ਲੋਪ ਹੋਏ ਟੱਪਾ ਨੁਮਾ ਲੋਕ ਗੀਤ

ਗੁਰਸ਼ਰਨ ਕੌਰ ਮੋਗਾ

ਪਿਛਲੇ ਸਮੇਂ ਪਿੰਡਾਂ ਦੇ ਰੀਤੀ ਰਿਵਾਜ ਸਾਂਝੇ ਤੌਰ ’ਤੇ ਹੀ ਮਨਾਏ ਜਾਂਦੇ ਸਨ। ਸਾਡੇ ਮਾਲਵੇ ਵਿਚ ਵੀ ਇਸ ਤਰ੍ਹਾਂ ਹੀ ਹੁੰਦਾ ਸੀ। ਕਿਸੇ ਦੇ ਘਰ ਲੜਕਾ ਪੈਦਾ ਹੁੰਦਾ, ਕਿਸੇ ਦੇ ਮੁੰਡੇ ਦਾ ਮੰਗਣਾ ਹੁੰਦਾ, ਕਿਸੇ ਦੇ ਮੁੰਡੇ ਜਾਂ ਕੁੜੀ ਦਾ ਵਿਆਹ ਹੁੰਦਾ ਤਾਂ ਉਸ ਪਿੱਛੋਂ ਪਿੰਡ ਵਿਚ ਮਠਿਆਈ ਵੰਡੀ ਜਾਂਦੀ ਜਿਸਨੂੰ ਘਰ ਸੰਭਾਲਣਾ ਕਿਹਾ ਜਾਂਦਾ ਸੀ। ਸ਼ਰੀਕੇ ਦੀਆਂ ਕੁੜੀਆਂ ਇਕੱਠੀਆਂ ਹੋ ਕੇ ਇਹ ਮਠਿਆਈ ਜਾਂ ਭਾਜੀ ਵੰਡਦੀਆਂ ਸਨ। ਨਾਲ ਦੀ ਨਾਲ ਉਹ ਟੱਪੇ ਨੁਮਾ ਗੀਤ ਵੀ ਗਾਉਂਦੀਆਂ ਸਨ। ਪੱਕੀ ਸੜਕ ’ਤੇ ਫੀਤਾ ਬਈ ਮੈਂ ਘਰ ਮਾਪਿਆਂ ਦੇ ਦੁੱਧ ਸੋਨੇ ਦੇ ਕੌਲ ਵਿਚ ਪੀਤਾ ਉਹ ਕੁੜੀਆਂ ਘੱਟ ਪੜ੍ਹੀਆਂ ਲਿਖੀਆਂ ਹੁੰਦੀਆਂ, ਪਰ ਗੀਤ ਬੜੇ ਕਮਾਲ ਦੇ ਗਾਉਂਦੀਆਂ: ਸ਼ਿੰਦਰ ਭਾਬੀ ਗੁੜ ਦੀ ਡਲੀ ਚਾਹ ਦੀ ਪੱਤੀ ਵਿਚ ਦੁੱਧ ਬੱਤਖਾਂ ਦਾ ਪਾ ਦੇ ਨੀਂ ਅਸੀਂ ਕਿਹੜਾ ਰੋਜ਼ ਆਉਣਾ ਸਾਨੂੰ ਚਾਹ ਦੀ ਘੁੱਟ ਪਿਆ ਦੇ ਉਨ੍ਹਾਂ ਦੇ ਬੋਲ ਬੜੇ ਹੀ ਮਿੱਠੇ ਅਤੇ ਦਿਲ ਨੂੰ ਛੂਹ ਲੈਣ ਵਾਲੇ ਹੁੰਦੇ ਸਨ। ਕਦੇ ਹਾਸਾ ਵੀ ਆਉਣਾ ਕਿ ਇਨ੍ਹਾਂ ਵਿਚੋਂ ਕਿਹੜੀ ਸੋਨੇ ਦੇ ਕੌਲ ਵਿਚ ਦੁੱਧ ਪੀਂਦੀ ਹੈ ਜਾਂ ਬੱਤਖਾਂ ਦਾ ਦੁੱਧ ਭਾਬੀ ਕਿੱਥੋਂ ਲੈ ਕੇ ਆਵੇਗੀ? ਗੀਤ ਗਾਉਂਦੀਆਂ ਕੁੜੀਆਂ ਗੁੱਸੇ ਵਿਚ ਕਹਿੰਦੀਆਂ: ‘ਇਨ੍ਹਾਂ ਪੜ੍ਹੀਆਂ ਲਿਖੀਆਂ ਦਾ ਦਿਮਾਗ਼ ਖ਼ਰਾਬ ਈ ਹੁੰਦਾ, ਸਾਰਾ ਤਾਂ ਕਿਤਾਬਾਂ ਖਾ ਗਈਆਂ।’ ਅਸੀਂ ਹੱਸ ਛੱਡਣਾ, ਪਰ ਇਨ੍ਹਾਂ ਗੀਤਾਂ ਨਾਲ ਬੜਾ ਹੀ ਮਨ ਖ਼ੁਸ਼ ਹੁੰਦਾ ਅਤੇ ਇਹ ਗੀਤ ਉਦੋਂ ਤੋਂ ਹੀ ਮੇਰੇ ਜ਼ਿਹਨ ਵਿਚ ਬੈਠੇ ਹੋਏ ਹਨ। ਇਹ ਗੀਤ ਨਾ ਤਾਂ ਟੱਪਿਆਂ ਦੀ ਤਰ੍ਹਾਂ ਗਾਏ ਜਾਂਦੇ ਹਨ ਅਤੇ ਨਾ ਹੀ ਵੱਡੇ ਹੇਕ ਵਾਲੇ ਗੀਤਾਂ ਦੀ ਤਰ੍ਹਾਂ ਗਾਏ ਜਾਂਦੇ ਹਨ। ਇਹ ਇਨ੍ਹਾਂ ਦਾ ਵਿਚਕਾਰਲਾ ਰੂਪ ਹੈ ਅਤੇ ਇਨ੍ਹਾਂ ਦੇ ਗਾਉਣ ਦਾ ਵੀ ਖ਼ਾਸ ਢੰਗ ਹੈ। ਪਹਿਲੀ ਲਾਈਨ ਲਮਕਾ ਕੇ ਗਾਈ ਜਾਂਦੀ ਹੈ ਅਤੇ ਦੂਜੀ ਲਾਈਨ ਦੇ ਅੱਗੇ ਕੋਈ ਯੋਜਕ ਜਿਵੇਂ ‘ਬਈ’ ਜਾਂ ‘ਨੀਂ’ ਆਦਿ ਲਾ ਕੇ ਗਾਇਆ ਜਾਂਦਾ ਹੈ। ਫਿਰ ਤੀਜੀ ਲਾਈਨ ਗਾਈ ਜਾਂਦੀ ਹੈ ਅਤੇ ਦੂਜੀ ਲਾਈਨ ਦੁਹਰਾਈ ਜਾਂਦੀ ਹੈ। ਇਸ ਤਰ੍ਹਾਂ ਇਹ ਗੀਤ ਪੂਰਾ ਹੁੰਦਾ ਹੈ। ਗੀਤ ਗਾਉਣ ਵਾਲੀਆਂ ਕੁੜੀਆਂ ਥਾਂ ਤੇ ਮੌਕਾ ਦੇਖ ਕੇ ਗੀਤ ਛੋਹਦੀਆਂ, ਜੇਕਰ ਨੇੜੇ ਮੁੰਡੇ ਖੜ੍ਹੇ ਹੁੰਦੇ ਤਾਂ ਉਹ ਗਾਉਂਦੀਆਂ: * ਚੁੱਕ ਲਿਆ ਸੜਕ ਤੋਂ ਫੀਤਾ ਵੇ ਮੈਂ ਕੀ ਤੈਨੂੰ ਬੋਲੀ ਵੀਰਨਾ ਕਿਹੜੀ ਗੱਲ ਤੋਂ ਸੰਧਾਰਾ ਬੰਦ ਕੀਤਾ। ਜੇਕਰ ਸੱਥ ਕੋਲੋਂ ਲੰਘਦੀਆਂ ਤਾਂ ਉਹ ਗਾਉਂਦੀਆਂ: ਰੱਤੜਾ ਪਲੰਘ ਰੰਗੀਲੇ ਪਾਵੇ ਨੀਂ ਵੀਰ ਘਰ ਪੁੱਤ ਜੰਮਿਆ ਬਾਪੂ ਮੱਝੀਆਂ ਦੇ ਸੰਗਲ ਫੜਾਵੇ। * ਚੁੱਕ ਚਰਖਾ ਪਰ੍ਹਾਂ ਕਰ ਪੀੜ੍ਹੀ ਬਈ ਆਪੇ ਮਾਪੇ ਦਾਜ ਦੇਣਗੇ ਜਿਹੜੇ ਹੋਣਗੇ ਦੁਖਾਂ ਦੇ ਸੀਰੀ ਕਦੀ ਕਦੀ ਉਹ ਵੈਰਾਗਮਈ ਧੁਨ ਵਿਚ ਗਾਉਣ ਲੱਗ ਜਾਂਦੀਆਂ: ਸੱਜਰੇ ਗੁੜ ਦੀ ਭੇਲੀ ਭੈਣਾਂ ਨੂੰ ਭਾਈ ਨਿੱਤ ਮਿਲਦੇ ਕਦੇ ਵਿੱਛੜੀ ਨਾ ਮਿਲਦੀ ਸਹੇਲੀ ਉਦੋਂ ਪਿੰਡ ਵਿਚ ਆਇਆ ਨਾਨਕਾ ਮੇਲ ਬੜੀਆਂ ਰੌਣਕਾਂ ਲਾਉਂਦਾ ਸੀ। ਮੇਲਣਾਂ ਦੇ ਗਾਏ ਗੀਤ ਵੀ ਬਹੁਤ ਰੌਚਕ ਹੁੰਦੇ ਸਨ। ਕਿਸੇ ਘਰ ਮੂਹਰੇ ਬੈਠੇ ਬਜ਼ੁਰਗ ਨੂੰ ਦੇਖ ਕੇ ਤੋੜਾ ਝਾੜਦੀਆਂ। ਬਜ਼ੁਰਗ ਵਿਚਾਰਾ ਬੁੜ ਬੁੜ ਕਰਦਾ ਅੰਦਰ ਚਲਿਆ ਜਾਂਦਾ ਅਤੇ ਮੇਲਣਾਂ ਹੱਸ ਹੱਸ ਦੂਹਰੀਆਂ ਹੋ ਜਾਂਦੀਆਂ। ਫਿਰ ਉਹ ਕਿਸੇ ਬਾਣੀਏ ਦੀ ਹੱਟੀ ਮੱਲ ਬਹਿੰਦੀਆਂ। ਇਕ ਦੋ ਚੀਜ਼ਾਂ ਸਾਬਣ, ਨਹੁੰ ਪਾਲਿਸ਼ ਆਦਿ ਲੈ ਕੇ ਰਾਹ ਪੈ ਜਾਂਦੀਆਂ ਅਤੇ ਗੀਤ ਗਾਉਂਦੀਆਂ: ਸੂਤ ਦੇ ਮੰਜੇ ’ਤੇ ਵਿਛਾਈਆਂ ਨੀਂ ਇੱਥੋਂ ਦੇ ਮਲੰਗ ਬਾਣੀਏ ਸਾਨੂੰ ਯੰਗ ਹਰੜਾਂ ਨਾ ਥਿਆਈਆਂ

ਗੁਰਸ਼ਰਨ ਕੌਰ ਮੋਗਾ

ਉਦੋਂ ਔਰਤਾਂ ਬਾਰਾਤ ਨਹੀਂ ਜਾਂਦੀਆਂ ਸਨ। ਉਹ ਵਿਆਹ ਵਾਲੇ ਘਰ ਵਿਚ ਤੇ ਪਿੰਡ ਵਿਚ ਸਾਧ ਸਾਧਣੀਆਂ ਦੇ ਭੇਸ ਧਾਰ ਕੇ ਜੀਅ ਖ਼ੁਸ਼ ਕਰ ਲੈਂਦੀਆਂ ਸਨ। ਰਾਤ ਨੂੰ ਜਾਗੋ ਕੱਢ ਕੇ ਲੋਕਾਂ ਦੇ ਪਰਨਾਲੇ ਪੁੱਟ ਕੇ ਅਤੇ ਅਮਲੀਆਂ ਦੀਆਂ ਮੰਜੀਆਂ ਟੇਢੀਆਂ ਕਰ ਕੇ ਧਮੱਚੜ ਪੁੱਟਦੀਆਂ ਹੋਈਆਂ ਦਰਸ਼ਕਾਂ ਨੂੰ ਦੇਖ ਕੇ ਮੱਛਰ ਜਾਂਦੀਆਂ: ਖਲੋਤੀ ਕੁੜੀ ਦੇ ਚੀਕਣੀ ਮਿੱਟੀ ਦੇ ਹਾਰੇ ਬਈ ਦੁੱਧ ਦਾ ਗਲਾਸ ਡੁੱਲ੍ਹ ਗਿਆ ਸਾਰਾ ਟੱਬਰ ਚਿੰਘਿਆੜਾਂ ਮਾਰੇ ਉਸ ਸਮੇਂ ਰਿਵਾਜ ਸੀ ਕਿ ਜੇਕਰ ਮੇਲਣਾਂ ਦੇ ਪਿੰਡ ਦੀ ਕੁੜੀ ਵਿਆਹ ਵਾਲੇ ਪਿੰਡ ਕਿਸੇ ਘਰ ਵਿਆਹੀ ਹੁੰਦੀ ਤਾਂ ਉਹ ਉਸ ਕੁੜੀ ਨੂੰ ਵਿਆਹ ਵਾਲੇ ਘਰੋਂ ਕੁਝ ਮਠਿਆਈ ਜਿਸਨੂੰ ‘ਪੱਤਲ’ ਕਿਹਾ ਜਾਂਦਾ ਸੀ, ਦੇ ਕੇ ਆਉਂਦੀਆ ਅਤੇ ਗਾਉਂਦੀਆਂ: ਰਗ ਵੱਢ ਘੋਟਣਾ ਬਣਾ ਦਾਰੀਏ ਸਾਡੇ ਆਉਂਦੀਆਂ ਦੇ ਸਾਡੇ ਆਉਂਦੀਆਂ ਦੇ ਸ਼ਗਨ ਮਨਾ ਦਾਰੀਏ ਗੱਲ ਕੀ ਇਕ ਘਰ ਦੀ ਖ਼ੁਸ਼ੀ ਵਿਚ ਸਾਰਾ ਪਿੰਡ ਸ਼ਾਮਲ ਹੁੰਦਾ ਸੀ। ਅੱਜ ਕੱਲ੍ਹ ਪਿੰਡਾਂ ਵਿਚੋਂ ਸਾਰੀਆਂ ਰੌਣਕਾਂ ਗਾਇਬ ਹੋ ਗਈਆਂ ਹਨ। ਇਹ ਟੱਪੇ ਨੁਮਾ ਗੀਤ ਲੋਪ ਹੋ ਗਏ ਹਨ। ਪੈਲੇਸਾਂ ਦੇ ਵਿਆਹਾਂ ਨੇ ਸੱਭਿਆਚਾਰ ਨੂੰ ਬਹੁਤ ਖੋਰਾ ਲਾਇਆ ਹੈ। ਹੁਣ ਕਿਸੇ ਪਿੰਡ ਦੇ ਘਰੋਂ ਸਪੀਕਰ ਵਿਚੋਂ ਇਹ ਆਵਾਜ਼ ਨਹੀਂ ਆਉਂਦੀ, ‘ਫਲਾਣਾ ਸਿਹੁੰ ਦੇ ਮੁੰਡੇ ਦੇ ਮੰਗਣੇ ਦੀ ਰੋਪਣਾ ਪੈਣ ਲੱਗੀ ਹੈ, ਸਾਰੇ ਮਾਈ ਭਾਈ ਵੇਲੇ ਸਿਰ ਪਹੁੰਚ ਜਾਵੋ।’ ਨਾ ਹੀ ਕੁੜੀਆਂ ਗਾਉਂਦੀਆਂ ਹਨ: ਸੋਨੇ ਦੀ ਕਨਸ ਬਣੀ ਝਾਲਰ ਲੱਗੀਆਂ ਚੁਫੇਰੇ ਮੰਗਣੇ ਦੀ ਬਣਤ ਬਣੀ ਮੇਰੇ ਬਾਬਲ ਦੇ ਵਿਹੜੇ ਮੰਗਣੇ ਦੀ ਥਾਂ ’ਤੇ ਹੁਣ ‘ਰਿੰਗ ਸੈਰੇਮਨੀ’ ਕੀਤੀ ਜਾਂਦੀ ਹੈ ਅਤੇ ਡੀ.ਜੇ. ਦੇ ਸ਼ੋਰ ਵਿਚ ਨੱਚ ਟੱਪ ਕੇ ਸਾਰ ਲਿਆ ਜਾਂਦਾ ਹੈ। ਵਿਆਹ ਪੈਲੇਸ ਵਿਚ ਹੋ ਜਾਂਦਾ ਹੈ ਅਤੇ ਸਾਰੇ ਪ੍ਰਾਹੁਣੇ ਉੱਥੇ ਹੀ ਪਹੁੰਚਦੇ ਹਨ। ਸਾਧ ਸਾਧਣੀਆਂ ਦੀ ਕਲਾ ਖ਼ਤਮ ਹੋ ਚੁੱਕੀ ਹੈ। ਜਾਗੋ ਵੀ ਬਿਜਲੀ ਦੇ ਬੱਲਬ ਜਗਾ ਕੇ ਹੀ ਕੱਢੀ ਜਾਂਦੀ ਹੈ। ਸਭ ਕੁਝ ਬਦਲ ਗਿਆ ਹੈ। ਸ਼ਾਇਦ ਸਾਡੇ ਪਿੰਡ ਵਿਚ ਮਾਘੀ ਵਾਲੇ ਦਿਨ ਲੱਗਦੇ ਮੇਲੇ ਵਿਚ ਮੇਰੀ ਮਰਹੂਮ ਬੀਬੀ ਅਤੇ ਤਾਈ ਦੀ ਜੋੜੀ ਵਾਂਗ ਘੱਗਰੇ ਪਾ ਕੇ ਜਾਂਦੀਆਂ ਤੇ ਗੀਤ ਗਾਉਂਦੀਆਂ ਔਰਤਾਂ ਇਹ ਗੀਤ ਹੁਣ ਵੀ ਗਾਉਂਦੀਆਂ ਹੋਣ: ਕੱਚੀ ਕੰਧ ’ਤੇ ਘੂਕਦੀ ਊਰੀ ਬਈ ਮਿੱਟੀ ਕੱਢ ਬਾਬੇ ਦੀ ਤੇਰੀ ਕਰੂਗਾ ਤ੍ਰਿਸ਼ਨਾ ਪੂਰੀ।

ਸੰਪਰਕ: 98766-35262

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All