ਵਜ਼ਨ ਘਟਾਉਣ ਵਾਲੇ ਉਤਪਾਦ ਹੋ ਸਕਦੇ ਨੇ ਜਾਨਲੇਵਾ

ਗਿਆਨਸ਼ਾਲਾ

ਨਿਊਯਾਰਕ: ਭਾਰ ਘਟਾਉਣ ਤੇ ਸਰੀਰ ਨੂੰ ਤਾਕਤਵਰ ਤੇ ਮਜ਼ਬੂਤ (ਮਸਲਜ਼) ਬਣਾਉਣ ਲਈ ਵਰਤੇ ਜਾਂਦੇ ਖ਼ੁਰਾਕੀ ਉਤਪਾਦ (ਡਾਇਟਰੀ ਸਪਲੀਮੈਂਟਸ) ਖਾਣ ਨਾਲ, ਜਿਥੇ ਬੱਚਿਆਂ ਤੇ ਨੌਜਵਾਨਾਂ ਦੇ ਅਪਾਹਜ ਹੋਣ ਜਾਂ ਰੋਗੀ ਬਣਨ ਦਾ ਖਤਰਾ ਰਹਿੰਦਾ ਹੈ, ਉਥੇ ਇਸ ਕਾਰਨ ਉਨ੍ਹਾਂ ਦੀ ਮੌਤ ਹੋ ਸਕਦੀ ਹੈ। ਇਹ ਖੁਲਾਸਾ ਸਾਇੰਸਦਾਨਾਂ ਨੇ ਇਕ ਖੋਜ ਅਧਿਐਨ ਰਾਹੀਂ ਕੀਤਾ ਹੈ। ‘ਐਡਲੈੱਸਨਟ ਹੈਲਥ’ ਨਾਮੀ ਰਸਾਲੇ ਵਿਚ ਛਪੇ ਅਧਿਐਨ ਦੇ ਅੰਕੜਿਆਂ ਅਨੁਸਾਰ ਸਰੀਰ ਤਾਕਤਵਰ ਬਣਾਉਣ ਲਈ ਨੌਜਵਾਨ ਜਿਹੜੀਆਂ ਵੀ ਦਵਾਈਆਂ ਖਾਂਦੇ ਹਨ, ਉਨ੍ਹਾਂ ਦੇ ਮੁਕਾਬਲੇ ਡਾਇਟਰੀ ਸਪਲੀਮੈਂਟਸ ਨਾਲ ਸਰੀਰ ’ਤੇ ਤਿੰਨ ਗੁਣਾ ਵੱਧ ਮਾੜਾ ਅਸਰ ਪੈਂਦਾ। ਬਾਜ਼ਾਰ ਵਿਚ ਵਜ਼ਨ ਘਟਾਉਣ, ਮਸਲ ਬਣਾਉਣ, ਖੇਡ ਪ੍ਰਦਰਸ਼ਨ ਸੁਧਾਰਨ, ਜਿਨਸੀ ਸਬੰਧ ਬਣਾਉਣ ਤੇ ਸਰੀਰਕ ਊਰਜਾ ਵਧਾਉਣ ਲਈ ਵੇਚੇ ਜਾ ਰਹੇ ਉਤਪਾਦਾਂ ਸਬੰਧੀ ਅਮਰੀਕਾ ਦਾ ਅਦਾਰਾ ਫੂਡ ਐਂਡ ਡਰੱਗ ਐਡਮਨਿਸਟਰੇਸ਼ਨ (ਐੱਫਡੀਏ) ਅਣਗਿਣਤ ਚੇਤਾਵਨੀਆਂ ਜਾਰੀ ਕਰ ਚੁੱਕਾ ਹੈ। ਹਾਵਰਡ ਯੂਨੀਵਰਸਿਟੀ ਦੇ ਫਲੋਰਾ ਉਰ ਦਾ ਕਹਿਣਾ ਹੈ, ‘‘ਅਸੀਂ ਜਾਣਦੇ ਹਾਂ ਬਾਜ਼ਾਰ ਵਿਚ ਅਜਿਹੇ ਉਤਪਾਦਾਂ ਦੀ ਭਰਮਾਰ ਹੈ ਅਤੇ ਨੌਜਵਾਨ ਇਨ੍ਹਾਂ ਦੀ ਵਰਤੋਂ ਕਰਦੇ ਹਨ। ਇਨ੍ਹਾਂ ਉਤਪਾਦਾਂ ਦੀ ਵਰਤੋਂ ਦਾ ਨੌਜਵਾਨਾਂ ਦੀ ਸਿਹਤ ’ਤੇ ਕੀ ਅਸਰ ਹੁੰਦਾ ਹੈ? ਇਸ ਸਵਾਲ ਦਾ ਅਸੀਂ ਜਵਾਬ ਚਾਹੁੰਦੇ ਹਾਂ।’’ ਇਸ ਖੋਜ ਲਈ ਵਿਗਿਆਨੀਆਂ ਨੇ ਅਮਰੀਕਾ ’ਚ ਜਨਵਰੀ 2004 ਤੋਂ ਅਪਰੈਲ 2015 ਤਕ ਦੀਆਂ ਬਹੁਤ ਸਾਰੀਆਂ ਮੈਡੀਕਲ ਰਿਪੋਰਟਾਂ ਦੇਖੀਆਂ। ਫਿਰ ਉਨ੍ਹਾਂ 25 ਸਾਲ ਤੱਕ ਵਾਲੇ ਨੌਜਵਾਨਾਂ ’ਤੇ ਐਲੋਪੈਥਿਕ ਦਵਾਈਆਂ ਦੇ ਪਏ ਮਾੜੇ ਪ੍ਰਭਾਵਾਂ ਦਾ ਵਿਸ਼ਲੇਸ਼ਣ ਕੀਤਾ, ਜਿਨ੍ਹਾਂ ਦੇ ਨਤੀਜੇ ਡਾਇਟਰੀ ਸਪਲੀਮੈਂਟ ਖਾਣ ਨਾਲ ਪੈਂਦੇ ਦੁਰ-ਪ੍ਰਭਾਵਾਂ ਨਾਲ ਮੇਲ ਖਾਂਦੇ ਸਨ। ਰਿਪੋਰਟਾਂ ਮੁਤਾਬਕ ਦਵਾਈਆਂ ਖਾਣ ਨਾਲ ਵੀ ਵਿਅਕਤੀ ਦੀ ਮੌਤ ਹੋ ਸਕਦੀ ਹੈ ਜਾਂ ਉਹ ਉਮਰ ਭਰ ਲਈ ਰੋਗੀ ਬਣ ਜਾਂਦਾ ਹੈ। ਡਾਇਟਰੀ ਸਪਲੀਮੈਂਟਸ ’ਚੋਂ ਇਕ ਉਤਪਾਦ ਦੀਆਂ 977 ਅਜਿਹੀਆਂ ਰਿਪੋਰਟਾਂ ਸਨ, ਜਿਸ ਨੇ ਇਕ ਉਮਰ ਵਰਗ ਦੇ ਵਿਅਕਤੀਆਂ ’ਤੇ ਮਾਰੂ ਅਸਰ ਪਾਇਆ। ਇਨ੍ਹਾਂ ਵਿਚੋਂ ਕਰੀਬ 40 ਫੀਸਦੀ ਅਜਿਹੀਆਂ ਰਿਪੋਰਟਾਂ ਹਨ, ਜਿਨ੍ਹਾਂ ਦੇ ਨਤੀਜੇ ਦਵਾਈਆਂ ਖਾਣ ਨਾਲ ਪੈਂਦੇ ਮਾੜੇ ਅਸਰ ਨਾਲ ਮੇਲ ਖਾਂਦੇ ਹਨ। ਅਜਿਹੇ ਹਾਲਾਤ ਵਿਚ ਵਿਅਕਤੀ ਦੀ ਮੌਤ ਹੋ ਸਕਦੀ ਹੈ ਜਾਂ ਉਹ ਮਰੀਜ਼ ਬਣ ਕੇ ਸਾਰੀ ਉਮਰ ਇਲਾਜ ਕਰਾਉਣ ਜੋਗਾ ਰਹਿ ਜਾਂਦਾ ਹੈ। ਅਧਿਐਨ ਅਨੁਸਾਰ ਬਾਜ਼ਾਰ ’ਚ ਭਾਰ ਘਟਾਉਣ ਜਾਂ ਸਰੀਰ ਨੂੰ ਤਾਕਤਵਰ ਬਣਾਉਣ ਲਈ ਵੇਚੇ ਜਾਂਦੇ ਉਤਪਾਦਾਂ ਦਾ ਸਰੀਰ ਉੱਤੇ ਵਿਟਾਮਿਨ ਵਾਲੀਆਂ ਦਵਾਈਆਂ ਨਾਲੋਂ ਵੱਧ ਮਾੜਾ ਅਸਰ ਪੈਂਦਾ ਹੈ। ਹਾਵਰਡ ਯੂਨੀਵਰਸਿਟੀ ਦੇ ਪ੍ਰੋ. ਐੱਸ.ਬੀ. ਅਸਟਿਨ ਦਾ ਕਹਿਣਾ ਹੈ, ‘‘ਇਨ੍ਹਾਂ ਵਿਚੋਂ ਬਹੁਤ ਸਾਰੇ ਉਤਪਾਦਾਂ ’ਚ ਨਕਲੀ ਦਵਾਈਆਂ, ਪਾਬੰਦੀਸ਼ੁਦਾ ਪਦਾਰਥਾਂ, ਧਾਤਾਂ, ਕੀਟਨਾਸ਼ਕਾਂ ਤੇ ਹੋਰ ਖ਼ਤਰਨਾਕ ਰਸਾਇਣਾਂ ਦੀ ਮਿਲਾਵਟ ਦਾ ਪਤਾ ਲੱਗਿਆ ਹੈ।’’

-ਆਈਏਐੱਨਐੱਸ

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All