ਵਿਗਿਆਨ ਦਾ ਪਹਿਲਾ ਸ਼ਹੀਦ ਬਰੂਨੋ

ਵਿਗਿਆਨ ਦਾ ਪਹਿਲਾ ਸ਼ਹੀਦ ਬਰੂਨੋ

ਡਾ. ਕੁਲਦੀਪ ਸਿੰਘ ਧੀਰ* ਪੱਛਮੀ ਤੁਅੱਸਬ

ਧਾਰਮਿਕ ਜਨੂੰਨੀਆਂ ਨੇ ਅੱਜ ਹੀ ਨਹੀਂ, ਹਰ ਯੁੱਗ ਵਿੱਚ ਲੋਕਾਂ ਨੂੰ ਰੱਜ ਕੇ ਗੁੰਮਰਾਹ ਤੇ ਦੁਖੀ ਕੀਤਾ ਹੈ। ਪਰਮਾਤਮਾ ਦੇ ਸੱਚੇ ਭਗਤ ਹੋਣ ਦਾ ਦਾਅਵਾ ਕਰਨ ਵਾਲਿਆਂ ਨੇ ਅਨੇਕਾਂ ਮਾਨਵ ਹਿਤੂ ਫ਼ਿਲਾਸਫ਼ਰਾਂ, ਪੱਤਰਕਾਰਾਂ, ਬੁੱਧੀਜੀਵੀਆਂ, ਵਿਗਿਆਨੀਆਂ ਤੇ ਸਿਆਸਤਦਾਨਾਂ ਨੂੰ ਸਿੱਧੇ-ਅਸਿੱਧੇ ਤਰੀਕੇ ਨਾਲ ਖ਼ਤਮ ਕਰਨ ਦਾ ਹਰ ਸੰਭਵ ਯਤਨ ਕੀਤਾ ਹੈ। ਜਿਓਰਦਾਨੋ ਬਰੂਨੋ ਸ਼ਾਇਦ ਪਹਿਲਾ ਵਿਗਿਆਨੀ ਹੈ ਜਿਸ ਨੂੰ ਉਸ ਦੀ ਵਿਗਿਆਨਕ ਸੋਚ ਕਾਰਨ ਇਨ੍ਹਾਂ ਹੱਥੋਂ ਮਰਨਾ ਪਿਆ। ਕਮਾਲ ਇਹ ਹੈ ਕਿ ਮੂਲ ਰੂਪ ਵਿੱਚ ਉਹ ਇੱਕ ਈਸਾਈ ਪਾਦਰੀ ਸੀ ਜਿਸ ਨੇ ਆਪਣੇ ਹੀ ਹਮ-ਮਜ਼ਹਬਾਂ ਨੂੰ ਇਹ ਦੱਸਣ ਦਾ ਯਤਨ ਕੀਤਾ ਕਿ ਬਾਈਬਲ ਗ੍ਰੰਥਾਂ ਤੋਂ ਧਰਮ ਤੇ ਨੈਤਿਕਤਾ ਦੇ ਖੇਤਰ ਵਿੱਚ ਅਗਵਾਈ ਲਓ। ਵਿਗਿਆਨ ਨੂੰ ਵਿਗਿਆਨੀਆਂ ਜੋਗਾ ਰਹਿਣ ਦਿਓ। ਵਿਸ਼ਵਾਸ ਤੇ ਅੰਧ-ਵਿਸ਼ਵਾਸ, ਇਤਿਹਾਸ ਤੇ ਮਿਥਿਹਾਸ, ਕਲਪਨਾ ਤੇ ਯਥਾਰਥ ਵਿੱਚ ਅੰਤਰ ਸਮਝੋ। ਚਿੰਨ੍ਹਾਂ, ਮਿੱਥਾਂ, ਪ੍ਰਤੀਕਾਂ ਨੂੰ ਵਿਗਿਆਨ ਵਿੱਚ ਨਾ ਘਸੀਟੋ। ਦਾਰਸ਼ਨਿਕ, ਕਵੀ, ਫਿਲਾਸਫ਼ਰ ਤੇ ਵਿਗਿਆਨੀ ਬਰੂਨੋ ਦੀ ਕਿਸੇ ਨਾ ਸੁਣੀ। ਉਸ ਨੂੰ ਰੋਮ ਵਿੱਚ ਕੈਂਪੋ ਡੀ ਫਿਓਰੀ ਦੇ ਚੌਕ ਵਿੱਚ 17 ਫਰਵਰੀ 1600 ਵਿੱਚ ਜਿਉਂਦਿਆਂ ਸਾੜ ਦਿੱਤਾ ਗਿਆ। ਆਓ ਵਿਗਿਆਨ ਦੇ ਇਸ ਸ਼ਹੀਦ ਦੀ ਕਹਾਣੀ ਜ਼ਰਾ ਵਿਸਥਾਰ ਨਾਲ ਵਿਚਾਰੀਏ। ਜਿਓਰਦਾਨੋ ਬਰੂਨੋ ਦਾ ਮੂਲ ਨਾਂ ਫਿਲਿਪੋ ਬਰੂਨੋ ਸੀ। ਜਿਓਰਦਾਨੋ ਨਾਂ ਤਾਂ ਉਸ ਨਾਲ ਈਸਾਈ ਪਾਦਰੀ ਬਣਨ ਵੇਲੇ ਜੁੜਿਆ। ਉਸ ਦਾ ਜਨਮ 1548 ਵਿੱਚ ਇਟਲੀ ਦੇ ਨਗਰ ਨੋਲਾ ਵਿੱਚ ਜੋਹਵਾਨੀ ਬਰੂਨੋ ਨਾਂ ਦੇ ਇੱਕ ਫ਼ੌਜੀ ਦੇ ਘਰ ਹੋਇਆ। ਮਾਂ ਦਾ ਨਾਂ ਫਰਾਲੀਸਾ ਸੈਵੋਲੀਨੋ ਸੀ। 1562 ਵਿੱਚ ਪੜ੍ਹਨ ਵਾਸਤੇ ਮਾਪਿਆਂ ਨੇ ਉਸ ਨੂੰ ਨੇਪਲਜ਼ ਭੇਜਿਆ ਜਿੱਥੇ ਉਸ ਨੇ ਸੇਂਟ ਅਗਸਟੀਨ ਦੇ ਨਾਂ ’ਤੇ ਬਣੇ ਇੱਕ ਮੱਠ ਵਿੱਚ ਪੜ੍ਹਾਈ ਕੀਤੀ ਤੇ ਸਟੇਡੀਅਮ ਜਨਰੇਲ ਵਿੱਚੋਂ ਵੀ ਕੁਝ ਸਿੱਖਿਆ ਹਾਸਲ ਕੀਤੀ। ਸਤਾਰਾਂ ਸਾਲ ਦੀ ਉਮਰ ਵਿੱਚ ਉਹ ਕੈਥੋਲਿਕ ਸਾਧਾਂ ਦੇ ਡੋਮੀਨੀਕਨ ਫ਼ਿਰਕੇ ਵਿੱਚ ਪ੍ਰਚਾਰਕ ਵਜੋਂ ਸ਼ਾਮਲ ਹੋ ਗਿਆ। ਇਸੇ ਸਮੇਂ ਉਹ ਫਿਲਿਪੋ ਬਰੂਨੋ ਤੋਂ ਜਿਓਰਦਾਨੋ ਬਰੂਨੋ ਬਣਿਆ। ਇਹ ਈਸਾਈਅਤ ਦਾ ਉਪਦੇਸ਼ ਤੇ ਕੁਫ਼ਰ ਦਾ ਵਿਰੋਧ ਕਰਨ ਵਾਲੇ ਬੁੱਧੀਜੀਵੀ ਪ੍ਰਚਾਰਕਾਂ ਦੀ ਸ਼੍ਰੇਣੀ ਸੀ। ਅੱਜ ਵੀ ਹਜ਼ਾਰਾਂ ਪਾਦਰੀ ਤੇ ਪ੍ਰਚਾਰਕ ਇਸ ਫ਼ਿਰਕੇ ਨਾਲ ਜੁੜੇ ਹੋਏ ਹਨ। ਆਪਣੇ ਅਸਾਧਾਰਨ ਵਿਚਾਰਾਂ ਕਾਰਨ ਛੇਤੀ ਹੀ ਉਸ ਉੱਤੇ ਕੁਫ਼ਰ ਦੇ ਪ੍ਰਚਾਰਕ ਦਾ ਠੱਪਾ ਲੱਗਣ ਲੱਗਾ। ਫਿਰ ਵੀ ਉਸ ਦੀ ਫ਼ਲਸਫ਼ੇ ਤੇ ਧਰਮ ਦੇ ਖੇਤਰ ਦੀ ਵਿਦਵਤਾ ਦੇ ਮੱਦੇਨਜ਼ਰ 1572 ਵਿੱਚ ਉਸ ਨੂੰ ਪਾਦਰੀ ਬਣਾ ਦਿੱਤਾ ਗਿਆ। ਜੁਲਾਈ 1575 ਵਿੱਚ ਉਸ ਨੇ ਪਾਦਰੀ ਬਣਨ ਲਈ ਨਿਸ਼ਚਿਤ ਕੋਰਸ ਪੂਰਾ ਕੀਤਾ। ਇਸ ਦੌਰਾਨ ਉਸ ਨੂੰ ਧਾਰਮਿਕ ਹਲਕਿਆਂ ਵਿੱਚ ਪਸਰੇ ਅੰਧ-ਵਿਸ਼ਵਾਸਾਂ ਤੇ ਗ਼ੈਰ-ਵਿਗਿਆਨਕ ਧਾਰਨਾਵਾਂ ਬਾਰੇ ਕਾਫ਼ੀ ਕੁਝ ਪਤਾ ਲੱਗਾ। ਉਹ ਦਲੀਲ ਨਾਲ ਲੋਕਾਂ ਨੂੰ ਅੰਧ-ਵਿਸ਼ਵਾਸ ਛੱਡ ਕੇ ਧਰਮ ਦੇ ਤੱਤ ਸਾਰ ਨਾਲ ਜੁੜਨ ਦਾ ਪ੍ਰਚਾਰ ਕਰਦਾ। ਉਸ ਉੱਤੇ ਕੁਫ਼ਰ ਦੇ ਸਿੱਧੇ ਇਲਜ਼ਾਮ ਲਾ ਕੇ ਮੁਕੱਦਮੇ ਦੀ ਗੱਲ ਤੁਰੀ ਤਾਂ ਫਰਵਰੀ 1576 ਵਿੱਚ ਉਹ ਭੱਜ ਕੇ ਰੋਮ ਚਲਾ ਗਿਆ। ਉਸ ਉੱਤੇ ਇਹ ਦੋਸ਼ ਲਾਇਆ ਗਿਆ ਕਿ ਉਹ ਚਰਚ ਵੱਲੋਂ ਰੋਕੇ ਤੇ ਰੱਦ ਕੀਤੇ ਈਰੈਸਮਸ (ਬਾਈਬਲ) ਦੀ ਕੁਮੈਂਟਰੀ ਪੜ੍ਹਦਾ ਪ੍ਰਚਾਰਦਾ ਹੈ। ਈਰੈਸਮਸ ਦੀ ਕੁਮੈਂਟਰੀ ਦੇ ਕਈ ਪੰਨਿਆਂ ਦੇ ਹਾਸ਼ੀਏ ਉੱਤੇ ਬਰੂਨੋ ਦੀਆਂ ਹੱਥ ਲਿਖਤ ਟਿੱਪਣੀਆਂ ਇਸ ਦੀ ਗਵਾਹੀ ਵਜੋਂ ਚੁਣੀਆਂ ਗਈਆਂ। ਬਰੂਨੋ ਨੇ ਤਾਂ ਸਮਝਿਆ ਸੀ ਕਿ ਡੋਮੀਨੀਕਨ ਫ਼ਿਰਕੇ ਦੇ ਲੋਕ ਸਿਆਣੇ ਤੇ ਉਦਾਰ ਹਨ, ਪਰ ਉਸ ਦਾ ਇਹ ਭੁਲੇਖਾ ਉਸ ਵਿਰੁੱਧ ਹੋ ਰਹੇ ਭੰਡੀ ਪ੍ਰਚਾਰ ਨੇ ਛੇਤੀ ਹੀ ਦੂਰ ਕਰ ਦਿੱਤਾ।

ਬਰੂਨੋ ਖ਼ਿਲਾਫ਼ ਮੁਕੱਦਮਾ ਚਲਾਏ ਜਾਣ ਦਾ ਦ੍ਰਿਸ਼।

ਉਸ ਨੇ ਡੋਮੀਨੀਕਨ ਫ਼ਿਰਕਾ ਛੱਡ ਦਿੱਤਾ। ਦੋ ਕੁ ਸਾਲ ਉੱਤਰੀ ਇਟਲੀ ਵਿੱਚ ਘੁੰਮਣ ਉਪਰੰਤ ਉਹ 1578 ਵਿੱਚ ਜੈਨੇਵਾ ਜਾ ਟਿਕਿਆ ਤੇ ਪਰੂਫ ਰੀਡਿੰਗ ਕਰ ਕੇ ਰੋਟੀ-ਪਾਣੀ ਦਾ ਜੁਗਾੜ ਕਰਨ ਲੱਗਾ। ਹੁਣ ਉਹ ਕੈਲਵਿਨਿਸਟ ਬਣਿਆ। ਜਾਨ ਕੈਲਵਿਨ ਵੱਲੋਂ ਪ੍ਰਚਾਰਿਤ ਇਹ ਨਵੇਂ ਉਦਾਰ ਤੇ ਵਿਵੇਕਪੂਰਨ ਈਸਾਈ ਧਰਮ ਸ਼ਾਸਤਰੀਆਂ ਦਾ ਫ਼ਿਰਕਾ ਸੀ। ਜੈਨੇਵਾ ਉਦੋਂ ਇਨ੍ਹਾਂ ਦਾ ਵੱਡਾ ਕੇਂਦਰ ਸੀ। ਇੱਥੋਂ ਦਾ ਚਰਚ ਇਸ ਫ਼ਿਰਕੇ ਦਾ ਮਾਡਲ ਚਰਚ ਸੀ। ਇੱਥੇ ਵੀ ਬਰੂਨੋ ਦੀ ਦਾਲ ਨਾ ਗਲੀ। ਆਪਣੀ ਬਾਗ਼ੀ ਸੋਚ ਤੇ ਵਿਹਾਰ ਦੇ ਰਾਹ ਤੁਰਦਿਆਂ ਉਸ ਨੇ ਇੱਕ ਕੈਲਵਿਨਵਾਦੀ ਪ੍ਰੋਫ਼ੈਸਰ ਬਾਰੇ ਕ੍ਰਿੰਤੂ-ਪ੍ਰੰਤੂ ਭਰਿਆ ਲੇਖ ਲਿਖ ਦਿੱਤਾ। ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਕੈਲਵਿਨਵਾਦੀਆਂ ਨੇ ਵੀ ਹੁੱਕਾ-ਪਾਣੀ ਛੇਕ ਦਿੱਤਾ। ਮੁਆਫ਼ੀ ਮੰਗੀ, ਲਿਖਤ ਵਾਪਸ ਲਈ ਤੇ ਖਹਿੜਾ ਇਸ ਸ਼ਰਤ ਉੱਤੇ ਛੁੱਟਿਆ ਕਿ ਉਹ ਸ਼ਹਿਰ ਛੱਡ ਜਾਵੇਗਾ। ਉਹ ਫਰਾਂਸ ਚਲਾ ਗਿਆ ਅਤੇ ਕੋਸ਼ਿਸ਼ ਕਰਨ ਲੱਗਾ ਕਿ ਕੈਥੋਲਿਕ ਚਰਚ ਹੀ ਉਸ ਨੂੰ ਮੁੱਢੋਂ-ਸੁੱਢੋਂ ਮੁਆਫ਼ ਕਰੇ। ਇਸ ਵਿੱਚ ਉਸ ਨੂੰ ਖ਼ਾਸ ਕਾਮਯਾਬੀ ਨਾ ਮਿਲੀ। ਹਾਂ, ਉਸ ਨੂੰ ਪਹਿਲਾਂ ਟੂਲਾਊਜ਼ ਤੇ ਫਿਰ 1581 ਵਿੱਚ ਪੈਰਿਸ ਵਿੱਚ ਫ਼ਿਲਾਸਫ਼ੀ ਦੀ ਲੈਕਚਰਾਰਸ਼ਿਪ ਮਿਲ ਗਈ। ਪਹਿਲੀ ਵਾਰ ਉਸ ਨੂੰ ਪੜ੍ਹਨ-ਲਿਖਣ ਤੇ ਕੰਮ ਕਰਨ ਲਈ ਯੋਗ ਥਾਂ ਮਿਲੀ। ਕੈਥੋਲਿਕਾਂ ਤੇ ਰੋਮਨ ਪ੍ਰੋਟੈਸਟੈਂਟਾਂ ਦੇ ਪਰਸਪਰ ਝਗੜਿਆਂ ਦੇ ਬਾਵਜੂਦ ਇੱਥੇ ਨਰਮ ਕੈਥੋਲਿਕਾਂ ਦਾ ਬੋਲਬਾਲਾ ਸੀ। ਬਰੂਨੋ ਦੇ ਵਿਚਾਰਾਂ ਪ੍ਰਤੀ ਹੈਨਰੀ ਤੀਜਾ ਸਹਿਣਸ਼ੀਲ ਸਾਬਿਤ ਹੋਇਆ। ਉਸ ਦਾ ਵਾਰਸ ਹੈਨਰੀ ਆਫ ਬਰਬਨ ਹੋਰ ਉਦਾਰ ਸੀ। ਉਹ ਪ੍ਰੋਟੈਸਟੈਂਟ ਸੀ। ਉਸ ਨੇ ਬਰੂਨੋ ਨੂੰ ਸਰਪ੍ਰਸਤੀ ਦਿੱਤੀ ਤੇ ਸ਼ਾਹੀ ਲੈਕਚਰਾਰ ਦਾ ਖਿਤਾਬ ਦਿੱਤਾ। 1582 ਵਿੱਚ ਬਰੂਨੋ ਨੇ ਸਮਕਾਲੀ ਨੈਤਿਕ ਤੇ ਸਮਾਜਿਕ ਖੇਤਰ ਵਿੱਚ ਪਸਰੇ ਭ੍ਰਿਸ਼ਟਾਚਾਰ ਉੱਤੇ ਇੱਕ ਕਾਮੇਡੀ ਕੈਂਡਲਮੇਕਰ ਪ੍ਰਕਾਸ਼ਿਤ ਕੀਤੀ। ਇਸ ਤੋਂ ਪਹਿਲਾਂ ਉਸ ਨੇ ਯਥਾਰਥ ਦੀ ਸਮਝ ਅਤੇ ਗਿਆਨ ਪ੍ਰਾਪਤੀ ਲਈ ਨਵੀਆਂ ਵਿਧੀਆਂ ਸੁਝਾਉਣ ਵਾਲੀਆਂ ਕੁਝ ਲਿਖਤਾਂ ਵੀ ਪ੍ਰਕਾਸ਼ਿਤ ਕੀਤੀਆਂ। 1583 ਦੀ ਬਹਾਰ ਦੀ ਰੁੱਤੇ ਬਰੂਨੋ ਹੈਨਰੀ ਤੀਜੇ ਦੀ ਲੰਡਨ ਵਿਚਲੇ ਰਾਜਦੂਤ ਮਿਸ਼ੇਲ ਡੀ ਕੈਸਟੈਲਨੂ ਦੇ ਨਾਂ ਸਿਫ਼ਾਰਸ਼ੀ ਚਿੱਠੀ ਲੈ ਕੇ ਇੰਗਲੈਂਡ ਪਹੁੰਚਿਆ। ਉਸ ਨੂੰ ਆਕਸਫੋਰਡ ਵਿੱਚ ਲੈਕਚਰ ਕਰਨ ਦੀ ਇਜਾਜ਼ਤ ਮਿਲ ਗਈ। ਉਸ ਨੇ ਕਾਪਰਨੀਕਸ ਦੇ ਨਵੇਂ ਸਿਧਾਂਤਾਂ ਦੀ ਵਿਆਖਿਆ ਤੇ ਸਮਰਥਨ ਵਿੱਚ ਲੈਕਚਰ ਦੇਣੇ ਸ਼ੁਰੂ ਕੀਤੇ। ਆਕਸਫੋਰਡ ਵਿੱਚ ਇਸ ਦਾ ਵਿਰੋਧ ਹੋਇਆ ਤਾਂ ਉਹ ਵਾਪਸ ਰਾਜਦੂਤ ਦੇ ਮਹਿਮਾਨ ਵਜੋਂ ਲੰਡਨ ਆ ਟਿਕਿਆ। ਉਸ ਦੇ ਪ੍ਰਭਾਵ ਨਾਲ ਉਹ ਮਲਿਕਾ ਐਲਿਜ਼ਬੈੱਥ ਦੇ ਦਰਬਾਰ ਵੀ ਚੱਕਰ ਲਾਉਣ ਲੱਗਾ। ਉਸ ਦੀ ਪਛਾਣ ਸਰ ਫਿਲਿਪ ਸਿਡਨੀ ਤੇ ਰਾਬਰਟ ਡੁਡਲੇ ਜਿਹੇ ਪ੍ਰਭਾਵਸ਼ਾਲੀ ਵਿਅਕਤੀਆਂ ਨਾਲ ਹੋਈ। ਫਰਵਰੀ 1584 ਵਿੱਚ ਸਿਡਨੀ ਸਰਕਲ ਦੇ ਮੈਂਬਰ ਫੁਲਕੇ ਗਰੈਵਿਲੇ ਨੇ ਬਰੂਨੋ ਨੂੰ ਸੱਦਾ ਦਿੱਤਾ ਕਿ ਉਹ ਆਕਸਫੋਰਡ ਦੇ ਵਿਦਵਾਨਾਂ ਨਾਲ ਕਾਪਰਨੀਕਸ ਦੇ ਨਵੇਂ ਸਿਧਾਂਤਾਂ ਬਾਰੇ ਵਿਚਾਰ-ਵਟਾਂਦਰੇ ਲਈ ਆਵੇ। ਬਰੂਨੋ ਪਹੁੰਚ ਗਿਆ, ਪਰ ਵਿਚਾਰ-ਵਟਾਂਦਰਾ ਛੇਤੀ ਹੀ ਲੜਾਈ-ਝਗੜੇ ਵਿੱਚ ਮੁੱਕ ਗਿਆ।

ਡਾ. ਕੁਲਦੀਪ ਸਿੰਘ ਧੀਰ*

ਕੁਝ ਦਿਨ ਪਿੱਛੋਂ ਬਰੂਨੋ ਨੇ ਇਟਾਲੀਅਨ ਡਾਇਲਾਗਜ਼ ਨਾਂ ਦੀ ਆਪਣੀ ਲੇਖ ਲੜੀ ਲਿਖਣੀ ਸ਼ੁਰੂ ਕੀਤੀ। ਇਸ ਵਿੱਚ ਉਸ ਨੇ ਆਪਣੇ ਚਿੰਤਨ ਦੀ ਨਿੱਠ ਕੇ ਵਿਆਖਿਆ ਕੀਤੀ। ਇਨ੍ਹਾਂ ਲੇਖਾਂ ਦੀ ਗਿਣਤੀ ਛੇ ਹੈ। ਤਿੰਨ ਦਾ ਸਬੰਧ ਬ੍ਰਹਿਮੰਡ ਦੇ ਜਨਮ, ਵਿਕਾਸ ਤੇ ਕਾਰਜ ਪ੍ਰਬੰਧ ਨਾਲ ਹੈ ਅਤੇ ਤਿੰਨ ਦਾ ਨੈਤਿਕ ਚਿੰਤਨ ਨਾਲ। 1584 ਵਿੱਚ ਹੀ ਬਰੂਨੋ ਨੇ ‘ਦਿ ਐਸ਼ ਵੈਡਨੈਸਡੇਅ ਸਪਰ’ ਵਿੱਚ ਬ੍ਰਹਿਮੰਡ ਬਾਰੇ ਆਪਣੇ ਚਿੰਤਨ ਦੀ ਰੂਪ-ਰੇਖਾ ਉਲੀਕੀ। ਉਸ ਨੇ ਕਾਪਰਨੀਕਸ ਦੇ ਸੂਰਜ ਕੇਂਦਰਕ ਸਿਧਾਂਤ ਦਾ ਖੁੱਲ੍ਹ ਕੇ ਸਮਰਥਨ ਕੀਤਾ। ਇਸ ਤੋਂ ਵੀ ਰਤਾ ਅਗਾਂਹ ਜਾ ਕੇ ਉਸ ਨੇ ਕਿਹਾ ਕਿ ਬ੍ਰਹਿਮੰਡ ਅਨੰਤ ਹੈ। ਸਾਡੇ ਸੂਰਜ ਮੰਡਲ ਵਾਂਗ ਕਈ ਹੋਰ ਸੂਰਜ ਤੇ ਉਨ੍ਹਾਂ ਦੇ ਗ੍ਰਹਿ ਪਰਿਵਾਰ ਹਨ। ਉਸ ਨੇ ਇਹ ਵੀ ਕਿਹਾ ਕਿ ਬਾਈਬਲ ਦਾ ਅਨੁਸਰਣ ਇਸ ਦੇ ਧਾਰਮਿਕ ਤੇ ਨੈਤਿਕ ਆਧਾਰ ਉੱਤੇ ਕਰਨਾ ਚਾਹੀਦਾ ਹੈ। ਇਸ ਦੀਆਂ ਤਾਰਾ ਵਿਗਿਆਨਕ ਅੰਤਰ-ਦ੍ਰਿਸ਼ਟੀਆਂ ਕਾਰਨ ਨਹੀਂ। ਉਸ ਨੇ ਸਮਕਾਲੀ ਅੰਗਰੇਜ਼ ਬੁੱਧੀਜੀਵੀਆਂ ਤੇ ਆਕਸਫੋਰਡ ਦੇ ਡਾਕਟਰਾਂ ਦੀ ਫੋਕੀ ਵਿਦਵਤਾ ਦੀਆਂ ਧੱਜੀਆਂ ਉਡਾਈਆਂ। ਇਸੇ ਵਰ੍ਹੇ ਉਸ ਨੇ ‘ਕਨਸਰਨਿੰਗ ਦਿ ਕਾਜ਼, ਪ੍ਰਿੰਸੀਪਲ ਐਂਡ ਵਨ’ ਵਿੱਚ ਬ੍ਰਹਿਮੰਡ ਤੇ ਪਰਮਾਤਮਾ ਬਾਰੇ ਆਪਣੇ ਵਿਚਾਰ ਪੇਸ਼ ਕੀਤੇ। ਉਸ ਨੇ ਰੂਪ ਤੇ ਪਦਾਰਥ ਦੀ ਏਕਤਾ ’ਤੇ ਬਲ ਦੇ ਕੇ ਅਰਸਤੂ ਦੇ ਦਵੈਤਵਾਦੀ ਭੌਤਿਕ ਵਿਗਿਆਨ ਦਾ ਖੰਡਨ ਕੀਤਾ। ਸਭ ਵਸਤਾਂ ਅਤੇ ਵਿਰੋਧੀ ਤੱਤਾਂ ਤਕ ਦੀ ਏਕਤਾ ’ਤੇ ਬਲ ਦਿੱਤਾ। ਇਹ ਹੀ ਨਹੀਂ ‘ਆਨ ਦਿ ਇਨਫਿਨਿਟ ਯੂਨੀਵਰਸ ਐਂਡ ਵਰਲਡਜ਼’ ਵਿੱਚ ਇਨ੍ਹਾਂ ਧਾਰਨਾਵਾਂ ਦੀ ਕਈ ਪੱਖਾਂ ਤੋਂ ਵਿਆਖਿਆ ਕੀਤੀ। ਉਸ ਨੇ ਕਿਹਾ ਕਿ ਧਰਮ ਸਿੱਧੇ-ਸਾਦੇ ਲੋਕਾਂ ਨੂੰ ਆਪਣੇ ਕਬਜ਼ੇ ਵਿੱਚ ਰੱਖਣ ਦਾ ਜ਼ਰੀਆ ਬਣ ਗਿਆ ਹੈ। ਫ਼ਿਲਾਸਫ਼ੀ ਕੁਝ ਸਿਆਣੇ ਲੋਕਾਂ ਦਾ ਅਨੁਸ਼ਾਸਨ ਹੈ ਜੋ ਸਵੈ ਨੂੰ ਵੀ ਅਨੁਸ਼ਾਸਿਤ ਕਰਦਾ ਹੈ ਤੇ ਦੂਜੇ ਲੋਕਾਂ ਨੂੰ ਵੀ। ‘ਦਿ ਐਕਸਪਲਸ਼ਨ ਆਫ ਦਿ ਟਰਿੰਫੈਂਟ ਬੀਸਟ’ ਉਸ ਦਾ ਪਹਿਲਾ ਨੈਤਿਕ ਡਾਇਲਾਗ ਹੈ। ਇਹ ਧਾਰਮਿਕ ਖੇਤਰ ਵਿੱਚ ਪਸਰੇ ਅੰਧ-ਵਿਸ਼ਵਾਸ ਦੀ ਕਰੜੀ ਆਲੋਚਨਾ ਹੈ। ਮਨੁੱਖੀ ਗੌਰਵ ਨੂੰ ਬਹਾਲ ਕਰਨ ਉੱਤੇ ਬਲ ਦਿੰਦਿਆਂ ਇਸ ਵਿੱਚ ਬਰੂਨੋ ਨੇ ਕੈਲਵਿਨਵਾਦੀਆਂ ਦੀਆਂ ਨੈਤਿਕਤਾ, ਮੁਕਤੀ ਤੇ ਵਿਸ਼ਵਾਸ ਦੀਆਂ ਧਾਰਨਾਵਾਂ ਨੂੰ ਵੰਗਾਰਿਆ ਹੈ। 1585 ਵਿੱਚ ‘ਕੈਬਾਲ ਆਫ ਦਿ ਹਾਰਸ ਪੈਗਾਸਸ’ ਵਿੱਚ ਬਰੂਨੋ ਨੇ ਬ੍ਰਹਿਮੰਡੀ ਆਤਮਾ ਅਤੇ ਮਾਨਵੀ ਆਤਮਾ ਦੇ ਪਰਸਪਰ ਰਿਸ਼ਤੇ ਨੂੰ ਆਪਣੀ ਦ੍ਰਿਸ਼ਟੀ ਤੋਂ ਪੇਸ਼ ਕੀਤਾ ਹੈ ਅਤੇ ਕਿਹਾ ਕਿ ਵਿਅਕਤੀਗਤ ਆਤਮਾ ਦੀ ਪੂਰਨ ਸੁਤੰਤਰਤਾ ਦੀ ਧਾਰਨਾ ਗ਼ਲਤ ਹੈ। ‘ਦਿ ਹੀਰੋਇਕ ਕੀਤਾ ਹੈ ਅਤੇ ਕਿਹਾ ਕਿ ਵਿਅਕਤੀਗਤ ਆਤਮਾ ਦੀ ਪੂਰਨ ਸੁਤੰਤਰਤਾ ਦੀ ਧਾਰਨਾ ਗ਼ਲਤ ਹੈ। ‘ਦਿ ਹੀਰੋਇਕ ਫਰੈਂਜ਼ੀਜ਼’ ਵਿੱਚ ਬਰੂਨੋ ਨੇ ਨੇਕੀ ਅਤੇ ਸਤਿ ਦੇ ਮਾਰਗ ਉੱਤੇ ਤੁਰ ਕੇ ਮਨੁੱਖੀ ਆਤਮਾ ਦੇ ਪਰਮਾਤਮਾ ਨਾਲ ਮੇਲ ਦੀ ਗੱਲ ਕੀਤੀ। ਅਕਤੂਬਰ 1585 ਵਿੱਚ ਬਰੂਨੋ ਪੈਰਿਸ ਮੁੜ ਆਇਆ। ਇੱਥੇ ਹਾਲਾਤ ਬਦਲ ਚੁੱਕੇ ਸਨ। ਹੈਨਰੀ ਤੀਜੇ ਨੇ ਪ੍ਰੋਟੈਸਟੈਂਟਾਂ ਨਾਲ ਸ਼ਾਂਤੀ ਦਾ ਐਲਾਨਾਮਾ ਰੱਦ ਕਰ ਦਿੱਤਾ ਸੀ। ਨਵਾਰੇ ਦੇ ਰਾਜੇ ਹੈਨਰੀ ਆਫ ਬਰਬਨ ਨੂੰ ਹਰ ਪੱਖੋਂ ਰੱਦ ਕੇ ਤਿਆਗਿਆ ਜਾ ਚੁੱਕਾ ਸੀ। ਦੇਸ਼ ਨਿਕਾਲਾ ਦਿੱਤਾ ਜਾ ਚੁੱਕਾ ਸੀ। ਬਦਲੇ ਹਾਲਾਤ ਵਿੱਚ ਸਾਵਧਾਨੀ ਨਾਲ ਚੱਲਣ ਦੀ ਥਾਂ ਬਰੂਨੋ ਨੇ ਕੈਥੋਲਿਕ ਪਾਰਟੀ ਦੇ ਇੱਕ ਗਣਿਤ ਵਿਗਿਆਨੀ ਫੈਬਰੀਜ਼ੀਓ ਮਾਰਡੈਂਟ ਨਾਲ ਵਿਵਾਦ ਛੇੜ ਲਿਆ। ਵਿਵਾਦ ਕੀ, ਉਹ ਤਾਂ ਉਸ ਦਾ ਆਪਣੇ ਚੌਥੇ ਡਾਇਲਾਗ ਵਿੱਚ ਪਹਿਲਾਂ ਵੀ ਮਜ਼ਾਕ ਉੱਡਾ ਚੁੱਕਾ ਸੀ। 1 ਮਈ 1586 ਨੂੰ ਉਸ ਨੇ ਆਪਣੀ ਇੱਕ ਹੋਰ ਲਿਖਤ ਵਿੱਚ ਅਰਸਤੂ ਦੇ ਸਿਧਾਂਤਾਂ ਦਾ ਕਰੜਾ ਵਿਰੋਧ ਕੀਤਾ। ਪੈਰਿਸ ਦੇ ਬੁੱਧੀਜੀਵੀਆਂ ਵਿੱਚ ਉਸ ਵਿਰੁੱਧ ਤੂਫ਼ਾਨ ਖੜ੍ਹਾ ਹੋ ਗਿਆ ਤੇ ਬਰੂਨੋ ਨੂੰ ਪੈਰਿਸ ਛੱਡਣਾ ਪਿਆ। ਉਸ ਨੇ ਹੁਣ ਜਰਮਨੀ ਦੀਆਂ ਯੂਨੀਵਰਸਿਟੀਆਂ ਦੀ ਖਾਕ ਛਾਣਨੀ ਸ਼ੁਰੂ ਕੀਤੀ ਕਿ ਕਿਤੇ ਪੈਰ ਅੜਣ। ਉਸ ਨੇ ਥਾਂ ਥਾਂ ਕੁਝ ਲੈਕਚਰ ਦਿੱਤੇ। ਕੁਝ ਲਿਖਤਾਂ ਛਾਪੀਆਂ। ਸੁਰ ਉੱਕੀ ਲੜਾਕੂ ਤੇ ਗੁਸਤਾਖ਼। ਮੈਨੂੰ ਮਿੱਤਰ ਕਵੀ ਦਰਸ਼ਨ ਸਿੰਘ ਅਵਾਰਾ ਦੇ ਬੋਲ ਉਸ ਉੱਤੇ ਪੂਰੇ ਢੁੱਕਦੇ ਪ੍ਰਤੀਤ ਹੁੰਦੇ ਹਨ ਜਿਸ ਨੇ ਕਦੇ ਕਿਹਾ ਸੀ: ਤੈਨੂੰ ਕਿਹੈ ਅਵਾਰਾ ਐਨੀ ਗੁਸਤਾਖ਼ੀ ਨਾ ਕਰਿਆ ਕਰ। ਯਾਦ ਰੱਖੀਂ ਗੱਲ ਬੱਚੂ ਮੇਰੀ ਭੰਗ ਤੇ ਭਾੜੇ ਮਰਨੈ ਤੂੰ। ਤੈਨੂੰ ਰਬ ਅਖੀਆਂ ਦੇ ਭੁਲੈ ਦੇਖ ਲਵੇਂ ਤਾਂ ਜਰਿਆ ਕਰ। ਰਬ ਵੀ ਡਰਦੈ ਉਨ੍ਹਾਂ ਕੋਲੋਂ ਤੂੰ ਵੀ ਤੱਕ ਕੇ ਡਰਿਆ ਕਰ। ਨਾ ਅਵਾਰਾ ਕਦੇ ਗੁਸਤਾਖੀਆਂ ਤੋਂ ਟਲਿਆ ਅਤੇ ਨਾ ਬਰੂਨੋ। ਦੋਵੇਂ ਭੰਗ ਦੇ ਭਾੜੇ ਹੀ ਮਰੇ। 1588 ਵਿੱਚ 160 ਆਰਟੀਕਲਜ਼ ਵਾਲੀ ਕਿਤਾਬ ’ਚ ਬਰੂਨੋ ਨੇ ਸਮਕਾਲੀ ਦਾਰਸ਼ਨਿਕਾਂ ਤੇ ਗਣਿਤ ਵਿਗਿਆਨੀਆਂ ਦਾ ਕਰੜਾ ਵਿਰੋਧ ਕੀਤਾ। ਧਰਮਾਂ ਦੀ ਸ਼ਾਂਤਮਈ ਸਹਿਹੋਂਦ, ਪਰਸਪਰ ਸਮਝ ਤੇ ਵਿਚਾਰਾਂ ਦੀ ਸੁਤੰਤਰਤਾ ਦਾ ਆਪਣਾ ਫ਼ਲਸਫ਼ਾ ਪੇਸ਼ ਕੀਤਾ। ਅਜੋਕੇ ਭਾਰਤ ਵਿੱਚ ਬਰੂਨੋ ਨੂੰ ਸ਼ਾਇਦ ਕੋਈ ਭੀੜ ਹੀ ਮਾਰ ਸੁੱਟਦੀ ਜਾਂ ਉਸ ਨੂੰ ਦੇਸ਼ ਵਿਰੋਧੀ ਗੱਦਾਰ ਕਹਿ ਕੇ ਚੁੱਪ ਕਰਾ ਦਿੱਤਾ ਗਿਆ ਹੁੰਦਾ। ਮਰਦਾ ਉਹ ਫਿਰ ਵੀ ਭੰਗ ਦੇ ਭਾੜੇ ਹੀ। ...ਖੈਰ! ਅੱਜ ਦੀ ਗੱਲ ਛੱਡ ਕੇ ਉਦੋਂ ਦੀ ਹੀ ਗੱਲ ਕਰੀਏ। ਜਨਵਰੀ 1589 ਵਿੱਚ ਹੈਲਮਸ਼ਟੈੱਡ ਵਿੱਚ ਉਸ ਨੂੰ ਸਥਾਨਕ ਲੂਥੇਰੀਅਨ ਚਰਚ ਨੇ ਧਰਮ ਵਿੱਚੋਂ ਛੇਕ ਦਿੱਤਾ। ਕੁਝ ਮਹੀਨੇ ਫਿਰ ਵੀ ਉਹ ਹੈਲਮਸ਼ਟੈੱਡ ਰਿਹਾ। ਉਸ ਨੇ ਨੈਚੁਰਲ ਐਂਡ ਮੈਥੇਮੈਟਿਕਲ ਮੈਜਿਕ ਉੱਤੇ ਕੰਮ ਕੀਤਾ ਅਤੇ ਕੁਝ ਲਾਤੀਨੀ ਕਵਿਤਾਵਾਂ ਉੱਤੇ ਵਿਆਖਿਆਮਈ ਲਿਖਤਾਂ ਲਿਖੀਆਂ। ਆਨ ਦਿ ਮੋਨਾਡ, ਨੰਬਰ ਐਂਡ ਫਿਗਰ ਅਤੇ ਆਨ ਦਿ ਇਮਮੇਯਰੇਬਰ ਐਂਡ ਇਨਿਊਮਰੇਬਲ ਪੈਂਫਲੈੱਟ ਲਿਖੇ। ਇਨ੍ਹਾਂ ਵਿੱਚ ਉਸ ਨੇ ਆਪਣੇ ਫ਼ਲਸਫ਼ੇ ਦੇ ਕੁਝ ਹੋਰ ਪਸਾਰਾਂ ਦੀ ਵਿਆਖਿਆ ਕੀਤੀ। ਇਨ੍ਹਾਂ ਲਿਖਤਾਂ ਦੇ ਪ੍ਰਕਾਸ਼ਨ ਲਈ 1590 ਵਿੱਚ ਉਹ ਫਰੈਂਕਫਰਟ ਦੀ ਸੈਨੇਟ ਪਾਸ ਬੇਨਤੀ ਕਰਨ ਪੁੱਜਾ। ਸੈਨੇਟ ਨੇ ਲਿਖਤਾਂ ਦੇ ਪ੍ਰਕਾਸ਼ਨ ਦੀ ਇਜਾਜ਼ਤ ਤਾਂ ਕੀ ਦੇਣੀ ਸੀ, ਉਸ ਨੂੰ ਉੱਥੇ ਟਿਕਣ ਦੀ ਵੀ ਆਗਿਆ ਨਾ ਦਿੱਤੀ, ਪਰ ਉਹ ਕਾਰਮੇਲਾਈਟ ਕਾਨਵੈਂਟ ਵਿੱਚ ਰਹਿ ਪਿਆ ਅਤੇ ਪ੍ਰੋਟੈਸਟੈਂਟਾਂ ਨੂੰ ਆਪਣੇ ਵਿਚਾਰ ਸਮਝਾਉਣ ਲੱਗਾ। ਉਸ ਬਾਰੇ ਹਵਾ ਇਹ ਹੀ ਬਣੀ ਕਿ ਉਹ ਕਲਪਨਾ ਲੋਕ ਦੀਆਂ ਅਜੀਬੋ-ਗਰੀਬ ਗੱਲਾਂ ਕਰਨ ਵਾਲਾ ਸਿਰਫਿਰਿਆ ਬੰਦਾ ਹੈ। ਅਗਸਤ 1591 ਵਿੱਚ ਜੋਹਵਾਨੀ ਮੋਸੇਨੀਗੋ ਦੇ ਸੱਦੇ ਉੱਤੇ ਬਰੂਨੋ ਇਟਲੀ ਚਲਾ ਗਿਆ। ਉਹ ਰਾਜ ਸੱਤਾ ਦੇ ਨੇੜੇ ਸੀ। ਸਰਕਾਰੇ-ਦਰਬਾਰੇ ਉਸ ਦੀ ਚਲਦੀ ਸੀ। ਉਸ ਨੇ ਬਰੂਨੋ ਨੂੰ ਸਰਕਾਰੀ ਸਰਪ੍ਰਸਤੀ ਦਿਵਾਉਣ ਦਾ ਵਾਅਦਾ ਕਰਕੇ ਇਟਲੀ ਆਉਣ ਨੂੰ ਕਿਹਾ। ਬਰੂਨੋ ਨੇ ਸੋਚਿਆ ਕਿ ਕੀ ਪਤਾ ਮੋਸੇਨੀਗੋ ਦੀ ਸਿਫ਼ਾਰਿਸ਼ ਨਾਲ ਉਸ ਦੀਆਂ ਮੁਸੀਬਤਾਂ ਮੁੱਕ ਜਾਣ। ਉਹ ਇਟਲੀ ਦੇ ਸ਼ਹਿਰ ਵੈਨਿਸ ਪੁੱਜ ਗਿਆ। ਵੈਨਿਸ ਉਦੋਂ ਇਟਲੀ ਦੀ ਸਭ ਤੋਂ ਉਦਾਰ ਤੇ ਖੁੱਲ੍ਹਦਿਲੀ ਰਿਆਸਤ ਸੀ। ਅੜੀਅਲ ਪੋਪ ਸਿਕਸਟਸ-ਪੰਜਵੇਂ ਦੀ 1590 ਵਿੱਚ ਮੌਤ ਹੋ ਗਈ ਸੀ। ਪ੍ਰੋਟੈਸਟੈਂਟ ਹੈਨਰੀ ਆਫ ਬਰਬਨ ਫਰਾਂਸ ਦੇ ਤਖ਼ਤ ਉੱਤੇ ਸੀ। ਲੱਗਦਾ ਸੀ ਕਿ ਧਾਰਮਿਕ ਸਹਿਹੋਂਦ ਤੇ ਰਵਾਦਾਰੀ ਦੇ ਦਿਨ ਆਉਣਗੇ। ਬਰੂਨੋ ਦੀ ਇੱਛਾ ਸੀ ਕਿ ਉਹ ਕਿਸੇ ਯੂਨੀਵਰਸਿਟੀ ਵਿੱਚ ਪ੍ਰੋਫ਼ੈਸਰ ਬਣ ਕੇ ਆਪਣੇ ਨਿਵੇਕਲੇ ਵਿਚਾਰਾਂ ਬਾਰੇ ਨਵੀਂ ਪੀੜ੍ਹੀ ਨੂੰ ਲਿਖ-ਬੋਲ ਕੇ ਦੱਸੇ। ਪਡੂਆ ਯੂਨੀਵਰਸਿਟੀ ਵਿੱਚ ਉਨ੍ਹਾਂ ਦਿਨਾਂ ਵਿੱਚ ਗਣਿਤ ਦੇ ਪ੍ਰੋਫ਼ੈਸਰ ਦੀ ਚੇਅਰ ਖਾਲੀ ਸੀ। ਬਰੂਨੋ ਨੇ ਉੱਥੇ ਪ੍ਰਾਈਵੇਟ ਤੌਰ ਉੱਤੇ ਜੁਮੈਟਰੀ ਅਤੇ ਆਰਟ ਆਫ ਡਿਫਾਰਮੇਸ਼ਨ ਉੱਤੇ ਕੋਰਸ ਸ਼ੁਰੂ ਕਰਕੇ ਲੈਕਚਰ ਦੇਣੇ ਸ਼ੁਰੂ ਕਰ ਦਿੱਤੇ। ਜਦੋਂ ਉਸ ਨੂੰ ਲੱਗਾ ਕਿ ਇਹ ਚੇਅਰ ਉਸ ਨੂੰ ਨਹੀਂ ਮਿਲਣੀ, ਉਹ ਪਡੂਆ ਛੱਡ ਕੇ ਆਪਣੇ ਮਿੱਤਰ ਮੋਸੇਨੀਗੋ ਕੋਲ ਵੈਨਿਸ ਪਰਤ ਆਇਆ। ਵੈਨਿਸ ਵਿੱਚ ਉਸ ਨੇ ਪ੍ਰਗਤੀਵਾਦੀ ਸੋਚ ਵਾਲੇ ਤਬਕੇ ਵਿੱਚ ਆਪਣੇ ਵਿਚਾਰਾਂ ਦਾ ਪਸਾਰ ਸ਼ੁਰੂ ਕੀਤਾ। ਇੰਜ ਕਰਦਿਆਂ ਉਸ ਨੇ ਇਸ ਕਦਮ ਦੇ ਧਾਰਮਿਕ ਪ੍ਰਤੀਕਰਮਾਂ ਬਾਰੇ ਸੋਚਣ ਦੀ ਖੇਚਲ ਨਾ ਕੀਤੀ। ਮੋਸੇਨੀਗੋ ਦਾ ਹੀ ਮੋਹ ਉਸ ਤੋਂ ਭੰਗ ਹੋ ਗਿਆ। ਕੁਝ ਬਰੂਨੋ ਦੀ ਫਰੈਂਕਫਰਟ ਮੁੜ ਜਾਣ ਦੀ ਇੱਛਾ ਤੋਂ ਨਾਰਾਜ਼ ਅਤੇ ਕੁਝ ਉਸ ਦੇ ਵਿਚਾਰਾਂ ਤੋਂ ਖਿਝੇ ਮੋਸੇਨੀਗੋ ਨੇ ਉਸ ਦੇ ਕੁਫ਼ਰ ਬਾਰੇ ਚਰਚ ਕੋਲ ਮੁਕੱਦਮਾ ਪੇਸ਼ ਕਰ ਦਿੱਤਾ। ਇਹ ਮਈ 1592 ਦੀ ਗੱਲ ਹੈ। ਬਰੂਨੋ ਨੇ ਆਪਣੇ ਬਚਾਅ ਵਿੱਚ ਨਿੱਕੀਆਂ-ਮੋਟੀਆਂ ਧਾਰਮਿਕ ਖੁਨਾਮੀਆਂ ਸਵੀਕਾਰ ਕੀਤੀਆਂ। ਉਸ ਨੇ ਆਪਣੇ ਵਿਚਾਰਾਂ ਦੇ ਦਾਰਸ਼ਨਿਕ ਮਹੱਤਵ ਤੇ ਵਿਆਖਿਆ ਉਪਰ ਬਲ ਦਿੱਤਾ ਅਤੇ ਇਨ੍ਹਾਂ ਨੂੰ ਧਾਰਮਿਕ ਖੇਤਰ ਵਿੱਚ ਨਾ ਘਸੀਟਣ ਲਈ ਕਿਹਾ। ਇੱਕ ਵਾਰ ਤਾਂ ਲੱਗਾ ਕਿ ਮੁਕੱਦਮੇ ਦਾ ਫ਼ੈਸਲਾ ਬਰੂਨੋ ਦੇ ਹੱਕ ਵਿੱਚ ਜਾਵੇਗਾ, ਪਰ ਅਚਾਨਕ ਰੋਮਨ ਕੱਟੜਵਾਦੀਆਂ ਨੇ ਉਸ ਦੇ ਦੇਸ਼ ਨਿਕਾਲੇ ਲਈ ਤੂਫ਼ਾਨ ਖੜ੍ਹਾ ਕਰ ਦਿੱਤਾ। ਨਤੀਜੇ ਵਜੋਂ 27 ਜਨਵਰੀ 1593 ਨੂੰ ਬਰੂਨੋ ਨੂੰ ਧਾਰਮਿਕ ਅਦਾਲਤ ਨੇ ਸ਼ਾਹੀ ਮਹਿਲ ਵਿੱਚ ਕੈਦ ਲਈ ਭੇਜ ਦਿੱਤਾ। ਸੱਤ ਸਾਲ ਦੀ ਲੰਬੀ ਕੈਦ ਤੇ ਮੁਕੱਦਮੇ ਦੌਰਾਨ ਸ਼ੁਰੂ ਵਿੱਚ ਆਪਣੀ ਪਹਿਲੀ ਡਿਫੈਂਸ ਦੀ ਨੀਤੀ ਹੀ ਜਾਰੀ ਰੱਖੀ। ਉਸ ਨੇ ਕਿਹਾ ਕਿ ਮੇਰੇ ਵਿਚਾਰਾਂ ਦਾ ਪ੍ਰਸੰਗ ਦਾਰਸ਼ਨਿਕ ਤੇ ਵਿਗਿਆਨਕ ਹੈ। ਮੇਰਾ ਧਰਮ ਨਾਲ ਕੋਈ ਵਿਰੋਧ ਨਹੀਂ। ਕੱਟੜ ਮੁਕੱਦਮੇਬਾਜ਼ਾਂ ਤੇ ਚਰਚ ਦਾ ਕਹਿਣਾ ਸੀ ਕਿ ਤੂੰ ਆਪਣੇ ਵਿਚਾਰ ਬਿਨਾਂ ਸ਼ਰਤ ਵਾਪਸ ਲੈ। ਬਰੂਨੋ ਨੇ ਸਮਝਾਉਣ ਦਾ ਯਤਨ ਕੀਤਾ ਕਿ ਮੇਰੇ ਚਿੰਤਨ, ਵਿਚਾਰਾਂ ਅਤੇ ਸਿਧਾਂਤਾਂ ਦਾ ਰੱਬ ਜਾਂ ਬ੍ਰਹਿਮੰਡ ਦੀ ਸਿਰਜਨਾ ਬਾਰੇ ਈਸਾਈਅਤ ਦੇ ਸੰਕਲਪਾਂ ਨਾਲ ਕੋਈ ਵਿਰੋਧ ਨਹੀਂ। ਚਰਚ ਨੇ ਉਸ ਦੀ ਹਰ ਦਲੀਲ ਰੱਦ ਕਰ ਕੇ ਸਿਧਾਂਤਾਂ ਤੇ ਸੰਕਲਪਾਂ ਦੀ ਬਿਨਾਂ ਸ਼ਰਤ ਵਾਪਸੀ ਦੀ ਰਟ ਲਾਈ ਰੱਖੀ। ਬਰੂਨੋ ਨੇ ਸਪਸ਼ਟ ਕੀਤਾ ਕਿ ਵਿਰੋਧ ਹੋਵੇ ਤਾਂ ਮੈਂ ਆਪਣੇ ਵਿਚਾਰ ਵਾਪਸ ਲਵਾਂ। ਮੈਨੂੰ ਤਾਂ ਇਹ ਨਹੀਂ ਸਮਝ ਆ ਰਿਹਾ ਕਿ ਮੈਂ ਕਿਹੜੀ ਗੱਲ ਵਾਪਸ ਲਵਾਂ। ਪੋਪ ਕਲੀਮੈਂਟ ਅੱਠਵਾਂ ਖਿੱਝ ਗਿਆ। ਅੱਠ ਫਰਵਰੀ 1600 ਨੂੰ ਉਸ ਨੇ ਬਰੂਨੋ ਨੂੰ ਮੌਤ ਦਾ ਹੁਕਮ ਸੁਣਾ ਦਿੱਤਾ। ਜਦੋਂ ਇਹ ਫੁਰਮਾਨ ਉਸ ਨੂੰ ਪੜ੍ਹ ਕੇ ਸੁਣਾਇਆ ਗਿਆ ਤਾਂ ਉਸ ਨੇ ਕਿਹਾ, ‘‘ਮੈਨੂੰ ਹੁਕਮ ਸੁਣ ਕੇ ਇੰਨਾ ਡਰ ਨਹੀਂ ਲੱਗ ਰਿਹਾ ਜਿੰਨਾ ਤੁਹਾਨੂੰ ਹੁਕਮ ਸੁਣਾਉਣ ਉੱਤੇ ਲੱਗ ਰਿਹਾ ਹੈ।’’ ਸੱਤ ਸਾਲ ਦਾ ਲੰਬਾ ਸਮਾਂ ਬਰੂਨੋ ਵੈਟੀਕਨ ਨੇੜੇ ਕੈਸਲ ਸੇਂਟ ਐਂਜੀਲੋ ਕੈਦ ਵਿੱਚ ਰਿਹਾ। ਉਸ ਨੂੰ ਰੋਜ਼ ਤਸੀਹੇ ਦੇ ਕੇ ਪੁੱਛਗਿੱਛ ਹੁੰਦੀ। ਬਰੂਨੋ ਆਪਣੇ ਨਿਸ਼ਚੇ ਉੱਤੇ ਪੱਕਾ ਰਿਹਾ। ਉਹ ਇਹੀ ਕਹਿੰਦਾ ਕਿ ਮੈਨੂੰ ਕੁਝ ਵੀ ਵਾਪਸ ਲੈਣ ਦੀ ਲੋੜ ਨਹੀਂ। ਇਸ ਲਈ ਮੈਂ ਕੁਝ ਵੀ ਵਾਪਸ ਨਹੀਂ ਲਵਾਂਗਾ। ਮੈਂ ਆਪਣੇ ਵਿਚਾਰਾਂ ਉੱਤੇ ਕਾਇਮ ਹਾਂ। ਇਨ੍ਹਾਂ ਵਿੱਚ ਕੁਝ ਵੀ ਗ਼ਲਤ ਨਹੀਂ। ਰੋਮਨ ਚਰਚ ਉਸ ਉੱਤੇ ਕੁਫ਼ਰ ਦੇ ਇਲਜ਼ਾਮ ਲਾਉਂਦੇ ਹੋਏ ਕਹਿੰਦਾ ਸੀ ਕਿ ਤੂੰ ਕਵਾਰੀ ਮੇਰੀ ਦੀ ਪਵਿੱਤਰਤਾ ਅਤੇ ਈਸਾ ਦੀ ਦੈਵੀ ਹਸਤੀ ਉੱਤੇ ਕਿੰਤੂ ਕੀਤੇ ਹਨ। ਇਟਰਨਲ ਡੈਮਨੇਸ਼ਨ ਤੇ ਟਰਿਨਿਟੀ ਦੇ ਈਸਾਈਅਤ ਦੇ ਮੂਲ ਸੰਕਲਪਾਂ ਨੂੰ ਰੱਦ ਕੀਤਾ ਹੈ। ਇਟਰਨਲ ਡੈਮਨੇਸ਼ਨ ਦਾ ਮੋਟਾ ਜਿਹਾ ਅਰਥ ਹੈ ਧਰਤੀ ਉੁੱਤੇ ਕੀਤੇ ਪਾਪਾਂ ਲਈ ਸਦੀਵੀ ਨਰਕ ਦੀ ਸਜ਼ਾ। ਟਰਿਨਿਟੀ ਦਾ ਭਾਵ ਹੈ ਪਿਤਾ (ਰੱਬ), ਪੁੱਤਰ (ਈਸਾ) ਤੇ ਪਵਿੱਤਰ ਰੂਹ ਦੇ ਰੂਪ ਵਿੱਚ ਸਾਰੀ ਲੋਕਾਈ ਵਿੱਚ ਵਿਆਪਤ ਰੱਬ ਦੀ ਏਕਤਾ ਦਾ ਸੰਕਲਪ। ਬਰੂਨੋ ਜ਼ੱਰੇ ਜ਼ੱਰੇ ਵਿੱਚ ਰੱਬ ਦੀ ਹੋਂਦ ਮੰਨਦਾ ਸੀ ਤੇ ਬ੍ਰਹਿਮੰਡ ਦੀ ਅਨੰਤਤਾ ਤੇ ਧਰਤੀ ਦੀ ਮਾਮੂਲੀ ਹੋਂਦ ਦੀ ਗੱਲ ਕਰਦਾ ਸੀ। ਆਤਮਾ ਦੇ ਚੋਲਾ ਬਦਲਣ ਦਾ ਸੰਕਲਪ ਵੀ ਮੰਨਦਾ ਸੀ। ਇਹ ਧਾਰਨਾਵਾਂ ਵੀ ਚਰਚ ਦੇ ਕੱਟੜ ਸਮਰਥਕਾਂ ਨੂੰ ਸਵੀਕਾਰ ਨਹੀਂ ਸਨ। ਭਾਂਤ-ਭਾਂਤ ਦੇ ਉਕਤ ਦੋਸ਼ਾਂ ਕਾਰਨ ਉਸ ਦੀ ਜੀਭ ਚਮੜੇ ਦੇ ਪਟੇ ਨਾਲ ਬੰਨ੍ਹੀ ਗਈ। ਨੰਗਾ ਕਰ ਕੇ ਰੋਮ ਦੀਆਂ ਗਲੀਆਂ ਵਿੱਚ ਘੁਮਾਇਆ ਗਿਆ ਅਤੇ ਕੈਂਪੋ ਡੀ ਫਿਓਰੇ ਦੇ ਭੀੜ ਭਰੇ ਬਾਜ਼ਾਰ ਦੇ ਚੌਕ ਵਿੱਚ ਪੁਠਾ ਲਟਕਾ ਕੇ ਥੰਮ੍ਹ ਨਾਲ ਬੰਨ੍ਹਿਆ ਗਿਆ। ਅੰਤਿਮ ਵਾਰ ਮੁੜ ਉਸ ਨੂੰ ਆਪਣੀਆਂ ਲਿਖਤਾਂ ਤੇ ਵਿਚਾਰਾਂ ਤੋਂ ਇਨਕਾਰੀ ਹੋਣ ਦਾ ਅਵਸਰ ਦਿੱਤਾ ਗਿਆ। ਇਨਕਾਰ ਕਰਨ ’ਤੇ ਸਤਾਰਾਂ ਫਰਵਰੀ 1600 ਦੇ ਦਿਨ ਸਾੜ ਦਿੱਤਾ ਗਿਆ। ਚਰਚ ਨੇ ਉਸ ਦੀਆਂ ਸਾਰੀਆਂ ਲਿਖਤਾਂ ਉੱਤੇ ਪਾਬੰਦੀ ਲਗਾ ਦਿੱਤੀ। ਇਹ ਪਾਬੰਦੀ 1966 ਤਕ ਜਾਰੀ ਰਹੀ। ਸਦੀਆਂ ਤਕ ਚਰਚ ਆਪਣੀ ਇਸ ਹਿਮਾਕਤ ਉੱਤੇ ਪਹਿਰਾ ਦਿੰਦਾ ਰਿਹਾ। ਬਰੂਨੋ ਦੀ ਯਾਦ ਜਾਂ ਕਿਤਾਬ ਦਾ ਕਿਸੇ ਨੇ ਨਾਮ ਨਾ ਲਿਆ। 1884 ਵਿੱਚ ਇਟਲੀ ਦੇ ਫਰੀਮੈਸਨ, ਪੋਪ ਨਾਲ ਉਦੋਂ ਸਖ਼ਤ ਨਾਰਾਜ਼ ਹੋਏ ਜਦੋਂ ਉਸ ਨੇ ਫਰੀਮੈਸਨ ਫ਼਼ਿਰਕੇ ਨੂੰ ਨਿੰਦਿਆ। ਇਸ ਦੇ ਰੋਸ ਵਜੋਂ ਉਨ੍ਹਾਂ ਆਪਣੇ ਹੀ ਫ਼ਿਰਕੇ ਦੇ ਈਟੋਰ ਫੇਰਾਰੀ ਨਾਂ ਦੇ ਬੁੱਤਘਾੜੇ ਨੂੰ ਬਰੂਨੋ ਦਾ ਸ਼ਾਨਦਾਰ ਬੁੱਤ ਤਿਆਰ ਕਰਨ ਨੂੰ ਕਿਹਾ ਤਾਂ ਕਿ ਪੋਪ ਦੀਆਂ ਇਤਿਹਾਸਕ ਜ਼ਿਆਦਤੀਆਂ ਨੂੰ ਲੋਕਾਂ ਸਾਹਮਣੇ ਉਜਾਗਰ ਕੀਤਾ ਜਾ ਸਕੇ। ਪੰਜ ਸਾਲ ਲਾ ਕੇ ਫੇਰਾਰੀ ਨੇ ਵਧੀਆ ਬੁੱਤ ਬਣਾਇਆ। 1889 ਵਿੱਚ ਇਸ ਬੁੱਤ ਨੂੰ ਉਸੇ ਚੌਕ ਵਿੱਚ ਉਸੇ ਥਾਂ ਲਾਇਆ ਗਿਆ ਜਿੱਥੇ 289 ਸਾਲ ਪਹਿਲਾਂ ਬਰੂਨੋ ਨੂੰ ਜ਼ਿੰਦਾ ਸਾੜਿਆ ਗਿਆ ਸੀ। ਇਹ ਬੁੱਤ ਅੱਜ ਵੀ ਉੱਥੇ ਖੜ੍ਹਾ ਹੈ। ਉਸੇ ਸਾਲ ਏ.ਸੀ. ਸਵਿਨਬਰਨ ਨੇ ਬਰੂਨੋ ਦੇ ਮਾਣ ਵਿੱਚ ਇੱਕ ਕਵਿਤਾ ਲਿਖੀ। ਬਾਅਦ ਵਿੱਚ ਸਮੇਂ ਸਮੇਂ ਸਾਹਿਤਕਾਰਾਂ ਨੇ ਉਸ ਨੂੰ ਆਪਣੀਆਂ ਰਚਨਾਵਾਂ ਵਿੱਚ ਥਾਂ ਦਿੱਤੀ। ਜੇਮਜ਼ ਜੁਆਇਸ ਨੇ ਆਪਣੇ ਨਾਵਲ ਫਿਨੇਗਨਜ਼ ਵੇਕ, ਐਸ.ਜੇ. ਪੈਰਿਸ ਨੇ ਆਪਣੇ ਜਾਸੂਸੀ ਨਾਵਲਾਂ, ਜਾਨ ਕਰਾਓਲੀ ਨੇ ਆਪਣੇ ਚਾਰ ਨਾਵਲਾਂ ਦੀ ਲੜੀ ਅਤੇ ਮਾਰਟਿਨ ਸੀ. ਨੇ ਦਿ ਮਿਰਰ ਥੀਫ ਨਾਂ ਦੇ 2016 ਵਿੱਚ ਪ੍ਰਕਾਸ਼ਿਤ ਤਾਜ਼ਾ ਨਾਵਲ ਵਿੱਚ ਬਰੂਨੋ ਦਾ ਜ਼ਿਕਰ ਕੀਤਾ ਹੈ। ਇਸ ਤੋਂ ਇਲਾਵਾ ਚਿਲਡਰਨ ਆਫ ਗਾਡ (ਮੇਰੀ ਰਸਲ), ਦਿ ਐਕਸੀਡੈਂਟਲ ਟਾਈਮ ਮਸ਼ੀਨ (ਜੋ ਹੈਲਡਮੈਨ) ਤੇ ਦਿ ਪਿਕਚਰ ਆਫ ਡੋਰੀਅਨ ਗਰੇ (ਆਸਕਰ ਵਾਈਲਡ) ਵਿੱਚ ਬਰੂਨੋ ਦੇ ਹਵਾਲੇ ਹਨ। ਚਰਚ ਵੱਲੋਂ ਬਰੂਨੋ ਦੀਆਂ ਲਿਖਤਾਂ ਉੱਤੇ ਲਾਈ ਪਾਬੰਦੀ ਦਾ 1966 ਤਕ ਜਾਰੀ ਰਹਿਣਾ ਦੁਨੀਆਂ ਵਿੱਚ ਸਿਆਣੇ ਤੇ ਵਿਕਸਿਤ ਸਮਾਜ ਤੇ ਸਭਿਆਚਾਰ ਦਾ ਵਾਰਿਸ ਹੋਣ ਦਾ ਦਾਅਵਾ ਕਰਨ ਵਾਲੇ ਪੱਛਮ ਦੇ ਚਿਹਰੇ ਉੱਤੇ ਕਦੇ ਨਾ ਮਿੱਟਣ ਵਾਲਾ ਧੱਬਾ ਹੈ।

ਸੰਪਰਕ: 98722-60550 *ਸਾਬਕਾ ਪ੍ਰੋਫ਼ੈਸਰ ਤੇ ਡੀਨ, ਅਕਾਦਮਿਕ ਮਾਮਲੇ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸਾਂਝ ਤੇ ਅਮਨ ਦੀ ਲੋਅ

ਸਾਂਝ ਤੇ ਅਮਨ ਦੀ ਲੋਅ

ਮੁਫ਼ਤ ਰਿਆਇਤਾਂ ਦੀ ਬਹਿਸ ਦਾ ਪ੍ਰਸੰਗ

ਮੁਫ਼ਤ ਰਿਆਇਤਾਂ ਦੀ ਬਹਿਸ ਦਾ ਪ੍ਰਸੰਗ

ਆਜ਼ਾਦੀ ਦੇ ਸਫ਼ਰ ਦੇ 75 ਵਰ੍ਹੇ

ਆਜ਼ਾਦੀ ਦੇ ਸਫ਼ਰ ਦੇ 75 ਵਰ੍ਹੇ

ਭਾਰਤੀ ਜਮਹੂਰੀਅਤ ਅਤੇ ਹਿੰਦੂਤਵ

ਭਾਰਤੀ ਜਮਹੂਰੀਅਤ ਅਤੇ ਹਿੰਦੂਤਵ

ਭਾਰਤ ਦੇ 75 ਸਾਲਾ ਰਿਕਾਰਡ ਦਾ ਲੇਖਾ ਜੋਖਾ

ਭਾਰਤ ਦੇ 75 ਸਾਲਾ ਰਿਕਾਰਡ ਦਾ ਲੇਖਾ ਜੋਖਾ

ਸ਼ਹਿਰ

View All