ਵਿਚਾਰਾਂ ਵਿਚ ਨਵੀਨਤਾ ਲਿਆਓ

ਕੈਲਾਸ਼ ਚੰਦਰ ਸ਼ਰਮਾ

ਮਸ਼ਹੂਰ ਵਿਦਵਾਨ ਐਮਰਸਨ ਦੇ ਕਥਨ ਅਨੁਸਾਰ, ਕਿਸੇ ਵੀ ਮਨੁੱਖ ਦੀ ਸ਼ਖ਼ਸੀਅਤ ਉਸ ਦੇ ਵਿਚਾਰਾਂ ਤੋਂ ਜਾਣੀ ਜਾ ਸਕਦੀ ਹੈ ਕਿਉਂਕਿ ਵਿਅਕਤੀ ਦਾ ਵਿਅਕਤੀਤਵ ਉਸ ਦੇ ਵਿਚਾਰਾਂ ਤੋਂ ਵੱਖਰਾ ਨਹੀਂ ਹੋ ਸਕਦਾ। ਮਨ ਦੇ ਵਿਚਾਰਾਂ ਅਨੁਸਾਰ ਮਨੁੱਖ ਕੰਮ ਕਰਦਾ ਹੈ, ਦੁਖ-ਸੁਖ ਮਹਿਸੂਸ ਕਰਦਾ ਹੈ, ਅਸੰਤੁਸ਼ਟੀ ਪ੍ਰਗਟ ਕਰਦਾ ਹੈ ਜਾਂ ਕਈ ਵਾਰ ਆਤਮਹੱਤਿਆ ਵੀ ਕਰ ਲੈਂਦਾ ਹੈ। ਤੁਸੀਂ ਜਿਵੇਂ ਦਾ ਸੋਚਦੇ ਹੋ ਉਸੇ ਤਰ੍ਹਾਂ ਦੇ ਤੁਹਾਡੇ ਕਰਮ ਹੁੰਦੇ ਹਨ ਤੇ ਤੁਸੀਂ ਉਸੇ ਤਰ੍ਹਾਂ ਦੇ ਬਣ ਜਾਂਦੇ ਹੋ। ਇਹ ਸੰਸਾਰ ਉਨ੍ਹਾਂ ਵਾਸਤੇ ਸੋਹਣਾ ਅਤੇ ਆਨੰਦਮਈ ਹੁੰਦਾ ਹੈ, ਜਿਨ੍ਹਾਂ ਦੀ ਸੋਚ ਵਿਚ ਜੰਨਤ ਹੁੰਦੀ ਹੈ। ਜੇਕਰ ਸਾਡੇ ਸੋਚਣ ਦੀ ਦਿਸ਼ਾ ਸਾਕਾਰਾਤਮਕ ਹੈ ਤਾਂ ਦੇਰ-ਸਵੇਰ ਨਤੀਜੇ ਵੀ ਹਾਂ-ਪੱਖੀ ਹੀ ਮਿਲਦੇ ਹਨ। ਸਾਕਾਰਾਤਮਕ ਵਿਚਾਰ ਖ਼ਾਮੋਸ਼ ਪ੍ਰਾਰਥਨਾ ਹੁੰਦੇ ਹਨ, ਜੋ ਤੁਹਾਡੀ ਜ਼ਿੰਦਗੀ ਬਦਲ ਦਿੰਦੇ ਹਨ। ਜੇਕਰ ਵਿਚਾਰਾਂ ਵਿਚ ਉਦਾਸੀਨਤਾ, ਨਿਰਾਸ਼ਾ ਅਤੇ ਕਮਜ਼ੋਰੀ ਹੋਵੇ ਤਾਂ ਜੀਵਨ ਦੀ ਗਤੀ ਵੀ ਉਚਾਈ ਵੱਲ ਨਹੀਂ ਜਾ ਸਕਦੀ। ਚਿਹਰੇ ਦੀ ਚੁੱਪ ਅਤੇ ਦਿਲ ਦਾ ਦੁੱਖ ਵਿਚਾਰਾਂ ਦੀ ਹੀ ਦੇਣ ਹੈ। ਚੰਗੇ ਵਿਚਾਰਾਂ ਨਾਲ ਚੰਗੇ ਗੁਣਾਂ ਦਾ ਵਿਕਾਸ ਹੁੰਦਾ ਹੈ ਅਤੇ ਵਿਅਕਤੀ ਜੀਵਨ-ਸ਼ਕਤੀ ਦਾ ਸੰਚਾਲਕ ਬਣ ਕੇ ਆਪਣੇ ਜੀਵਨ ਨੂੰ ਖ਼ੁਸ਼ਹਾਲ ਬਣਾਉਂਦਾ ਹੈ, ਜਦੋਂਕਿ ਬੁਰੇ ਵਿਚਾਰ ਤਬਾਹੀ ਦਾ ਕਾਰਨ ਬਣਦੇ ਹਨ। ਜਿੰਨੇ ਪ੍ਰਭਾਵਸ਼ਾਲੀ ਤੁਹਾਡੇ ਵਿਚਾਰ ਹੋਣਗੇ, ਲੋਕ ਓਨਾ ਹੀ ਜ਼ਿਆਦਾ ਤੁਹਾਨੂੰ ਸੁਣਨਗੇ, ਨਹੀਂ ਤਾਂ ਉਹ ਆਪਣੀਆਂ ਹੀ ਸੁਣਾਉਣ ਲੱਗ ਪੈਂਦੇ ਹਨ। ਇਨਸਾਨ ਨੂੰ ਜਿੱਤ ਉਸ ਦੇ ਵਿਚਾਰ ਹੀ ਦਿਵਾਉਂਦੇ ਹਨ। ਚੰਗੇ ਵਿਚਾਰਾਂ ਵਾਲੇ ਇਨਸਾਨ ਦੇ ਸਾਹਮਣੇ ਉਸ ਦੇ ਦੁਸ਼ਮਣਾਂ ਦੀਆਂ ਸਾਰੀਆਂ ਚਾਲਾਂ ਅਤੇ ਸਾਜ਼ਿਸ਼ਾਂ ਵੀ ਬੌਣੀਆਂ ਹੀ ਸਾਬਤ ਹੁੰਦੀਆਂ ਹਨ। ਇਨਸਾਨ ਦੀ ਹਾਰ ਕੇਵਲ ਉਦੋਂ ਹੀ ਹੁੰਦੀ ਹੈ, ਜਦੋਂ ਉਸ ਦੇ ਵਿਚਾਰਾਂ ਵਿਚ ਦਿਖਾਵਟ ਜਾਂ ਮਿਲਾਵਟ ਹੋਵੇ। ਸਿਆਣੇ ਕਹਿੰਦੇ ਹਨ ਕਿ ਇਕ ਤੋਰ ਤੁਰਦੀ ਜ਼ਿੰਦਗੀ ਬੇਸੁਆਦੀ ਹੋ ਜਾਂਦੀ ਹੈ, ਜਿਸ ਕਾਰਨ ਮਨ ਵਿਚ ਬਦਬੂ ਭਰ ਜਾਂਦੀ ਹੈ। ਜਿਵੇਂ ਕੂੜੇਦਾਨ ਨੂੰ ਰੋਜ਼ਾਨਾ ਸਾਫ਼ ਨਾ ਕਰਨ ਨਾਲ ਕੁਝ ਸਮੇਂ ਬਾਅਦ ਉਸ ਵਿਚੋਂ ਬਦਬੂ ਆਉਣ ਲੱਗ ਪੈਂਦੀ ਹੈ, ਇਕ ਹੀ ਥਾਂ ਲਗਾਤਾਰ ਖੜ੍ਹੇ ਰਹਿਣ ਵਾਲਾ ਪਾਣੀ ਬਦਬੂ ਮਾਰਨ ਲੱਗ ਪੈਂਦਾ ਹੈ, ਉਸੇ ਤਰ੍ਹਾਂ ਵਕਤ ਦੇ ਨਾਲ ਨਾ ਬਦਲਣ ਵਾਲੇ ਵਿਚਾਰਾਂ ਤਹਿਤ ਕਰਮ ਕਰਦੇ ਰਹਿਣ ਵਾਲੇ ਵਿਅਕਤੀਆਂ ਦੇ ਸੁਪਨੇ ਅਧੂਰੇ ਰਹਿ ਜਾਂਦੇ ਹਨ, ਜਿਸ ਕਾਰਨ ਸੁਭਾਅ ਪੱਖੋਂ ਅਜਿਹੇ ਵਿਅਕਤੀ ਸੜੀਅਲ, ਚਿੜਚਿੜੇ, ਸਵਾਰਥੀ ਅਤੇ ਈਰਖਾਲੂ ਬਣ ਜਾਂਦੇ ਹਨ। ਅੱਜ ਹਰ ਇਨਸਾਨ ਅੰਦਰੋਂ-ਅੰਦਰੀ ਉੱਬਲ ਰਿਹਾ ਹੈ। ਕੋਈ ਵੀ ਸ਼ਾਂਤ-ਚਿੱਤ ਜੀਵਨ ਜਿਊਣ ਲਈ ਤਿਆਰ ਨਹੀਂ, ਜਿਸ ਕਾਰਨ ਨਫ਼ਰਤੀ ਵਿਚਾਰ ਮਨੁੱਖ ਨੂੰ ਕੁਦਰਤ ਵਿਚੋਂ ਖੇੜਿਆਂ ਦਾ ਆਨੰਦ ਨਹੀਂ ਲੈਣ ਦਿੰਦੇ। ਜਿਸ ਤਰ੍ਹਾਂ ਪੰਛੀ ਆਪਣੇ ਪੈਰਾਂ ਕਾਰਨ ਜਾਲ ਵਿਚ ਫਸ ਜਾਂਦੇ ਹਨ, ਉਸੇ ਤਰ੍ਹਾਂ ਵਿਅਕਤੀ ਆਪਣੇ ਨਾਕਾਰਾਤਮਕ ਵਿਚਾਰਾਂ ਕਾਰਨ ਜ਼ਿੰਦਗੀ ਦੀਆਂ ਖ਼ੁਸ਼ੀਆਂ ਨੂੰ ਨਹੀਂ ਮਾਣ ਸਕਦਾ।

ਕੈਲਾਸ਼ ਚੰਦਰ ਸ਼ਰਮਾ

ਇਹ ਸੱਚ ਹੈ ਕਿ ਜੀਵਨ ਨਿਰਮਾਣ ਦੀ ਸ਼ੁਰੂਆਤ ਵਿਚਾਰਾਂ ਤੋਂ ਹੁੰਦੀ ਹੈ ਅਤੇ ਕਿਸੇ ਵਿਅਕਤੀ ਦੀ ਪਛਾਣ ਉਸ ਦੇ ਕੱਪੜਿਆਂ ਤੋਂ ਨਹੀਂ ਬਲਕਿ ਉਸ ਦੇ ਵਿਚਾਰਾਂ ਤੋਂ ਹੁੰਦੀ ਹੈ। ਇਸ ਲਈ ਜਿਊਣ ਦਾ ਅੰਦਾਜ਼ ਬਦਲੋ, ਨਜ਼ਰੀਆ ਬਦਲੋ, ਭਾਵਨਾ ਬਦਲੋ ਅਤੇ ਵਿਚਾਰ ਬਦਲੋ। ਜੇਕਰ ਅਸੀਂ ਮਨ ਵਿਚ ਸਾਕਾਰਾਤਮਕ ਵਿਚਾਰ ਨਹੀਂ ਰੱਖ ਸਕਦੇ ਤਾਂ ਨਾਕਾਰਾਤਮਕ ਵਿਚਾਰ ਉਸ ਵਿਚ ਭਰ ਜਾਂਦੇ ਹਨ। ਠੀਕ ਉਸੇ ਤਰ੍ਹਾਂ ਜਿਸ ਤਰ੍ਹਾਂ ਜ਼ਮੀਨ ਵਿਚ ਬੀਜ ਨਾ ਬੀਜਣ ਕਾਰਨ ਬੇਲੋੜੇ ਪੌਦੇ ਉੱਗ ਪੈਂਦੇ ਹਨ। ਜ਼ਿੰਦਗੀ ਦੀ ਗੁਣਾਤਮਕਤਾ ਓਨੀ ਦੇਰ ਤਕ ਨਹੀਂ ਸੁਧਰਦੀ ਜਿੰਨੀ ਦੇਰ ਤਕ ਸਾਡੇ ਵਿਚਾਰ ਅਤੇ ਸਾਡੇ ਸੋਚਣ ਦੇ ਤਰੀਕੇ ਨਹੀਂ ਸੁਧਰਦੇ ਕਿਉਂਕਿ ਸਾਡੇ ਵਿਚਾਰ ਸਮੁੰਦਰ ਦੇ ਉਹ ਮੋਤੀ ਹਨ, ਜਿਨ੍ਹਾਂ ਨਾਲ ਇਨਸਾਨ ਦੀ ਪਛਾਣ ਹੁੰਦੀ ਹੈ। ਸੋਚ ਬਦਲੇਗੀ ਤਾਂ ਕਰਮ ਬਦਲੇਗਾ, ਸਿੱਟੇ ਵਜੋਂ ਜ਼ਿੰਦਗੀ ਬਦਲੇਗੀ। ਸੋਚ ਉਦੋਂ ਬਦਲੇਗੀ, ਜਦੋਂ ਇਨਸਾਨ ਵਿਚੋਂ ਅਹੰਕਾਰ ਖ਼ਤਮ ਹੋ ਕੇ ਕੁਝ ਨਵਾਂ ਸਿੱਖਣ ਦੀ ਚਾਹਤ ਹੋਵੇਗੀ। ਕੱਲ੍ਹ ’ਚੋਂ ਨਿਕਲੋ, ਅੱਜ ’ਚ ਜੀਓ। ਪੁਰਾਣੇ ਵਿਚਾਰਾਂ ਨੂੰ ਤਿਆਗ ਕੇ ਨਵੇਂ ਵਿਚਾਰਾਂ ਨੂੰ ਅਪਣਾਓ। ਖ਼ੁਦ ਨੂੰ ਪਰਖੋ, ਤੁਹਾਡੇ ’ਚ ਬਦਲਾਅ ਆਵੇਗਾ। ਤੁਸੀਂ ਕਿੰਨੀਆਂ ਵੀ ਗਿਆਨ ਦੀਆਂ ਪੋਥੀਆਂ ਪੜ੍ਹ ਲਓ ਜਾਂ ਸੁਣ ਲਓ, ਜਿੰਨੀ ਦੇਰ ਤਕ ਤੁਹਾਡੇ ਅੰਦਰ ਦਾ ਸਵਿੱਚ ਆਨ ਨਹੀਂ ਹੋਵੇਗਾ, ਤੁਸੀਂ ਉਂਜ ਹੀ ਰਹੋਗੇ ਜਿਵੇਂ ਤੁਸੀਂ ਕੱਲ੍ਹ ਸੀ। ਇਸ ਲਈ ਸਮੇਂ-ਸਮੇਂ ’ਤੇ ਵਿਚਾਰਾਂ ਦਾ ਮੰਥਨ ਅਤੇ ਲੋੜ ਮੁਤਾਬਕ ਉਨ੍ਹਾਂ ਦੀ ਸ਼ੁੱਧੀ ਜਾਂ ਸੋਧ ਕਰ ਲੈਣ ਨਾਲ ਜੀਵਨ ਵਿਚਲੇ ਟੇਢੇ-ਮੇਢੇ ਰਾਹਾਂ ’ਤੇ ਚੱਲਣਾ ਆਸਾਨ ਹੋ ਜਾਂਦਾ ਹੈ ਅਤੇ ਕਈ ਵਾਰ ਬਹੁਤ ਸਾਰੀਆਂ ਸਮੱਸਿਆਵਾਂ ਦਾ ਹੱਲ ਵੀ ਸਹਿਜੇ ਹੀ ਮਿਲ ਜਾਂਦਾ ਹੈ। ਵਿਚਾਰਾਂ ਦੀ ਅਹਿਮੀਅਤ ਤੋਂ ਤਾਂ ਸਾਰੇ ਲੋਕ ਚੰਗੀ ਤਰ੍ਹਾਂ ਜਾਣੂ ਹਨ, ਪਰ ਚੰਗੇ ਵਿਚਾਰਾਂ ਦੀ ਅਹਿਮੀਅਤ ਸਿਰਫ਼ ਸੁੰਦਰ ਸ਼ਬਦਾਂ ਤਕ ਹੀ ਨਹੀਂ ਸਿਮਟ ਜਾਣੀ ਚਾਹੀਦੀ। ਕਈ ਲੋਕ ਆਪਣੇ ਵਿਚਾਰਾਂ ਨਾਲ ਲੋਕਾਂ ਨੂੰ ਮੁਗਧ ਵੀ ਕਰਦੇ ਹਨ, ਪਰ ਮੁਗਧ ਹੋਏ ਲੋਕ ਇਨ੍ਹਾਂ ਨੂੰ ਆਪਣੇ ਜੀਵਨ ਦਾ ਹਿੱਸਾ ਨਹੀਂ ਬਣਾਉਂਦੇ, ਜਿਸ ਕਾਰਨ ਉਨ੍ਹਾਂ ਦੇ ਲਾਭ ਤੋਂ ਵਾਂਝੇ ਰਹਿ ਜਾਂਦੇ ਹਨ। ਜੇਕਰ ਵਿਅਕਤੀ ਮਾੜੇ ਵਿਚਾਰਾਂ ਨੂੰ ਤਿਆਗ ਕੇ ਚੰਗੇ ਵਿਚਾਰਾਂ ਵੱਲ ਮੁੜ ਜਾਵੇ ਤਾਂ ਇਸ ਨਾਲ ਜੀਵਨ ਵਿਚ ਆਨੰਦ ਦੀ ਨਵੀਂ ਕਿਰਨ ਚਮਕਣ ਲੱਗੇਗੀ। ਜੇ ਤੁਸੀਂ ਸਦਾ ਜਵਾਨ ਰਹਿਣਾ ਚਾਹੁੰਦੇ ਹੋ ਤਾਂ ਆਪਣੇ ਵਿਚਾਰਾਂ ਵਿਚ ਨਵੀਨਤਾ ਲਿਆਓ ਕਿਉਂਕਿ ਵਿਅਕਤੀ ਉਮਰ ਨਾਲ ਨਹੀਂ ਆਪਣੇ ਵਿਚਾਰਾਂ ਦੀ ਉਦਾਸੀਨਤਾ ਕਾਰਨ ਆਪਣੇ-ਆਪ ਨੂੰ ਬੁੱਢਾ ਸਮਝਣ ਲੱਗ ਪੈਂਦੇ ਹਨ। ਜੇਕਰ ਤੁਹਾਡੇ ਵਿਚਾਰ ਚੜ੍ਹਦੀ ਕਲਾ ਵਾਲੇ ਹੋਣਗੇ ਤਾਂ ਜੀਵਨ ਰੂਪੀ ਗੱਡੀ ਨਵੇਂ ਚਾਅ ਅਤੇ ਉਮੰਗ ਨਾਲ ਅੱਗੇ ਵਧਦੀ ਰਹੇਗੀ। ਤੁਹਾਡੇ ਵਿਚ ਸ਼ਕਤੀ ਹੈ, ਕਿਸੇ ਚੀਜ਼ ਨੂੰ ਬਦਲਣ ਦੀ ਕਿਉਂਕਿ ਤੁਸੀਂ ਇਕੱਲੇ ਹੋ ਜੋ ਆਪਣੇ ਵਿਚਾਰਾਂ ਨੂੰ ਚੁਣ ਸਕਦੇ ਹੋ ਅਤੇ ਮਹਿਸੂਸ ਕਰ ਸਕਦੇ ਹੋ। ਤਬਦੀਲੀ ਤੋਂ ਬਗੈਰ ਤਰੱਕੀ ਸੰਭਵ ਨਹੀਂ। ਜਿਹੜੇ ਬਦਲਦੇ ਨਹੀਂ, ਉਹ ਕੁਝ ਨਹੀਂ ਕਰ ਸਕਦੇ। ਜਿਸ ਤਰ੍ਹਾਂ ਬਿਨਾਂ ਬੀਜ ਬੀਜਣ ਦੇ ਰੁੱਖ ਨਹੀਂ ਉੱਗਦਾ, ਉਸੇ ਤਰ੍ਹਾਂ ਵਿਚਾਰਾਂ ਵਿਚ ਨਵੀਨਤਾ ਦੇ ਬੀਜ ਬੀਜਣ ਤੋਂ ਬਿਨਾਂ ਉਮੀਦਾਂ ਦਾ ਰੁੱਖ ਅਤੇ ਉਸ ’ਤੇ ਫਲ਼ ਨਹੀਂ ਲੱਗ ਸਕਦੇ। ਇਸ ਲਈ ਵਿਚਾਰਾਂ ਵਿਚ ਗਤੀਸ਼ੀਲਤਾ ਜਾਰੀ ਰੱਖੋ। ਜੋ ਲੋਕ ਗਤੀਸ਼ੀਲਤਾ ਨਾਲ ਆਪਣਾ ਜੀਵਨ ਮਹਿਕਾਉਂਦੇ ਹਨ, ਉਨ੍ਹਾਂ ਦੀ ਮਹਿਕ ਸਦੀਆਂ ਤਕ ਰਹਿੰਦੀ ਹੈ। ਜੇ ਨਿੱਤ ਦਿਨ ਖ਼ੁਸ਼ੀ ਅਤੇ ਉਤਸ਼ਾਹ ਦਾ ਰਲੇਵਾਂ ਹੋਵੇਗਾ ਤਾਂ ਜ਼ਿੰਦਗੀ ਇਕ ਉਤਸਵ ਬਣ ਜਾਵੇਗੀ।

ਸੰਪਰਕ: 98774-66607

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All