ਵਿਰਾਸਤ ’ਚ ਮਿਲਦੇ ਫ਼ਿਕਰਾਂ ਦੀ ਦਾਸਤਾਨ ‘ਸੰਕਰਮਣ’

ਰਾਸ ਰੰਗ

ਡਾ. ਸਾਹਿਬ ਸਿੰਘ

ਹਿੰਦੁਸਤਾਨ ਦਾ ਮੱਧ ਵਰਗ ਫਿਕਰਾਂ ਦੀ ਜੰਮਣ ਘੁੱਟੀ ਲੈ ਕੇ ਜੰਮਦਾ ਹੈ, ਸੁਪਨਿਆਂ ਦੀ ਮਿੱਟੀ ’ਚ ਰਿੜ੍ਹਦਾ ਪਲਦਾ ਹੈ, ਆਸਾਂ ਉਮੀਦਾਂ ਦੇ ਮਹਿਲ ਸਿਰਜਦਾ ਜਵਾਨੀ ਗੁਜ਼ਾਰਦਾ ਹੈ ਅਤੇ ਫਿਰ ਆਪਣੇ ਵੱਲੋਂ ਕੀਤੇ ਜਾ ਸਕੇ ਤੇ ਨਾ ਕੀਤੇ ਜਾ ਸਕੇ ਕੰਮਾਂ ਕਾਰਨ ਰਿਝਦਾ, ਕੁੜ੍ਹਦਾ, ਕਲਪਦਾ ਬੁਢਾਪੇ ਦੇ ਦਰਵਾਜ਼ੇ ’ਤੇ ਦਸਤਕ ਦਿੰਦਾ ਹੈ। ਕਾਮਤਾਨਾਥ ਦੀ ਕਹਾਣੀ ‘ਸੰਕਰਮਣ’ ਪੀੜ੍ਹੀ ਦਰ ਪੀੜ੍ਹੀ ਚਲਦੀ ਇਸ ‘ਛੂਤ ਦੀ ਬਿਮਾਰੀ’ ਨੂੰ ਮਜ਼ਾਹੀਆ ਢੰਗ ਨਾਲ ਪੇਸ਼ ਕਰਦੀ ਹੈ। ਪਿਛਲੇ ਦਿਨੀਂ ਰੰਗ ਟੋਲੀ ‘ਦ੍ਰਿਸ਼ਟੀ ਥੀਏਟਰ ਕਲੱਬ’ ਵੱਲੋਂ ਮੁਨੀਸ਼ ਕਪੂਰ ਦੀ ਨਿਰਦੇਸ਼ਨਾ ਹੇਠ ਇਸ ਕਹਾਣੀ ਦਾ ਮੰਚਨ ਕੀਤਾ ਗਿਆ। ਕਾਮਤਾਨਾਥ ਦੀ ਇਹ ਕਹਾਣੀ ਬੜੇ ਸਹਿਜ ਨਾਲ ਪਿਤਾ, ਪੁੱਤਰ, ਮਾਂ ਅਤੇ ਪਤਨੀ ਦੇ ਆਪਸੀ ਰਿਸ਼ਤਿਆਂ ਵਿਚੋਂ ਘਰ ਨੂੰ ਆਧਾਰ ਬਿੰਬ ਬਣਾ ਕੇ ਤੁਹਾਡੇ ਸਾਹਮਣੇ ਉਹ ਕੌੜਾ ਸੱਚ ਉਜਾਗਰ ਕਰਦੀ ਹੈ ਜਿੱਥੋਂ ਦੀਆਂ ਬੁਨਿਆਦੀ ਲੋੜਾਂ ਦੀ ਪੂਰਤੀ ਦਾ ਸੰਘਰਸ਼ ਜ਼ਿੰਦਗੀ ਦੇ ਅਸਲ ਰੰਗ ਨੂੰ ਤਰਤੀਬ ਹੀ ਨਹੀਂ ਪਕੜਨ ਦਿੰਦਾ। ਮੱਧ ਵਰਗੀ ਇਨਸਾਨ ਲਈ ਇੱਟਾਂ ਦਾ ਬਣਿਆ ਮਕਾਨ, ਉਸਦੀ ਸਾਂਭ ਸੰਭਾਲ, ਉਸ ਦੀਆਂ ਨੁੱਕਰਾਂ ’ਚ ਫਸਿਆ ਆਪਣਾ ਸਵੈ ਮਾਣ, ਉਸ ਦੀਆਂ ਵਿਰਲਾਂ ਦੇ ਆਰ ਪਾਰ ਝਾਕਦਾ ਉਸਦਾ ਨੀਰਸ ਸੰਸਾਰ ਅਤੇ ਉਸਦੇ ਫਰਸ਼ ਦੀਆਂ ਤਰੇੜਾਂ ’ਚੋਂ ਡਰਾਉਂਦਾ ਆਉਣ ਵਾਲਾ ਸਮਾਂ ਹੀ ਜ਼ਿੰਦਗੀ ਦਾ ਸੱਚ ਬਣਕੇ ਰਹਿ ਜਾਂਦਾ ਹੈ। ਉਹ ਜ਼ਿੰਦਗੀ ਦੇ ਸੂਖਮ ਰੰਗਾਂ ਤੇ ਤਰਜੀਹਾਂ ਵੱਲ ਮੋੜਾ ਕਦੋਂ ਮੁੜੇ? ਇਹ ਸਵਾਲ ਇਸ ਪੇਸ਼ਕਾਰੀ ਨੂੰ ਦੇਖਦਿਆਂ ਮੇਰੇ ’ਤੇ ਹਾਵੀ ਹੋਇਆ ਰਿਹਾ। ਪਹਿਲੀ ਪੀੜ੍ਹੀ ਦੀ ਪ੍ਰਤੀਨਿਧਤਾ ਕਰਦਾ ਬਾਪ (ਯੋਗੇਸ਼ ਅਰੋੜਾ) ਆਪਣੇ ਪੁੱਤਰ ਦੀਆਂ ਅਣਗਹਿਲੀਆਂ ਤੇ ਬੇਫਿਕਰੀਆਂ ਦੇ ਕਿੱਸੇ ਸੁਣਾਉਣ ਲੱਗਦਾ ਹੈ ਤਾਂ ਨਾਟਕੀ ਤਣਾਅ ਵੀ ਪ੍ਰਗਟ ਹੁੰਦਾ ਹੈ। ਦਰਸ਼ਕ ਹਾਲ ਅੰਦਰ ਬੈਠਾ ਵੀ ਆਪਣੇ ਘਰ ਨਾਲ ਜੁੜਿਆ ਮਹਿਸੂਸ ਕਰਦਾ ਹੈ। ਮੀਂਹ ਕਾਰਨ ਘਰ ਦੀ ਛੱਤ ’ਤੇ ਇਕੱਠਾ ਹੁੰਦਾ ਪਾਣੀ ਉਸਦੇ ਫ਼ਿਕਰਾਂ ’ਚ ਆ ਧਮਕਦਾ ਹੈ। ਬੇਟਾ ਨੌਕਰੀ ’ਤੇ ਚਲਾ ਗਿਆ ਹੈ ਤੇ ਪੋਤਾ ਸਕੂਲ, ਪਤਨੀ ਤੇ ਨੂੰਹ ਆਪਣੇ ਕੰਮੀਂ ਧੰਦੀ ਜੁਟ ਗਈਆਂ ਹਨ, ਹੁਣ ਬਾਪ ਆਪਣਾ ਕਿੱਸਾ ਛੋਂਹਦਾ ਹੈ। ਬਿਲਕੁਲ ਉਵੇਂ ਸਾਡੇ ਮੁਲਕ ਦਾ ਹਰ ਬਾਪ ਅਹਿਸਾਨਮਈ ਸੁਰ ’ਚ ਅਗਲੀ ਪੀੜ੍ਹੀ ਨਾਲ ਵਾਰਤਾਲਾਪ ਕਰਦਾ ਹੈ। ਬਾਪ ਜਵਾਨੀ ’ਚ ਤੰਗੀਆਂ ਤੁਰਸ਼ੀਆਂ ਸਹਿੰਦਾ ਵੱਡਾ ਹੋਇਆ ਹੈ। ਇਕ ਪੈਂਟ, ਦੋ ਕਮੀਜ਼ਾਂ, ਜ਼ੀਰੋ ਜੇਬ ਖ਼ਰਚ, ਪੈਦਲ ਯਾਤਰਾ ਤੇ ਸਖ਼ਤ ਮਿਹਨਤ। ਨੌਕਰੀ ਕਰਦਾ ਹੈ, ਪੈਸੇ ਬਚਾਉਂਦਾ ਹੈ ਤੇ ਫਿਰ ਇਕ ਘਰ ਬਣਾਉਂਦਾ ਹੈ। ਉਸਨੂੰ ਇਵੇਂ ਲੱਗਦਾ ਹੈ ਕਿ ਜ਼ਿੰਦਗੀ ਦਾ ਮਕਸਦ ਪੂਰਾ ਹੋ ਗਿਆ। ਘਰ, ਵਿਆਹ, ਬੱਚਾ, ਨੂੰਹ, ਪੋਤਾ ਉਸਦੇ ਮੋਢੇ ’ਤੇ ਟੰਗੇ ਮੈਡਲ ਹਨ। ਉਹ ਚਾਹੁੰਦਾ ਹੈ ਕਿ ਸਾਰਾ ਪਰਿਵਾਰ ਉਸਦਾ ਧੰਨਵਾਦ ਕਰੇ, ਪਰ ਅਸਲ ਇਵੇਂ ਦਾ ਹੁੰਦਾ ਨਹੀਂ, ਹੋ ਸਕਦਾ ਹੀ ਨਹੀਂ। ਇੱਥੋਂ ਉਸਦੀ ਤਕਲੀਫ਼ ਆਰੰਭ ਹੁੰਦੀ ਹੈ।

ਡਾ. ਸਾਹਿਬ ਸਿੰਘ

ਉਸਨੂੰ ਇਤਰਾਜ਼ ਹੈ ਕਿ ਪੁੱਤ ਨੂੰ ਸਭ ਕੁਝ ਬੈਠੇ ਬਿਠਾਏ ਮਿਲ ਗਿਆ ਹੈ ਤੇ ਹੁਣ ਫਰਜ਼ ਤੋਂ ਭੱਜ ਰਿਹਾ ਹੈ। ਉਸਨੂੰ ਗੁੱਸਾ ਹੈ ਕਿ ਕਣਕ ਧੋ ਕੇ, ਸੁਕਾ ਕੇ, ਚੱਕੀ ਲਿਜਾ ਕੇ ਦੇਖ ਰੇਖ ਵਿਚ ਆਟਾ ਕਿਉਂ ਨਹੀਂ ਪਿਸਾਇਆ ਜਾਂਦਾ, ਪੈਕਟ ਵਾਲਾ ਆਟਾ ਕਿਉਂ ਆ ਰਿਹਾ ਹੈ। ਪੁੱਤ ਵਕਤ ਸਿਰ ਘਰ ਕਿਉਂ ਨਹੀਂ ਆਉਂਦਾ, ਦੋਸਤਾਂ ਨਾਲ ਕਿਉਂ ਬੈਠਦਾ ਹੈ? ਉਸ ਦੀਆਂ ਸ਼ਿਕਾਇਤਾਂ ਦੀ ਸੂਚੀ ਲੰਬੀ ਹੈ। ਪ੍ਰੌੜ ਅਦਾਕਾਰ ਯੋਗੇਸ਼ ਅਰੋੜਾ ਆਵਾਜ਼ ਦੇ ਉਤਰਾਅ ਚੜ੍ਹਾਅ ਰਾਹੀਂ ਇਕੱਲਾ ਹੀ ਐਸਾ ਰੰਗ ਬੰਨ੍ਹਦਾ ਹੈ ਕਿ ਦਰਸ਼ਕ ਅਸ਼ ਅਸ਼ ਕਰ ਉੱਠਦਾ ਹੈ। ਜਵਾਨੀ ਤੇ ਬੁਢਾਪੇ ਦੇ ਕਿਰਦਾਰਾਂ ਵਿਚ ਉਹ ਬੜੀ ਸੌਖ ਨਾਲ ਢਲਦਾ ਜਾਂਦਾ ਹੈ। ਜਦੋਂ ਯੋਗੇਸ਼ ਬੋਲ ਰਿਹਾ ਹੈ ਤਾਂ ਦਰਸ਼ਕ ਉਸ ਵਹਾਅ ’ਚ ਉਸਦੇ ਨਾਲ ਹੋ ਤੁਰਦੇ ਹਨ। ਗੱਲਾਂ ਨਾਲ ਕੋਈ ਸਹਿਮਤ ਹੈ, ਕੋਈ ਅਸਹਿਮਤ, ਪਰ ਬੁਲੰਦ ਅਦਾਕਾਰੀ ਨਾਲ ਹਰ ਕੋਈ ਸਹਿਮਤ ਹੈ। ਬਾਪ ਮੰਚ ’ਤੋਂ ਵਿਦਾਇਗੀ ਲੈਂਦਾ ਹੈ ਤਾਂ ਪੁੱਤ ਦੇ ਰੂਪ ’ਚ ਮੁਨੀਸ਼ ਕਪੂਰ ਆ ਹਾਜ਼ਰ ਹੁੰਦਾ ਹੈ। ਹੁਣ ਇਕ ਇਕ ਕਰਕੇ ਉਹ ਬਾਪ ਦੀਆਂ ਸਾਰੀਆਂ ਸ਼ਿਕਾਇਤਾਂ ਦਾ ਜਵਾਬ ਦਿੰਦਾ ਹੈ। ਉਸਨੂੰ ਲੱਗਦਾ ਹੈ ਕਿ ਬਾਪ ਸਠਿਆ ਗਿਆ ਹੈ, ਟਿਕ ਕੇ ਬਹਿਣ ਦੀ ਜਾਚ ਨਹੀਂ ਸਿੱਖ ਰਿਹਾ, ਨਿਆਣਿਆਂ ਦੀ ਖੁਸ਼ੀ ਵਿਚ ਵਿਘਨ ਪਾਉਂਦਾ ਹੈ, ਗੱਲ ਗੱਲ ’ਤੇ ਨਘੋਚਾਂ ਕੱਢਦਾ ਹੈ। ਹਰ ਇਕ ’ਤੇ ਨਜ਼ਰ ਰੱਖ ਰਿਹਾ ਹੈ ਜਿਵੇਂ ਘਰ ਨਹੀਂ ਜੇਲ੍ਹ ਖਾਨਾ ਹੈ। ਪੁੱਤ ਨੂੰ ਸ਼ਿਕਾਇਤ ਹੈ ਕਿ ਬਾਪ ਆਪਣੇ ਸਮੇਂ ਦੀਆਂ ਚੁਣੌਤੀਆਂ ਮੇਰੇ ’ਤੇ ਕਿਉਂ ਠੋਸ ਰਿਹਾ ਹੈ, ਜੇ ਪੁੱਤ ਨੇ ਸਾਈਕਲ ਤੋਂ ਗੱਡੀ ਤਕ ਦਾ ਸਫ਼ਰ ਤੈਅ ਕੀਤਾ ਹੈ ਤਾਂ ਉਸਦਾ ਕੀ ਗੁਨਾਹ ਹੈ? ਕੀ ਉਹ ਵੀ ਹੁਣ ਪੈਦਲ ਯਾਤਰਾ ਕਰੇ? ਪੁੱਤ ਦੀ ਵਾਰਤਾਲਾਪ ਦੌਰਾਨ ਬਾਪ ਮਰ ਚੁੱਕਾ ਹੈ। ਹੁਣ ਮਾਂ ਸਾਹਮਣੇ ਆਉਂਦੀ ਹੈ ਤੇ ਦਰਸ਼ਕਾਂ ਨੂੰ ਸੰਬੋਧਨ ਕਰਦੀ ਹੈ। ਉਹ ਪਤੀ ਦੇ ਵਿਛੋੜੇ ਦਾ ਦਰਦ ਵੀ ਸਹਿ ਰਹੀ ਹੈ, ਪੁੱਤ ਲਈ ਮਮਤਾ ਵੀ ਛਲਕ ਰਹੀ ਹੈ। ਮਾਂ ਆਪਣੀ ਗੱਲ ਜਿਸ ਮੋੜ ’ਤੇ ਮੁਕਾਉਂਦੀ ਹੈ, ਉਹੀ ਅਸਲ ਵਿਚ ਨਾਟਕ ਦਾ ਥੀਮ ਹੈ। ਮਾਂ ਕਹਿੰਦੀ ਹੈ, ‘ਜਦੋਂ ਦੇ ਉਹ ਗਏ ਹਨ, ਪੁੱਤਰ ਨੂੰ ਪਤਾ ਨਹੀਂ ਕੀ ਹੋ ਗਿਆ ਹੈ, ਉੱਕਾ ਹੀ ਬਦਲ ਗਿਆ ਹੈ। ਰਾਤ ਨੂੰ ਉੱਠ ਉੱਠ ਕੇ ਘਰ ਦੇ ਦਰਵਾਜ਼ੇ ਤਾਕੀਆਂ ਦੀਆਂ ਕੁੰਡੀਆਂ ਚੈੱਕ ਕਰਦਾ ਹੈ। ਬਾਥਰੂਮ ਦੀ ਟੂਟੀ ਨੂੰ ਘੁਮਾ ਘੁਮਾ ਕੇ ਦੇਖਦਾ ਹੈ ਕਿ ਕਿਤੇ ਪਾਣੀ ਤਾਂ ਨਹੀਂ ਰਿਸ ਰਿਹਾ, ਕਣਕ ਸੁਕਾ ਕੇ ਥੈਲਾ ਮੋਢੇ ’ਤੇ ਚੁੱਕ ਕੇ ਪੈਦਲ ਚੱਕੀ ਤਕ ਜਾਂਦਾ ਹੈ। ਘਰ ਵਿਚ ਪਈ ਨਿੱਕੀ ਨਿੱਕੀ ਚੀਜ਼ ਚੁੱਕ ਕੇ ਟਰੰਕ ਵਿਚ ਸੰਭਾਲਣ ਲੱਗਦਾ ਹੈ।’ ‘ਦਰਅਸਲ, ਇਹੀ ਸੰਕਰਮਣ ਹੈ, ਪੁੱਤ ਹੁਣ ਪਿਤਾ ਬਣ ਗਿਆ ਹੈ। ਇਹ ਸਿਲਸਿਲਾ ਸਦੀਆਂ ਤੋਂ ਚਲਦਾ ਆ ਰਿਹਾ ਹੈ। ਕਹਾਣੀ ਵਿਚਲਾ ਸੰਦੇਸ਼ ਬਿਨਾਂ ਚੀਖ ਮਾਰਿਆਂ, ਬਿਨਾਂ ਸ਼ੋਰ ਕੀਤਿਆਂ ਦਿਲ ’ਤੇ ਦਸਤਕ ਦੇ ਗਿਆ ਹੈ। ਨਾਟਕ ਹੋਰ ਕੀ ਕਰ ਸਕਦਾ ਹੈ, ਸੁੱਤੀਆਂ ਸੰਵੇਦਨਾਵਾਂ ਨੂੰ ਹਲੂਣਾ ਹੀ ਤਾਂ ਦੇ ਸਕਦਾ ਹੈ। ਇਸ ਨਾਟਕ ਨੇ ਆਪਣਾ ਫਰਜ਼ ਨਿਭਾਇਆ, ਪਰ ਰੰਗਮੰਚ ਦੇ ਲਹਿਜ਼ੇ ਤੋਂ ਇਕ ਗੱਲ ਚੁੱਭ ਰਹੀ ਸੀ। ਮੁਨੀਸ਼ ਕਪੂਰ ਅਤੇ ਰਜਨੀ (ਮਾਂ) ਦੀ ਆਵਾਜ਼ ਸੁਣਨ ਲਈ ਕੰਨਾਂ ’ਤੇ ਬਹੁਤ ਜ਼ੋਰ ਦੇਣਾ ਪੈ ਰਿਹਾ ਸੀ, ਅਜਿਹਾ ਵੀ ਇਕ ਅਜੀਬ ਸੰਕਰਮਣ ਕਰਕੇ ਹੋਇਆ। ਯੋਗੇਸ਼ ਅਰੋੜਾ ਆਪਣੀ ਦਮਦਾਰ ਆਵਾਜ਼ ਕਾਰਨ ਜਿਸ ਸੁਰ ’ਤੇ ਖੇਡ ਰਿਹਾ ਸੀ, ਬਾਕੀ ਕਲਾਕਾਰ ਵੀ ਅਚੇਤ ਜਾਂ ਸੁਚੇਤ ਉਸੇ ਸੁਰ ’ਚ ਵਹਿ ਤੁਰੇ। ਹਰ ਅਦਾਕਾਰ ਦੀ ਆਵਾਜ਼ ਵੱਖਰੀ ਹੁੰਦੀ ਹੈ, ਆਵਾਜ਼ ਦੀ ਟੋਨ ਸ਼ਕਤੀ ਬਣਤਰ ਅਲੱਗ ਹੁੰਦੀ ਹੈ। ਇਸ ਲਈ ਹਰ ਕਲਾਕਾਰ ਨੂੰ ਆਪਣੀ ਸੁਰ ਤਾਲ ਤਲਾਸ਼ਣੀ ਪੈਂਦੀ ਹੈ। ਉਮੀਦ ਹੈ ਕਿ ਰੰਗਮੰਚ ਦੇ ਕਲਾਕਾਰ ਇਸ ਵੱਲ ਤਵੱਜੋ ਦੇਣਗੇ।

ਸੰਪਰਕ: 98880-11096

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਮੁੱਖ ਖ਼ਬਰਾਂ

ਪੰਜਾਬ ’ਚ ਕਰੋਨਾ ਨੇ ਫਣ ਚੁੱਕਿਆ; ਰਿਕਾਰਡ 39 ਮੌਤਾਂ

ਪੰਜਾਬ ’ਚ ਕਰੋਨਾ ਨੇ ਫਣ ਚੁੱਕਿਆ; ਰਿਕਾਰਡ 39 ਮੌਤਾਂ

ਲੁਧਿਆਣਾ ਵਿੱਚ ਪਿਛਲੇ ਤਿੰਨ ਹਫ਼ਤਿਆਂ ’ਚ ਸਭ ਤੋਂ ਵੱਧ ਮੌਤਾਂ

ਬੰਗਲੂਰੂ: ਵੱਡੇ ਪੱਧਰ ’ਤੇ ਸਾੜਫੂਕ; ਪੁਲੀਸ ਫਾਇਰਿੰਗ ’ਚ 3 ਮੌਤਾਂ

ਬੰਗਲੂਰੂ: ਵੱਡੇ ਪੱਧਰ ’ਤੇ ਸਾੜਫੂਕ; ਪੁਲੀਸ ਫਾਇਰਿੰਗ ’ਚ 3 ਮੌਤਾਂ

* ਇਤਰਾਜ਼ਯੋਗ ਪੋਸਟ ਤੋਂ ਭੜਕੀ ਹਿੰਸਾ; * 50 ਪੁਲੀਸ ਕਰਮੀਆਂ ਸਮੇਤ ਕਈ ਜ...

ਪਾਵਰਕੌਮ ’ਚ 40 ਹਜ਼ਾਰ ਅਸਾਮੀਆਂ ਖ਼ਤਮ ਕਰਨ ਦੀ ਤਿਆਰੀ

ਪਾਵਰਕੌਮ ’ਚ 40 ਹਜ਼ਾਰ ਅਸਾਮੀਆਂ ਖ਼ਤਮ ਕਰਨ ਦੀ ਤਿਆਰੀ

* ਬਿਜਲੀ ਵਿਭਾਗ ਨੇ ਜੁਲਾਈ ਮਹੀਨੇ ਦੋ ਮੀਟਿੰਗਾਂ ’ਚ ਲਏ ਅਹਿਮ ਫੈਸਲੇ; *...

ਸ਼ਹਿਰ

View All