਾਅਦ ਲਾਹੌਰ

1947 ਵਿਚ ਮੁਲਕ ਦੀ ਆਜ਼ਾਦੀ ਅਤੇ ਵੰਡ ਤੋਂ ਬਾਅਦ ਗਾਮਾ ਲਾਹੌਰ ਚਲਾ ਗਿਆ। ਵੰਡ ਸਮੇਂ ਸ਼ੁਰੂ ਹੋਏ ਹਿੰਦੂ-ਮੁਸਲਿਮ ਦੰਗਿਆਂ ਦੌਰਾਨ ਗਾਮੇ ਨੇ ਸੈਂਕੜੇ ਹਿੰਦੂਆਂ ਨੂੰ ਲਾਹੌਰ ਵਿਚ ਭੀੜ ਤੋਂ ਬਚਾਇਆ। ਉਸ ਨੇ ਆਪਣੇ ਨੇੜੇ ਦੇ ਕਿਸੇ ਵੀ ਪਰਿਵਾਰ ਦਾ ਨੁਕਸਾਨ ਨਹੀਂ ਹੋਣ ਦਿੱਤਾ। ਉਨ੍ਹਾਂ ਨੂੰ ਆਪਣੇ ਪੱਲਿਓਂ ਖਾਣਾ ਖੁਆਇਆ ਅਤੇ ਆਪ ਸਰਹੱਦ ਪਾਰ ਕਰਵਾ ਕੇ ਗਿਆ। ਹਾਲਾਂਕਿ ਗਾਮਾ 1952 ਤਕ ਰਿਟਾਇਰ ਨਹੀਂ ਹੋਇਆ ਸੀ, ਪਰ ਉਹ ਪੂਰੀ ਦੁਨੀਆਂ ਵਿਚ ਕਿਸੇ ਵੀ ਹੋਰ ਵਿਰੋਧੀ ਪਹਿਲਵਾਨ ਨੂੰ ਲੱਭਣ ਵਿਚ ਅਸਫਲ ਰਿਹਾ ਜੋ ਉਸ ਨੂੰ ਹਰਾਉਣ ਦਾ ਦਮ ਰੱਖਦਾ ਹੋਵੇ।

ਗਾਮੇ ਪਹਿਲਵਾਨ ਦੀ ਮੌਤ

ਲੰਮੀ ਬਿਮਾਰੀ ਮਗਰੋਂ 23 ਮਈ 1960 ਨੂੰ ਲਾਹੌਰ ਵਿਚ ਗਾਮੇ ਦਾ ਦੇਹਾਂਤ ਹੋ ਗਿਆ। ਉਸ ਦੀ ਸਹਾਇਤਾ ਕਰਨ ਲਈ ਪਾਕਿਸਤਾਨ ਦੀ ਪੰਜਾਬ ਸਰਕਾਰ ਨੇ ਕੁਝ ਜ਼ਮੀਨ ਅਤੇ ਮਹੀਨਾਵਾਰ ਪੈਨਸ਼ਨ ਦਿੱਤੀ। ਇਸ ਤੋਂ ਇਲਾਵਾ ਨਿੱਜੀ ਸਹਾਇਤਾ ਵਜੋਂ ਉਸ ਦੇ ਕੁਝ ਭਾਰਤੀ ਪ੍ਰਸ਼ੰਸਕਾਂ ਨੇ ਦਾਨ ਵੀ ਦਿੱਤਾ ਜਿਸ ਨਾਲ ਆਪਣੀ ਮੌਤ ਤਕ ਡਾਕਟਰੀ ਖਰਚਿਆਂ ਦੀ ਭਰਪਾਈ ਕਰਦਾ ਰਿਹਾ। ਜੀ.ਡੀ. ਬਿਰਲਾ ਨੇ ਉਸ ਨੂੰ ਸਹਾਇਤਾ ਵਜੋਂ 2000 ਰੁਪਏ ਦਿੱਤੇ ਅਤੇ 300 ਰੁਪਏ ਮਹੀਨਾ ਪੈਨਸ਼ਨ ਵੀ ਦਿੰਦੇ ਰਹੇ। ਪਟਿਆਲਾ ਦੇ ਮਹਾਰਾਜਾ ਨੇ ਵੀ ਸਹਾਇਤਾ ਕੀਤੀ। ਪਾਕਿਸਤਾਨ ਦੀ ਸਰਕਾਰ ਨੇ ਵੀ ਉਸ ਦੀ ਮੌਤ ਤਕ ਦੇ ਇਲਾਜ ਉੱਤੇ ਹੋਣ ਵਾਲਾ ਖਰਚਾ ਚੁੱਕਿਆ ਸੀ। ਉਸ ਨੇ ਕੁਸ਼ਤੀ ਦੇ ਤਿਆਗ ਤੋਂ ਬਾਅਦ ਭਤੀਜੇ ਭੋਲਾ ਪਹਿਲਵਾਨ ਨੂੰ ਕੁਸ਼ਤੀਆਂ ਦੀ ਸਿਖਲਾਈ ਦਿੱਤੀ। ਉਹ ਵੀ 20 ਸਾਲ ਪਾਕਿਸਤਾਨ ਦਾ ਰੈਸਲਿੰਗ ਚੈਂਪੀਅਨ ਰਿਹਾ। ਗਾਮਾ ਦੀ ਦਿਨ ਭਰ ਦੀ ਸਿਖਲਾਈ ਦੌਰਾਨ ਕਰਨ ਵਾਲੀ ਮਿਹਨਤ ਅਤੇ ਲਗਨ ਦੇ ਰੁਟੀਨ ਦਾ ਬਰੂਸ ਲੀ ਮੁਰੀਦ ਸੀ। ਲੀ ਨੇ ਗਾਮਾ ਬਾਰੇ ਲੇਖ ਪੜ੍ਹੇ ਅਤੇ ਜਲਦੀ ਹੀ ਉਨ੍ਹਾਂ ਦੇ ਰੁਟੀਨ ਨੂੰ ਆਪਣੇ ਰੁਟੀਨ ਵਿਚ ਸ਼ਾਮਲ ਕਰ ਲਿਆ। ਗਾਮਾ ਪਹਿਲਵਾਨ ਨੂੰ ਸਨਮਾਨ ਨਾਲ ਰਹਿਣਾ ਬਹੁਤ ਪਸੰਦ ਸੀ। ਉਸ ਦਾ ਪਰਿਵਾਰ ਆਪਣੀ ਪੋਤੀ ਕੁਲਸੁਮ ਨਵਾਜ਼ (ਨਵਾਜ਼ ਸ਼ਰੀਫ ਦੀ ਪਤਨੀ) ਦੇ ਲਾਹੌਰ ਦੀ ਮੋਹਨੀ ਰੋਡ ਸਥਿਤ ਇਕ ਰਿਹਾਇਸ਼ੀ ਮਕਾਨ ਵਿਚ ਵਸ ਗਿਆ।

ਸੰਪਰਕ: 94636-01616

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All