ਲੰਬੀ ਪੰਚਾਇਤ ਸਮਿਤੀ ਦੇ ਚੇਅਰਮੈਨ ਵੱਲੋਂ ਪਲੇਠੀ ਮੀਟਿੰਗ

ਲੰਬੀ ਵਿੱਚ ਮੀਟਿੰਗ ਦੌਰਾਨ ਚੇਅਰਮੈਨ ਜੁੰਮਾ ਸਿੰਘ, ਬੀਡੀਪੀਓ ਸੁਰਜੀਤ ਕੌਰ ਅਤੇ ਹੋਰ।

ਇਕਬਾਲ ਸਿੰਘ ਸ਼ਾਂਤ ਲੰਬੀ, 12 ਸਤੰਬਰ ਹੁਣ ਪੰਚਾਇਤ ਸਮਿਤੀ ਲੰਬੀ ਦੇ ਕੰਪਲੈਕਸ ’ਚ ਸ਼ਰਾਬਖੋਰੀ ਕਰਨ ਅਤੇ ਔਰਤ ਸਟਾਫ਼ ਪ੍ਰਤੀ ਭੱਦੀ ਸ਼ਬਦਾਵਾਲੀ ਵਰਤਣ ਵਾਲਿਆਂ ਦੀ ਖ਼ੈਰ ਨਹੀਂ। ਅਜਿਹੀ ਕਾਰਗੁਜ਼ਾਰੀ ਖ਼ਿਲਾਫ਼ ਸਮਿਤੀ ਦੇ ਗੁਰਸਿੱਖ ਅਤੇ ਬਜ਼ੁਰਗ ਚੇਅਰਮੈਨ ਜੁੰਮਾ ਸਿੰਘ ਤਰਮਾਲਾ ਦੀ ਸਖ਼ਤੀ ਆਪਣਾ ਰੰਗ ਵਿਖਾਏਗੀ। ਅੱਜ ਪੰਚਾਇਤ ਸਮਿਤੀ ਦਫ਼ਤਰ ਵਿੱਚ ਉਪ ਚੇਅਰਮੈਨ ਜਗਤਾਰ ਸਿੰਘ ਭੀਟੀਵਾਲਾ ਦੇ ਨਾਲ ਜੁੰਮਾ ਸਿੰਘ ਨੇ ਕੰਮਕਾਜ ਵਿਉਂਤਬੱਧ ਢੰਗ ਨਾਲ ਚਲਾਉਣ ਲਈ ਸਮਿਤੀ ਮੈਂਬਰਾਂ ਨਾਲ ਜਾਣ-ਪਛਾਣ ਮੀਟਿੰਗ ਕੀਤੀ। ਇਸ ਮੌਕੇ ਪੰਚਾਇਤ ਸਮਿਤੀ ਲੰਬੀ ਦੇ ਲਗਪਗ ਅਕਾਲੀ ਅਤੇ ਕਾਂਗਰਸੀ ਮੈਂਬਰ, ਬੀਡੀਪੀਓ ਸੁਰਜੀਤ ਕੌਰ ਦੇ ਇਲਾਵਾ ਪੰਚਾਇਤ ਸਮਿਤੀ ਲੰਬੀ ਦੇ ਸਾਬਕਾ ਚੇਅਰਮੈਨ ਗੁਰਬਖਸ਼ੀਸ਼ ਸਿੰਘ ਮਿੱਡੂਖੇੜਾ, ਪੰਜਾਬ ਮੰਡੀ ਬੋਰਡ ਦੇ ਸਾਬਕਾ ਉਪ ਚੇਅਰਮੈਨ ਮਨਦੀਪ ਸਿੰਘ ਪੱਪੀ ਤਰਮਾਲਾ, ਪਨਕੋਫੇੱਡ ਦੇ ਸਾਬਕਾ ਚੇਅਰਮੈਨ ਕਾਕਾ ਭਾਈਕੇਰਾ, ਗੋਲਡੀ ਅਬੁੱਲਖੁਰਾਣਾ ਅਤੇ ਰਣਜੀਤ ਸਿੰਘ ਫਤੂਹੀਵਾਲਾ ਮੌਜੂਦ ਸਨ। ਮੀਟਿੰਗ ਉਪਰੰਤ ਚੇਅਰਮੈਨ ਜੁੰਮਾ ਸਿੰਘ ਨੇ ਇਸ ਪੱਤਰਕਾਰ ਨਾਲ ਗੱਲਬਾਤ ’ਚ ਆਖਿਆ ਕਿ ਪਿਛਲੇ ਸਮੇਂ ਵਿੱਚ ਦਫ਼ਤਰ ’ਚ ਸ਼ਰਾਬਬਾਜ਼ੀ ਅਤੇ ਔਰਤ ਸਟਾਫ਼ ਨਾਲ ਦੁਰਵਿਵਹਾਰ ਕਾਰਨ ਪੰਚਾਇਤ ਸਮਿਤੀ ਦਫ਼ਤਰ ਦੇ ਵਕਾਰ ਨੂੰ ਢਾਹ ਲੱਗੀ। ਹੁਣ ਉਹੋ-ਜਿਹੇ ਹਾਲਾਤਾਂ ਨੂੰ ਕਿਸੇ ਕੀਮਤ ’ਤੇ ਸਹਿਣ ਨਹੀਂ ਕੀਤਾ ਜਾਵੇਗਾ। ਮਮਦੋਟ (ਜਸਵੰਤ ਸਿੰਘ ਥਿੰਦ): ਬਲਾਕ ਸਮਿਤੀ ਮਮਦੋਟ ਦੇ ਨਵਨਿਯੁਕਤ ਚੇਅਰਮੈਨ ਹਰਬੰਸ ਸਿੰਘ ਲੱਖਾ ਸਿੰਘ ਵਾਲਾ ਅਤੇ ਉੱਪ ਚੈਅਰਮੈਨ ਪਲਵਿੰਦਰ ਕੌਰ ਅਲਫੂ ਕੇ ਦੀ ਹਲਕਾ ਵਿਧਾਇਕ ਸਤਿਕਾਰ ਕੌਰ ਗਹਿਰੀ ਦੇ ਪਤੀ ਅਤੇ ਜ਼ਿਲ੍ਹਾ ਪਰਿਸ਼ਦ ਮੈਂਬਰ ਜਸਮੇਲ ਸਿੰਘ ਲਾਡੀ ਗਹਿਰੀ ਦੀ ਮੌਜੂਦਗੀ ਵਿੱਚ ਤਾਜਪੋਸ਼ੀ ਹੋਈ। ਇਸ ਮੌਕੇ ਗੁਰਜੰਟ ਸਿੰਘ ਮੈਂਬਰ ਬਲਾਕ ਸਮਿਤੀ, ਹਰਪਾਲ ਸਿੰਘ ਨੀਟਾ ਸੋਢੀ, ਗੁਰਮੀਤ ਸਿੰਘ ਗਿੱਲ ਪੀਏ, ਡਾ. ਪਵਨ ਪੀਏ ਹਾਜ਼ਰ ਸਨ।

ਬਠਿੰਡਾ ਬਲਾਕ ਦੀ ਪੰਚਾਇਤ ਸਮਿਤੀ ’ਤੇ ਮਹਿਲਾਵਾਂ ਦਾ ਕਬਜ਼ਾ

ਬਠਿੰਡਾ (ਮਨੋਜ ਸ਼ਰਮਾ): ਅੱਜ ਬਠਿੰਡਾ ਹਲਕਾ ਦਿਹਾਤੀ ਦੇ ਬਠਿੰਡਾ ਬਲਾਕ ਦੀ ਪੰਚਾਇਤ ਸਮਿਤੀ ਦੀ ਚੇਅਰਪਰਸਨ ਅਤੇ ਵਾਇਸ ਚੇਅਰਪਰਸਨ ਦੀ ਚੋਣ ਵਿੱਚ ਕਾਂਗਰਸ ਵੱਲੋਂ ਆਪਣਾ ਝੰਡਾ ਗੱਡ ਦਿੱਤਾ ਹੈ। ਇਸ ਚੋਣ ਵਿੱ ਚੇਅਰਪਰਸਨ ਵਜੋਂ ਹਲਕਾ ਬੱਲੂਆਣਾ ਤੋਂ ਜੇਤੂ ਉਮੀਦਵਾਰ ਦਲਜੀਤ ਕੌਰ ਨੂੰ ਚੇਅਰਪਰਸਨ ਨਿਯੁਕਤ ਕਰ ਦਿੱਤਾ ਗਿਆ ਹੈ, ਜਦੋਂ ਇਸ ਸੀਟ ਲਈ ਗੁਰਦੇਵ ਕੌਰ ਵੀ ਇਸ ਅਹੁਦੇ ਲਈ ਆਪਣੀ ਨਾਮਜ਼ਦਗੀ ਪੇਸ਼ ਕੀਤੀ ਸੀ। ਇਸ ਸੀਟ ਲਈ 15 ਮੈਂਬਰਾਂ ਵਿੱਚੋਂ 13 ਮੈਂਬਰ ਸ਼ਾਮਲ ਹੋਏ। ਇਸ ਚੋਣ ਵਿੱਚ ਦਲਜੀਤ ਕੌਰ ਨੂੰ 8 ਵੋਟ ਮਿਲੇ ਜਦੋਂ ਕਿ ਜਦੋਂ ਕਿ ਗੁਰਦੇਵ ਕੌਰ ਨੂੰ 5 ਵੋਟ ਮਿਲੇ, ਜਿਸ ’ਤੇ ਦਲਜੀਤ ਕੌਰ ਬੱਲੂਆਣਾ ਨੂੰ ਚੇਅਰਮੈਨ ਐਲਾਨਿਆ ਗਿਆ। ਹਰਪ੍ਰੀਤ ਕੌਰ ਅਤੇ ਸੁਖਪ੍ਰੀਤ ਕੌਰ ਵੱਲੋਂ ਵਾਇਸ ਚੇਅਰਮੈਨੀ ਲਈ ਨਾਮਜ਼ਦਗੀ ਦਿੱਤੀ ਗਈ ਸੀ ਪਰ ਮੌਕੇ ਤੇ ਹਰਪ੍ਰੀਤ ਕੌਰ ਨੇ ਆਪਣੇ ਕਾਗ਼ਜ਼ ਵਾਪਸ ਲੈ ਲਏ ਅਤੇ ਸੁਖਪ੍ਰੀਤ ਇਕੱਲੀ ਉਮੀਦਵਾਰ ਹੋਣ ਕਾਰਨ ਉਸ ਨੂੰ ਵਾਇਸ ਚੇਅਰਪਰਸਨ ਵੱਜੋ ਨਿਯੁਕਤ ਕੀਤਾ ਗਿਆ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All