ਲੋਕ ਲਹਿਰਾਂ ਦਾ ਉੱਘਾ ਨਾਇਕ ਬਾਬਾ ਭਗਤ ਸਿੰਘ ਬਿਲਗਾ

ਬਰਸੀ ’ਤੇ ਵਿਸ਼ੇਸ਼

ਗ਼ਦਰ ਲਹਿਰ ਦੇ ਆਖ਼ਰੀ ਜਰਨੈਲ ਅਤੇ ਉੱਘੇ ਚਿੰਤਕ ਬਾਬਾ ਭਗਤ ਸਿੰਘ ਬਿਲਗਾ ਦੁਆਬੇ ਦੇ ਪ੍ਰਸਿੱਧ ਪਿੰਡ ਬਿਲਗਾ, ਜ਼ਿਲ੍ਹਾ ਜਲੰਧਰ ਦੇ ਜੰਮਪਲ ਸਨ। ਉਨ੍ਹਾਂ ਦਾ ਜਨਮ ਇਸੇ ਪਿੰਡ ਵਿੱਚ 2 ਅਪਰੈਲ 1907 ਨੂੰ ਨੰਬਰਦਾਰ ਹੀਰਾ ਸਿੰਘ ਸੰਘੇੜਾ ਪੱਤੀ ਭਲਾਈ ਦੇ ਘਰ ਮਾਤਾ ਮਾਲਣ ਦੀ ਕੁੱਖੋਂ ਹੋਇਆ। ਆਪ ਆਪਣੇ ਭੈਣਾਂ ਭਰਾਵਾਂ ਵਿੱਚੋਂ ਸਭ ਤੋਂ ਛੋਟੇ ਸਨ। ਇਨ੍ਹਾਂ ਤੋਂ ਵੱਡੇ ਇਨ੍ਹਾਂ ਦੇ ਇੱਕ ਭਰਾ ਚੌਧਰੀ ਰਾਮ ਬਖਸ਼ ਤੇ ਇਨ੍ਹਾਂ ਦੇ ਬਾਪ ਦੇ ਪਹਿਲੇ ਵਿਆਹ ਤੋਂ ਦੋ ਭੈਣਾਂ ਸਨ। ਇਹ ਅਜੇ ਦੋ ਸਾਲਾਂ ਦੇ ਵੀ ਨਹੀਂ ਸਨ ਹੋਏ ਕਿ ਇਨ੍ਹਾਂ ਦੇ ਬਾਪ ਦੀ ਅਕਾਲ ਮ੍ਰਿਤੂ ਦਾ ਕਹਿਰ ਪਰਿਵਾਰ ’ਤੇ ਟੁੱਟ ਪਿਆ। ਘਰ ਦਾ ਕਮਾਊ ਅੱਧਵਾਟੇ ਛੱਡ ਕੇ ਤੁਰ ਗਿਆ ਤਾਂ ਇਨ੍ਹਾਂ ਦੀ ਮਾਤਾ ਨੂੰ ਪਰਿਵਾਰ ਦੀ ਪਰਵਰਿਸ਼ ਲਈ ਸਖ਼ਤ ਮਿਹਨਤ ਕਰਨੀ ਪਈ ਪਰ ਫਿਰ ਵੀ ਪੂਰੀ ਨਾ ਪਈ ਅਤੇ ਅਖੀਰ ਘਰ ਘਾਟ ਤਕ ਵੀ ਗਿਰਵੀ ਰੱਖਣਾ ਪਿਆ। ਭਗਤ ਸਿੰਘ ਬਿਲਗਾ ਬਚਪਨ ਵਿੱਚ ਮਾਲਵੇ ਦੇ ਪਿੰਡ ਅਜੀਤਵਾਲ ਆਪਣੀ ਮਾਸੀ ਕੋਲ ਰਹਿ ਕੇ ਨੇੜਲੇ ਪਿੰਡ ਚੂਹੜ ਚੱਕ ਪੜ੍ਹਦੇ ਰਹੇ। ਉੱਥੋੋਂ ਮਿਡਲ ਪਾਸ ਕਰਕੇ ਉਨ੍ਹਾਂ ਨੇ ਲੁਧਿਆਣੇ ਦੇ ਮਾਲਵਾ ਖਾਲਸਾ ਹਾਈ ਸਕੂਲ ਤੋਂ ਮੈਟ੍ਰਿਕ ਕੀਤੀ। ਘਰ ਦੀ ਗ਼ਰੀਬੀ ਕੱਟਣ ਖ਼ਾਤਰ ਵਿਦੇਸ਼ ਕਮਾਈ ਕਰਨ ਲਈ ਉਹ ਪਹਿਲਾਂ ਜਪਾਨ ਤੇ ਫਿਰ ਅਰਜਨਟਾਈਨਾ ਪਹੁੰਚੇ ਪਰ ਉਥੇ ਵੱਸਦੇ ਪੰਜਾਬੀ ਦੇਸ਼ ਭਗਤਾਂ ਦੇ ਅਸਰ ਨੇ ਘਰ ਦੀ ਗ਼ਰੀਬੀ ਦੀ ਥਾਂ ਦੇਸ਼ ਦੀ ਗੁਲਾਮੀ ਦੀਆਂ ਜੰਜ਼ੀਰਾਂ ਕੱਟਣ ਵਾਲੇ ਪਾਸੇ ਤੋਰ ਲਿਆ। ਬਾਬਾ ਜੀ ਦੇ ਬਰਤਾਨਵੀ ਸਾਮਰਾਜ ਖਿਲਾਫ਼ ਵਿਦਰੋਹੀ ਜੀਵਨ ਦਾ ਆਗਾਜ਼ ਉਨ੍ਹਾਂ ਦੇ ਵਿਦਿਆਰਥੀ ਜੀਵਨ ਵਿੱਚ ਭਾਵ ਲੁਧਿਆਣੇ ਪੜ੍ਹਦੇ ਸਮੇਂ ਹੀ ਹੋ ਗਿਆ ਸੀ ਜਦ ਵਾਇਸਰਾਏ ਦੀ ਸਕੂਲ ਫੇਰੀ ’ਤੇ ਇਨ੍ਹਾਂ ਨੇ ਵਾਇਸਰਾਏ ਹਾਏ ਹਾਏ ਕਹਿ ਕੇ ਸਕੂਲ ਹੈੱਡਮਾਸਟਰ ਦੀ ਬੈਂਤਾਂ ਦੀ ਸਜ਼ਾ ਕਬੂਲ ਕੀਤੀ। ਘਰ ਦੀ ਗ਼ਰੀਬੀ ਧੋਣ ਲਈ ਕਮਾਈ ਕਰਨ ਲਈ ਉਹ ਵਿਦੇਸ਼ ਗਏ ਤੇ 21 ਸਾਲ ਦੀ ਉਮਰ ਵਿੱਚ 1928 ਨੂੰ ਸ. ਅਜੀਤ ਸਿੰਘ (ਚਾਚਾ ਸ਼ਹੀਦ ਭਗਤ ਸਿੰਘ) ਦੀ ਪ੍ਰਧਾਨਗੀ ਵਾਲੀ ਅਰਜਨਟਾਈਨਾ ਦੀ ਗ਼ਦਰ ਪਾਰਟੀ ਦੇ ਜਨਰਲ ਸਕੱਤਰ ਬਣ ਕੇ ਭਾਰਤੀਆਂ ਨੂੰ ਦੇਸ਼ ਦੀ ਗ਼ੁਲਾਮੀ ਦਾ ਜੂਲਾ ਗਲੋਂ ਲਾਹੁਣ ਲਈ ਜਥੇਬੰਦ ਕਰਨ ਲੱਗ ਪਏ। ਅਰਜਨਟਾਈਨਾ ਤੋਂ ਪਾਰਟੀ ਦੇ ਆਦੇਸ਼ ਮੁਤਾਬਕ ਬਿਲਗਾ ਜੀ ਮਾਰਕਸਵਾਦ ਅਤੇ ਫੌਜੀ ਵਿਦਿਆ ਦੀ ਉਚੇਰੀ ਟਰੇਨਿੰਗ ਲੈਣ ਲਈ ਰੂਸ ਦੀ ਟੋਆਇਲਰ ਯੂਨੀਵਰਸਿਟੀ ਮਾਸਕੋ ਗਏ। ਉਥੋਂ ਉਹ 6੦ ਕ੍ਰਾਂਤੀਕਾਰੀਆਂ ਦਾ ਗੁਰੱਪ ਤਿਆਰ ਕਰਕੇ ਆਜ਼ਾਦੀ ਦੀ ਲੜਾਈ ਵਿੱਚ ਸ਼ਾਮਲ ਹੋਣ ਲਈ ਭਾਰਤ ਪਰਤੇ। ਉਨ੍ਹਾਂ ਨੇ 1934 ਤੋਂ 1936 ਤੱਕ ਕਲੱਕਤੇ, ਕਾਨਪੁਰ ਅਤੇ ਪੰਜਾਬ ਦੀਆਂ ਕ੍ਰਾਂਤੀਕਾਰੀ ਸੰਸਥਾਵਾਂ ਵਿੱਚ ਤਨਦੇਹੀ ਨਾਲ ਕੰਮ ਕੀਤਾ। ਬਾਬਾ ਜੀ ਨੂੰ ਗ੍ਰਿਫਤਾਰੀ ਤੋਂ ਬਾਅਦ ਲਾਹੌਰ ਦੇ ਕਿਲ੍ਹੇ ਵਿੱਚ ਦੋ ਮਹੀਨੇ ਅਣ-ਮਨੁੱਖੀ ਤਸੀਹੇ ਦਿੱਤੇ ਗਏ ਅਤੇ ਰਿਹਾਈ ਮਗਰੋਂ ਇੱਕ ਸਾਲ ਲਈ ਪਿੰਡ ਬਿਲਗਾ ਵਿੱਚ ਨਜ਼ਰਬੰਦ ਕਰ ਦਿੱਤਾ ਗਿਆ। ਬਾਬਾ ਬਿਲਗਾ ਜੀ ਨੂੰ 1938 ਵਿੱਚ ਜ਼ਿਲ੍ਹਾ ਕਾਂਗਰਸ ਕਮੇਟੀ ਦਾ ਸਕੱਤਰ, ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਲਾਹੌਰ ਦਾ ਮੈਂਬਰ, ਆਲ ਇੰਡੀਆ ਕਾਂਗਰਸ ਕਮੇਟੀ ਦਾ ਮੈਂਬਰ ਚੁਣਿਆ ਗਿਆ ਅਤੇ ਉਨ੍ਹਾਂ ਨੇ ਕਾਂਗਰਸ ਦੇ ਗੁਜਰਾਤ ਸੈਸ਼ਨ ਵਿੱਚ ਸ਼ਮੂਲੀਅਤ ਕੀਤੀ। ਉਨ੍ਹਾਂ ਨੂੰ 1939 ਵਿੱਚ ਕੈਂਬਲਪੁਰ ਜੇਲ੍ਹ ਵਿੱਚ ਤਿੰਨ ਸਾਲ ਬਤੌਰ ਜੰਗੀ ਕੈਦੀ ਰੱਖਿਆ ਗਿਆ। 1942 ਵਿੱਚ ਰਿਹਾ ਹੋਣ ’ਤੇ ਲੁਧਿਆਣੇ ਸਰਕਾਰ ਵਿਰੁੱਧ ਭੜਕਾਊ ਭਾਸ਼ਣ ਦੇਣ ਦੇ ਦੋਸ਼ ਵਿੱਚ ਉਨ੍ਹਾਂ ਨੂੰ ਇੱਕ ਸਾਲ ਲਈ ਮੁੜ ਜੇਲ੍ਹ ਵਿੱਚ ਬੰਦ ਕਰ ਦਿੱਤਾ। 1947-48 ਵਿੱਚ ਫਿਰਕੂ ਵੰਡ ਦਾ ਵਿਰੋਧ ਕਰਨ ’ਤੇ ਆਜ਼ਾਦ ਭਾਰਤ ਦੀ ਸਰਕਾਰ ਨੇ ਬਾਬਾ ਭਗਤ ਸਿੰਘ ਬਿਲਗਾ ਨੂੰ ਇੱਕ ਸਾਲ ਲਈ ਧਰਮਸ਼ਾਲਾ ਦੀ ਯੋਲ ਕੈਂਪ ਜੇਲ੍ਹ ਵਿੱਚ ਡੱਕ ਦਿੱਤਾ। 1959 ਵਿੱਚ ਖੁਸ਼ ਹੈਸੀਅਤੀ ਟੈਕਸ ਦੇ ਵਿਰੋਧ ਵਿੱਚ ਸੰਘਰਸ਼ ਕਰਨ ’ਤੇ ਪੰਜਾਬ ਦੀ ਕੈਰੋਂ ਸਰਕਾਰ ਨੇ ਫਿਰ ਬਾਬਾ ਬਿਲਗਾ ਨੂੰ ਗ੍ਰਿਫਤਾਰ ਕਰਕੇ ਜੇਲ੍ਹ ਅੰਦਰ ਬੰਦ ਕਰ ਦਿੱਤਾ। ਉਨ੍ਹਾਂ ਨੂੰ 1971 ਵਿੱਚ ਨਕਸਲੀ ਨੌਜਵਾਨਾਂ ਦੇ ਝੂਠੇ ਪੁਲੀਸ ਮੁਕਾਬਲਿਆਂ ਦਾ ਵਿਰੋਧ ਕਰਨ ’ਤੇ 4 ਮਹੀਨੇ ਪਟਿਆਲੇ ਜੇਲ਼੍ਹ ਵਿੱਚ ਕੈਦ ਰੱਖਿਆ ਗਿਆ। ਉਨ੍ਹਾਂ ਦੇ ਆਖਰੀ ਵਾਰੰਟ ਐਮਰਜੈਂਸੀ ਦਾ ਵਿਰੋਧ ਕਰਨ ’ਤੇ ਨਿਕਲੇ ਅਤੇ 6 ਅਕਤੂਬਰ 2008 ਵਿੱਚ ਜਲ੍ਹਿਆਂ ਵਾਲੇ ਬਾਗ ਦੇ ਅਸਲੀ ਸਰੂਪ ਨੂੰ ਬਚਾਉਣ, ਕਾਮਾਗਾਟਾਮਾਰੂ ਦੇ ਮੁਸਾਫਰਾਂ ਤੇ ਨਾਮਧਾਰੀ ਦੇਸ਼ ਭਗਤਾਂ ਨੂੰ ਮਾਨਤਾ ਦਿਵਾਉਣ ਸਬੰਧੀ ਕੀਤੇ ਰੋਸ ਮਾਰਚ ਨੂੰ ਉਨ੍ਹਾਂ ਦੇ ਵਿਦਰੋਹੀ ਜੀਵਨ ਦਾ ਆਖਰੀ ਅੰਦੋਲਨ ਮੰਨਿਆ ਜਾ ਸਕਦਾ ਹੈ, ਜਿਸ ਮਾਰਚ ਦੀ ਅਗਵਾਈ ਇਸ 101 ਸਾਲਾ ਬਜ਼ੁਰਗ ਇਨਕਲਾਬੀ ਨੇ ਵੀਲ੍ਹ ਚੇਅਰ ’ਤੇ ਬੈਠ ਕੇ ਕੀਤੀ। ਬਾਬਾ ਜੀ ਨੇ ਹਰ ਪ੍ਰਕਾਰ ਦੀ ਗੁਲਾਮੀ, ਨਾਬਰਾਬਰੀ, ਬੇਗਾਨਗੀ ਤੇ ਸ਼ੋਸ਼ਣ ਦੇ ਖਿਲਾਫ਼ ਸੰਘਰਸ਼ ਕਰਨ ਦੇ ਨਾਲ ਨਾਲ ਉਮਰ ਭਰ ਰੰਗ, ਨਸਲ, ਧਰਮ ਤੇ ਜਾਤੀ ਵਿਤਕਰੇ ਦੇ ਖਿਲਾਫ਼ ਵੀ ਨਿਰੰਤਰ ਅਤੇ ਪੂਰੀ ਤਨਦੇਹੀ ਨਾਲ ਜੱਦੋ-ਜਹਿਦ ਕੀਤੀ। ਬਾਬਾ ਜੀ ਨੇ ਦੇਸ਼ ਦੀ ਆਜ਼ਾਦੀ ਖਾਤਿਰ ਕੀਤੀਆਂ ਮਹਾਨ ਕੁਰਬਾਨੀਆਂ ਅਤੇ ਸਮੁੱਚੇ ਮਾਨਵੀ ਸਮਾਜ ਪ੍ਰਤੀ ਦਿੱਤੀਆਂ ਵੱਡਮੁਲੀਆਂ ਸੇਵਾਵਾਂ ਦੇ ਇਵਜ਼ ਵਿੱਚ ਕੋਈ ਵੀ ਸਰਕਾਰੀ ਪੈਨਸ਼ਨ ਜਾਂ ਕੋਈ ਹੋਰ ਸੁਵਿਧਾ ਪ੍ਰਵਾਨ ਨਹੀਂ ਕੀਤੀ ਪਰ ਉਨ੍ਹਾਂ ਨੂੰ ਦੁਨੀਆਂ ਭਰ ਵਿੱਚੋਂ ਕਈ ਗ਼ੈਰ-ਸਰਕਾਰੀ ਸੰਸਥਾਵਾਂ ਵੱਲੋਂ ਸਨਮਾਨ ਅਤੇ ਸਨਮਾਨਜਨਕ ਖ਼ਿਤਾਬ ਮਿਲਦੇ ਰਹੇ। ਉਨ੍ਹਾਂ ਨੇ ਇੱਕ ਰਾਸ਼ਟਰੀ ਅਵਾਰਡ ‘ਸਦੀ ਦਾ ਹੌਸਲਾ ਅਤੇ ਬਹਾਦੁਰੀ ਦਾ ਸਨਮਾਨ’ ਸਿਰਫ਼ ਆਪਣੇ ਪਿਆਰਿਆਂ ਦੇ ਜ਼ੋਰ ਦੇਣ ਤੇ ਇਸ ਕਰਕੇ ਪ੍ਰਵਾਨ ਕੀਤਾ ਕਿ ਇਸ ਨਾਲ ਕੋਈ ਵਿੱਤੀ ਲਾਭ ਨਹੀਂ ਸੀ ਜੁੜਿਆ। ਇਸੇ ਤਰ੍ਹਾਂ ਪੰਜਾਬ ਸਰਕਾਰ ਨੇ ਉਨ੍ਹਾਂ ਨੂੰ ਮਰਨ ਉਪਰਾਂਤ ‘ਪੰਜਾਬ ਰਤਨ’ ਦਾ ਖ਼ਿਤਾਬ ਦੇ ਕੇ ਸਨਮਾਨਿਤ ਕੀਤਾ। ਇਸ ਵਿੱਚ ਵੀ ਕੋਈ ਨਕਦ ਰਾਸ਼ੀ ਨਾ ਸ਼ਾਮਲ ਹੋਣ ਕਰਕੇ ਹੀ ਉਨ੍ਹਾਂ ਦੇ ਪਰਿਵਾਰ ਨੇ ਇਸ ਨੂੰ ਸਵੀਕਾਰ ਕੀਤਾ। ਬਾਬਾ ਭਗਤ ਸਿੰਘ ਬਿਲਗਾ ਨੇ ਆਜ਼ਾਦੀ ਮਗਰੋਂ ਆਜ਼ਾਦੀ ਸੰਗਰਾਮੀਏ ਗ਼ਦਰੀ ਯੋਧਿਆਂ ਦੀ ਯਾਦਗਾਰ ‘ਦੇਸ਼ ਭਗਤ ਯਾਦਗਾਰ ਹਾਲ ਜਲੰਧਰ’ ਦੀ ਉਸਾਰੀ ਲਈ ਦਿਨ-ਰਾਤ ਇੱਕ ਕਰ ਦਿੱਤਾ। ਦੇਸ਼ਾਂ-ਵਿਦੇਸ਼ਾਂ ਤੋਂ ਉਗਰਾਹੀਆਂ ਕੀਤੀਆਂ ਤੇ ਆਪਣੀ ਨਿਗਰਾਨੀ ਹੇਠ ਇਸ ਵਿਸ਼ਾਲ ਯਾਦਗਾਰ ਦਾ ਨਿਰਮਾਣ ਕਰਵਾਇਆ ਤੇ ਫਿਰ ਇਸ ਨੂੰ ਅਗਾਂਹਵਧੂ ਤੇ ਧਰਮ ਨਿਰਪੱਖ ਲੋਕਾਂ ਦੇ ਮੰਚ ਵਜੋਂ ਸਥਾਪਤ ਕੀਤਾ। ਉਨ੍ਹਾਂ ਨੇ ਆਪ ਸੈਮੀਨਾਰ ਕਰਵਾ ਕੇ, ਕਾਨਫਰੰਸਾਂ ਕਰਵਾ ਕੇ, ਨਾਟਕ ਮੇਲੇ ਕਰਵਾ ਕੇ ਤੇ ਚੇਤਨਾ ਰੈਲੀਆਂ ਕੱਢ ਕੇ ਦੇਸ਼ ਵਾਸੀਆਂ ਨੂੰ ਜਾਗਰੂਕ ਕੀਤਾ। ਬਾਬਾ ਜੀ ਨੇ ਜਿਥੇ ਸਮੁੱਚੇ ਦੇਸ਼ ਅਤੇ ਸਮੁੱਚੀ ਅਗਾਂਹਵਧੂ ਲਹਿਰ ਲਈ ਸੁਹਿਰਦਤਾ ਨਾਲ ਕੰਮ ਕੀਤਾ, ਉੱਥੇ ਉਨ੍ਹਾਂ ਨੇ ਆਪਣੇ ਆਲੇ-ਦੁਆਲੇ ਦੇ ਸਰਵਪੱਖੀ ਵਿਕਾਸ ਲਈ ਵੀ ਸ਼ਲਾਘਾਯੋੋਗ ਉਪਰਾਲੇ ਕੀਤੇ। ਉਨ੍ਹਾਂ ਨੇ ਆਪਣੀ ਜਵਾਨੀ ਵਿੱਚ ਹੀ ਭਾਵ 1935-36 ਵਿੱਚ ਬਿਲਗੇ ਦੇ ਬੱਚਿਆਂ ਲਈ ਆਪਣੇ ਸਾਥੀਆਂ ਦੇ ਸਹਿਯੋਗ ਨਾਲ ਲੜਕੀਆਂ ਦਾ ਸਕੂਲ ਖੁੱਲ੍ਹਵਾਇਆ ਅਤੇ ਖੁਦ ਉਸ ਦੀ ਨਿਗਰਾਨੀ ਕੀਤੀ। ਉਨ੍ਹਾਂ ਨੇ 1953 ਵਿੱਚ ਬਿਲਗੇ ਵਿੱਚ ਲੜਕਿਆਂ ਦਾ ਹਾਈ ਸਕੂਲ ਖੁੱਲ੍ਹਵਾਇਆ। ਉਹ ਲੜਕੀਆਂ ਦੇ ਕਾਲਜ ਦੀ ਲੋੜ ਨੂੰ ਬੜੀ ਸ਼ਿੱਦਤ ਨਾਲ ਮਹਿਸੂਸ ਕਰਦੇ ਰਹੇ। ਉਨ੍ਹਾਂ ਨੇ ਇਲਾਕੇ ਵਿੱਚ 1969 ਵਿੱਚ ਗੁਰੁੂ ਨਾਨਕ ਦੇਵ ਜੀ ਦੀ ਪੰਜਵੀਂ ਜਨਮ ਸ਼ਤਾਬਦੀ ਦੇ ਅਵਸਰ ‘ਤੇ ਖੁੱਲ੍ਹੇ ‘ਗੁਰੁੂ ਨਾਨਕ ਗਰਲਜ਼ ਕਾਲਜ ਬਾਬਾ ਸੰਗ ਢੇਸੀਆਂ’  ਤੇ ਗੁਰੂ ਗੋਬਿੰਦ ਸਿੰਘ ਕਾਲਜ, ਜੰਡਿਆਲਾ, ਮੰਜਕੀ ਦੇ ਨਿਰਮਾਣ ਤੇ ਸੰਚਾਲਨ ਵਿੱਚ ਯੋਗਦਾਨ ਪਾਇਆ। ਉਨ੍ਹਾਂ ਆਪਣੀ ਉਮਰ ਦੇ ਆਖਰੀ ਪੜਾਅ ਵਿੱਚ ਕਾਮਰੇਡ ਕਰਤਾਰ ਸਿੰਘ ਦੀ ਬਹੁ-ਕੀਮਤੀ ਜ਼ਮੀਨ ਤੋਂ ਨਾਜਾਇਜ਼ ਕਬਜ਼ਾ ਛੁਡਵਾ ਕੇ ਵਿਦੇਸ਼ੀ ਵੀਰਾਂ ਦੀ ਸਹਾਇਤਾ ਨਾਲ ਕਰੋੜਾਂ ਰੁਪਇਆਂ ਦੀ ਲਾਗਤ ਵਾਲਾ ਵੱਡ ਆਕਾਰੀ ‘ਜਨਰਲ ਹਸਪਤਾਲ ਬਿਲਗਾ’ ਬਿਲਗਾ ਨੂਰਮਹਿਲ ਰੋਡ ‘ਤੇ ਬਾਬਾ ਰਹਿਮਤ ਸ਼ਾਹ ਦੀ ਦਰਗਾਹ ਦੇ ਨਜ਼ਦੀਕ ਬਣਵਾਉਣ ਵਿੱਚ ਯੋਗਦਾਨ ਪਾਇਆ, ਇਸ ਦਾ ਨੀਂਹ ਪੱਥਰ 13 ਅਪਰੈਲ 2000 ਨੂੰ ਵਿਸਾਖੀ ਵਾਲੇ ਦਿਨ ਰੱਖਿਆ ਗਿਆ। ਬਾਬਾ ਬਿਲਗਾ ਨੇ ਜਿੱਥੇ ਆਜ਼ਾਦੀ ਦੀ ਲੜਾਈ ਅਤੇ ਲੋਕ ਲਹਿਰ ਵਿੱਚ ਵੱਡਮੁੱਲਾ ਯੋਗਦਾਨ ਪਾਇਆ, ਉੱਥੇ ਉਨ੍ਹਾਂ ਨੇ ਲੋਕ ਹਿਤੈਸ਼ੀ ਲਹਿਰ ਅਤੇ ਇਸ ਦੇ ਨਾਇਕਾਂ ਨਾਲ ਸਬੰਧਤ ਇਤਿਹਾਸਕ ਮਹੱਤਵ ਵਾਲੀਆਂ ਪੁਸਤਕਾਂ ਦੀ ਰਚਨਾ ਵੀ ਕੀਤੀ। ਉਨ੍ਹਾਂ ਦੀਆਂ ਪੁਸਤਕਾਂ ‘ਗਦਰ ਲਹਿਰ ਦੇ ਅਣਫੋਲੇ ਵਰਕੇ’, ‘ਮੇਰਾ ਵਤਨ, ਮੇਰੀ ਸਮਝ ਮੇਰੀ ਸੋਚ ਅਤੇ ‘ਜੀਵਨੀ ਨਿਰਭੈ-ਯੋਧਾ, ਬਾਬਾ ਗੁਰਮੁਖ ਸਿੰਘ ਲਲਤੋਂ’ ਅਤੇ ਅਖ਼ਬਾਰਾਂ ਰਸਾਲਿਆਂ ਵਿੱਚ ਛਪਣ ਵਾਲੇ ਉਨ੍ਹਾਂ ਦੇ ਲੇਖ ਆਜ਼ਾਦੀ ਸੰਗਰਾਮ ਦੇ ਇਤਿਹਾਸ ਦੇ ਨਾਲ ਸਬੰਧਤ ਮਹੱਤਵਪੂਰਨ ਦਸਤਾਵੇਜ਼ ਹਨ।

-ਪ੍ਰੋ. ਗੋਪਾਲ ਸਿੰਘ ਬੁੱਟਰ ਸੰਪਰਕ: 99150-05814

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All