ਵਿਦਿਆਰਥੀ ਵਰਗ ਅਤੇ ਕਿਤਾਬਾਂ

ਵਿਦਿਆਰਥੀ ਵਰਗ ਅਤੇ ਕਿਤਾਬਾਂ

ਹਰਦੀਪ ਸਿੰਘ ਝੱਜ 1070618CD _BOOKS_E_BOOKSਹਮੇਸ਼ਾ ਸਿੱਖਦੇ ਰਹਿਣਾ ਮਨੁੱਖੀ ਜ਼ਿੰਦਗੀ ਦਾ ਅਨਿੱਖੜਵਾਂ ਅੰਗ ਹੈ। ਇਹ ਵੀ ਤੱਥ ਹੈ ਕਿ ਮਨੁੱਖ ਦੀ ਤਰੱਕੀ ਦਾ ਰਾਜ਼ ਚੰਗੀ ਵਿੱਦਿਆ ਹੀ ਹੈ। ਮਨੁੱਖ ਆਪਣੀ ਜ਼ਿੰਦਗੀ ਦੇ ਵੱਖ ਵੱਖ ਪੜਾਵਾਂ ਉੱਤੇ ਵੱਖ ਵੱਖ ਸ੍ਰੋਤਾਂ ਤੋਂ ਸਿੱਖਦਾ ਰਹਿੰਦਾ ਹੈ; ਜਿਵੇਂ: ਮਾਂ-ਪਿਉ, ਪਰਿਵਾਰ, ਸਮਾਜ, ਸਕੂਲ, ਕਾਲਜ, ਅਧਿਆਪਕ, ਦੋਸਤ ਆਦਿ, ਪਰ ਸਭ ਤੋਂ ਵੱਧ ਉਹ ਆਪਣੇ ਅਨੁਭਵ, ਸਵੈ-ਪੜਚੋਲ ਅਤੇ ਕਿਤਾਬਾਂ ਤੋਂ ਸਿੱਖਦਾ ਹੈ। ਕਿਤਾਬਾਂ ਮਨੁੱਖ ਨੂੰ ਆਲੇ-ਦੁਆਲੇ ਬਾਰੇ ਸਭ ਤੋਂ ਵੱਧ ਗਿਆਨ ਕਰਵਾਉਂਦੀਆਂ ਹਨ। ਵਿਦਿਆਰਥੀ ਜੀਵਨ ਨੂੰ ਸਿੱਖਣ ਦਾ ਸਹੀ ਸਮਾਂ ਮੰਨਿਆ ਗਿਆ ਹੈ। ਕਿਤਾਬਾਂ ਇਸ ਵਿੱਚ ਇਸ ਤਰ੍ਹਾਂ ਦੀ ਨੀਂਹ ਦਾ ਕੰਮ ਕਰਦੀਆਂ ਹਨ ਜਿਸ ਦੇ ਆਧਾਰ ‘ਤੇ ਮਨੁੱਖ ਜ਼ਿੰਦਗੀ ਦੇ ਪੜਾਵਾਂ ਨੂੰ ਸਿਆਣਪ ਨਾਲ ਪਾਰ ਕਰ ਲੈਂਦਾ ਹੈ। ਕਿਤਾਬਾਂ ਵਿਦਿਆਰਥੀ ਨੂੰ ਗਿਆਨ ਵਿੱਚ ਵਾਧਾ ਕਰਨ, ਸਮੇਂ ਦੀ ਸਦਵਰਤੋਂ, ਚੰਗੇ ਕੰਮਾਂ ਵੱਲ ਸਮਾਂ ਲਾਉਣ, ਚਰਿੱਤਰ ਤੇ ਕਰੀਅਰ ਨਿਰਮਾਣ, ਆਤਮ-ਵਿਸ਼ਵਾਸ ਪੈਦਾ ਕਰਨ, ਵੱਡਿਆਂ ਅਤੇ ਅਧਿਆਪਕਾਂ ਦਾ ਆਦਰ ਕਰਨਾ ਸਿਖਾਉਂਦੀਆਂ ਹਨ; ਪਰ ਅਫ਼ਸੋਸ! ਅੱਜ ਵਿਦਿਆਰਥੀ ਵਰਗ ਦਾ ਅੱਛਾ-ਖਾਸਾ ਹਿੱਸਾ ਕਿਤਾਬਾਂ ਪੜ੍ਹਨ ਦੀ ਰੁਚੀ ਤਕਰੀਬਨ ਤਿਆਗ ਰਿਹਾ ਹੈ। ਉਸ ਦਾ ਦਿਮਾਗ ਟੀਵੀ, ਮੋਬਾਈਲ ਫੋਨ, ਫੈਸ਼ਨ, ਫ਼ਿਲਮਾਂ, ਵੀਡਿਓ ਗੇਮ, ਮੋਟਰਸਾਈਕਲ, ਕਾਰਾਂ ਆਦਿ ਵਾਲੇ ਪਾਸੇ ਵਧ ਰਿਹਾ ਹੈ। ਇਸ ਦਾ ਸਿੱਟਾ ਨਸ਼ੇ, ਹਿੰਸਾ, ਬੁਰੀਆਂ ਆਦਤਾਂ, ਵੱਡਿਆਂ ਤੇ ਅਧਿਆਪਕਾਂ ਦਾ ਆਦਰ ਨਾ ਕਰਨਾ, ਚੰਗਾ-ਮਾੜਾ ਸੋਚੇ ਬਿਨਾਂ ਜ਼ਿੱਦ ਪੁਗਾਉਣੀ ਆਦਿ ਦੇ ਰੂਪ ਵਿੱਚ ਸਾਹਮਣੇ ਆ ਰਿਹਾ ਹੈ। ਇਹ ਕਿਸੇ ਵੀ ਸੱਭਿਅਕ ਸਮਾਜ ਲਈ ਸ਼ੁਭ ਸੰਕੇਤ ਨਹੀਂ। ਡਿਜੀਟਲ ਮੀਡੀਆ ਦੇ ਦੌਰ ਵਿੱਚ ਵਿਦਿਆਰਥੀਆਂ ਦੀ ਕਿਤਾਬਾਂ ਪੜ੍ਹਨ ਦੀ ਘਟ ਰਹੀ ਰੁਚੀ ਦਾ ਇੱਕ ਕਾਰਨ ਇਹ ਵੀ ਕਿਹਾ ਜਾਂਦਾ ਹੈ ਕਿ ਕਿਤਾਬਾਂ ਦੀ ਥਾਂ ਕੰਪਿਊਟਰ ਤੇ ਇੰਟਰਨੈੱਟ ਨੇ ਲੈ ਲਈ ਹੈ। ਇਹ ਕਾਰਨ ਸਹੀ ਤਾਂ ਹੈ, ਪਰ ਇਸ ‘ਚ ਪੂਰੀ ਤਰ੍ਹਾਂ ਸਚਾਈ ਨਹੀਂ ਹੈ, ਕਿਉਂਕਿ ਮੁਲਕ ਦੇ ਬਹੁਤ ਥੋੜ੍ਹੇ ਨਾਗਰਿਕ ਹੀ ਇਨ੍ਹਾਂ ਸਹੂਲਤਾਂ ਦਾ ਲਾਭ ਲੈ ਰਹੇ ਹਨ। ਦੂਜਾ, ਇਹ ਸਹੂਲਤਾਂ ਅਜੇ ਵੀ ਬਹੁਤ ਮਹਿੰਗੀਆਂ ਹਨ ਅਤੇ ਮੁਲਕ ਦੇ ਆਮ ਲੋਕ ਅਜੇ ਵੀ ਇਨ੍ਹਾਂ ਸਹੂਲਤਾਂ ਦਾ ਖਰਚ ਨਹੀਂ ਚੁੱਕ ਸਕਦੇ। ਵਿਦਿਆਰਥੀਆਂ ਵਿੱਚ ਕਿਤਾਬਾਂ ਪ੍ਰਤੀ ਰੁਚੀ ਨਾ ਜਾਗਣਾ ਅਤੇ ਸਿਰਫ਼ ਪ੍ਰੀਖਿਆ ਪਾਸ ਕਰਨ ਲਈ ਪਾਠ-ਕ੍ਰਮ ਵਾਲੀਆਂ ਕਿਤਾਬਾਂ ਪੜ੍ਹਨਾ ਆਮ ਰੁਝਾਨ ਬਣ ਗਿਆ ਹੈ। ਮੁਕਾਬਲੇ ਦੇ ਇਸ ਦੌਰ ਵਿੱਚ ਸਮਝ ਕੇ ਜਾਂ ਘੋਟੇ ਲਾ ਕੇ, ਭਾਵ ਕਿਸੇ ਵੀ ਤਰੀਕੇ ਵੱਧ ਤੋਂ ਵੱਧ ਅੰਕ ਲੈਣ ਦੀ ਦੌੜ ਲੱਗ ਗਈ ਹੈ। ਇਸ ਦੌੜ ਵਿੱਚ ਮਾਂ-ਪਿਉ ਅਤੇ ਅਧਿਆਪਕ ਵੀ ਜਾਣੇ-ਅਣਜਾਣੇ ਯੋਗਦਾਨ ਪਾ ਰਹੇ ਹਨ। ਕਈ ਵਾਰ ਉਹ ਵੱਖ ਵੱਖ ਵਿਸ਼ਿਆਂ ‘ਤੇ ਕਿਤਾਬਾਂ ਪੜ੍ਹਨ ਦਾ ਸ਼ੌਕ ਰੱਖਣ ਵਾਲੇ ਵਿਦਿਅਰਥੀਆਂ ਨੂੰ ਕੇਵਲ ਸਿਲੇਬਸ ਦੀਆਂ ਕਿਤਾਬਾਂ ਪੜ੍ਹਨ ‘ਤੇ ਜ਼ੋਰ ਦੇਣ ਲਈ ਕਹਿੰਦੇ ਹਨ। ਪ੍ਰਾਈਵੇਟ ਅਤੇ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਦੀ ਕਿਤਾਬਾਂ ਪੜ੍ਹਨ ਦੀ ਰੁਚੀ ਵਿੱਚ ਵੱਡਾ ਅੰਤਰ ਨਜ਼ਰ ਆਉਂਦਾ ਹੈ। ਆਮ ਤੌਰ ‘ਤੇ ਪ੍ਰਾਈਵੇਟ ਸਕੂਲਾਂ ਦੀ ਲਾਇਬ੍ਰੇਰੀ ਵਿੱਚ ਵੱਖ ਵੱਖ ਵਿਸ਼ਿਆਂ ਦੀਆਂ ਕਿਤਾਬਾਂ ਦਾ ਕਾਫ਼ੀ ਵੱਡਾ ਸੰਗ੍ਰਹਿ ਹੁੰਦਾ ਹੈ। ਵਿਦਿਆਰਥੀਆਂ ਦੇ ਪੜ੍ਹਨ, ਬੈਠਣ ਲਈ ਲਾਇਬ੍ਰੇਰੀ ਵਿੱਚ ਢੁੱਕਵਾਂ ਫਰਨੀਚਰ ਹੁੰਦਾ ਹੈ। ਦੂਜੇ ਪਾਸੇ ਸਰਕਾਰੀ ਸਕੂਲਾਂ ਵਿੱਚ ਲਾਇਬ੍ਰੇਰੀ ਨਾਂ-ਮਾਤਰ ਦੀ ਹੀ ਹੁੰਦੀ ਹੈ, ਲਾਇਬ੍ਰੇਰੀ ਕਮਰਾ ਤਾਂ ਕਿਸੇ ਵਿਰਲੇ ਸਕੂਲ ਵਿੱਚ ਹੀ ਹੁੰਦਾ ਹੈ। ਕਿਸੇ ਕਮਰੇ ਵਿੱਚ ਬੰਦ ਪਈਆਂ ਦੋ-ਤਿੰਨ ਅਲਮਾਰੀਆਂ ਵਿੱਚ ਪਈਆਂ ਕਿਤਾਬਾਂ ਨੂੰ ਲਾਇਬ੍ਰੇਰੀ ਦਾ ਨਾਂ ਦਿੱਤਾ ਜਾਂਦਾ ਹੈ। ਜ਼ਿਆਦਾਤਰ ਕਿਤਾਬਾਂ ਵੀ ਵਿਦਿਆਰਥੀਆਂ ਦੇ ਪੱਧਰ ਅਤੇ ਰੁਚੀ ਮੁਤਾਬਕ ਨਹੀਂ ਹੁੰਦੀਆਂ। ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਸਰਕਾਰੀ ਸਕੂਲਾਂ ਵਿੱਚ ਨਾ ਤਾਂ ਕੋਈ ਲਾਇਬ੍ਰੇਰੀ ਦਾ ਪੀਰੀਅਡ ਹੁੰਦਾ ਹੈ, ਨਾ ਇਸ ਬਾਬਤ ਕੋਈ ਦਿਸ਼ਾ-ਨਿਰਦੇਸ਼ ਹਨ ਕਿ ਲਾਇਬ੍ਰੇਰੀ ਦੀਆਂ ਕਿਤਾਬਾਂ ਕਿਸ ਸਮੇਂ ਦੇਣੀਆਂ ਜਾਂ ਵਾਪਸ ਲੈਣੀਆਂ ਹਨ। ਸਰਕਾਰੀ ਸਕੂਲਾਂ ਦੇ ਵਿਦਿਆਰਥੀ ਆਮ ਤੌਰ ‘ਤੇ ਗ਼ਰੀਬ ਪਰਿਵਾਰਾਂ ਤੋਂ ਆਉਂਦੇ ਹਨ ਅਤੇ ਬਹੁਤੀ ਵਾਰ ਇਨ੍ਹਾਂ ਦੇ ਮਾਪੇ ਵੀ ਪੜ੍ਹੇ-ਲਿਖੇ ਨਹੀਂ ਹੁੰਦੇ। ਇਹ ਲੋਕ ਕਿਤਾਬਾਂ ਅਸਾਨੀ ਨਾਲ ਖਰੀਦ ਵੀ ਨਹੀਂ ਸਕਦੇ। ਇਨ੍ਹਾਂ ਦਾ ਸਹਾਰਾ ਸਰਕਾਰੀ ਸਕੂਲਾਂ ਵਿੱਚ ਮਿਲਣ ਵਾਲੀਆਂ ਸਹੂਲਤਾਂ ਅਤੇ ਸਿੱਖਿਆ ਹੀ ਹੈ। ਇਨ੍ਹਾਂ ਵਿਦਿਆਰਥੀਆਂ ਵਿੱਚ ਪੜ੍ਹਨ ਦੀ ਰੁਚੀ ਕਿਵੇਂ ਪੈਦਾ ਹੋਵੇਗੀ? ਇਨ੍ਹਾਂ ਸਕੂਲਾਂ ਵਿੱਚ ਨੋਟਿਸ ਰੀਵਿਊ, ਕਿਸੇ ਤਰ੍ਹਾਂ ਦਾ ਕੋਈ ਸਾਹਿਤਕ ਪ੍ਰੋਗਰਾਮ, ਕਿਤਾਬਾਂ ‘ਤੇ ਆਧਾਰਿਤ ਕੋਈ ਮੁਕਾਬਲਾ ਆਦਿ ਦੇਖਣ ਵਿੱਚ ਨਹੀਂ ਮਿਲਦੇ। ਸਿੱਟਾ ਇਹ ਨਿਕਲਦਾ ਹੈ ਕਿ ‘ਪੜ੍ਹਨ ਵਾਲੇ ਮਾਹੌਲ ਦੀ ਸਿਰਜਣਾ’ ਨਾ ਹੋਣ ਕਰ ਕੇ ਵਿਦਿਆਰਥੀਆਂ ਦੀ ਰੁਚੀ ਪੜ੍ਹਨ ਵਾਲੇ ਪਾਸੇ ਨਹੀਂ ਹੁੰਦੀ। ਵਿਦਿਆਰਥੀਆਂ ਨੂੰ ਕਿਤਾਬਾਂ, ਰਸਾਲੇ, ਅਖ਼ਬਾਰ ਆਦਿ ਪੜ੍ਹਨ ਦੀ ਚੇਟਕ ਲਾਉਣ ਲਈ ਪ੍ਰੇਰਨਾ ਅਤੇ ਉਤਸ਼ਾਹ ਦੀ ਜ਼ਰੂਰਤ ਹੁੰਦੀ ਹੈ। ਉਹ ਵੀ ਕਈ ਵਾਰ ਅਧਿਆਪਕ ਵੱਲੋਂ ਨਹੀਂ ਮਿਲਦੀ। ਇੱਥੇ ਅਧਿਆਪਕ ਦੇ ਹੱਕ ਵਿੱਚ ਇੰਨੀ ਗੱਲ ਤਾਂ ਕਹਿਣੀ ਜ਼ਰੂਰ ਬਣਦੀ ਹੈ ਕਿ ਸਕੂਲਾਂ ਤੋਂ ਬੇਲੋੜੀ ਡਾਕ, ਫੰਡਾਂ, ਮਿਡ-ਡੇ ਮੀਲ ਦੇ ਰੁਝੇਵਿਆਂ ਆਦਿ ਨਾਲ ਅਧਿਆਪਕ ਸਕੂਲ ਸਮੇਂ ਵਿੱਚੋਂ ਤਾਂ ਮੁਸ਼ਕਿਲ ਨਾਲ ਹੀ ਪੜ੍ਹਨ ਲਈ ਸਮਾਂ ਕੱਢ ਸਕਦਾ ਹੈ ਪਰ ਜਿੱਥੇ ਗੱਲ ਵਿਦਿਆਰਥੀਆਂ ਦੇ ਭਵਿੱਖ ਦੀ ਹੋਵੇ, ਉਨ੍ਹਾਂ ਵਿੱਚ ਚੰਗੇ ਚਰਿੱਤਰ ਨਿਰਮਾਣ ਦੀ ਹੋਵੇ, ਉੱਥੇ ਅਧਿਆਪਕ ਨੂੰ ਘਰ ਜਾਂ ਸਕੂਲ ਸਮੇਂ ‘ਚੋਂ ਸਮਾਂ ਕੱਢ ਕੇ ਆਪ ਵੀ ਪੜ੍ਹਨਾ ਚਾਹੀਦਾ ਹੈ ਅਤੇ ਵਿਦਿਆਰਥੀਆਂ ਨੂੰ ਵੀ ਪੜ੍ਹਨ ਲਈ ਉਤਸ਼ਾਹਿਤ ਕਰਨਾ ਚਾਹੀਦਾ ਹੈ। ਇਸ ਤਰ੍ਹਾਂ ਵਿਦਿਆਰਥੀਆਂ ਦਾ ਬੌਧਿਕ ਵਿਕਾਸ ਹੋਵੇਗਾ ਜਿਸ ਦਾ ਚੰਗਾ ਪ੍ਰਭਾਵ ਉਨ੍ਹਾਂ ਦੀ ਸਾਲਾਨਾ ਪ੍ਰੀਖਿਆ ਦੇ ਨਤੀਜਿਆਂ ‘ਤੇ ਵੀ ਜ਼ਰੂਰ ਦੇਖਣ ਨੂੰ ਮਿਲੇਗਾ। ਸਕੂਲਾਂ ਵਿੱਚ ਨੋਟਿਸ ਬੋਰਡ ਲਗਵਾਉਣੇ ਚਾਹੀਦੇ ਹਨ ਤੇ ਵਿਦਿਆਰਥੀਆਂ ਨੂੰ ਉਤਸ਼ਾਹਿਤ ਕਰਨਾ ਚਾਹੀਦਾ ਹੈ ਕਿ ਉਹ ਕਿਸੇ ਨਾ ਕਿਸੇ ਕਿਤਾਬ ਨੂੰ ਪੜ੍ਹ ਕੇ ਉਸ ਦਾ ਰੀਵਿਊ ਨੋਟਿਸ ਬੋਰਡ ‘ਤੇ ਲਗਾਉਣ। ਅਧਿਆਪਕ ਨੂੰ ਵੀ ਚੰਗੀਆਂ ਕਿਤਾਬਾਂ ਦੀ ਸੂਚੀ ਨੂੰ ਬੋਰਡ ‘ਤੇ ਲਗਾਉਣਾ ਚਾਹੀਦਾ ਹੈ। ਕਿਤਾਬਾਂ ਪੜ੍ਹ ਕੇ ਰੀਵਿਊ ਲਿਖਣ ਵਾਲੇ ਵਿਦਿਆਰਥੀਆਂ ਨੂੰ ਸਨਮਾਨਤ ਕੀਤਾ ਜਾ ਸਕਦਾ ਹੈ। ਮਾਪਿਆਂ ਨੂੰ ਵੀ ਬੱਚਿਆਂ ਲਈ ਕਿਤਾਬਾਂ ਉਨ੍ਹਾਂ ਦੀ ਰੁਚੀ ਅਨੁਸਾਰ ਖਰੀਦ ਕੇ ਦੇਣੀਆਂ ਚਾਹੀਦੀਆਂ ਹਨ। ਕਿਤਾਬਾਂ ਪੜ੍ਹਨ ਦੀ ਘਟ ਰਹੀ ਰੁਚੀ ਦੇਇਨ੍ਹਾਂ ਹਾਲਾਤ ਲਈ ਵਿਦਿਆਰਥੀ, ਮਾਂ-ਪਿਉ, ਅਧਿਆਪਕ ਤੇ ਸਰਕਾਰ ਸਾਰੇ ਜ਼ਿੰਮੇਵਾਰ ਹਨ। ਇਸ ਸੂਰਤ ਵਿੱਚ ਸਰਕਾਰ ਤੇ ਸਮਾਜ ਨੂੰ ਪੜ੍ਹਨ-ਪੜ੍ਹਾਉਣ ਵਾਲਾ ਮਾਹੌਲ (ਰੀਡਿੰਗ ਕਲਚਰ) ਪੈਦਾ ਕਰਨ ਲਈ ਵੱਡੇ ਪੱਧਰ ‘ਤੇ ਉਪਰਾਲੇ ਕਰਨੇ ਚਾਹੀਦੇ ਹਨ। ਸਰਕਾਰ ਨੂੰ ਪਹਿਲਾਂ ਤਾਂ ਸਰਕਾਰੀ ਸਕੂਲਾਂ ਵਿੱਚ ਲਾਇਬ੍ਰੇਰੀ ਕਮਰੇ ਲਾਜ਼ਮੀ ਬਣਾਉਣੇ ਚਾਹੀਦੇ ਹਨ। ਲਾਇਬ੍ਰੇਰੀ ਕਮਰੇ ਲਈ ਢੁੱਕਵਾਂ ਅਤੇ ਲੋੜੀਂਦਾ ਫਰਨੀਚਰ ਮਹੁੱਈਆ ਕਰਵਾਉਣਾ ਚਾਹੀਦਾ ਹੈ। ਸਕੂਲਾਂ ਨੂੰ ਵਿਦਿਆਰਥੀਆਂ ਦੇ ਬੌਧਿਕ ਪੱਧਰ, ਲੋੜਾਂ, ਰੁਚੀਆਂ ਅਤੇ ਸਕੂਲ ਵਿੱਚ ਪੜ੍ਹਾਏ ਜਾਣ ਵਾਲੇ ਹਰ ਵਿਸ਼ੇ ਦੀਆਂ ਨਵੀਆਂ ਕਿਤਾਬਾਂ ਖਰੀਦਣ ਲਈ ਗਰਾਂਟਾਂ ਦੇਣੀਆਂ ਚਾਹੀਦੀਆਂ ਹਨ। ਲਾਇਬ੍ਰੇਰੀਅਨ ਦੀ ਆਸਾਮੀ ਸਕੂਲਾਂ ਨੂੰ ਜ਼ਰੂਰ ਦੇਣੀ ਚਾਹੀਦੀ ਹੈ ਅਤੇ ਇਸ ਸਬੰਧੀ ਕਿੱਤਾ ਮੁਖੀ ਨਜ਼ਰੀਆ ਅਪਣਾਇਆ ਜਾਣਾ ਚਾਹੀਦਾ ਹੈ। ਸਕੂਲਾਂ ਵਿੱਚ ਲਾਇਬ੍ਰੇਰੀ ਦਾ ਪੀਰੀਅਡ ਹੋਵੇ। ਇਉਂ ਸਭ ਨੂੰ ਮਿਲ ਕੇ ਵਿਦਿਆਰਥੀਆਂ ਨੂੰ ਕਿਤਾਬਾਂ ਨਾਲ ਜੋੜਨਾ ਚਾਹੀਦਾ ਹੈ। ਉੱਨਤ ਅਤੇ ਵਿਕਸਤ ਸਮਾਜ ਦੀ ਸਿਰਜਣਾ ਲਈ ਅੱਜ ਦੀ ਪੀੜ੍ਹੀ ਵਿੱਚ ਇਮਾਨਦਾਰੀ, ਸਹਿਣਸ਼ੀਲਤਾ, ਗੰਭੀਰ ਤੇ ਪਰਪੱਕ ਸੋਚ, ਆਤਮ-ਵਿਸ਼ਵਾਸ ਵਰਗੇ ਗੁਣ ਪੈਦਾ ਕਰਨ ਵਿੱਚ ਸਭ ਤੋਂ ਵੱਧ ਯੋਗਦਾਨ ਕਿਤਾਬਾਂ ਹੀ ਪਾ ਸਕਦੀਆਂ ਹਨ। ਸੰਪਰਕ: 94633-64992

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਬਿਜਲੀ ਸੋਧ ਬਿਲ ਰਾਹੀਂ ਕੇਂਦਰੀਕਰਨ ਤੇ ਨਿੱਜੀਕਰਨ

ਬਿਜਲੀ ਸੋਧ ਬਿਲ ਰਾਹੀਂ ਕੇਂਦਰੀਕਰਨ ਤੇ ਨਿੱਜੀਕਰਨ

ਆਜ਼ਾਦੀ, ਪ੍ਰਾਪਤੀਆਂ ਅਤੇ ਲੋਕ ਸੰਘਰਸ਼

ਆਜ਼ਾਦੀ, ਪ੍ਰਾਪਤੀਆਂ ਅਤੇ ਲੋਕ ਸੰਘਰਸ਼

ਸਾਂਝ ਤੇ ਅਮਨ ਦੀ ਲੋਅ

ਸਾਂਝ ਤੇ ਅਮਨ ਦੀ ਲੋਅ

ਮੁਫ਼ਤ ਰਿਆਇਤਾਂ ਦੀ ਬਹਿਸ ਦਾ ਪ੍ਰਸੰਗ

ਮੁਫ਼ਤ ਰਿਆਇਤਾਂ ਦੀ ਬਹਿਸ ਦਾ ਪ੍ਰਸੰਗ

ਆਜ਼ਾਦੀ ਦੇ ਸਫ਼ਰ ਦੇ 75 ਵਰ੍ਹੇ

ਆਜ਼ਾਦੀ ਦੇ ਸਫ਼ਰ ਦੇ 75 ਵਰ੍ਹੇ

ਸ਼ਹਿਰ

View All