ਵਿਦਿਆ ਚਿੰਤਕ ਵਾਲਿਸੀ ਸੁਖੋਮਲਿੰਸਕੀ

ਸਵਰਨ ਸਿੰਘ ਭੰਗੂ

ਬਚਪਨ ਅਸਲੀ, ਸੱਚਾ, ਸਪਸ਼ਟ ਅਤੇ ਨਾ ਦੁਹਰਾਇਆ ਜਾ ਸਕਣ ਵਾਲਾ ਜੀਵਨ ਹੁੰਦਾ ਹੈ। ਉਦੋਂ ਕੀ ਵਾਪਰਿਆ, ਉਨ੍ਹਾਂ ਵਰ੍ਹਿਆਂ ਵਿਚ ਕਿਸ ਨੇ ਬੱਚੇ ਦੀ ਕਿਵੇਂ ਅਗਵਾਈ ਕੀਤੀ, ਆਲੇ-ਦੁਆਲੇ ਦੇ ਸੰਸਾਰ ਵਿਚੋਂ ਉਸ ਦੇ ਦਿਲ ਤੇ ਦਿਮਾਗ਼ ਵਿਚ ਕੀ ਦਾਖ਼ਲ ਹੋਇਆ, ਵੱਡੀ ਹੱਦ ਤੱਕ ਇਸ ਗੱਲ ਨੂੰ ਮਿਥਣਗੇ ਕਿ ਉਹ ਕਿਹੋ ਜਿਹਾ ਮਨੁੱਖ ਬਣੇਗਾ। ਤਕਰੀਬਨ 38 ਵਰ੍ਹੇ ਬਾਲਾਂ ਦੀ ਦੁਨੀਆਂ ਦੀ ਅਗਵਾਈ ਕਰਨ ਵਾਲੇ ਉੱਘੇ ਸਿੱਖਿਆ ਸ਼ਾਸਤਰੀ ਵਾਲਿਸੀ ਸੁਖੋਮਲਿੰਸਕੀ ਨੇ ਉਕਤ ਸਿੱਟਾ ਆਪਣੇ ਅਨੁਭਵਾਂ ਮੁਤਾਬਕ ਕੱਢਿਆ ਸੀ। 1918 ਵਿਚ ਜਨਮੇ ਵਾਲਿਸੀ ਨੇ 23 ਵਰ੍ਹਿਆਂ ਦੀ ਉਮਰ ਤਕ ਸਿੱਖਿਆ ਹਾਸਲ ਕੀਤੀ ਅਤੇ ਬਾਅਦ ਵਿਚ ਉਹ ਪ੍ਰਾਇਮਰੀ ਅਧਿਆਪਕ ਲੱਗ ਗਿਆ। ਉਹ ਆਪਣੇ ਕੰਮ ਨਾਲ ਇੰਨੀ ਪ੍ਰਤੀਬੱਧਤਾ ਨਾਲ ਜੁੜ ਗਿਆ ਕਿ ਬਾਲਾਂ ਨਾਲ ਬਾਲ ਹੀ ਹੋ ਗਿਆ। ਉਹ ਆਪਣੇ ਸ਼ਗਿਰਦਾਂ ਨੂੰ ਖੇਤਾਂ ਵਿਚ ਲੈ ਜਾਂਦਾ, ਉਨ੍ਹਾਂ ਨੂੰ ਕੁਦਰਤ ਦਾ ਗਿਆਨ ਕਰਾਉਂਦਾ, ਉਨ੍ਹਾਂ ਮੂਹਰੇ ਬੜੇ ਰੌਚਿਕ ਢੰਗ ਨਾਲ ਬ੍ਰਹਿਮੰਡ ਦੇ ਭੇਤ ਖੋਲ੍ਹਦਾ, ਬਾਲ ਸਾਹਿਤ ਦੀ ਸਿਰਜਣਾ ਕਰਵਾਉਂਦਾ ਅਤੇ ਉਨ੍ਹਾਂ ਨੂੰ ਪਰੀ ਕਹਾਣੀਆਂ ਸੁਣਾਉਂਦਾ। ਉਸ ਦੇ ਵਿਦਿਆ ਵਿਗਿਆਨ ਦਾ ਵਡਮੁੱਲਾ ਤੱਤ ਬੱਚੇ ਨੂੰ ਭਵਿੱਖ ਦੇ ਇਨਸਾਨ ਵਜੋਂ ਦੇਖਣਾ ਸੀ। ਉਸ ਅਨੁਸਾਰ, ਅਧਿਆਪਕਾਂ ਦੀ ਇਹ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਆਪਣੇ ਸ਼ਗਿਰਦਾਂ ਦੇ ਭਵਿੱਖ ਦੇ ਇਨਸਾਨਾਂ ਵਜੋਂ ਨਕਸ਼ ਸੰਵਾਰਨ, ਉਨ੍ਹਾਂ ਵਿਚ ਸਿੱਖਣ ਦੀ ਜਗਿਆਸਾ ਪੈਦਾ ਕਰਨ। ਉਹ ਕਹਿੰਦਾ ਸੀ ਕਿ ਅਧਿਆਪਕ ਕਲਾਸਾਂ ਵਿਚ ਜਾ ਕੇ ਆਪਣੇ ਸ਼ਗਿਰਦਾਂ ‘ਤੇ ਕੇਵਲ ਸ਼ਬਦਾਂ ਦੀ ਬੰਬਾਰੀ ਕਰਕੇ ਈਨ ਨਾ ਮੰਨਵਾਉਣ ਸਗੋਂ ‘ਮੈਂ ਵੀ ਬੋਲਾਂ, ਤੂੰ ਵੀ ਬੋਲ’ ਦਾ ਅਮਲ ਅਪਨਾਉਣ, ਵਿਦਿਆਰਥੀਆਂ ਦੇ ਨਾਂ ਅਤੇ ਸਮੁੱਚਾ ਪਿਛੋਕੜ ਜਾਣਨ, ਫਿਰ ਨਿਪੁੰਨ ਜੱਜ ਬਣ ਕੇ ਬੱਚਿਆਂ ਨਾਲ ਇਨਸਾਫ ਕਰਨ। ਜਦੋਂ ਉਹ ਸਕੂਲਾਂ ਦਾ ਨਿਰਦੇਸ਼ਕ ਬਣਿਆ ਤਾਂ ਉਹ ਅਕਸਰ ਅਧਿਆਪਕਾਂ ਨੂੰ ਕਹਿੰਦਾ ਹੁੰਦਾ ਸੀ ਕਿ ਉਹ ਬਾਲ ਜਗਤ ਨੂੰ ਆਪਣੇ ਦਿਲ ਦੇ ਕੇ ਉਨ੍ਹਾਂ ਦੇ ਦਿਲਾਂ ਤੱਕ ਜਾਣ ਦਾ ਰਾਹ ਲੱਭਣ। ਉਹ ਤਾਂ ਇੱਥੋਂ ਤੱਕ ਵੀ ਕਹਿੰਦਾ ਸੀ ਕਿ ਜੇ ਅਧਿਆਪਕਾਂ ਤੇ ਸ਼ਗਿਰਦਾਂ ਨੂੰ ਇੱਕ ਦੂਜੇ ਦੇ ਸੁਫ਼ਨੇ ਨਾ ਆਉਣ ਤਾਂ ਸਮਝ ਲੈਣਾ ਚਾਹੀਦਾ ਹੈ ਕਿ ਰਿਸ਼ਤਾ ਸਹੀ ਨਹੀਂ। ਉਹ ਸਮੇਂ ਸਮੇਂ ‘ਤੇ ਮਾਪਿਆਂ ਦੀਆਂ ਮੀਟਿੰਗਾਂ ਬੁਲਾਉਂਦਾ, ਮਾਪਿਆਂ ਨੂੰ ਘਰਾਂ ਦਾ ਵਧੀਆ ਮਾਹੌਲ ਬਣਾਈ ਰੱਖਣ ਲਈ ਅਤੇ ਵਿਰਾਸਤ ਵਜੋਂ, ਬੱਚਿਆਂ ਨੂੰ ਆਪਣਾ ਸ਼ਾਨਦਾਰ ਇਤਿਹਾਸ ਦੇਣ ਲਈ ਪ੍ਰੇਰਦਾ। ਆਪਣੀ ਮਾਤਭੂਮੀ ਨੂੰ ਅਥਾਹ ਮੁਹੱਬਤ ਕਰਨ ਵਾਲਾ ਵਾਲਿਸੀ ਆਪਣੇ ਸ਼ਗਿਰਦਾਂ ਕੋਲੋਂ ਇਹ ਉਮੀਦ ਰੱਖਦਾ ਸੀ ਕਿ ਉਹ ਵੱਡੇ ਹੋ ਕੇ ਗਿਆਨਵਾਨ ਬਣਨ ਅਤੇ ਆਪਣੀ ਮਾਤਭੂਮੀ ਨੂੰ ਪਿਆਰ ਕਰਨ। ਸਿੱਖਿਆ ‘ਚ ਉਸ ਦੇ ਮਾਨਵੀ ਅਨੁਭਵਾਂ ਦਾ ਉਹ ਸਮਾਂ ਸੀ ਜਦੋਂ ਦੂਜੇ ਸੰਸਾਰ ਯੁੱਧ ਸਮੇਂ ਜਰਮਨ ਤਾਨਾਸ਼ਾਹ ਹਿਟਲਰ ਨੇ ਆਪਣੀਆਂ ਫੋਜੀ ਧਾੜਾਂ ਨਾਲ ਸੋਵੀਅਤ ਯੂਨੀਅਨ ‘ਤੇ ਹਮਲਾ ਕਰ ਦਿੱਤਾ ਸੀ। ਹੁਣ ਸੁਖੋਮਲਿੰਸਕੀ ਲਈ ਮੁਲਕ ਨੂੰ ਬਚਾਉਣਾ ਮੁੱਖ ਸੀ ਜਿਸ ਕਰਕੇ ਉਹ ਖ਼ੁਦ ਮੋਰਚੇ ‘ਤੇ ਚਲਾ ਗਿਆ। ਉਸ ਦੇ ਯੁੱਧ ਵਿਚ ਜਾਣ ਮਗਰੋਂ ਉਸ ਦੀ ਪਤਨੀ ਵੋਰਾ ਪੋਵਸ਼ਾ ਜੋ ਦੇਸ਼ਭਗਤ ਯੁੱਧ ਵਿਚ ਫਾਸਿਸਟਾਂ ਵਿਰੁਧ ਲੜਨ ਵਾਲਿਆਂ ਦੀ ਸਹਾਇਕ ਸੀ, ਨੂੰ ਹਿਟਲਰ ਦੀ ਬਦਨਾਮ ‘ਗੈਸਟਾਪੋ’ ਪੁਲੀਸ ਨੇ ਫੜ ਲਿਆ। ਫਾਸਿਸਟ ਉਸ ਕੋਲੋਂ ਛਾਪਾਮਾਰ ਦਸਤੇ ਦੇ ਮੈਂਬਰਾਂ ਦੇ ਨਾਂ ਅਤੇ ਥਹੁ-ਪਤਾ ਪੁੱਛਣ ਲਈ ਅੱਤਿਆਚਾਰ ਕਰਦੇ ਰਹੇ। ਜਦੋਂ ਉਹ ਟੱਸ ਤੋਂ ਮੱਸ ਨਾ ਹੋਈ ਤਾਂ ਫਾਸਿਸਟਾਂ ਨੇ ਖ਼ਫਾ ਹੋ ਕੇ ਜੇਲ੍ਹ ਵਿਚ ਹੀ ਜਨਮੇ ਉਸ ਦੇ ਕੁੱਝ ਦਿਨਾਂ ਦੇ ਬੱਚੇ ਨੂੰ ਉਸ ਦੇ ਸਾਹਮਣੇ ਹੀ ਮਾਰ ਮੁਕਾਇਆ ਅਤੇ ਫਿਰ ਉਸ ਨੂੰ ਵੀ ਫਾਹੇ ਲਾ ਦਿੱਤਾ। ਉੱਧਰ ਮਾਸਕੋ ਦੇ ਇੱਕ ਮੋਰਚੇ ‘ਤੇ ਦੁਸ਼ਮਣ ਨਾਲ ਲੜਦਿਆਂ ਵਾਲਿਸੀ ਸੁਖੋਮਲਿੰਸਕੀ ਸਖਤ ਫੱਟੜ ਹੋ ਗਿਆ, ਧਾਤ ਦੇ ਦੋ ਟੁਕੜੇ ਉਸ ਦੇ ਦਿਲ ਦੇ ਨੇੜੇ ਧਸ ਗਏ। ਲੜਾਈ ਦੇ ਯੋਗ ਨਾ ਰਹਿਣ ਕਾਰਨ ਫੌਜੀ ਅਫ਼ਸਰਾਂ ਨੇ ਉਸ ਨੂੰ ਵਾਪਸ ਭੇਜ ਦਿੱਤਾ। ਉਸ ਨੂੰ ਘਰ ਪਹੁੰਚ ਕੇ ਹੀ ਪਤਾ ਲੱਗਾ ਕਿ ਉਸ ਦੀ ਪਤਨੀ ਤੇ ਪੁੱਤਰ ਵੀ ਜੰਗ ਵਿਚ ਸ਼ਹੀਦ ਹੋ ਚੁੱਕੇ ਹਨ। ਹੁਣ ਇਹ ਨਿਜੀ ਤਰਾਸਦੀ ਵੀ ਉਸ ਦੇ ਜੀਵਨ ਨਾਲ ਜੁੜ ਚੁੱਕੀ ਸੀ। ਉਹ ਮੁੜ ਸਕੂਲ ਗਿਆ ਜਿੱਥੇ ਉਸ ਦਾ ਵਾਹ ਯੁੱਧ ਦੇ ਝੰਬੇ ਬਾਲਾਂ ਨਾਲ ਪਿਆ। ਉਹ ਇਨ੍ਹਾਂ ਬਾਲਾਂ ਦੀ ਪੀੜ ਮਹਿਸੂਸ ਕਰਦਾ, ਉਨ੍ਹਾਂ ਨੂੰ ਮੁਲਕ ਤੇ ਦੁਨੀਆਂ ਦੇ ਨਾਇਕਾਂ/ਖਲਨਾਇਕਾਂ ਦੀਆਂ ਕਹਾਣੀਆਂ ਸੁਣਾਉਂਦਾ, ਜ਼ਿੰਦਗੀ ਵਿਚ ਉਨ੍ਹਾਂ ਦੀ ਯਕੀਨ ਬੰਨ੍ਹਾਉਂਦਾ। ਵਰ੍ਹੇ ਲੰਘਦੇ ਗਏ, ਯੁੱਧ ਦੇ ਫੱਟ ਮੌਲਣ ਲੱਗੇ। ਯੁੱਧ ਮਗਰੋਂ ਜਨਮੇ ਬੱਚਿਆਂ ਨੂੰ ਤਾਂ ਇਹ ਵੀ ਨਹੀਂ ਸੀ ਪਤਾ ਕਿ ਜਿਹੜਾ ਅਧਿਆਪਕ ਉਨ੍ਹਾਂ ਨੂੰ ਪੜ੍ਹਾਉਂਦਾ ਹੈ, ਉਸ ਦੀ ਮਾਨਸਿਕ ਅਤੇ ਸਰੀਰਕ ਪੀੜ ਕੀ ਹੈ? ਬਾਲਾਂ ਦੀ ਅਗਵਾਈ ਕਰਦਿਆਂ ਆਪਣੇ ਨਿੱਜੀ ਤਜਰਬਿਆਂ ਅਤੇ ਅਨੁਭਵਾਂ ਦੇ ਆਧਾਰ ‘ਤੇ ਉਸ ਨੇ ਵਿਦਿਅਕ ਜਗਤ ਨੂੰ ‘ਬੱਚਿਆਂ ਨੂੰ ਦਿਆਂ ਦਿਲ ਆਪਣਾ ਮੈਂ’, ‘ਇੱਕ ਨਾਗਰਿਕ ਦਾ ਜਨਮ’, ‘ਸਮੂਹ ਦੀ ਸਿਆਣੀ ਸ਼ਕਤੀ’, ‘ਪਾਵਲਿਅਸ਼ ਸੈਕੰਡਰੀ ਸਕੂਲ’ ਆਦਿ ਦਰਜਨਾਂ ਕਿਤਾਬਾਂ ਅਤੇ ਸੈਂਕੜੇ ਲੇਖ ਦਿੱਤੇ। ਉਸ ਦਾ ਵਿਦਿਆ ਵਿਗਿਆਨ ਦਯਾ, ਸੱਚ, ਭਾਵਨਾਵਾਂ, ਹੱਡ-ਮਾਸ ਅਤੇ ਚਿੰਤਨ ‘ਤੇ ਆਧਾਰਿਤ ਸੀ। ਉਸ ਦਾ ਨਿਸ਼ਚਾ ਸੀ ਕਿ ਬੱਚਿਆਂ ਨੂੰ ਨਾ ਕੇਵਲ ਚੰਗਿਆਈ ਅਤੇ ਬੁਰਾਈ ਵਿਚ ਫਰਕ ਕਰਨਾ ਸਿਖਾਉਣਾ ਚਾਹੀਦਾ ਹੈ ਸਗੋਂ ਉਨ੍ਹਾਂ ਨੂੰ ਬੁਰਾਈ ਤੇ ਬੇਇਨਸਾਫੀ ਵਿਰੁੱਧ ਬੇਕਿਰਕ ਹੋਣਾ ਵੀ ਸਿਖਾਉਣਾ ਚਾਹੀਦਾ ਹੈ। ਜਦੋਂ ਉਹ ਇੱਕ ਦਿਨ ਸਕੂਲ ‘ਚ ਆਪਣੇ ਕਰਤੱਵ ਨੂੰ ਸਮਰਪਿਤ ਸੀ ਤਾਂ ਯੁੱਧ ਦੌਰਾਨ ਉਸ ਦੇ ਦਿਲ ਦੇ ਨੇੜੇ ਖੁੱਭੇ ਧਾਤ ਦੇ ਟੁਕੜੇ ਸਿਰੇ ਪੀੜ ਬਣ ਗਏ। ਡਾਕਟਰਾਂ ਨੇ ਬਲਵਾਨ ਮਾਨਸਿਕਤਾ ਵਾਲੇ ਇਸ ਮਨੁੱਖ ਨੂੰ ਬਚਾਉਣ ਲਈ ਪੂਰੀ ਵਾਹ ਲਾਈ ਪਰ ਉਸ ਨੂੰ ਵਧੇਰੇ ਜੀਵਨ ਨਾ ਮਿਲ ਸਕਿਆ। ਉਸ ਨੇ 2 ਸਤੰਬਰ 1970 ਨੂੰ ਆਖ਼ਰੀ ਸਾਹ ਲਿਆ। ਵਾਲਿਸੀ ਸੁਖੋਮਲਿੰਸਕੀ ਦੀਆਂ ਲਿਖਤਾਂ ਅਧਿਆਪਕਾਂ, ਵਿਦਿਆਰਥੀਆਂ ਅਤੇ ਮਾਪਿਆਂ ਲਈ ਬਹੁਤ ਲਾਹੇਵੰਦ ਹਨ। ਇਸ ਧਰਤੀ ‘ਤੇ 52 ਵਰ੍ਹੇ ਜਿਊਂਦੇ ਰਹੇ ਸੁਖੋਮਲਿੰਸਕੀ ਦੀਆਂ ਲਿਖਤਾਂ ਇਸ ਧਰਤੀ ‘ਤੇ ਚੰਗੇ ਮਨੁੱਖ ਦੀ ਸਿਰਜਣਾ ਕਰਨ ਦੇ ਮਾਰਗ-ਦਰਸ਼ਕ ਦਸਤਾਵੇਜ਼ ਹਨ।

ਸੰਪਰਕ: 94174-69290

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਮੁੱਖ ਖ਼ਬਰਾਂ

ਵਿਰੋਧੀ ਪਾਰਟੀਆਂ ਵੱਲੋਂ ਰਾਸ਼ਟਰਪਤੀ ਨੂੰ ਤਜਵੀਜ਼ਤ ਖੇਤੀ ਕਾਨੂੰਨਾਂ ’ਤੇ ਸਹੀ ਨਾ ਪਾਉਣ ਦੀ ਅਪੀਲ

ਵਿਰੋਧੀ ਪਾਰਟੀਆਂ ਵੱਲੋਂ ਰਾਸ਼ਟਰਪਤੀ ਨੂੰ ਤਜਵੀਜ਼ਤ ਖੇਤੀ ਕਾਨੂੰਨਾਂ ’ਤੇ ਸਹੀ ਨਾ ਪਾਉਣ ਦੀ ਅਪੀਲ

ਗੈਰ-ਐੱਨਡੀਏ ਪਾਰਟੀਆਂ ਨੇ ਰਾਸ਼ਟਰਪਤੀ ਨੂੰ ਭੇਜਿਆ ਮੈਮੋਰੈਂਡਮ, ਮਿਲਣ ਦਾ ...

ਖੇਤੀ ਬਿੱਲ: ਵਿਰੋਧੀ ਧਿਰਾਂ ਵੱਲੋਂ ਸੰਸਦ ਦੇ ਅਹਾਤੇ ਵਿੱਚ ਪ੍ਰਦਰਸ਼ਨ

ਖੇਤੀ ਬਿੱਲ: ਵਿਰੋਧੀ ਧਿਰਾਂ ਵੱਲੋਂ ਸੰਸਦ ਦੇ ਅਹਾਤੇ ਵਿੱਚ ਪ੍ਰਦਰਸ਼ਨ

8 ਸੰਸਦ ਮੈਂਬਰਾਂ ਦੀ ਮੁਅੱਤਲੀ ਖਿਲਾਫ਼ ਜਤਾਇਆ ਰੋਸ

ਖੇਤੀ ਬਿੱਲ 21ਵੀਂ ਸਦੀ ਦੇ ਭਾਰਤ ਦੀ ਲੋੜ: ਮੋਦੀ

ਖੇਤੀ ਬਿੱਲ 21ਵੀਂ ਸਦੀ ਦੇ ਭਾਰਤ ਦੀ ਲੋੜ: ਮੋਦੀ

ਬਿਹਾਰ ’ਚ 14,258 ਕਰੋੜ ਰੁਪਏ ਦੇ ਪ੍ਰਾਜੈਕਟਾਂ ਦਾ ਰੱਖਿਆ ਨੀਂਹ ਪੱਥਰ

ਸ਼ਹਿਰ

View All