ਵਾਸਤੂਕਲਾ ਦਾ ਉੱਤਮ ਨਮੂਨਾ ਕੁਤਬ ਮੀਨਾਰ

ਪ੍ਰੋ. ਜਸਪ੍ਰੀਤ ਕੌਰ

ਭਾਰਤ ਵਿਚ ਦਿੱਲੀ ਦੇ ਸੁਲਤਾਨਾਂ ਵੱਲੋਂ ਬਣਵਾਈਆਂ ਪ੍ਰਸਿੱਧ ਇਮਾਰਤਾਂ ਵਿਚ ਕੁਤਬ ਮੀਨਾਰ ਨੂੰ ਵਿਸ਼ੇਸ਼ ਸਥਾਨ ਪ੍ਰਾਪਤ ਹੈ। ਇਹ ਦੱਖਣੀ ਦਿੱਲੀ ਦੇ ਮਹਿਰੌਲੀ ਵਿਚ ਸਥਿਤ ਇੱਟਾਂ ਨਾਲ ਬਣੀ ਸੰਸਾਰ ਦੀ ਸਭ ਤੋਂ ਉੱਚੀ ਮੀਨਾਰ ਹੈ। ਕੁਤਬ ਦਾ ਮਤਲਬ ਹੈ-ਨਿਆਂ ਦਾ ਥੰਮ੍ਹ। ਪੰਜ ਮੰਜ਼ਿਲਾ ਇਸ ਇਮਾਰਤ ਦੀ ਉੱਚਾਈ 72.56 ਮੀਟਰ (238.1 ਫੁੱਟ), ਆਧਾਰ ਦਾ ਵਿਆਸ 14.40 (47.3 ਫੁੱਟ) ਮੀਟਰ ਅਤੇ ਟੀਸੀ ਦਾ ਵਿਆਸ 2.74 ਮੀਟਰ (9 ਫੁੱਟ) ਦੇ ਲਗਪਗ ਹੈ। ਮੀਨਾਰ ਦੀ ਸਭ ਤੋਂ ਅਨੋਖੀ ਵਿਸ਼ੇਸ਼ਤਾ ਇਹ ਹੈ ਕਿ ਸਭ ਤੋਂ ਹੇਠਲੀ ਮੰਜ਼ਿਲ ਵਿਚ 24 ਕੱਟ ਹਨ ਜਿਹੜੇ ਕ੍ਰਮਵਾਰ ਗੋਲਾਕਾਰ ਤੇ ਤਿਕੋਨੇ ਹਨ। ਦੂਜੀ ਮੰਜ਼ਿਲ ਵਿਚ ਕੇਵਲ ਗੋਲਾਕਾਰ ਤੇ ਤੀਜੀ ਵਿਚ ਤਿਕੋਨੇ ਕੱਟ ਹਨ। ਹਰ ਇਕ ਕੱਟ ਮੰਜ਼ਿਲ ਦੇ ਹੇਠਾਂ ਤੋਂ ਸ਼ੁਰੂ ਹੋ ਕੇ ਉੱਤੇ ਠੀਕ ਮੰਜ਼ਿਲ ਦੇ ਸਿਖਰ ਤਕ ਜਾਂਦਾ ਹੈ। ਇਸ ਤਰ੍ਹਾਂ ਇਹ ਮੀਨਾਰ ਦੀ ਸੁੰਦਰਤਾ ਨੂੰ ਹੋਰ ਵਧਾਉਂਦਾ ਹੈ। ਇਸ ਦੀਆਂ ਹੇਠਲੀਆਂ ਤਿੰਨੋਂ ਮੰਜ਼ਿਲਾਂ ਲਾਲ ਪੱਥਰਾਂ ਦੀਆਂ ਬਣੀਆਂ ਹੋਈਆਂ ਹਨ। ਉੱਪਰਲੀਆਂ ਮੰਜ਼ਿਲਾਂ ਬਿਲਕੁਲ ਪੱਧਰੀਆਂ ਤੇ ਸਫ਼ੈਦ ਸੰਗਮਰਮਰ ਵਿਚ ਲਾਲ ਪੱਥਰ ਦੀਆਂ ਧਾਰੀਆਂ ਪਾ ਕੇ ਚਿਣੀਆਂ ਹੋਈਆਂ ਹਨ। ਸਭ ਤੋਂ ਹੇਠਲੀ ਮੰਜ਼ਿਲ ਦੀ ਉੱਚਾਈ ਲਗਪਗ 28.93 ਮੀਟਰ ਹੈ। ਦੂਜੀ ਮੰਜ਼ਿਲ 15.45 ਮੀਟਰ, ਤੀਜੀ 12.42 ਮੀਟਰ, ਚੌਥੀ 7.72 ਮੀਟਰ ਅਤੇ ਪੰਜਵੀਂ ਮੰਜ਼ਿਲ 6.80 ਮੀਟਰ ਉੱਚੀ ਹੈ। ਮੀਨਾਰ ਵਿਚ ਚਾਰ ਸੁੰਦਰ ਬਾਲਕੋਨੀਆਂ ਬਣੀਆਂ ਹੋਈਆਂ ਹਨ। ਹਰ ਮੰਜ਼ਿਲ ਦਾ ਦਰਵਾਜ਼ਾ ਠੀਕ ਉਸ ਦੀ ਬਾਲਕੋਨੀ ਵਿਚ ਖੁੱਲ੍ਹਦਾ ਹੈ। ਇਸ ਵਿਚ 379 ਗੋਲ ਪੌੜੀਆਂ ਹਨ। ਮੀਨਾਰ ਦੇ ਚਾਰੇ ਪਾਸੇ ਬਣੇ ਅਹਾਤੇ ਵਿਚ ਭਾਰਤੀ ਕਲਾ ਦੇ ਕਈ ਉੱਤਮ ਨਮੂਨੇ ਹਨ ਜਿਨ੍ਹਾਂ ਵਿਚੋਂ ਅਨੇਕ ਇਸਦੇ ਉਸਾਰੀ ਕਾਲ ਸੰਨ 1193 ਜਾਂ ਪਹਿਲਾਂ ਦੇ ਹਨ। ਕੁਤਬ-ਮੀਨਾਰ ਦੇ ਪਿਛੋਕੜ ਬਾਰੇ ਕਾਫ਼ੀ ਸਮੇਂ ਤੋਂ ਵਾਦ-ਵਿਵਾਦ ਚੱਲਦਾ ਆ ਰਿਹਾ ਹੈ ਕਿ ਇਹ ਪੂਰਨ ਰੂਪ ਵਿਚ ਮੁਸਲਮਾਨੀ ਇਮਾਰਤ ਹੈ ਜਾਂ ਕਿਸੇ ਹਿੰਦੂ ਇਮਾਰਤ ਦਾ ਬਦਲਿਆ ਹੋਇਆ ਰੂਪ ਹੈ। ਕੁਝ ਇਤਿਹਾਸਕਾਰਾਂ ਦਾ ਵਿਚਾਰ ਹੈ ਕਿ ਇਹ ਮੀਨਾਰ ਹਿੰਦੂਆਂ ਦੀ ਇਕ ਇਮਾਰਤ ਸੀ ਅਤੇ ਰਾਏ ਪਿਥੌਰਾ ਨੇ ਇਸ ਨੂੰ ਆਪਣੀ ਲੜਕੀ ਲਈ ਬਣਵਾਇਆ ਸੀ ਤਾਂ ਜੋ ਉਹ ਇਸ ਦੀ ਚੋਟੀ ’ਤੇ ਚੜ੍ਹ ਕੇ ਜਮਨਾ ਨਦੀ ਦਾ ਨਜ਼ਾਰਾ ਵੇਖ ਸਕੇ। ਭਾਰਤੀ ਪੁਰਾਤਤਵ ਸਰਵੇਖਣ ਵਿਭਾਗ ਅਨੁਸਾਰ ਕੁਤਬ ਮੀਨਾਰ ਪੁਰਾਤਨ ਦਿੱਲੀ ਸ਼ਹਿਰ, ਢਿੱਲਿਕਾ ਦੇ ਪ੍ਰਾਚੀਨ ਕਿਲ੍ਹਾ ਲਾਲਕੋਟ ਦੇ ਅਵਸ਼ੇਸ਼ਾਂ ’ਤੇ ਬਣਿਆ ਹੈ। ਢਿੱਲਿਕਾ ਆਖਰੀ ਹਿੰਦੂ ਰਾਜਿਆਂ ਤੋਮਰ ਅਤੇ ਚੌਹਾਨ ਦੀ ਰਾਜਧਾਨੀ ਸੀ। ਇਸਦੀ ਉਸਾਰੀ ਤੋਂ ਪਹਿਲਾਂ ਇੱਥੇ 20 ਸੁੰਦਰ ਜੈਨ ਮੰਦਰ ਸਨ। ਉਨ੍ਹਾਂ ਨੂੰ ਢਾਹ ਕੇ ਉਸੇ ਸਮੱਗਰੀ ਨਾਲ ਇਹ ਇਮਾਰਤ ਬਣਾਈ ਗਈ। ਇਹ ‘ਮੀਨਾਰ-ਏ-ਹਫ਼ਤ ਮੰਜ਼ਰੀ’ ਦੇ ਨਾਂ ਨਾਲ ਵੀ ਪ੍ਰਸਿੱਧ ਹੈ। ਅਫ਼ਗਾਨਿਸਤਾਨ ਵਿਚ ਸਥਿਤ ‘ਜਾਮ ਦੀ ਮੀਨਾਰ’ ਤੋਂ ਪ੍ਰੇਰਿਤ ਅਤੇ ਉਸ ਤੋਂ ਅੱਗੇ ਨਿਕਲਣ ਦੀ ਇੱਛਾ ਨਾਲ ਦਿੱਲੀ ਦੇ ਪਹਿਲੇ ਮੁਸਲਮਾਨ ਸ਼ਾਸਕ ਕੁਤੁਬੁੱਦੀਨ ਐਬਕ ਨੇ ਕੁਤਬ ਮੀਨਾਰ ਦੀ ਉਸਾਰੀ ਸੰਨ 1193 ਵਿਚ ਸ਼ੁਰੂ ਕਰਵਾਈ, ਪਰ ਉਹ ਇਸਦਾ ਆਧਾਰ ਹੀ ਬਣਵਾ ਸਕਿਆ। ਬਾਅਦ ਵਿਚ ਉਸ ਦੇ ਜੁਆਈ ਅਤੇ ਵਾਰਿਸ ਸ਼ਮਸ਼ੁੱਦੀਨ ਇਲਤੁਤਮਿਸ਼ ਨੇ ਇਸ ਵਿਚ ਤਿੰਨ ਮੰਜ਼ਿਲਾਂ ਬਣਵਾਈਆਂ। ਮੀਨਾਰ ਵਿਚ ਦੇਵਨਾਗਰੀ ਭਾਸ਼ਾ ਦੇ ਸ਼ਿਲਾਲੇਖ ਅਨੁਸਾਰ ਇਹ ਮੀਨਾਰ 1326 ਵਿਚ ਨੁਕਸਾਨੀ ਗਈ ਸੀ ਅਤੇ ਇਸਦੀ ਮੁਰੰਮਤ ਮੁਹੰਮਦ ਬਿਨ ਤੁਗਲਕ ਨੇ ਕਰਵਾਈ ਸੀ। ਇਸ ਦੀ ਸੱਤਵੀਂ ਮੰਜ਼ਿਲ 1368 ਵਿਚ ਸੁਲਤਾਨ ਫਿਰੋਜ਼ਸ਼ਾਹ ਨੇ ਬਣਵਾਈ ਸੀ ਅਤੇ ਇਸ ਨੂੰ ਪਹਿਲਾਂ ਨਾਲੋਂ ਹੋਰ ਉੱਚਾ ਵੀ ਕਰਵਾਇਆ ਗਿਆ। ਇਸ ਦੀ ਮੁਰੰਮਤ ਦਾ ਹਾਲ ਪੰਜਵੀਂ ਮੰਜ਼ਿਲ ਦੇ ਦਰਵਾਜ਼ੇ ’ਤੇ ਲਿਖਵਾਇਆ ਸੀ। ਅੱਜਕੱਲ੍ਹ ਇਸ ਮੀਨਾਰ ਦੀਆਂ ਪੰਜ ਮੰਜ਼ਿਲਾਂ ਹਨ, ਪਰ ਪਹਿਲਾਂ ਇਸ ਦੀਆਂ ਸੱਤ ਮੰਜ਼ਿਲਾਂ ਸਨ। 1508 ਵਿਚ ਲੋਧੀ ਵੰਸ਼ ਦੇ ਦੂਸਰੇ ਸੁਲਤਾਨ ਸਿਕੰਦਰ ਲੋਧੀ ਨੇ ਇਸ ਦੀ ਮੁਰੰਮਤ ਕਰਵਾਈ। ਉਸ ਤੋਂ ਬਾਅਦ ਹਨੇਰੀ ਅਤੇ ਭੁਚਾਲ ਕਾਰਨ ਉੱਪਰਲੀਆਂ ਮੰਜ਼ਿਲਾਂ ਡਿੱਗ ਗਈਆਂ ਅਤੇ ਪਹਿਲੀ ਮੰਜ਼ਿਲ ਦੇ ਵੀ ਕੁਝ ਪੱਥਰ ਤਬਾਹ ਹੋ ਗਏ। ਅੰਗਰੇਜ਼ ਸਰਕਾਰ ਨੇ 1829 ਵਿਚ ਇਸ ਦੀ ਮੁਰੰਮਤ ਕਰਵਾਈ। ਪੰਜਵੀਂ ਮੰਜ਼ਿਲ ’ਤੇ ਪੱਥਰ ਦੀ ਅੱਠ ਦਰਵਾਜ਼ਿਆਂ ਵਾਲੀ ਸੁੰਦਰ ਬੁਰਜੀ ਅਤੇ ਸੱਤਵੀਂ ਮੰਜ਼ਿਲ ’ਤੇ ਲੱਕੜ ਦੀ ਬੁਰਜੀ ਬਣਵਾਈ, ਪਰ ਇਹ ਦੋਵੇਂ ਬੁਰਜੀਆਂ ਖੜ੍ਹੀਆਂ ਨਾ ਰਹਿ ਸਕੀਆਂ। ਐਬਕ ਤੋਂ ਤੁਗਲਕ ਤਕ ਰਾਜਗਿਰੀ ਅਤੇ ਵਾਸਤੂਸ਼ੈਲੀ ਵਿਚ ਤਬਦੀਲੀ ਨੂੰ ਇੱਥੇ ਸਪੱਸ਼ਟ ਵੇਖਿਆ ਜਾ ਸਕਦਾ ਹੈ। ਮੀਨਾਰ ਨੂੰ ਲਾਲ ਰੇਤਲੇ ਪੱਥਰ ਨਾਲ ਬਣਾਇਆ ਗਿਆ ਹੈ ਜਿਸ ’ਤੇ ਕੁਰਾਨ ਦੀਆਂ ਆਇਤਾਂ ਅਤੇ ਫੁੱਲ ਵੇਲਾਂ ਦੀ ਬਾਰੀਕ ਨੱਕਾਸ਼ੀ ਕੀਤੀ ਗਈ ਹੈ। ਇਸਦੇ ਨਾਮ ਸਬੰਧੀ ਕੁਝ ਪੁਰਾਤਤਵ ਸ਼ਾਸਤਰੀਆਂ ਦਾ ਮਤ ਹੈ ਕਿ ਇਸਦਾ ਨਾਮ ਪਹਿਲਾਂ ਤੁਰਕੀ ਸੁਲਤਾਨ ਕੁਤੁਬੁੱਦੀਨ ਐਬਕ ਦੇ ਨਾਮ ’ਤੇ ਪਿਆ, ਪਰ ਕੁਝ ਦਾ ਮੰਨਣਾ ਹੈ ਕਿ ਇਸਦਾ ਨਾਮ ਬਗਦਾਦ ਦੇ ਪ੍ਰਸਿੱਧ ਸੂਫ਼ੀ ਫਕੀਰ ਖਵਾਜਾ ਕੁਤੁਬੁੱਦੀਨ ਬਖਤਿਆਰ ਕਾਕੀ ਦੇ ਨਾਮ ’ਤੇ ਹੈ ਜੋ ਭਾਰਤ ਵਿਚ ਰਿਹਾਇਸ਼ ਕਰਨ ਆਏ ਸਨ। ਇਲਤੁਤਮਿਸ਼ ਉਨ੍ਹਾਂ ਦੀ ਬਹੁਤ ਇੱਜ਼ਤ ਕਰਦਾ ਸੀ, ਇਸ ਲਈ ਕੁਤਬ ਮੀਨਾਰ ਨੂੰ ਇਹ ਨਾਮ ਦਿੱਤਾ ਗਿਆ। ਕੁਤਬ ਮੀਨਾਰ ਦੀ ਵਾਸਤੂ ਕਲਾ ਅਤੇ ਦਸਤਕਾਰੀ ਦੀ ਸੂਖਮ ਕਲਾ ਭਾਰਤੀ ਇਤਿਹਾਸ ਤੇ ਵਿਰਾਸਤ ਦਾ ਮਹੱਤਵਪੂਰਨ ਨਮੂਨਾ ਹੈ। ਚੋਟੀ ਤੋਂ ਲੈ ਕੇ ਆਧਾਰ ਤਕ ਇਸ ਦੀ ਬਣਤਰ ਮੁਸਲਮਾਨੀ ਢੰਗ ਦੀ ਹੈ, ਸਿਰਫ਼ ਬਾਲਕੋਨੀਆਂ ਹੀ ਹਿੰਦੂ ਸ਼ੈਲੀ ਨਾਲ ਰਲਦੀਆਂ ਹਨ। ਅੱਖਰਾਂ ਨਾਲ ਉੱਕਰੀਆਂ ਹੋਈਆਂ ਚੌੜੀਆਂ ਚੌੜੀਆਂ ਫੱਟੀਆਂ ਪੱਧਰੀ ਉਸਾਰੀ ਨੂੰ ਹੋਰ ਵੀ ਸੋਹਣਾ ਬਣਾਉਂਦੀਆਂ ਹਨ। ਬਾਹਰ ਵਧਵੀਆਂ ਬਾਲਕੋਨੀਆਂ ਨੂੰ ਮੋਰਨੀਆਂ ਵਾਲੇ ਢਾਂਚੇ ’ਤੇ ਟਿਕਾਉਣਾ ਮੁਸਲਮਾਨੀ ਇਮਾਰਤ ਕਲਾ ਦੀ ਸਰਵੋਤਮ ਤੇ ਦਿਲ ਖਿੱਚਵੀਂ ਵਿਸ਼ੇਸ਼ਤਾ ਹੈ, ਪਰ ਸੱਤ ਅਜੂਬਿਆਂ ’ਚ ਸ਼ਾਮਲ ਕੁਤਬ ਮੀਨਾਰ ਦੀ ਲਾਲੀ ਪ੍ਰਦੂਸ਼ਣ ਕਾਰਨ ਫਿੱਕੀ ਪੈ ਰਹੀ ਹੈ। ਇਸ ਇਮਾਰਤ ਨੂੰ ਯੂਨੈਸਕੋ ਵੱਲੋਂ ਵਿਸ਼ਵ ਵਿਰਾਸਤ ਦੇ ਰੂਪ ਵਿਚ ਅਪਣਾਇਆ ਗਿਆ ਹੈ। ਇਸਦੀ ਚੰਗੀ ਸੰਭਾਲ ਲਈ ਭਾਰਤੀ ਪੁਰਾਤਤਵ ਵਿਭਾਗ ਵੱਲੋਂ ਇਸ ਦੀ ਮੁਰੰਮਤ ਦਾ ਕੰਮ ਕਈ ਸਾਲਾਂ ਤੋਂ ਜਾਰੀ ਹੈ ਅਤੇ ਸੈਲਾਨੀਆਂ ਨੂੰ ਮੀਨਾਰ ਅੰਦਰ ਜਾਣ ਦੀ ਮਨਾਹੀ ਹੈ।

ਸੰਪਰਕ: 94178-31583

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All