ਲੋਕਾਂ ਨੇ ਸਰਕਾਰੀ ਹਦਾਇਤਾਂ ਮੁਤਾਬਿਕ ਖ਼ਰੀਦਦਾਰੀ ਕੀਤੀ

ਨਿਰੰਜਣ ਬੋਹਾ ਬੋਹਾ, 25 ਮਾਰਚ ਕਰੋਨਾਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਲਈ ਸਰਕਾਰ ਵੱਲੋਂ ਲਾਏ ਕਰਫਿਊ ਦੇ ਤੀਜੇ ਦਿਨ ਸਬ-ਡਿਵੀਜ਼ਨ ਪ੍ਰਸ਼ਾਸਨ ਵੱਲੋਂ ਬਣਾਈ ਵਿਉਂਤਬੰਦੀ ਅਨੁਸਾਰ ਸ਼ਹਿਰ ਦੇ ਲੋਕਾਂ ਨੂੰ ਖਾਣ-ਪੀਣ ਦਾ ਸਾਮਾਨ ਪ੍ਰਾਪਤ ਕਰਨ ਲਈ ਖ਼ਾਸ ਪ੍ਰ੍ਰੇਸ਼ਾਨੀ ਨਹੀਂ ਆਈ। ਪਰ ਐਲਾਨ ਮੁਤਾਬਿਕ ਰੇਹੜੀਆਂ ਸ਼ਹਿਰ ਦੀਆਂ ਸਾਰੀਆਂ ਗਲੀਆਂ ਤੇ ਪਿੰਡਾਂ ਵਿਚ ਨਾ ਪਹੁੰਚਣ ਕਾਰਨ ਕੁਝ ਲੋਕਾਂ ਨੂੰ ਨਾ ਚਾਹੁੰਦੇ ਹੋਏ ਵੀ ਘਰਾਂ ਤੋਂ ਨਿਕਲਣਾ ਪਿਆ। ਇਸ ਦੌਰਾਨ ਨੇਕੀ ਫਾਊਡੇਸ਼ਨ ਦੀ ਟੀਮ ਨਾਲ ਮਿਲ ਕੇ ਬੋਹਾ ਪੁਲੀਸ ਵੱਲੋਂ ਸ਼ਹਿਰ ਵਿਚ ਮੁਨਾਦੀ ਕਰਵਾ ਕੇ ਲੋਕਾਂ ਨੂੰ ਘਰਾਂ ’ਚ ਰਹਿਣ ਦੀ ਹਦਾਇਤ ਕੀਤੀ ਗਈ। ਪਿੰਡਾਂ ਵਿਚ ਗਲੀਆਂ ਤੇ ਸੱਥਾਂ ਵਿਚ ਲੋਕ ਇਕੱਠੇ ਹੁੰਦੇ ਰਹੇ। ਨੇੜਲੇ ਪਿੰਡ ਆਲਮਪੁਰ ਮੰਦਰਾਂ ਵਿੱਚ ਸਮਾਜਸੇਵੀ ਸੰਸਥਾਂ ਬੇਗਮਪੁਰ ਵੈੱਲਫੇਅਰ ਸੁਸਾਇਟੀ ਵੱਲੋਂ ਪਿੰਡ ਵਿਚ ਸੈਨੇਟਾਈਜ਼ਰ ਛਿੜਕਾਅ ਕੀਤਾ ਗਿਆ। ਸ਼ਹਿਣਾ (ਪੱਤਰ ਪ੍ਰੇਰਕ): ਕਰੋਨਾਵਾਇਰਸ ਕਾਰਨ 22 ਮਾਰਚ ਦੇ ਜਨਤਾ ਕਰਫਿਊ ਤੋਂ ਬਾਅਦ ਪੰਜਾਬ ਸਰਕਾਰ ਵੱਲੋਂ ਲਾਏ ਪੱਕੇ ਕਰਫਿਊ ਕਾਰਨ ਲੋਕਾਂ ਕੋਲ ਪਿਆ ਰਾਸ਼ਨ ਖ਼ਤਮ ਹੋਣਾ ਸ਼ੁਰੂ ਹੋ ਗਿਆ ਹੈ। ਮੰਗਲਵਾਰ ਰਾਤ ਨੂੰ ਪ੍ਰਧਾਨ ਮੰਤਰੀ ਵੱਲੋਂ ਕੀਤੇ 21 ਦਿਨ ਦੇ ਲਾਕਡਾਊਨ ਕਾਰਨ ਅੱਜ ਲੋਕਾਂ ਨੇ ਲੋੜ ਤੋਂ ਵੱਧ ਰਾਸ਼ਨ ਦੀ ਖ਼ਰੀਦ ਕੀਤੀ। ਜ਼ਿਆਦਾਤਰ ਦੁਕਾਨਾਂ ਤੋਂ ਸਾਮਾਨ ਖ਼ਤਮ ਹੋਣਾ ਸ਼ੁਰੂ ਹੋ ਗਿਆ ਹੈ। ਦੂਜੇ ਪਾਸੇ, ਕਰਫਿਊ ਕਾਰਨ ਦੁਕਾਨਾਂ ਮੁਕੰਮਲ ਬੰਦ ਰਹੀਆਂ ਅਤੇ ਸੜਕਾਂ ’ਤੇ ਸੁੰਨਸਾਨ ਰਹੀ। ਥਾਣਾ ਸ਼ਹਿਣਾ ਦੇ ਐੱਸਐੱਚਓ ਤਰਸੇਮ ਸਿੰਘ ਨੇ ਕਿਹਾ ਕਿ ਮਾਸਕ, ਦਸਤਾਨੇ ਅਤੇ ਸੈਨੀਟਾਈਜ਼ਰ ਤੈਅ ਕੀਮਤਾਂ ਤੋਂ ਵੱਧ ’ਤੇ ਵੇਚਣ ’ਤੇ ਸਖ਼ਤ ਕਾਰਵਾਈ ਹੋਵੇਗੀ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All