ਲੋਕ ਸਰੋਕਾਰਾਂ ਦੀ ਗੱਲ

ਸੁਲੱਖਣ ਸਰਹੱਦੀ

ਹਥਲੀ ਪੁਸਤਕ ‘ਪੱਥਰਾਂ ਦੇ ਸ਼ਹਿਰ ਵਿਚ’ (ਕੀਮਤ: 200 ਰੁਪਏ; ਚੇਤਨਾ ਪ੍ਰਕਾਸ਼ਨ, ਲੁਧਿਆਣਾ) ਪਕੇਰੀ ਉਮਰ ਦੇ ਸ਼ਾਇਰ ਹਰਦਿਆਲ ਪਰਵਾਨਾ ਦਾ ਪ੍ਰਥਮ ਕਾਵਿ ਸੰਗ੍ਰਹਿ ਹੈ। ਉਂਜ, ਉਹ ਬਚਪਨ ਤੋਂ ਹੀ ਕਵਿਤਾ, ਗੀਤ ਆਦਿ ਲਿਖ ਰਿਹਾ ਸੀ ਅਤੇ ਅਖ਼ਬਾਰਾਂ ਤੇ ਰਸਾਲਿਆਂ ਵਿਚ ਵੀ ਛਪਦਾ ਸੀ। ਉਹ ਆਪਣੇ ਲਿਖੇ ਗੀਤਾਂ ਜਾਂ ਗ਼ਜ਼ਲਾਂ ਨੂੰ ਰੇਡੀਓ ਤੋਂ ਵੀ ਗਾਉਂਦਾ ਰਿਹਾ। ਬਕੌਲ ਸ਼ਾਇਰ ਉਸ ਦੇ ਮਿੱਤਰਾਂ ਦੇ ਜ਼ੋਰ ਦੇਣ ਉੱਤੇ ਉਸ ਨੇ ਰਚਨਾਵਾਂ ਇਕੱਠੀਆਂ ਕਰਕੇ ਇਹ ਪੁਸਤਕ ਛਪਵਾਈ ਹੈ। ਇਸ ਪੁਸਤਕ ਵਿਚ 73 ਗ਼ਜ਼ਲਾਂ, ਤਿੰਨ ਨਜ਼ਮਾਂ, 4 ਰੁਬਾਈਆਂ ਅਤੇ ਪੰਜ ਗੀਤ ਹਨ। ਪਰਵਾਨਾ ਦੀਆਂ ਗ਼ਜ਼ਲਾਂ ਤਕਨੀਕ ਵਿਚ ਵੀ ਪੂਰੀਆਂ ਹਨ ਅਤੇ ਵਿਸ਼ੇ ਵਿਚ ਵੀ। ਅਸਲ ਵਿਚ ਇਸ ਪੁਸਤਕ ਦੇ 99 ਸਫ਼ਿਆਂ ਵਿਚੋਂ 89 ਸਫ਼ਿਆਂ ਉੱਤੇ ਗ਼ਜ਼ਲਾਂ ਹੀ ਹਨ। ਕਵੀ ਨੂੰ ਚਾਹੀਦਾ ਸੀ ਕਿ ਉਹ ਹਥਲੀ ਪੁਸਤਕ ਨੂੰ ਗ਼ਜ਼ਲ ਸੰਗ੍ਰਹਿ ਬਣਾ ਲੈਂਦਾ ਕਿਉਂਕਿ ਕੇਵਲ 10 ਸਫ਼ਿਆਂ ਨਾਲ ਹੀ ਇਹ ਕਾਵਿ ਸੰਗ੍ਰਹਿ ਦੇ ਵਰਗ ਵਿਚ ਆ ਗਈ। ਖ਼ੈਰ! ਉਸ ਦੀਆਂ ਗ਼ਜ਼ਲਾਂ ਵਿਚ ਬਹੁਤ ਵਧੀਆ, ਸੰਜੀਦਾ ਅਤੇ ਸਮਕਾਲ ਦੇ ਮਸਲਿਆਂ ਨੂੰ ਸੰਬੋਧਨ ਸ਼ਿਅਰਕਾਰੀ ਹੈ: * ਨਾ ਕਿਸੇ ਭਗਵਾਨ ਦੀ ਤੇ ਨਾ ਕਿਸੇ ਈਮਾਨ ਦੀ, ਗੱਲ ਕਰਨੀ ਹੈ ਤਾਂ ਯਾਰੋ ਗੱਲ ਕਰੋ ਇਨਸਾਨ ਦੀ। * ਵਹਿਸ਼ਤੀ ਡਾਕੂ ਲੁਟੇਰੇ ਮੁਫ਼ਲਿਸਾਂ ਦੇ ਭੇਸ ਵਿਚ, ਕਿਸ ਨੂੰ ਆਪਣਾ ਦੁੱਖ ਸੁਣਾਈਏ ਪੱਥਰਾਂ ਦੇ ਸ਼ਹਿਰ ਵਿਚ। * ਬੜੇ ਚਾਵਾਂ ਨਾਲ ਸੂਰਜ ਆ ਰਿਹਾ ਸੀ ਘਰ ਮੇਰੇ, ਬਾਹਰੋਂ ਹੀ ਡਰ ਕੇ ਮੁੜ ਗਿਆ ਜਦ ਘਰ ’ਚ ਨ੍ਹੇਰਾ ਵੇਖਿਆ। * ਅੰਨ੍ਹੀ ਪੀਹੇ ਕੁੱਤਾ ਚੱਟੇ ਵਾੜ ਖੇਤ ਨੂੰ ਖਾਵੇ, ਰਾਜੇ ਸੀਂਹ ਮੁਕੱਦਮ ਕੁੱਤੇ ਕਿਹੜਾ ਸੁਣੇ ਦੁਆਵਾਂ। ਸ਼ਾਇਰ ਨੇ ਆਪਣੇ ਬੁਲੰਦ ਸ਼ਿਅਰਾਂ ਦੇ ਵਿਸ਼ੇ ਵੀ ਲੋਕ ਸਰੋਕਾਰਾਂ ਵਾਲੇ ਲਏ ਹਨ। ਪਰਵਾਸ ਦਾ ਦੁੱਖ, ਰਾਜਨੀਤਕ ਨਿਵਾਣਾਂ, ਲੁੱਟ-ਖਸੁੱਟ, ਮਾਵਾਂ ਦਾ ਨਿਰਾਦਰ, ਚਾਨਣ ਅਤੇ ਹਨੇਰੇ ਵਿਚ ਸਦੀਵੀ ਯੁੱਧ, ਭਰੂਣ ਹੱਤਿਆ, ਵਾਤਾਵਰਨ ਵਿਚ ਘੁਲ ਰਿਹਾ ਜ਼ਹਿਰ ਆਦਿ ਉਸ ਦੇ ਸ਼ਿਅਰਾਂ ਦੇ ਵਿਸ਼ੇ ਹਨ। ਪੁਸਤਕ ਦੇ ਪੰਜ ਦੇ ਪੰਜ ਗੀਤ ਵੀ ਸੰਵੇਦਨਾ ਭਰਪੂਰ ਹਨ।

ਸੰਪਰਕ: 94174-84337

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All