ਵਲੀਓ ਕਲਾਮ ਬੁੱਲ੍ਹੇ ਸ਼ਾਹ ਦੀ ਬਲਵਾਨਤਾ : The Tribune India

ਵਲੀਓ ਕਲਾਮ ਬੁੱਲ੍ਹੇ ਸ਼ਾਹ ਦੀ ਬਲਵਾਨਤਾ

ਵਲੀਓ ਕਲਾਮ ਬੁੱਲ੍ਹੇ ਸ਼ਾਹ ਦੀ ਬਲਵਾਨਤਾ

ਬੁੱਲ੍ਹੇ ਸ਼ਾਹ ਦਾ ਕਲਾਮ ਪੰਜਾਬੀ ਸੂਫ਼ੀ ਸਾਹਿਤ ਦਾ ਸ਼ਕਤੀਸ਼ਾਲੀ ਪ੍ਰਕਾਸ਼ ਹੈ। ਬੁੱਲ੍ਹੇ ਸ਼ਾਹ ਦਾ ਜਨਮ 1680 ਈ. ਵਿਚ ਕਸੂਰ ਸ਼ਹਿਰ ਦੇ ਨੇੜੇ ਵਸਦੇ ਪਿੰਡ ਪਾਂਡੋਕੇ ਵਿਚ ਹੋਇਆ ਸੀ। ਉਸ ਦਾ ਵਿਚਾਰਧਾਰਕ ਰਿਸ਼ਤਾ ਕਾਦਰੀ ਸੰਪ੍ਰਦਾ ਨਾਲ ਸੀ। ਉਸ ਦਾ ਮੁਰਸ਼ਦ ਸ਼ਾਹ ਅਨਾਇਤ ਇਸ ਸੰਪਦ੍ਰਾ ਨਾਲ ਸਬੰਧਤ ਆਪਣੇ ਵੇਲੇ ਦਾ ਸਥਾਪਤ ਸੂਫ਼ੀ ਫਕੀਰ ਸੀ। ਕਾਦਰੀ ਸੰਪ੍ਰਦਾ ਰਾਹੀਂ ਬੁੱਲ੍ਹੇ ਸ਼ਾਹ ਦਾ ਰੂਹਾਨੀ ਰਿਸ਼ਤਾ ਮੀਆਂ ਮੀਰ ਅਤੇ ਦਾਰਾ ਸ਼ਿਕੋਹ ਨਾਲ ਜਾ ਜੁੜਦਾ ਹੈ। ਬੁੱਲ੍ਹੇ ਨੇ ਗ੍ਰਹਿਸਥ ਧਾਰਨ ਨਹੀਂ ਸੀ ਕੀਤਾ। ਉਸ ਦੀ ਭੈਣ ਨੇ ਵੀ ਇਹੋ ਮਾਰਗ ਚੁਣਿਆ ਸੀ। ਇਹ ਜੀਵਨ ਚਲਨ ਕਾਦਰੀ ਸੰਪ੍ਰਦਾ ਦੀ ਤਰਜੀਹ ਸੀ। ਪੰਜਾਬ ਦੇ ਇਤਿਹਾਸ ਅੰਦਰ ਬੁੱਲ੍ਹੇ ਸ਼ਾਹ ਗੁਰੂ ਗੋਬਿੰਦ ਸਿੰਘ ਦਾ ਸਮਕਾਲੀ ਸੀ। ਇਹ ਵੀ ਮੰਨਿਆ ਜਾਂਦਾ ਹੈ ਕਿ ਉਸ ਨੂੰ ਗੁਰੂ ਦਰਸ਼ਨ ਪ੍ਰਾਪਤ ਹੋਏ ਸਨ। ਉਹ ਬਾਬਾ ਬੰਦਾ ਬਹਾਦਰ ਅਤੇ ਉਸ ਤੋਂ ਬਾਅਦ ਚੱਲੀ ਸਿੱਖ ਲਹਿਰ ਨਾਲ ਸੰਵਾਦੀ ਰੂਪ ਵਿਚ ਵਿਚਰਿਆ ਸੀ। ਇਸ ਦੇ ਪ੍ਰਮਾਣ ਵਜੋਂ ਉਸ ਦੇ ਕਲਾਮ ਵਿੱਚੋਂ ਇਹ ਮੁਖੜਾ ਅਕਸਰ ਹੀ ਪੇਸ਼ ਕੀਤਾ ਜਾਂਦਾ ਹੈ : ਦਰ ਖੁਲ੍ਹਾ ਹਸ਼ਰ ਅਜ਼ਾਬ ਦਾ, ਬੁਰਾ ਹਾਲ ਹੋਇਆ ਪੰਜਾਬ ਦਾ। ਇਸ ਕਾਲ ਅਧੀਨ ਪੰਜਾਬੀ ਦੇ ਹੋਰ ਪ੍ਰਸਿੱਧ ਰੁਕਨ ਇਹ ਹੋਏ ਹਨ : ਸ਼ਾਹ ਸ਼ਰਫ਼ ਬਟਾਲਵੀ (1640-1724 ਈ.), ਹੈਦਰ ਅਲੀ (1690-1785 ਈ.), ਫਰਦ ਫਕੀਰ (1704-1800 ਈ.)। ਵਾਰਿਸ ਸ਼ਾਹ ਵੀ ਬੁੱਲ੍ਹੇ ਵੇਲੇ ਹੋਇਆ ਹੈ। ਇਹੋ ਸਮਾਂ ਭਾਈ ਮਨੀ ਸਿੰਘ ਦੇ ਸ਼ਹਾਦਤੀ ਭਰੇ ਵਖਿਆਨਾਂ ਦਾ ਹੈ। ਕੋਇਰ ਸਿੰਘ ਵੀ ਇਸੇ ਸਮੇਂ ਹੋਇਆ ਹੈ। ਕੇਸਰ ਸਿੰਘ ਛਿੱਬਰ, ਸਰੂਪ ਦਾਸ ਭੱਲਾ ਆਦਿ ਵਿਦਵਾਨ ਵੀ ਇਸੇ ਸਮੇਂ ਦੌਰਾਨ ਵਿਚਰੇ ਹਨ। ਸਿੱਖ ਸ਼ਹਾਦਤ ਦੀ ਸਿਖਰ ਦਾ ਵੀ ਇਹੋ ਵੇਲਾ ਹੈ। ਇਸ ਕਰਕੇ ਅਠਾਰ੍ਹਵੀਂ ਸਦੀ ਸਿਦਕ ਭਰੇ ਪੰਜਾਬੀ ਚਿੰਤਨ ਦੀ ਵੀ ਸਦੀ ਹੈ। ਹੁਕਮਰਾਨਾਂ ਵਿਚ ਔਰੰਗਜ਼ੇਬ, ਨਾਦਰ ਸ਼ਾਹ, ਮੀਰ ਮਨੂੰ, ਅਬਦਾਲੀ ਆਦਿ ਦੀ ਕਤਲਗਾਹ ਦਾ ਸਮਾਂ ਤੇ ਸਥਾਨ ਵੀ ਇਸੇ ਦੌਰ ਅੰਦਰ ਸਥਿਤ ਹੈ। ਇਹੋ ਹਾਕਮ ਅਤੇ ਇਨ੍ਹਾਂ ਦੇ ਅਮਲਾਂ ਨੂੰ ਕੁਰਾਨ ਦੀ ਪ੍ਰਵਾਨਗੀ ਹਾਸਲ ਹੋਣ ਦਾ ਦਾਅਵਾ ਕਰਨ ਵਾਲੇ ਮੁੱਲਾਂ, ਕਾਜ਼ੀ ਵੀ ਇਸੇ ਦੌਰ ਦੇ ਆਦਮੀ ਹਨ। ਇਨ੍ਹਾਂ ਦੇ ਅਮਲਾਂ ਦਾ ਸਿਆਸੀ ਤੇ ਦੀਨੀ ਉੱਤਰ ਗੁਰੂ ਗੋਬਿੰਦ ਸਿੰਘ ਨੇ ਜਫ਼ਰਨਾਮਾ ਰਚ ਕੇ ਦੇ ਦਿੱਤਾ ਸੀ। ਇਸ ਦੌਰ ਦੇ ਸਾਹਿਤ ਉਤੇ ਗੁਰੂ ਦੀ ਇਹ ਰਚਨਾ ਬਖ਼ਸ਼ਿਸ਼ ਹੀ ਸਮਝਣੀ ਚਾਹੀਦੀ ਹੈ ਜਿਹੜੀ ਮਾਨਵ ਨੂੰ ਪਾਕ ਅਮਲਾਂ ਉਤੇ ਨਿਰਭੈ ਹੋ ਵਿਚਰਨ ਦੀ ਪ੍ਰੇਰਨਾ ਨਾਲ ਭਰ ਦਿੰਦੀ ਹੈ। ਬੁੱਲ੍ਹੇ ਸ਼ਾਹ ਇਸ ਦੌਰ ਦਾ ਸੂਫ਼ੀਆਨਾ ਪ੍ਰਕਾਸ਼ ਹੈ। ਉਹ ਵੀ ਜਦੋਂ ਹਾਕਮ, ਮੁੱਲਾਂ ਤੇ ਕਾਜ਼ੀ ਨੂੰ ਆਪਣੇ ਕਲਾਮ ਰਾਹੀਂ ਵੰਗਾਰਦਾ ਹੈ ਤਾਂ ਉਸ ਅੰਦਰਲਾ ਜ਼ੋਰ ਮਨਸੂਰ ਤੇ ਸਰਮਦ ਦੀ ਸ਼ਹਾਦਤ ਦੇ ਨਾਲ ਨਾਲ ਸ਼ਾਇਦ ਗੁਰੂ ਦੀ ਇਸ ਫਾਰਸੀ ਰਚਨਾ ਅੰਦਰੋਂ ਸ਼ਕਤੀ ਤੇ ਪ੍ਰੇਰਨਾ ਲੈਂਦਾ ਹੋਵੇਗਾ। ਆਪਣੇ ਇਮਾਨ, ਅਕੀਦੇ ਵਿਚ ਮਿਟ ਜਾਣ ਦਾ ਜਜ਼ਬਾ ਬੁੱਲ੍ਹੇ ਸ਼ਾਹ ਅੰਦਰ ਉਵੇਂ ਹੀ ਵਿਚਰਦਾ ਹੈ ਜਿਵੇਂ ਸਿੱਖ ਅਕਾਲਪੁਰਖ ਹਿਤ ਸੀਸ ਭੇਟ ਕਰਦੇ ਸਨ। ਇਸ ਭਾਵਆਤਮਕ ਸਾਂਝ ਦਾ ਪ੍ਰਮਾਣ ਹੈ ਕਿ ਸਮੂਹ ਪੰਜਾਬੀ ਅੱਜ ਤੱਕ ਵੀ ਬੁੱਲ੍ਹੇ ਨੂੰ ਉਵੇਂ ਹੀ ਗਾਉਂਦੇ ਹਨ ਜਿਵੇਂ ਕਦੇ ਬੁੱਲ੍ਹਾ ਖੁਦ ਨੱਚਦਾ ਗਾਉਂਦਾ ਹੁੰਦਾ ਸੀ। ਕਿਸੇ ਕਲਾਮ ਨੂੰ ਐਡੀ ਵੱਡੀ ਪ੍ਰਵਾਨਗੀ ਪਿੱਛੇ ਪੰਜਾਬ ਦੇ ਦਿਲ ਅੰਦਰ ਧੜਕਦੇ ਇਕੋ ਗੁਰੂ ਕਰਮ ਦਾ ਨਿਵਾਸ ਹੋਣਾ ਹੈ। ਬੁੱਲ੍ਹਾ ਅੱਜ ਵੀ ਪਾਕਿਸਤਾਨੀ ਹਾਕਮ ਧਿਰ ਦੀ

ਅੱਖ ਅੰਦਰ ਰੜਕ ਪੈਦਾ ਕਰਦਾ ਰਹਿੰਦਾ ਹੈ। ਪਰ ਬਿਨਾਂ ਕਿਸੇ ਧਾਰਮਿਕ ਤੇ ਰਾਜਨੀਤਕ ਲੀਕ ਤੋਂ ਹਰ ਪੰਜਾਬੀ ਦੇ ਬੁੱਲਾਂ ਉਤੇ ਬੁੱਲ੍ਹਾ ਇਨ੍ਹਾਂ ਕਾਫ਼ੀਆਂ ਨਾਲ ਅੱਜ ਵੀ ਨੱਚਦਾ, ਖੇਡਦਾ, ਹੱਸਦਾ, ਗਾਉਂਦਾ ਸੁਣਾਈ ਦੇਂਦਾ ਹੈ : ਉੱਠ ਜਾਗ ਘੁਰਾੜੇ ਮਾਰ ਨਹੀਂ, ਇਹ ਸੌਣਾ ਤੇਰੇ ਦਰਕਾਰ ਨਹੀਂ। ਉੱਠ ਗਏ ਗਵਾਂਢੋ ਯਾਰ, ਰੱਬਾ ਹੁਣ ਕੀ ਕਰੀਏ। ਆਓ ਸਈਓ ਰਲ ਦਿਉ ਨੀ ਵਧਾਈ, ਮੈਂ ਵਰ ਪਾਇਆ ਰਾਂਝਾ ਮਾਹੀ। ਇੱਕ ਰਾਂਝਾ ਮੈਨੂੰ ਲੋੜੀਂਦਾ ਕੁਨ-ਫਅਕੁਨੋਂ ਅੱਗੇ ਦੀਆਂ ਲੱਗੀਆਂ ਨੇਹੁੰ ਨਾ ਲਗੜਾ ਚੋਰੀ ਦਾ। ਇਸ਼ਕ ਦੀ ਨਵੀਓਂ ਨਵੀ ਬਹਾਰ ਜਾਂ ਮੈਂ ਸਬਕ ਇਸ਼ਕ ਦਾ ਪੜਿਆ, ਮਸਜਦ ਕੋਲੋਂ ਜੀਉੜਾ ਡਰਿਆ ਡੇਰੇ ਜਾ ਠਾਕਰ ਦੇ ਵੜਿਆ, ਜਿੱਥੇ ਵੱਜਦੇ ਨਾਦ ਹਜ਼ਾਰ। ਇਲਮੋਂ ਬਸ ਕਰੀਂ ਓ ਯਾਰ। ਹਾਜੀ ਲੋਕ ਮੱਕੇ ਨੂੰ ਜਾਂਦੇ, ਮੇਰਾ ਰਾਂਝਾ ਮਾਹੀ ਮੱਕਾ ਨੀ ਮੈਂ ਕਮਲੀ ਹਾਂ। ਕਰ ਕੱਤਣ ਵੱਲ ਧਿਆਨ ਕੁੜੇ ਘੁੰਘਟ ਚੁੱਕ ਓ ਸੱਜਣਾ ਹੁਣ ਸ਼ਰਮਾਂ ਕਾਹਨੂੰ ਰੱਖੀਆਂ ਵੇ। ਘੜਿਆਲੀ ਦਿਉ ਨਿਕਾਲ ਨੀ ਅੱਜ ਪੀ ਘਰ ਆਇਆ ਲਾਲ ਨੀ। ਪੰਜਾਬੀ ਸੂਫ਼ੀ ਕਾਵਿ ਦੇ ਚਾਰ ਮੀਨਾਰ ਹਨ : ਬਾਬਾ ਫਰੀਦ, ਸ਼ਾਹ ਹੁਸੈਨ, ਸੁਲਤਾਨ ਬਾਹੂ ਅਤੇ ਬੁੱਲ੍ਹੇ ਸ਼ਾਹ। ਬਾਬਾ ਫਰੀਦ ਨੇ ਬਾਰ੍ਹਵੀਂ ਤੋਂ ਪੰਦਰ੍ਹਵੀਂ ਸਦੀ ਦਰਮਿਆਨ ਇਸ ਕਾਵਿ ਦੀ ਪ੍ਰਤੀਨਿਧਤਾ ਕੀਤੀ ਸੀ। ਸ਼ਾਹ ਹੁਸੈਨ ਨੇ ਸੋਲ੍ਹਵੀਂ ਸਦੀ ਦੀ, ਸੁਲਤਾਨ ਬਾਹੂ ਨੇ ਸਤਾਰ੍ਹਵੀਂ ਸਦੀ ਦੀ ਅਤੇ ਬੁੱਲ੍ਹੇ ਸ਼ਾਹ ਨੇ ਅਠਾਰ੍ਹਵੀਂ ਸਦੀ ਦੀ ਪ੍ਰਤੀਨਿੱਧਤਾ ਕੀਤੀ ਸੀ। ਵਿਦਵਾਨਾਂ ਨੇ ਸੂਫ਼ੀਆਂ ਵਾਸਤੇ ਵਲੀ ਸ਼ਬਦ ਵੀ ਵਰਤਿਆ ਹੈ। ਨਬੀ ਸ਼ਬਦ ਤੋਂ ਵੱਖ ਇਸ ਸ਼ਬਦ ਦੇ ਅਰਥ ਨੂੰ ਕੁਝ ਇਸ ਤਰ੍ਹਾਂ ਪ੍ਰਗਟ ਕੀਤਾ ਜਾ ਸਕਦਾ ਹੈ : ਨਬੀ ਉਹ ਜਿਸ ਨੂੰ ਅੱਲ੍ਹਾ ਨੇ ਆਪਣੇ ਲਈ ਚੁਣਿਆ, ਵਲੀ ਉਹ ਜਿਸ ਨੇ ਅੱਲ੍ਹਾ ਨੂੰ ਆਪਣੇ ਲਈ ਚੁਣਿਆ। ਇਸ ਤਰ੍ਹਾਂ ਨਬੀ ਪੈਗੰਬਰ ਹੋ ਗਿਆ ਅਤੇ ਵਲੀ ਆਸ਼ਕ ਹੋ ਗਿਆ। ਅੱਲ੍ਹਾ ਨੇ ਆਪਣੀ ਬਾਣੀ ਨਬੀ ਰਾਹੀਂ ਆਪਣੀ ਰਚਨਾ ਤੱਕ ਪੁੱਜਦੀ ਕੀਤੀ ਪਰ ਸੂਫ਼ੀ ਆਪਣੇ ਕਾਵਿ ਰਾਹੀਂ ਆਪਣੇ ਅੱਲ੍ਹਾ ਤੱਕ, ਆਪਣੇ ਮੂਲ ਤੱਕ, ਆਪਣੇ ਇਸ਼ਕ ਤੱਕ ਪਹੁੰਚਿਆ। ਇਸ ਕਾਵਿ ਅੰਦਰ ਵਸੀ ਖੂਬਸੂਰਤੀ ਇਸ ਪ੍ਰੇਮ ਭਾਵ ਦੀ ਸ਼ਿੱਦਤ ਕਾਰਨ ਹੋਂਦਸ਼ੀਲ ਹੈ। ਬੁੱਲ੍ਹੇ ਸ਼ਾਹ ਨੂੰ ਇਸ ਨਜ਼ਰ ਤੋਂ ਵੇਖਿਆਂ ਉਸਦੀਆਂ ਕਾਫ਼ੀਆਂ ਅੰਦਰ ਵਸਦਾ ਰਾਂਝਾ ਸ਼ਬਦ ਆਪਣੀ ਅਰਥ ਅਮੀਰੀ ਨੂੰ ਪ੍ਰਾਪਤ ਹੋ ਜਾਂਦਾ ਹੈ। ਇਸ ਭਾਵ ਸਦਕਾ ਬੁੱਲ੍ਹਾ ਹੀਰ ਬਣ ਰਾਂਝਾ ਰਾਂਝਾ ਕੂਕਦਾ ਰਾਂਝਾ ਹੀ ਹੋ ਜਾਂਦਾ ਹੈ। ਉਸ ਅੰਦਰ ਵਸਦੀ ਪ੍ਰੀਤ ਮਿਲਨ ਦੀ ਤਾਂਘ ਅੱਲ੍ਹਾ ਦੇ ਦੀਦਾਰ ਲਈ ਆਪੇ ਨੂੰ ਮੇਟ ਦਿੰਦੀ ਹੈ। ਇਹ ਸ਼ਿੱਦਤ ਹੀ ਇਸ ਕਾਫ਼ੀ ਕਾਵਿ ਨੂੰ ਜਨਮ ਦੇਂਦੀ ਹੈ: ਘੁੰਘਟ ਚੁੱਕ ਓ ਸੱਜਣਾ ਹੁਣ ਸ਼ਰਮਾਂ ਕਾਹਨੂੰ ਰੱਖੀਆਂ ਵੇ। ਬੁੱਲ੍ਹਾ ਅੱਲ੍ਹਾ ਦੇ ਨਬੀ ਨਾਲੋਂ ਇਥੇ ਆ ਕੇ ਵੱਖ ਹੋ ਜਾਂਦਾ ਹੈ। ਬੁੱਲ੍ਹੇ ਦੀ ਕਾਇਆ ਨੂੰ ਅੱਲ੍ਹਾ ਦੀ ਝਲਕ ਨੂਰ ਬਖ਼ਸ਼ਦੀ ਹੈ। ਉਹ ਨੂਰੋ ਨੂਰ ਹੋ ਜਾਂਦਾ ਹੈ। ਅੱਲ੍ਹਾ ਦੀ ਦੀਦਾਰੀ ਕਰਾਮਾਤ ਨਾਲ ਨਬੀ ਭੈਭੀਤ ਹੋ ਜਾਂਦਾ ਹੈ ਪਰ ਬੁੱਲ੍ਹਾ ਨੱਚ ਉੱਠਦਾ ਹੈ। ਨੂਰੋ ਨੂਰ ਹੋਇਆ ਬੁੱਲ੍ਹਾ ਗੀਤ ਬਣ ਜਾਂਦਾ ਹੈ ਪ੍ਰੇਮ ਦਾ, ਇਸ਼ਕ ਦਾ ਗੀਤ। ਨਬੀ ਦੀ ਵਹੀ ਤੇ ਸੂਫ਼ੀ ਦੀ ਬਾਣੀ ਇਸ ਢੰਗ ਨਾਲ ਇਕ ਦੂਸਰੇ ਤੋਂ ਨਿਆਰੀਆਂ ਹਨ। ਇਸ ਬਾਰੀਕ ਲੀਕ ਨੂੰ ਲੱਭਣ ਤੋਂ ਬਿਨਾਂ ਸੂਫ਼ੀ ਕਾਵਿ ਦਾ ਅਧਿਐਨ ਸੰਭਵ ਨਹੀਂ ਹੈ। ਇਸ ਸੂਝ ਸਦਕਾ ਹੀ ਇਹ ਭੇਤ ਵੀ ਖੁੱਲ੍ਹ ਜਾਂਦਾ ਹੈ ਕਿ ਸੂਫ਼ੀ ਕਾਵਿ ਹਰ ਪ੍ਰਾਣੀ ਨੂੰ ਕਿਉਂ ਪ੍ਰੇਰਦਾ ਰਹਿੰਦਾ ਹੈ! ਉਸ ਦੀ ਜ਼ੁਬਾਨ ਬਿਨਾਂ ਕਿਸੇ ਉਚੇਚ ਤੋਂ ਅੱਜ ਵੀ ਕਿਉਂ ਬੁੱਲ੍ਹੇ ਦੀ ਕਾਫ਼ੀ ਨਾਲ ਸੁਆਦ ਸੁਆਦ ਹੋਈ ਰਹਿੰਦੀ ਹੈ! ਬੁੱਲ੍ਹਾ ਕਿਉਂ ਉਸ ਨੂੰ ਆਪਣੇ ਅੰਦਰ ਵਸਦਾ ਹੱਸਦਾ ਅਨੁਭਵ ਹੁੰਦਾ ਹੈ। ਇਹ ਘੁੰਡੀ ਹੀ ਪੰਜਾਬੀ ਪਾਠਕ ਦੀ ਪਿਆਸ ਨੂੰ ਵਧਾਉਂਦੀ ਹੈ। ਇਸ ਮਜਬੂਰੀ ਹਿੱਤ ਬੁੱਲ੍ਹੇ ਦੇ ਕਲਾਮ ਦੀ ਮੰਗ ਸਦਾ ਕਾਇਮ ਰਹਿੰਦੀ ਹੈ ਅਤੇ ਇਸ ਦੇ ਨਵੇਂ ਸੰਸਕਰਨ ਪ੍ਰਕਾਸ਼ਤ ਕਰਨੇ ਪੈਂਦੇ ਹਨ। ਬੁੱਲ੍ਹੇ ਸ਼ਾਹ ਦੇ ਕਲਾਮ ਦੇ ਨਵੇਂ ਸੰਸਕਰਨ ਪ੍ਰਕਾਸ਼ਤ ਕਰਨ ਦੀ ਮਜਬੂਰੀ ਵਾਲਾ ਤੱਥ ਉਸ ਦੇ ਵਲੀਓ ਕਲਾਮ ਦੀ ਬਲਵਾਨਤਾ ਨੂੰ ਉਜਾਗਰ ਕਰਦਾ ਹੈ। * ਮੋਬਾਈਲ: 98880-71992

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਮੁੱਖ ਖ਼ਬਰਾਂ

ਪੰਜਾਬ ਦੇ ਰਾਜਪਾਲ ਤੇ ਮੁੱਖ ਮੰਤਰੀ ਵਿਚਾਲੇ ਸ਼ਬਦੀ ਜੰਗ ਭਖੀ

ਪੰਜਾਬ ਦੇ ਰਾਜਪਾਲ ਤੇ ਮੁੱਖ ਮੰਤਰੀ ਵਿਚਾਲੇ ਸ਼ਬਦੀ ਜੰਗ ਭਖੀ

ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਭਗਵੰਤ ਮਾਨ ਨੂੰ ਸੰਵਿਧਾਨ ਦੀਆਂ ਧਾਰਾ...

ਪੰਜਾਬ ਦੇ ਰਾਜਪਾਲ ਪੁਰੋਹਿਤ ਸੂਬੇ ਵਿੱਚ ‘ਅਪਰੇਸ਼ਨ ਲੋਟਸ’ ਨੂੰ ਲਾਗੂ ਕਰਨ ਲਈ ਭਾਜਪਾ ਦੇ ਇਸ਼ਾਰੇ ’ਤੇ ਕੰਮ ਕਰ ਰਹੇ: ‘ਆਪ’

ਪੰਜਾਬ ਦੇ ਰਾਜਪਾਲ ਪੁਰੋਹਿਤ ਸੂਬੇ ਵਿੱਚ ‘ਅਪਰੇਸ਼ਨ ਲੋਟਸ’ ਨੂੰ ਲਾਗੂ ਕਰਨ ਲਈ ਭਾਜਪਾ ਦੇ ਇਸ਼ਾਰੇ ’ਤੇ ਕੰਮ ਕਰ ਰਹੇ: ‘ਆਪ’

ਕੈਬਨਿਟ ਮੰਤਰੀ ਅਮਨ ਅਰੋੜਾ ਨੇ ‘ਆਪ’ ਸਰਕਾਰ ਵਿਰੁੱਧ ਸਾਜ਼ਿਸ਼ ਰਚਣ ਦੇ ਦ...

ਖਰਾਬ ਮੌਸਮ ਕਾਰਨ ਪ੍ਰਧਾਨ ਮੰਤਰੀ ਦਾ ਮੰਡੀ ਦੌਰਾ ਰੱਦ

ਖਰਾਬ ਮੌਸਮ ਕਾਰਨ ਪ੍ਰਧਾਨ ਮੰਤਰੀ ਦਾ ਮੰਡੀ ਦੌਰਾ ਰੱਦ

ਭਾਜਪਾ ਯੂਥ ਵਰਕਰਾਂ ਨੂੰ ਵੀਡੀਓ ਕਾਨਫਰੰਸਿੰਗ ਜ਼ਰੀਏ ਕੀਤਾ ਸੰਬੋਧਨ

ਸ਼ਹਿਰ

View All