ਲੋਕ ਸੰਗੀਤ ਨੂੰ ਪਰਣਾਇਆ ਨਵਜੋਤ ਸਿੰਘ ਮੰਡੇਰ

ਹਰਦਿਆਲ ਸਿੰਘ ਥੂਹੀ

ਲੋਕ ਢਾਡੀ ਕਲਾ ਪੰਜਾਬ ਦੀ ਇਕ ਮਹੱਤਵਪੂਰਨ ਗਾਇਨ ਸ਼ੈਲੀ ਰਹੀ ਹੈ। ਅਜੋਕੀ ਨੌਜਵਾਨ ਪੀੜ੍ਹੀ ਵਿਚੋਂ ਕੋਈ ਵਿਰਲਾ ਹੀ ਇਸ ਗਾਇਨ ਵਿਧਾ ਨਾਲ ਜੁੜਦਾ ਹੈ ਕਿਉਂਕਿ ਇਸ ਨੂੰ ਸਿੱਖਣ ਲਈ ਲੰਮੀ ਸਾਧਨਾ ਤੇ ਤਪੱਸਿਆ ਦੀ ਜ਼ਰੂਰਤ ਪੈਂਦੀ ਹੈ। ਇਸ ਲਈ ਜਿੰਨੇ ਕੁ ਨੌਜਵਾਨ ਇਸ ਗਾਇਕੀ ਨਾਲ ਜੁੜੇ ਹੋਏ ਹਨ, ਉਹ ਜ਼ਿਆਦਾਤਰ ਉਨ੍ਹਾਂ ਪਰਿਵਾਰਾਂ ਵਿਚੋਂ ਹੀ ਹਨ, ਜਿਨ੍ਹਾਂ ਦਾ ਇਹ ਕਸਬ ਹੈ। ਬੀਤੇ ਵਿਚ ਮੀਰ ਆਲਮ ਪਰਿਵਾਰਾਂ ਤੋਂ ਇਲਾਵਾ ਦੂਜੀਆਂ ਜਾਤੀਆਂ ਦੇ ਬਹੁਤ ਸਾਰੇ ਢਾਡੀ ਇਸ ਗਾਇਕੀ ਨਾਲ ਜੁੜੇ ਰਹੇ ਹਨ। ਵਰਤਮਾਨ ਸਮੇਂ ਗੈਰ ਕਸਬੀ ਜਾਤੀਆਂ ਵਿਚੋਂ ਕੇਵਲ ਇਕਾ ਦੁੱਕਾ ਨੌਜਵਾਨ ਹੀ ਹਨ, ਜੋ ਇਸ ਗਾਇਕੀ ਨਾਲ ਜੁੜੇ ਹੋਏ ਹਨ। ਇਨ੍ਹਾਂ ਵਿਚੋਂ ਹੀ ਇਕ ਹੈ ਨਵਜੋਤ ਸਿੰਘ ਮੰਡੇਰ (ਜਰਗ)। ਪੰਜਾਬ ਦੇ ਪ੍ਰਸਿੱਧ ਪਿੰਡ ਜਰਗ (ਲੁਧਿਆਣਾ) ਵਿਖੇ 30 ਮਈ, 1974 ਨੂੰ ਪਿਤਾ ਸ. ਹਰਦੇਵ ਸਿੰਘ ਮੰਡੇਰ ਤੇ ਮਾਤਾ ਪਰਮਜੀਤ ਕੌਰ ਮੰਡੇਰ ਦੇ ਘਰ ਜਨਮੇ ਨਵਜੋਤ ਨੂੰ ਲੋਕ ਸੰਗੀਤ ਦੀ ਗੁੜਤੀ ਭਾਵੇਂ ਸਿੱਧੇ ਰੂਪ ਵਿਚ ਵਿਰਾਸਤ ਵਿਚੋਂ ਨਹੀਂ ਮਿਲੀ, ਪਰ ਉਸਦੇ ਦਾਦਾ ਜੀ ਤੇ ਪਿਤਾ ਜੀ ਨੂੰ ਲੋਕ ਸੰਗੀਤ ਸੁਣਨ ਦਾ ਬੇਹੱਦ ਸ਼ੌਕ ਸੀ। ਪਿਤਾ ਹਰਦੇਵ ਸਿੰਘ ਨੇ ਸੱਭਿਆਚਾਰਕ ਖੇਤਰ ਵਿਚ ਸਕੂਲ, ਕਾਲਜ ਅਤੇ ਯੂਨੀਵਰਸਿਟੀ ਪੱਧਰ ਦੇ ਇਨਾਮ, ਸਨਮਾਨ ਪ੍ਰਾਪਤ ਕੀਤੇ। ਮਾਤਾ ਪਰਮਜੀਤ ਕੌਰ ਵੀ ਸਾਹਿਤਕ ਰੁਚੀਆਂ ਦੀ ਮਾਲਕ ਹੈ। ਹਰ ਸਾਲ ਮੇਲੇ ’ਤੇ ਪਹੁੰਚਣ ਵਾਲੇ ਗਵੰਤਰੀ ਰਾਤ ਇਨ੍ਹਾਂ ਦੇ ਘਰ ਹੀ ਠਹਿਰਦੇ ਸਨ। ਰਾਤ ਨੂੰ ਘਰ ਵਿਚ ਇਕ ਤਰ੍ਹਾਂ ਦਾ ਗ਼ੈਰ ਰਸਮੀ ਅਖਾੜਾ ਹੀ ਲੱਗ ਜਾਂਦਾ, ਜੋ ਅੱਧੀ ਰਾਤ ਤਕ ਚਲਦਾ ਰਹਿੰਦਾ। ਨਤੀਜੇ ਵਜੋਂ ਨਵਜੋਤ ਦੀ ਰੁਚੀ ਢਾਡੀ ਸੰਗੀਤ ਵੱਲ ਵਧਦੀ ਗਈ। ਸਕੂਲ ਸਮੇਂ ਤੋਂ ਉਹ ਸੱਭਿਆਚਾਰਕ ਗਤੀਵਿਧੀਆਂ ਵਿਚ ਭਾਗ ਲੈਣ ਲੱਗ ਪਿਆ। ਢਾਡੀ ਗਾਇਕੀ ਵੱਲ ਨਵਜੋਤ ਦੀ ਰੁਚੀ ਨੂੰ ਦੇਖਦੇ ਹੋਏ ਪਿਤਾ ਜੀ ਨੇ ਉਸਨੂੰ ਸਾਰੰਗੀ ਵਾਦਕ ਬਣਾਉਣ ਦਾ ਫ਼ੈਸਲਾ ਕਰ ਲਿਆ। ਦਸਵੀਂ ਜਮਾਤ ਵਿਚ ਪੜ੍ਹਦਿਆਂ ਹੀ ਉਸਨੂੰ ਪ੍ਰਸਿੱਧ ਸਾਰੰਗੀਵਾਦਕ ਗੁਰਨਾਮ ਸਿੰਘ ਗੁਪਾਲਪੁਰ ਦੇ ਲੜ ਲਾ ਦਿੱਤਾ। ਉਸਤਾਦ ਨੂੰ ਆਪਣੇ ਘਰ ਰੱਖ ਕੇ ਲੰਮਾ ਸਮਾਂ ਨਵਜੋਤ ਉਰਫ਼ ਜੋਤੀ ਨੂੰ ਸਾਰੰਗੀ ਅਤੇ ਢਾਡੀ ਰਾਗ ਦੀ ਸਿਖਲਾਈ ਦਿਵਾਈ। ਸੰਗੀਤ ਬਾਰੇ ਹੋਰ ਵਧੇਰੇ ਜਾਣਕਾਰੀ ਪ੍ਰਾਪਤ ਕਰਨ ਲਈ ਨਵਜੋਤ ਨੇ ਸਰਕਾਰੀ ਕਾਲਜ ਮਲੇਰਕੋਟਲਾ ਵਿਖੇ ਬੀ.ਏ. ਵਿਚ ਸੰਗੀਤ ਦਾ ਵਿਸ਼ਾ ਲਿਆ। ਇਸ ਸਮੇਂ ਦੌਰਾਨ ਯੁਵਕ ਮੇਲਿਆਂ ਵਿਚ ਜ਼ੋਨਲ, ਯੂਨੀਵਰਸਿਟੀ ਅਤੇ ਨੈਸ਼ਨਲ ਪੱਧਰ ਦੇ ਮੁਕਾਬਲਿਆਂ ਵਿਚ ਪੁਜੀਸ਼ਨਾਂ ਪ੍ਰਾਪਤ ਕੀਤੀਆਂ। 1994 ਵਿਚ ਸੰਗੀਤਕ ਪ੍ਰਾਪਤੀਆਂ ਲਈ ਉਸਨੂੰ ‘ਕਾਲਜ ਕਲਰ’ ਮਿਲਿਆ। ਇਸੇ ਸਾਲ ਹੀ ਕਾਲਜ ਵੱਲੋਂ ਉਤਕਲ ਯੂਨੀਵਰਸਿਟੀ ਭੁਵਨੇਸ਼ਵਰ ਵਿਖੇ ਨਾਟਕ ਵਿਚ ਪਿੱਠਵਰਤੀ ਸੰਗੀਤ ਅਤੇ ਗਾਇਕ ਦੀ ਭੂਮਿਕਾ ਨਿਭਾਈ। ਇਸ ਪ੍ਰਾਪਤੀ ’ਤੇ ਉਸਨੂੰ ਪੰਜਾਬੀ ਯੂਨੀਵਰਸਿਟੀ ਵੱਲੋਂ ‘ਯੂਨੀਵਰਸਿਟੀ ਕਲਰ’ ਅਤੇ ਕਾਲਜ ਵੱਲੋਂ ‘ਰੋਲ ਆਫ ਆਨਰ’ ਨਾਲ ਸਨਮਾਨਿਆ ਗਿਆ। ਕਾਲਜ ਪੜ੍ਹਦਿਆਂ ਹੀ ਆਪਣੇ ਉਸਤਾਦ ਗੁਰਨਾਮ ਸਿੰਘ ਦੀ ਰਹਿਨੁਮਾਈ ਅਧੀਨ ਉਸਨੇ ਆਪਣੇ ਪਿੰਡ ਜਰਗ ਦੇ ਪ੍ਰਸਿੱਧ ਮੇਲੇ ’ਤੇ ਲੋਕ ਢਾਡੀਆਂ ਦੇ ਖੁੱਲ੍ਹੇ ਅਖਾੜੇ ਵਿਚ ਸਾਰੰਗੀਵਾਦਕ ਵਜੋਂ ਸਾਥ ਨਿਭਾਉਣ ਤੋਂ ਬਾਅਦ ਦੂਜੇ ਮੇਲਿਆਂ ਵਿਚ ਵੀ ਜਾਣਾ ਸ਼ੁਰੂ ਕਰ ਦਿੱਤਾ। ਜਰਗ, ਛਪਾਰ ਦੇ ਲੋਕ ਮੇਲਿਆਂ ਤੋਂ ਇਲਾਵਾ ਪਹੋਏ ਤੇ ਕਪਾਲਮੋਚਨ ਜਿਹੇ ਧਾਰਮਿਕ ਮੇਲਿਆਂ ਦੇ ਨਾਲ-ਨਾਲ ਪ੍ਰੋ. ਮੋਹਨ ਸਿੰਘ ਮੇਲਾ ਅਤੇ ਗ਼ਦਰੀ ਬਾਬਿਆਂ ਦੇ ਮੇਲਿਆਂ ਵਿਚ ਵੀ ਲਗਾਤਾਰ ਹਾਜ਼ਰੀ ਭਰਦਾ ਰਿਹਾ। ਇਸ ਸਮੇਂ ਦੌਰਾਨ ਨਾਮੀ ਢਾਡੀਆਂ ਵਲਾਇਤ ਖਾਂ ਗੋਸਲਾਂ (ਮਰਹੂਮ), ਪੰਡਤ ਵਿੱਦਿਆ ਸਾਗਰ ਡੇਹਲੋਂ, ਅਰਜਨ ਸਿੰਘ ਗੁਆਰਾ, ਗੁਰਮੇਲ ਪੰਧੇਰ ਅਜਨੌਦਾ, ਜਾਗਰ ਸਿੰਘ ਭਮੱਦੀ, ਗੁਰਦਿਆਲ ਸਿੰਘ ਲੱਡਾ, ਸਰਾਮ ਸਿੰਘ ਸਲਾਣਾ ਆਦਿ ਨਾਲ ਸਾਰੰਗੀ ਵਾਦਕ ਅਤੇ ਗਾਇਕ ਵਜੋਂ ਸਾਥ ਨਿਭਾਇਆ। ਨਵਜੋਤ ਸਿੰਘ ਨੇ 1995 ਤੋਂ ਸਕੂਲਾਂ ਵਿਚ ਸੰਗੀਤ ਸਿੱਖਿਆ ਦੇਣੀ ਸ਼ੁਰੂ ਕਰ ਦਿੱਤੀ। ਇਨ੍ਹਾਂ ਵਿਦਿਆਰਥੀਆਂ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਕਰਵਾਏ ਜਾਂਦੇ ਮੁਕਾਬਲਿਆਂ ਵਿਚ ਜ਼ਿਲ੍ਹਾ, ਜ਼ੋਨ ਅਤੇ ਰਾਜ ਪੱਧਰ ਤਕ ਪੁਜੀਸ਼ਨਾਂ ਪ੍ਰਾਪਤ ਕੀਤੀਆਂ। ਸਕੂਲਾਂ ਦੀ ਕੋਚਿੰਗ ਦੇ ਨਾਲ ਨਾਲ ਕਾਲਜਾਂ ਵਿਚੋਂ ਵੀ ਨਵਜੋਤ ਨੂੰ ਕੋਚਿੰਗ ਲਈ ਸੱਦੇ ਆਉਣੇ ਸ਼ੁਰੂ ਹੋ ਗਏ। ਇਸ ’ਤੇ ਉਸਨੇ ਵਿਦਿਆਰਥੀਆਂ ਨੂੰ ਸੰਗੀਤ ਸਿੱਖਿਆ ਦੇਣੀ ਸ਼ੁਰੂ ਕਰ ਦਿੱਤੀ। ਏਥੇ ਉਸਨੇ ਲੋਕ ਸਾਜ਼ ਸਾਰੰਗੀ, ਲੋਕ ਗੀਤ, ਲੋਕ ਆਰਕੈਸਟਰਾ, ਵਾਰ ਗਾਇਨ, ਕਲੀ ਗਾਇਨ, ਕਵੀਸ਼ਰੀ ਆਦਿ ਵੰਨਗੀਆਂ ਦੀ ਸਿੱਖਿਆ ਦਿੱਤੀ। ਹੁਣ ਤਕ ਉਹ ਅਨੇਕਾਂ ਕਾਲਜਾਂ ਵਿਚ ਲੋਕ ਸੰਗੀਤ ਦੀ ਸਿੱਖਿਆ ਦੇ ਚੁੱਕਾ ਹੈ ਅਤੇ ਅੱਜ ਵੀ ਕੋਚਿੰਗ ਦਾ ਸਿਲਸਿਲਾ ਜਾਰੀ ਹੈ। ਉਸਦੇ ਸਿਖਾਏ ਅਨੇਕਾਂ ਵਿਦਿਆਰਥੀ ਯੁਵਕ ਮੇਲਿਆਂ ਵਿਚ ਜ਼ੋਨਲ, ਅੰਤਰ ਜ਼ੋਨਲ ਅਤੇ ਅੰਤਰ ਯੂੂਨੀਵਰਸਿਟੀ ਪੱਧਰ ਦੇ ਮੁਕਾਬਲਿਆਂ ਵਿਚ ਪੁਜੀਸ਼ਨਾਂ ਪ੍ਰਾਪਤ ਕਰ ਚੁੱਕੇ ਹਨ। ਇਸ ਦੇ ਨਾਲ ਨਾਲ ਨਵਜੋਤ ਨੇ ਆਪਣੀ ਸੰਗੀਤ ਕੋਚਿੰਗ ਅਕੈਡਮੀ ਸਥਾਪਿਤ ਕਰਕੇ ਸੰਗੀਤ ਸਿੱਖਿਆ ਦੇਣੀ ਸ਼ੁਰੂ ਕਰ ਦਿੱਤੀ। ਸੈਂਕੜੇ ਵਿਦਿਆਰਥੀ ਉਸ ਕੋਲੋਂ ਸੰਗੀਤ ਦੀ ਸਿੱਖਿਆ ਲੈ ਕੇ ਇਸਨੂੰ ਕਿੱਤੇ ਵਜੋਂ ਅਪਣਾ ਕੇ ਆਪਣਾ ਵਧੀਆ ਰੁਜ਼ਗਾਰ ਚਲਾ ਰਹੇ ਹਨ। ਕੁੱਝ ਵਿਦਿਆਰਥੀ ਉਸੇ ਤੋਂ ਸੇਧ ਲੈ ਕੇ ਸੰਗੀਤ ਵਿਸ਼ੇ ਵਿਚ ਐੱਮ.ਏ. ਕਰਕੇ ਅੱਗੇ ਲੋਕ ਸੰਗੀਤ ਨਾਲ ਸਬੰਧਿਤ ਵੱਖ ਵੱਖ ਵਿਸ਼ਿਆਂ ’ਤੇ ਐੱਮ.ਫਿਲ, ਪੀਐੱਚ.ਡੀ. ਕਰ ਰਹੇ ਹਨ। ਸੰਗੀਤ ਕੋਚਿੰਗ ਤੋਂ ਇਲਾਵਾ ਨਵਜੋਤ ਨੇ ਪੇਸ਼ੇਵਰਾਨਾ ਤੌਰ ’ਤੇ ਕਈ ਕੈਸੇਟਾਂ ਅਤੇ ਸੀਡੀਜ਼ ਵਿਚ ਵੀ ਸੰਗੀਤ ਦਿੱਤਾ ਹੈ। ਹੁਣ ਤਕ ਉਹ ‘ਨਾਨਕਾਇਣ’, ‘ਕ੍ਰਾਂਤੀਕਾਰੀ ਨੂਰ’, ‘ਸਤਿਗੁਰੂ ਰਵਿਦਾਸ ਜੀ’, ‘ਦੁਖੀਆਂ ਦਾ ਵਾਲੀ’, ‘ਸ਼ਹੀਦੀ ਲਾਲਾਂ ਦੀ’, ‘ਰਵਿਦਾਸ ਨੂੰ ਕਚਹਿਰੀ ਸੱਦਾ’, ‘ਹੀਰ ਭਾਗ-1’ ਅਤੇ ‘ਹੀਰ ਭਾਗ-2’ ਆਦਿ ਕੈਸੇਟਾਂ ਤੇ ਸੀਡੀਜ਼ ਰਿਲੀਜ਼ ਕਰ ਚੁੱਕਾ ਹੈ। ਦੂਰਦਰਸ਼ਨ ਤੋਂ ਵੀ ਕਈ ਵਾਰ ਉਹ ਆਪਣੀ ਕਲਾ ਦਾ ਪ੍ਰਦਰਸ਼ਨ ਕਰ ਚੁੱਕਾ ਹੈ। ਇਸ ਦੇ ਨਾਲ ਨਾਲ ਕਈ ਨਾਟਕਾਂ ਵਿਚ ਵੀ ਪਿੱਠਵਰਤੀ ਸੰਗੀਤ ਦੇ ਰਿਹਾ ਹੈ। ਇਸਦੇ ਬਾਵਜੂਦ ਉਸਨੇ ਆਪਣੀ ਪੜ੍ਹਾਈ ਵੀ ਜਾਰੀ ਰੱਖੀ ਅਤੇ ਸੰਗੀਤ ਵਿਚ ਮਾਸਟਰ ਡਿਗਰੀ ਪ੍ਰਾਪਤ ਕੀਤੀ। ਅੰਤਰ ਰਾਸ਼ਟਰੀ ਪੱਧਰ ’ਤੇ ਵੀ ਉਹ ਆਪਣੀ ਕਲਾ ਦਾ ਪ੍ਰਦਰਸ਼ਨ ਕਰ ਚੁੱਕਾ ਹੈ। ਅੱਜਕੱਲ੍ਹ ਉਸਦੇ ਜਥੇ ਵਿਚ ਸੁਖਵਿੰਦਰ ਸੁੱਖੀ, ਮਨਪ੍ਰੀਤ ਸਿੰਘ ਅਤੇ ਗੁਰਪ੍ਰੀਤ ਸਿੰਘ ਭੱਟੀ ਸ਼ਾਮਲ ਹਨ। ਪੰਜਾਬ ਸੰਗੀਤ ਨਾਟਕ ਅਕਾਦਮੀ ਚੰਡੀਗੜ੍ਹ, ਪੰਜਾਬ ਕਲਾ ਪ੍ਰੀਸ਼ਦ, ਪੰਜਾਬੀ ਸਾਹਿਤ ਅਕਾਦਮੀ ਦਿੱਲੀ ਵੱਲੋਂ ਵੀ ਸਮੇਂ ਸਮੇਂ ਤੇ ਇਨ੍ਹਾਂ ਨੂੰ ਪੇਸ਼ਕਾਰੀ ਦੇ ਮੌਕੇ ਦਿੱਤੇ ਜਾਂਦੇ ਹਨ। ਪੰਜਾਬੀ ਸੱਥ ਲਾਂਬੜਾਂ ਨਾਲ ਜੁੜੀ ਸੰਸਥਾ ਪੰਜਾਬੀ ਸੱਥ ਜਰਗ ਦਾ ਉਹ ਮੁੱਖ ਸੇਵਾਦਾਰ ਹੈ। ਇਸ ਸੰਸਥਾ ਵੱਲੋਂ ਸਮੇਂ ਸਮੇਂ ’ਤੇ ਪੰਜਾਬ ਦੀ ਵਿਰਾਸਤ ਨਾਲ ਸਬੰਧਿਤ ਸੰਗੀਤ ਮੇਲੇ ਤੇ ਹੋਰ ਪ੍ਰੋਗਰਾਮ ਕਰਵਾਏ ਜਾਂਦੇ ਹਨ ਅਤੇ ਲੋਕ ਕਲਾਕਾਰਾਂ ਨੂੰ ਸਨਮਾਨਿਤ ਕੀਤਾ ਜਾਂਦਾ ਹੈ। ਪੰਜਾਬੀ ਲੋਕ ਮੰਚ, ਪੰਜਾਬ ਦਾ ਉਹ ਸਰਗਰਮ ਮੈਂਬਰ ਹੈ। ਇਹ ਮੰਚ ਪੰਜਾਬ ਦੀਆਂ ਵਿਰਾਸਤੀ ਲੋਕ ਕਲਾਵਾਂ ਦੀ ਸੰਭਾਲ ਅਤੇ ਨਵੀਂ ਪੀੜ੍ਹੀ ਨੂੰ ਇਨ੍ਹਾਂ ਕਲਾਵਾਂ ਨਾਲ ਜੋੜਨ ਲਈ ਲੋਕ ਕਲਾ ਮੇਲੇ ਕਰਾਉਂਦਾ ਹੈ।

ਸੰਪਰਕ: 84271-00341

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All