ਲੋਕ ਇਨਸਾਫ ਪਾਰਟੀ ਵੱਲੋਂ ਧਰਨੇ ਦੀ ਚਿਤਾਵਨੀ

ਪ੍ਰਸ਼ਾਸਨ ਖ਼ਿਲਾਫ਼ ਨਾਅਰੇਬਾਜ਼ੀ ਕਰਦੇ ਹੋਏ ਲੋਕ ਇਨਸਾਫ਼ ਪਾਰਟੀ ਦੇ ਵਰਕਰ।

ਹਰਜੀਤ ਸਿੰਘ ਪਰਮਾਰ ਬਟਾਲਾ, 14 ਫਰਵਰੀ ਸ਼ਹਿਰ ਦੇ ਵੱਖ-ਵੱਖ ਮੁਹੱਲਿਆਂ ਵਿੱਚ ਫੈਲੀ ਗ਼ੰਦਗੀ ਅਤੇ ਘਟੀਆ ਸੀਵਰੇਜ ਪ੍ਰਣਾਲੀ ਨੂੰ ਮੁੱਦਾ ਬਣਾ ਕੇ ਲੋਕ ਇਨਸਾਫ ਪਾਰਟੀ ਦੀ ਬਟਾਲਾ ਇਕਾਈ ਨੇ ਪ੍ਰਸ਼ਾਸਨ ਨੂੰ 20 ਫਰਵਰੀ ਤੋਂ ਅਣਮਿੱਥੇ ਧਰਨੇ ਦੀ ਚਿਤਾਵਨੀ ਦਿੱਤੀ ਹੈ। ਅੱਜ ਮੁਹੱਲਾ ਮਲਾਵੇ ਦੀ ਕੋਠੀ ਵਿੱਚ ਫੈਲੀ ਗੰਦਗੀ ਅਤੇ ਗਲ਼ੀਆਂ ਵਿੱਚ ਲੱਗੇ ਪਾਣੀ ਦੇ ਛੱਪੜਾਂ ਨੂੰ ਲੈ ਕੇ ਲੋਕ ਇਨਸਾਫ ਪਾਰਟੀ ਹਲਕਾ ਬਟਾਲਾ ਦੇ ਪ੍ਰਧਾਨ ਵਿਜੈ ਤ੍ਰੇਹਨ ਨੇ ਪਾਰਟੀ ਵਰਕਰਾਂ ਤੇ ਮੁਹੱਲਾ ਵਾਸੀਆਂ ਨੂੰ ਨਾਲ ਲੈ ਕੇ ਬਟਾਲਾ ਪ੍ਰਸ਼ਾਸਨ ਖ਼ਿਲਾਫ਼ ਜਮ ਕੇ ਨਾਅਰੇਬਾਜ਼ੀ ਕੀਤੀ। ਇਸ ਮੌਕੇ ਵਿਜੇ ਤ੍ਰੇਹਨ ਨੇ ਕਿਹਾ ਕਿ ਪ੍ਰਸ਼ਾਸਨ ਵੱਲੋਂ ਅੰਮ੍ਰਿਤ ਸਕੀਮ ਦਾ ਹਵਾਲਾ ਦੇ ਕੇ ਉਨ੍ਹਾਂ ਨੂੰ ਭਰੋਸਾ ਦਿੱਤਾ ਗਿਆ ਸੀ ਕਿ 14 ਜਨਵਰੀ ਤੱਕ ਇਸ ਸਮੱਸਿਆ ਦਾ ਹੱਲ ਕੀਤਾ ਜਾਵੇਗਾ ਪਰ ਅਫ਼ਸੋਸ ਅਜੇ ਤੱਕ ਇਹ ਸਮੱਸਿਆ ਜਿਉਂ ਦੀ ਤਿਉਂ ਬਣੀ ਹੋਈ ਹੈ। ਉਨ੍ਹਾਂ ਕਿਹਾ ਕਿ ਸਥਾਨਕ ਲੋਕ ਆਪਣੇ ਕੋਲੋਂ ਪੈਸੇ ਇਕੱਠੇ ਕਰਕੇ ਸੜਕ ’ਤੇ ਮਿੱਟੀ ਪਾ ਰਹੇ ਹਨ ਜੋ ਸਰਕਾਰ ਲਈ ਬਹੁਤ ਸ਼ਰਮ ਦੀ ਗੱਲ ਹੈ। ਉਨ੍ਹਾਂ ਪ੍ਰਸ਼ਾਸਨ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਇਸ ਸਮੱਸਿਆ ਦਾ ਜਲਦੀ ਹੱਲ ਨਾ ਹੋਇਆ ਤਾਂ ਉਹ 20 ਫਰਵਰੀ ਤੋਂ ਗਾਂਧੀ ਚੌਕ ਬਟਾਲਾ ਵਿਚ ਅਣਮਿੱਥੇ ਸਮੇਂ ਲਈ ਧਰਨਾ ਸ਼ੁਰੂ ਕਰਨਗੇ ਇਸ ਸਬੰਧੀ ਬਟਾਲਾ ਨਗਰ ਨਿਗਮ ਦੇ ਕਮਿਸ਼ਨਰ ਨੇ ਕਿਹਾ ਕਿ ਅੰਮ੍ਰਿਤ ਸਕੀਮ ਤਹਿਤ ਬਹੁਤ ਜਲਦੀ ਸੀਵਰੇਜ ਦੀ ਸਮੱਸਿਆ ਨੂੰ ਠੀਕ ਕੀਤਾ ਜਾਵੇਗਾ।

 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All