ਲੌਕਡਾਊਨ ਨੇ ਖਰਬੂਜੇ ਵੇਚਣ ਲਾਇਆ ਇੰਜਨੀਅਰਿੰਗ ਦਾ ਪਾੜ੍ਹਾ

ਦਲਬੀਰ ਸੱਖੋਵਾਲੀਆ ਬਟਾਲਾ, 21 ਮਈ ਕਰੋਨਾਵਾਇਰਸ ਕਾਰਨ ਲੱਗੇ ਲੌਕਡਾਊਨ ਕਰਕੇ ਕਈ ਉੱਦਮੀ ਲੋਕ ਆਪਣੇ ਘਰਾਂ ਦੀਆਂ ਆਰਥਿਕ ਤੰਗੀਆਂ ਤੁਰਸ਼ੀਆਂ ਦੂਰ ਕਰਨ ਲਈ ਮਜਬੂਰੀਵੱਸ ਆਪਣੇ ਕਿੱਤੇ ਤੋਂ ਹੱਟ ਕੇ ਕੰਮਕਾਰ ਕਰ ਰਹੇ ਹਨ। ਅਜਿਹਾ ਹੀ ਇੱਕ ਨੌਜਵਾਨ ਸੁਰਿੰਦਰ ਸਿੰਘ ਹੈ, ਜਿਸ ਜੋ ਸਿਵਲ ਇੰਜਨੀਅਰ ਦੇ ਆਖ਼ਰੀ ਸਾਲ ਦਾ ਕੋਰਸ ਕਰ ਰਿਹਾ ਹੈ। ਉਸ ਨੇ ਘਰ ਦਾ ਗੁਜ਼ਾਰਾ ਚਲਾਉਣ ਲਈ ਪਹਿਲਾਂ ਬਟਾਲਾ ਦਾਣਾ ਮੰਡੀ ਵਿੱਚ ਪੱਲੇਦਾਰੀ ਕੀਤੀ ਅਤੇ ਹੁਣ ਤਰਬੂਜ ਅਤੇ ਖਰਬੂਜੇ ਵੇਚ ਰਿਹਾ ਹੈ। ਇੱਥੋਂ ਦੇ ਡੇਰਾ ਬਾਬਾ ਨਾਨਕ ਰੋਡ ’ਤੇ ਇਹ ਉਦਮੀ ਨੌਜਵਾਨ ਸੁਰਿੰਦਰ ਸਿੰਘ ਤਰਬੂਜ ਅਤੇ ਖਰਬੂਜੇ ਵੇਚ ਰਿਹਾ ਹੈ। ਪਿੰਡ ਸ਼ਾਮਪੁਰ ਦਾ ਸੁਰਿੰਦਰ ਸਿੰਘ ਦੱਸਦਾ ਹੈ ਕਿ ਉਹ ਪੰਨੂੰ ਤਕਨੀਕੀ ਕਾਲਜ ਟਾਂਡਾ ਰੋਡ ਸ਼੍ਰੀ ਹਰਗੋਬਿੰਦਪੁਰ ਵਿੱਚ ਸਿਵਲ ਇੰਜਨੀਅਰਿੰਗ ਦੇ ਆਖ਼ਰੀ ਸਾਲ ਦੀ ਪੜ੍ਹਾਈ ਕਰ ਰਿਹਾ ਹੈ। ਉਸ ਨੇ ਦੱਸਿਆ ਕਿ ਉਹ ਗੁਰੂ ਨਾਨਕ ਦੇਵ ਦੇ ਕਿਰਤ ਕਰੋ ਸਿਧਾਂਤ ’ਤੇ ਪਹਿਰਾ ਦੇਣ ਦਾ ਯਤਨ ਕਰ ਰਿਹਾ ਹੈ, ਉਂਜ ਵੀ ਕੰਮ ਕੋਈ ਛੋਟਾ ਵੱਡਾ ਨਹੀਂ ਹੁੰਦਾ। ਉਸ ਨੇ ਦੱਸਿਆ ਕਿ ਉਸ ਦਾ ਪਿਤਾ ਰਾਜ ਮਿਸਤਰੀ ਦਾ ਕੰਮ ਕਰਦਾ ਹੈ, ਪਰ ਲੌਕਡਾਊਨ/ਕਰਫਿਊ ਕਾਰਨ ਲੰਘੇ ਦੋ ਮਹੀਨਿਆਂ ਤੋਂ ਕੋਈ ਕੰਮ ਨਹੀਂ ਮਿਲਿਆ। ਇਸ ਕਾਰਨ ਘਰ ਦੀ ਹਾਲਤ ਡਾਂਵਾਡੋਲ ਹੋ ਗਈ। ਉਸ ਨੇ ਇੱਥੋਂ ਦੀ ਦਾਣਾ ਮੰਡੀ ਵਿੱਚ ਪਹਿਲਾ 15-20 ਦਿਨ ਪੱਲੇਦਾਰੀ ਕੀਤੀ। ਹੁਣ ਕੰਮ ਬਹੁਤ ਘੱਟ ਜਾਣ ਕਾਰਨ ਉਸ ਨੇ ਬਟਾਲਾ-ਡੇਰਾ ਬਾਬਾ ਨਾਨਕ ਰੋਡ ’ਤੇ ਤਰਬੂਜ ਅਤੇ ਖਰਬੂਜੇ ਵੇਚਣ ਦਾ ਕੰਮ ਸ਼ੁਰੂ ਕੀਤਾ ਹੈ। ਸੁਰਿੰਦਰ ਸਿੰਘ ਨੇ ਦੱਸਿਆ ਕਿ ਹੋਰਨਾਂ ਵਿਦਿਆਰਥੀਆਂ ਵਾਂਗ ਉਸ ਦੇ ਮਨ ਦੀ ਤਮੰਨਾ ਹੈ ਕਿ ਉਹ ਕੋਰਸ ਤੋਂ ਬਾਅਦ ਕੋਈ ਨੌਕਰੀ ਕਰਕੇ ਘਰ ਦੀ ਆਰਥਿਕ ਤੰਗੀ ਨੂੰ ਦੂਰ ਕਰੇ। ਉਂਜ ਉਸ ਨੇ ਦੱਸਿਆ ਕਿ ਤਕਨੀਕੀ ਕਾਲਜ ਦੇ ਪ੍ਰਬੰਧਕ ਉਸ ਦੇ ਘਰ ਦੀਆਂ ਆਰਥਿਕ ਥੁੜਾਂ ਦਾ ਪਤਾ ਲੱਗਣ ’ਤੇ ਪੜ੍ਹਾਈ ਵਿੱਚ ਸਹਾਇਤਾ ਕਰ ਰਹੇ ਹਨ। ਉਧਰ ਪੰਜਾਬ ਪੁਲੀਸ ਦੇ ਸਾਬਕਾ ਏਡੀਜੀਪੀ ਅਤੇ ਡਾਇਨਾਮਿਕ ਗਰੁੱਪ ਆਫ ਰੰਘਰੇਟਾਜ਼ ਦੇ ਚੀਫ ਗੁਰਦੇਵ ਸਿੰਘ ਸਹੋਤਾ ਨੇ ਦੱਸਿਆ ਕਿ ਅਜਿਹੇ ਹੋਣਹਾਰ ਤੇ ਮਿਹਨਤੀ ਵਿਦਿਆਰਥੀ ਦੀ ਸੰਸਥਾ ਪਹਿਲਾ ਵੀ ਸਹਾਇਤਾ ਕਰਦੀ ਆਈ ਹੈ ਅਤੇ ਇਸ ਦੀ ਵੀ ਯੋਗ ਮੱਦਦ ਕਰੇਗੀ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All