ਵਿਆਹ ਤੋਂ ਬਾਅਦ ਦੀ ਕਹਾਣੀ ‘ਨੌਕਰ ਵਹੁਟੀ ਦਾ’

ਬਲਜਿੰਦਰ ਉਪਲ ਵਿਆਹ ਅਜਿਹਾ ਪਵਿੱਤਰ ਤੇ ਅਹਿਮ ਰਿਸ਼ਤਾ ਹੈ ਜੋ ਦੋ ਇਨਸਾਨਾਂ ਨੂੰ ਇਕ ਕਰ ਦਿੰਦਾ ਹੈ। ਵਿਆਹ ’ਤੇ ਹੁਣ ਤਕ ਦਰਜਨਾਂ ਪੰਜਾਬੀ ਫ਼ਿਲਮਾਂ ਬਣ ਚੁੱਕੀਆਂ ਹਨ। ਬਹੁਤ ਸਾਰੀਆਂ ਫ਼ਿਲਮਾਂ ਵਿਚ ਪ੍ਰੇਮ ਕਹਾਣੀ ਨੂੰ ਵਿਆਹ ਤਕ ਨੇਪਰੇ ਚੜ੍ਹਦੇ ਵੀ ਦਿਖਾਇਆ ਜਾ ਚੁੱਕਿਆ ਹੈ, ਪਰ ਵਿਆਹ ਤੋਂ ਬਾਅਦ ਦੀ ਜ਼ਿੰਦਗੀ ਕਿਹੋ ਜਿਹੀ ਹੁੰਦੀ ਹੈ, ਇਹ ਹੁਣ ਪੰਜਾਬੀ ਫ਼ਿਲਮ ‘ਨੌਕਰ ਵਹੁਟੀ ਦਾ’ ਵਿਚ ਦੇਖਣ ਨੂੰ ਮਿਲੇਗਾ। ਇਹ ਫ਼ਿਲਮ ਵਿਆਹ ਤੋਂ ਬਾਅਦ ਵਾਲੀ ਜ਼ਿੰਦਗੀ ਦੀ ਕਹਾਣੀ ਹੈ। ਬੀਨੂੰ ਢਿੱਲੋਂ ਤੇ ਕੁਲਰਾਜ ਰੰਧਾਵਾ ਦੀ ਮੁੱਖ ਭੂਮਿਕਾ ਵਾਲੀ ਇਸ ਫ਼ਿਲਮ ਨੂੰ ਸਮੀਪ ਕੰਗ ਨੇ ਨਿਰਦੇਸ਼ਿਤ ਕੀਤਾ ਹੈ। ਸਮੀਪ ਕੰਗ ਦੀਆਂ ਪਹਿਲੀਆਂ ਫ਼ਿਲਮਾਂ ਵਾਂਗ ਹੀ ਇਹ ਵੀ ਕਾਮੇਡੀ ਡਰਾਮਾ ਫ਼ਿਲਮ ਹੈ। ਇਸ ਵਿਚ ਬੀਨੂੰ ਢਿੱਲੋਂ ਤੇ ਕੁਲਰਾਜ ਰੰਧਾਵਾ ਤੋਂ ਇਲਾਵਾ ਗੁਰਪ੍ਰੀਤ ਘੁੱਗੀ, ਜਸਵਿੰਦਰ ਭੱਲਾ, ਉਪਾਸਨਾ ਸਿੰਘ ਅਤੇ ਪ੍ਰੀਤ ਆਨੰਦ ਨੇ ਅਹਿਮ ਭੂਮਿਕਾ ਨਿਭਾਈ ਹੈ। ਇਸ ਵਿਚ ਦੇਵ ਖਰੌੜ ਅਤੇ ਜਪਜੀ ਖਹਿਰਾ ਮਹਿਮਾਨ ਭੂਮਿਕਾ ਵਿਚ ਨਜ਼ਰ ਆਉਣਗੇ। ਰੰਗਰੇਜ਼ਾ ਫ਼ਿਲਮ ਪ੍ਰੋਡਕਸ਼ਨ ਦੀ ਪੇਸ਼ਕਸ਼ ਇਸ ਫ਼ਿਲਮ ਨੂੰ ਵੈਭਵ ਅਤੇ ਸ਼੍ਰਿਆ ਨੇ ਲਿਖਿਆ ਹੈ। ਬੀਨੂੰ ਢਿੱਲੋਂ ਇਸ ਵਿਚ ਦੂਹਰੀ ਭੂਮਿਕਾ ਵਿਚ ਦਿਖਾਈ ਦੇਵੇਗਾ ਜੋ ਇਸ ਵਿਚ ਲੇਖਕ ਬਣਿਆ ਹੈ। ਫ਼ਿਲਮ ਦੀ ਕਹਾਣੀ ਪ੍ਰੇਮ ਵਿਆਹ ਕਰਵਾਉਣ ਵਾਲੇ ਜੋੜੇ ’ਤੇ ਆਧਾਰਿਤ ਹੈ, ਜਿਸ ਵਿਚ ਹੀਰੋਇਨ ਅਮੀਰ ਅਤੇ ਹੀਰੋ ਸਾਧਾਰਨ ਪਰਿਵਾਰ ਨਾਲ ਸਬੰਧਿਤ ਹੈ। ਦੋਵੇਂ ਜਣੇ ਵਿਆਹ ਤਾਂ ਕਰਵਾ ਲੈਂਦੇ ਹਨ। ਕੁਝ ਸਮਾਂ ਖੁਸ਼ ਵੀ ਰਹਿੰਦੇ ਹਨ, ਪਰ ਹੀਰੋ ਦੀ ਆਰਥਿਕ ਹਾਲਤ ਕਮਜ਼ੋਰ ਹੋਣ ਕਾਰਨ ਮੁਸ਼ਕਲਾਂ ਆਉਣੀਆਂ ਸ਼ੁਰੂ ਹੋ ਜਾਂਦੀਆਂ ਹਨ। ਦੋਵਾਂ ਵਿਚ ਝਗੜਾ ਏਨਾ ਵੱਧ ਜਾਂਦਾ ਹੈ ਕਿ ਉਸਦੀ ਪਤਨੀ ਆਪਣੀ ਬੇਟੀ ਨੂੰ ਲੈ ਕੇ ਪੇਕੇ ਚਲੀ ਜਾਂਦੀ ਹੈ। ਬੱਚੀ ਬਿਨਾਂ ਨਾ ਰਹਿ ਸਕਣ ਵਾਲਾ ਉਸਦਾ ਪਿਤਾ ਆਪਣੀ ਬੱਚੀ ਅਤੇ ਪਤਨੀ ਨੂੰ ਘਰ ਵਾਪਸ ਲਿਆਉਣ ਲਈ ਕੀ ਕੀ ਪਾਪੜ ਵੇਲਦਾ ਹੈ। ਇਹ ਫ਼ਿਲਮ ਦੇਖ ਕੇ ਪਤਾ ਲੱਗੇਗਾ। ਕਾਮੇਡੀ ਅਤੇ ਪਰਿਵਾਰਕ ਡਰਾਮਾ ਇਸ ਫ਼ਿਲਮ ਵਿਚ ਗੁਰਪ੍ਰੀਤ ਘੁੱਗੀ ਅਤੇ ਜਸਵਿੰਦਰ ਭੱਲਾ ਵੱਖਰੇ ਰੂਪ ਵਿਚ ਦਿਖਾਈ ਦੇਣਗੇ। ਸੰਗੀਤ ਨਿਰਦੇਸ਼ਕ ਗੁਰਮੀਤ ਸਿੰਘ ਦੇ ਸੰਗੀਤ ਨਾਲ ਸਜੀ ਇਸ ਫ਼ਿਲਮ ਦਾ ਟ੍ਰੇਲਰ ਦਰਸ਼ਕਾਂ ਦੇ ਢਿੱਡੀ ਪੀੜਾਂ ਪਾ ਰਿਹਾ ਹੈ। 23 ਅਗਸਤ ਨੂੰ ਰਿਲੀਜ਼ ਹੋ ਰਹੀ ਇਸ ਫ਼ਿਲਮ ਨਾਲ ਨਾਮਵਰ ਅਦਾਕਾਰਾ ਕੁਲਰਾਜ ਰੰਧਾਵਾ ਕਾਫ਼ੀ ਸਮੇਂ ਬਾਅਦ ਪੰਜਾਬੀ ਸਿਨਮਾ ਵਿਚ ਵਾਪਸੀ ਕਰ ਰਹੀ ਹੈ। ਨਿਰਦੇਸ਼ਕ ਸਮੀਪ ਮੰਗ ਮੁਤਾਬਕ ਇਹ ਫ਼ਿਲਮ ਮਨੋਰੰਜਨ ਨਾਲ ਭਰਪੂਰ ਪਰਿਵਾਰਕ ਡਰਾਮਾ ਹੈ। ਇਸ ਵਿਚ ਬਹੁਤ ਕੁਝ ਅਜਿਹਾ ਵੀ ਹੈ ਜੋ ਘਰ ਘਰ ਦੀ ਕਹਾਣੀ ਹੈ। ਸੰਪਰਕ : 99141-89080

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All