ਲੋਕ ਗੀਤਾਂ ਵਿਚ ਸੁਆਲ ਜੁਆਬ

ਗੁਰਸ਼ਰਨ ਕੌਰ ਮੋਗਾ

ਪੰਜਾਬੀ ਸੱਭਿਆਚਾਰ ਦਾ ਅੰਗ ਲੋਕ ਗੀਤ ਪੰਜਾਬੀ ਸਾਹਿਤ ਦਾ ਅਨਮੋਲ ਅਤੇ ਅਮੀਰ ਖ਼ਜ਼ਾਨਾ ਹਨ। ਜਿਉਂ ਜਿਉਂ ਇਨ੍ਹਾਂ ਦਾ ਅਧਿਐਨ ਕਰਦੇ ਹਾਂ ਤਾਂ ਦਰ-ਬ-ਦਰ ਪਰਤਾਂ ਖੁੱਲ੍ਹਦੀਆਂ ਜਾਂਦੀਆਂ ਹਨ ਜੋ ਰੌਚਕ ਹੋਣ ਦੇ ਨਾਲ ਨਾਲ ਉਸ ਸਮੇਂ ਬਾਰੇ ਵੀ ਬਹੁਤ ਕੁਝ ਕਹਿ ਜਾਂਦੀਆਂ ਹਨ। ਆਮ ਕਰਕੇ ਪੰਜਾਬੀ ਲੋਕ ਗੀਤ ਨਾਇਕਾ ਪ੍ਰਧਾਨ ਹਨ ਕਿਉਂਕਿ ਇਨ੍ਹਾਂ ਨਾਇਕਾਵਾਂ ਨੇ ਪੰਜਾਬੀ ਸਮਾਜ ਦੀ ਉਥਲ- ਪੁਥਲ ਭਰੀ ਜ਼ਿੰਦਗੀ, ਮਾੜੀਆਂ ਸਮਾਜਿਕ ਅਤੇ ਆਰਥਿਕ ਹਾਲਤਾਂ ਅਤੇ ਜਰਵਾਣਿਆਂ ਦੇ ਜ਼ੋਰ ਜ਼ੁਲਮ ਨੂੰ ਆਪਣੇ ਪਿੰਡੇ ’ਤੇ ਹੰਢਾਇਆ ਹੈ। ਇਨ੍ਹਾਂ ਮੂੰਹ ਜ਼ੋਰ ਪ੍ਰਸਥਿਤੀਆਂ ਦਾ ਸਾਹਮਣਾ ਕਰਦੀ ਹੋਈ ਨਾਇਕਾ ਸਾਰੀ ਰਾਤ ਚੰਨ ਤਾਰਿਆਂ ਨਾਲ ਗੱਲਾਂ ਕਰ ਕੇ ਹਉਕੇ ਹਾਵਿਆਂ ਭਰੀ ਜ਼ਿੰਦਗੀ ਜਿਊਣ ਲਈ ਮਜਬੂਰ ਹੋ ਜਾਂਦੀ ਹੈ। ਦੇਸ਼ ਦੀ ਖੜਗ ਭੁਜਾ ਹੋਣ ਦਾ ਸੰਤਾਪ ਪੰਜਾਬੀਆਂ ਨੂੰ ਵਰ੍ਹਿਆਂ ਬੱਧੀ ਜੰਗਾਂ ਦਾ ਸਾਹਮਣਾ ਕਰਕੇ ਭੁਗਤਣਾ ਪਿਆ ਹੈ। ਬੇਸ਼ੱਕ ਪੰਜਾਬਣਾਂ ਘਰ ਅਤੇ ਬਾਹਰ ਦੇ ਫਰੰਟ ’ਤੇ ਇਕੱਲੀਆਂ ਜੂਝਦੀਆਂ ਕਦੀ ਥੱਕ ਵੀ ਜਾਂਦੀਆਂ ਸਨ, ਪਰ ਆਮ ਕਰਕੇ ਉਹ ਖ਼ੁਸ਼ੀਆਂ ਖੇੜਿਆਂ ਸੰਗ ਰਹਿਣ ਨੂੰ ਹੀ ਤਰਜੀਹ ਦਿੰਦੀਆਂ ਹਨ। ਕੰਮ ਕਰਦੀਆਂ ਹੋਈਆਂ ਉਹ ਗੀਤ ਵੀ ਗੁਣਗੁਣਾਉਂਦੀਆਂ ਰਹਿੰਦੀਆਂ, ਆਪਣੇ ਸੱਭਿਆਚਾਰ ਨਾਲ ਜੁੜੀਆਂ ਵੀ ਰਹਿੰਦੀਆਂ। ਪੰਜਾਬੀ ਸੱਭਿਆਚਾਰ ਦੇ ਲੋਕ ਗੀਤਾਂ ਦੇ ਅਥਾਹ ਭੰਡਾਰ ਵਿਚੋਂ ਇਕ ਸਤਰੀ ਗੀਤਾਂ ਦੀ ਆਪਣੀ ਹੀ ਵਿਸ਼ੇਸ਼ਤਾ ਹੈ। ਉਸ ਦਾ ਜੁਆਬ ਵੀ ਅਗਲੀ ਸਤਰ ਵਿਚ ਦਿੱਤਾ ਜਾਂਦਾ ਹੈ। ਦੋਵੇਂ ਸਤਰਾਂ ਸੁਆਲ ਜੁਆਬ ਬਣ ਕੇ ਭਾਵ ਅਰਥ ਸਪੱਸ਼ਟ ਕਰਦੀਆਂ ਹਨ। ਇਨ੍ਹਾਂ ਵਿਚ ਪਿਓ ਧੀ, ਭੈਣ ਭਰਾ, ਮਾਂ ਧੀ, ਨੂੰਹ ਸੱਸ ਅਤੇ ਪਤੀ ਪਤਨੀ ਦੇ ਸੰਵਾਦ ਬੇਹੱਦ ਦਿਲਚਸਪ ਅਤੇ ਸਜੀਵ ਹੁੰਦੇ ਹਨ। ਪਿਓ ਧੀ ਦੇ ਸੰਵਾਦ : ਪਿਓ ਨੂੰ ਧੀ ਬੜੀ ਪਿਆਰੀ ਹੁੰਦੀ ਹੈ। ਪਿਓ ਧੀ ਦੀਆਂ ਸਾਰੀਆਂ ਖ਼ਾਹਿਸ਼ਾਂ ਪੂਰੀਆਂ ਕਰਨੀਆਂ ਚਾਹੁੰਦਾ ਹੈ। ਲੋਕ ਗੀਤਾਂ ਵਿਚ ਹੇਠਲੀਆਂ ਸਤਰਾਂ ਸਭ ਕੁਝ ਬੋਲਦੀਆਂ ਹਨ। ਪੱਕਾ ਘਰ ਟੋਲੀਂ ਬਾਬਲਾ, ਕਿਤੇ ਲਿੱਪਣੇ ਨਾ ਪੈਣ ਬਨੇਰੇ। ਲੰਮੀ ਵੀਹੀ ਤੇ ਪੱਕਾ ਘਰ ਤੇਰਾ, ਤੂੰ ਹੁਕਮ ਚਲਾਈਂ ਬੱਚੀਏ। ਜੇਕਰ ਬਾਬਲ ਕਾਲਾ ਵਰ ਟੋਲ ਦੇਵੇ ਤਾਂ ਧੀ ਇਉਂ ਜਵਾਬ ਮੰਗਦੀ ਹੈ: ਮੁੰਡਾ ਰੋਹੀ ਦੀ ਕਿੱਕਰ ਨਾਲੋਂ ਕਾਲਾ, ਨੀਂ ਬਾਪੂ ਦੇ ਪਸੰਦ ਆ ਗਿਆ। ਪੁੱਤ ਬਖ਼ਤਾਵਰਾਂ ਦੇ ਕਾਲੇ ਨੀਂ ਦੇਖੀਂ ਧੀਏ ਨਿੰਦ ਨਾ ਦੇਈਂ। ਸੱਸ ਦੀਆਂ ਜ਼ਿਆਦਤੀਆਂ ਤੋਂ ਦੁਖੀ ਹੋਈ ਧੀ ਪਿਓ ਨੂੰ ਉਲਾਂਭਾ ਦਿੰਦੀ ਹੈ। ਬਾਪ ਵੀ ਦਿਲਚਸਪ ਉੱਤਰ ਦਿੰਦਾ ਹੈ: ਵੇ ਨਹੀਂ ਬਾਪੂ ਮੈਂ ਮਰਜਾਂ, ਨਹੀਂ ਮਰਜੇ ਕੁੜਮਣੀ ਤੇਰੀ। ਨੀਂ ਲੈ ਲਈ ਧੀਏ ਤੇਰੇ ਦੰਦ ਨੇ, ਸੱਪ ਵਰਗੀ ਕੁੜਮਣੀ ਮੇਰੀ। ਇਹੋ ਜਿਹੀਆਂ ਅਨੇਕਾਂ ਉਦਾਹਰਨਾਂ ਹਨ ਜੋ ਪੰਜਾਬੀ ਸੱਭਿਆਚਾਰ ਦਾ ਹਿੱਸਾ ਹਨ।

ਗੁਰਸ਼ਰਨ ਕੌਰ ਮੋਗਾ

ਭੈਣ ਭਰਾ ਦੇ ਸੰਵਾਦ : ਭੈਣਾਂ ਨੂੰ ਆਪਣੇ ਮਾਂ ਜਾਇਆਂ ਨਾਲ ਅਥਾਹ ਪਿਆਰ ਹੁੰਦਾ ਹੈ। ਉਹ ਹਮੇਸ਼ਾਂ ਆਪਣੇ ਭਰਾਵਾਂ ਦੀ ਸਲਾਮਤੀ ਅਤੇ ਖ਼ੁਸ਼ਹਾਲੀ ਦੀ ਦੁਆ ਮੰਗਦੀਆਂ ਰਹਿੰਦੀਆਂ ਹਨ। ਲੋਕ ਗੀਤਾਂ ਵਿਚ ਜਿੱਥੇ ਭੈਣ ਭਰਾ ਦਾ ਪਿਆਰ ਦੇਖਣ ਨੂੰ ਮਿਲਦਾ ਹੈ, ਉੱਥੇ ਕੁਝ ਗਿਲੇ, ਸ਼ਿਕਵੇ ਅਤੇ ਨਹੋਰੇ ਵੀ ਝਲਕਦੇ ਹਨ: ਬੋਤਾ ਬੰਨ੍ਹ ਦੇ ਸਰਵਣਾ ਵੀਰਾ ਵੇ ਮੁੰਨੀਆਂ ਰੰਗੀਨ ਗੱਡੀਆਂ। ਮੱਥਾ ਟੇਕਦਾ ਅੰਮਾਂ ਦੀਏ ਜਾਈਏ ਨੀਂ ਬੋਤਾ ਭੈਣੇ ਫੇਰ ਬੰਨੂਗਾ। ਇਸ ਅਗਲੇ ਗੀਤ ਵਿਚ ਭੈਣ ਆਪਣੇ ਭਰਾ ਨਾਲ ਸ਼ਿਕਵਾ ਕਰ ਰਹੀ ਹੈ, ਭਾਈ ਵੀ ਜੁਆਬ ਦਿੰਦਾ ਹੈ: ਵੇ ਤੂੰ ਕੀ ਮੈਨੂੰ ਦਿੱਤਾ ਵੀਰਨਾ ਇਕ ਚਰਖ਼ਾ ਸੰਦੂਕ ਦੀਆਂ ਫੱਟੀਆਂ। ਗੱਡਾ ਸਣੇ ਬਲਦਾਂ ਦੀ ਜੋੜੀ, ਬੀਬੀ, ਕਸਰਾਂ ਨਾ ਕੋਈ ਛੱਡੀਆਂ। ਛੋਟੇ ਭਰਾ ਨੂੰ ਸਲਾਹੁੰਦੀ ਹੋਈ ਭੈਣ ਕਹਿੰਦੀ ਹੈ: ਵੱਡੇ ਵੀਰ ਤੋਂ ਨਿੱਤਰ ਗਿਆ ਛੋਟਾ ਨੀਂ ਪੱਚੀਆਂ ਦੀ ਪਾ ਗਿਆ ਮਛਲੀ। ਵੱਡੇ ਵੀਰ ਦੀ ਕਬੀਲਦਾਰੀ ਭਾਰੀ ਬਈ ਵੇਲੇ ਸਿਰ ਵਰਤਾਂਗੇ। ਮਾਵਾਂ ਧੀਆਂ ਦੇ ਸੰਵਾਦ: ਮਾਵਾਂ ਧੀਆਂ ਦਾ ਰਿਸ਼ਤਾ ਬੜਾ ਨਿੱਘਾ, ਮਿਲਾਪੜਾ, ਪਿਆਰਾ ਤੇ ਸੁਹੇਲੜਾ ਹੁੰਦਾ ਹੈ। ਮਾਂ ਧੀ ਵਿਚੋਂ ਆਪਣਾ ਅਕਸ ਦੇਖਦੀ ਹੈ। ਉਸ ਦੇ ਚਾਅ ਪੂਰੇ ਕਰਨ ਲਈ ਵਿਤੋਂ ਵੱਧ ਯਤਨ ਕਰਦੀ ਹੈ। ਬੇਸ਼ੱਕ ਸਾਡੇ ਮਰਦ ਪ੍ਰਧਾਨ ਸਮਾਜ ਵਿਚ ਧੀ ਨੂੰ ਕੁੱਖ ਵਿਚ ਕਤਲ ਕਰਨ ਦਾ ਇਲਜ਼ਾਮ ਮਾਂ ਸਿਰ ਲਾ ਕੇ ਆਦਮੀ ਸੁਰਖੁਰੂ ਹੋ ਜਾਂਦਾ ਹੈ ਅਤੇ ਕੋਈ ਨਹੀਂ ਸੋਚਦਾ ਕਿ ਮਾਂ ਕਿਵੇਂ ਆਪਣੇ ਢਿੱਡ ਦੀ ਆਂਦਰ ਦਾ ਕਤਲ ਕਰ ਸਕਦੀ ਹੈ। ਮਾਵਾਂ ਤੇ ਧੀਆਂ ਦੇ ਦਰਦ ਅਤੇ ਹੋਣੀ ਸਾਂਝੇ ਹੁੰਦੇ ਹਨ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਲੋਕ ਗੀਤਾਂ ਵਿਚ ਬਾਖ਼ੂਬੀ ਹੋਇਆ ਹੈ: ਨੀਂਦਾਂ ਆਈਆਂ ਮਾਏ ਨੀਂਦਾਂ ਆਈਆਂ ਨੀਂ ਨੀਂਦਾਂ ਆਈਆਂ ਨੀਂ। ਚਰਖ਼ਾ ਚੱਕ ਦੇ ਧੀਏ ਮੰਜੀ ਡਾਹ ਲੈ ਨੀਂ ਨੀਂਦ ਲਾਹ ਲੈ ਨੀਂ। ਧੀ ਮਾਂ ਨੂੰ ਮਿਲਣ ਲਈ ਇਉਂ ਲੋਚਦੀ ਹੈ: ਕਿਤੇ ਮਿਲ ਨੀਂ ਮਾਏ ਗੱਡੀ ਟੇਸ਼ਣ ’ਤੇ ਆਈ। ਮਾਪੇ ਸਦਾ ਨਾ ਧੀਏ ਜੱਗ ਜਿਉਣ ਤੇਰੇ ਭਾਈ। ਮਾੜੇ ਸਮਿਆਂ ਤੋਂ ਡਰਦੀ ਮਾਂ ਧੀ ਨੂੰ ਘਰ ਵਿਚ ਬੈਠ ਕੇ ਹੀ ਕੰਮ ਕਰਨ ਦੀ ਨਸੀਹਤ ਦਿੰਦੀ ਹੈ: ਮੇਰੀਆਂ ਕੱਢਣ ਕਸੀਦਾ ਸਖੀਆਂ, ਮਾਏ ਮੈਂ ਵੀ ਜਾਣਾ ਉਨ੍ਹਾਂ ਕੋਲ ਨੀਂ। ਧੀਏ ਘਰ ਨਾ ਕਿਸੇ ਦੇ ਜਾਈਂ ਭਾਵੇਂ ਹਰੇ ਕੋਲ ਪਾ ਦੇ ਬੈਂਗਣੀ। ਇਸ ਤਰ੍ਹਾਂ ਮੱਤਾਂ ਅਤੇ ਸਿਆਣਪਾਂ ਦੇ ਕੇ ਮਾਂ ਆਪਣੀ ਲਾਡਲੀ ਨੂੰ ਜ਼ਿੰਦਗੀ ਦੇ ਅਗਲੇਰੇ ਪੰਧ ਲਈ ਤਿਆਰ ਕਰਦੀ ਹੈ। ਪਤੀ ਪਤਨੀ ਦੇ ਸੰਵਾਦ: ਪਤੀ ਪਤਨੀ ਦੇ ਸੰਵਾਦ ਚੁਸਤ ਦਰੁਸਤ ਅਤੇ ਉਲਾਭਿਆਂ ਭਰਪੂਰ ਹੁੰਦੇ ਹਨ। ਦੋਵੇਂ ਧਿਰਾਂ ਆਪਣੇ ਆਪ ਨੂੰ ਸਹੀ ਸਿੱਧ ਕਰਨ ਦਾ ਯਤਨ ਕਰਦੀਆਂ ਹਨ: ਬਾਪੂ ਮੇਰਾ ਡੁੱਲ੍ਹ ਗਿਆ ਵੇ ਤੇਰੀ ਨਾਭੀ ਪੱਗ ਦੇ ਪੇਚਾਂ ’ਤੇ। ਮਾਤਾ ਮੇਰੀ ਮੋਹ ਲਈ ਨੀਂ ਤੇਰੇ ਕਾਲੇ ਲੰਮੇ ਕੇਸਾਂ ਨੇ। ਇਕ ਹੋਰ ਮਜ਼ੇਦਾਰ ਗੀਤ ਹੈ: ਭਾਵੇਂ ਨਿਆਂ ਕਰਵਾ ਲੈ ਵੇ ਰਾਂਝਣਾ ਤੂੰ ਕਾਲਾ ਮੈਂ ਗੋਰੀ। ਚੱਲ ਵਿਆਹ ਕਰਵਾ ਲਈਏ ਹੀਰੀਏ ਖ਼ੂਬ ਜਚੂਗੀ ਜੋੜੀ। ਪਤੀ ਪਤਨੀ ਦੇ ਰਿਸ਼ਤੇ ਵਿਚ ਨੋਕ ਝੋਕ ਹੁੰਦੀ ਹੀ ਰਹਿੰਦੀ ਹੈ। ਪਤਨੀ ਨੂੰ ਉਦਾਸ ਦੇਖ ਕੇ ਪਤੀ ਕਹਿੰਦਾ ਹੈ: ਇਕ ਵਾਰੀ ਦੁੱਖ ਦੱਸ ਦੇ ਨੀਂ ਮੈਂ ਲੰਦਨੋਂ ਵੈਦ ਮੰਗਾਵਾਂ। ਉਹਨੂੰ ਦੁੱਖ ਕੀ ਦੱਸਣਾ ਜਿਹੜਾ ਦਿਲ ਦੀ ਰਮਜ਼ ਨਾ ਪਛਾਣੇ। ਨੂੰਹ ਸੱਸ ਦਾ ਸੰਵਾਦ : ਪੰਜਾਬੀ ਸਮਾਜ ਵਿਚ ਨੂੰਹ ਸੱਸ ਦੀ ਵਾਹਵਾ ਤੂੰ ਤੂੰ ਮੈਂ ਮੈਂ ਚੱਲਦੀ ਰਹਿੰਦੀ ਹੈ। ਪੁੱਤਰ ਦੇ ਵਿਆਹ ਵੇਲੇ ਨੂੰਹ ਦੇ ਘਰ ਆਉਣ ਦੀ ਖ਼ੁਸ਼ੀ ਵਿਚ ਸੱਸ ਬੇਹੱਦ ਖ਼ੁਸ਼ ਹੁੰਦੀ ਹੈ, ਪਰ ਕੁਝ ਸਮੇਂ ਪਿੱਛੋਂ ਸਬੰਧਾਂ ਵਿਚ ਖਟਾਸ ਆ ਜਾਂਦੀ ਹੈ ਅਤੇ ਬੋਲ ਕੁਬੋਲ ਸ਼ੁਰੂ ਹੋ ਜਾਂਦੇ ਹਨ: ਬਹੁਤਿਆਂ ਭਰਾਵਾਂ ਵਾਲੀਏ ਤੈਨੂੰ ਤੀਆਂ ਨੂੰ ਲੈਣ ਨਾ ਆਏ। ਸੱਸੀਏ ਵੜੇਵੇਂ ਅੱਖੀਏ ਤੈਥੋਂ ਡਰਦੇ ਲੈਣ ਨਾ ਆਏ। ਸੱਸ ਦਾ ਨੂੰਹ ਅਤੇ ਧੀ ਨਾਲ ਸਬੰਧਤ ਵਿਹਾਰ ਦਾ ਵਖਰੇਵਾਂ ਇਸ ਗੀਤ ਵਿਚ ਸਪੱਸ਼ਟ ਦਿਖਾਈ ਦਿੰਦਾ ਹੈ: ਨੀਂਦਾਂ ਆਈਆਂ ਸੱਸੇ ਨੀਂਦਾਂ ਆਈਆਂ ਨੀਂ ਨੀਂਦਾਂ ਆਈਆਂ ਨੀਂ। ਚਰਖਾ ਚੱਕ ਦੇ ਨੂੰਹੇਂ ਚੱਕੀ ਝੋ ਲੈ ਨੀਂ ਨੀਂਦਾਂ ਲਾਹ ਲੈ ਨੀਂ। ਲੋਕ ਗੀਤਾਂ ਵਿਚ ਇਕ ਸਤਰ ਵਾਲੇ ਗੀਤ ਤਾਂ ਬਹੁਤ ਸਾਰੇ ਮਿਲਦੇ ਹਨ, ਪਰ ਸੁਆਲ ਜੁਆਬ ਵਾਲੇ ਗੀਤ ਬੜੇ ਹਾਜ਼ਰ ਜੁਆਬ ਅਤੇ ਦਿਲ ਟੁੰਬਵੀਂ ਭਾਸ਼ਾ ਵਿਚ ਹੁੰਦੇ ਹਨ ਜੋ ਬਹੁਤ ਘੱਟ ਮਿਲਦੇ ਹਨ।

ਸੰਪਰਕ: 98766-35262

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਮੁੱਖ ਖ਼ਬਰਾਂ

ਵਿਸ਼ੇਸ਼ ਦਰਜਾ ਖ਼ਤਮ ਕਰਨ ਦੀ ਪਹਿਲੀ ਵਰ੍ਹੇਗੰਢ ਤੋਂ ਪਹਿਲਾਂ ਕਸ਼ਮੀਰ ਵਾਦੀ ’ਚ ਪਾਬੰਦੀਆਂ ਆਇਦ, ਬਾਜ਼ਾਰ ਬੰਦ

ਵਿਸ਼ੇਸ਼ ਦਰਜਾ ਖ਼ਤਮ ਕਰਨ ਦੀ ਪਹਿਲੀ ਵਰ੍ਹੇਗੰਢ ਤੋਂ ਪਹਿਲਾਂ ਕਸ਼ਮੀਰ ਵਾਦੀ ’ਚ ਪਾਬੰਦੀਆਂ ਆਇਦ, ਬਾਜ਼ਾਰ ਬੰਦ

ਅਧਿਕਾਰੀਆਂ ਨੇ ਪਾਬੰਦੀਆਂ ਨੂੰ ਕਰੋਨਾ ਦੇ ਫੈਲਾਅ ਨੂੰ ਠੱਲ੍ਹਣ ਲਈ ਕੀਤੇ ...

ਸ਼੍ਰੋਮਣੀ ਕਮੇਟੀ ਵਲੋਂ ਨਸ਼ਿਆਂ ’ਤੇ ਮੁਕੰਮਲ ਪਾਬੰਦੀ ਦੀ ਮੰਗ

ਸ਼੍ਰੋਮਣੀ ਕਮੇਟੀ ਵਲੋਂ ਨਸ਼ਿਆਂ ’ਤੇ ਮੁਕੰਮਲ ਪਾਬੰਦੀ ਦੀ ਮੰਗ

ਜ਼ਹਿਰੀਲੀ ਸ਼ਰਾਬ ਮੌਤ ਮਾਮਲੇ ਦੀ ਜਾਂਚ ਹਾਈ ਕੋਰਟ ਦੇ ਮੌਜੂਦਾ ਜੱਜ ਕੋਲੋਂ...

ਬਾਦਲ ਪਰਿਵਾਰ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਆਪਣੀ ਨਿੱਜੀ ਕੰਪਨੀ ਬਣਾਇਆ: ਢੀਂਡਸਾ

ਬਾਦਲ ਪਰਿਵਾਰ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਆਪਣੀ ਨਿੱਜੀ ਕੰਪਨੀ ਬਣਾਇਆ: ਢੀਂਡਸਾ

ਸ਼੍ਰੋਮਣੀ ਗੁਰਦੁਆਰਾ ਕਮੇਟੀ ਨੂੰ ਬਾਦਲ ਪਰਿਵਾਰ ਤੋਂ ਮੁਕਤ ਕਰਵਾਉਣ ਦਾ ਸੱ...

ਲੋਕ ਨਾਜਾਇਜ਼ ਤੌਰ ਉੱਤੇ ਖਰੀਦੀ ਸ਼ਰਾਬ ਨਾ ਪੀਣ

ਲੋਕ ਨਾਜਾਇਜ਼ ਤੌਰ ਉੱਤੇ ਖਰੀਦੀ ਸ਼ਰਾਬ ਨਾ ਪੀਣ

ਡਿਪਟੀ ਕਮਿਸ਼ਨਰ ਨੇ ਸ਼ਰਾਬ ਜ਼ਹਿਰੀਲੀ ਹੋਣ ਦਾ ਖਦਸ਼ਾ ਪ੍ਰਗਟਾਇਆ

ਸ਼ਹਿਰ

View All