ਲੋਕਾਂ ਨੂੰ ਲੋਕਾਂ ਨਾਲ ਜੋੜਦੀ ਸ਼ਾਇਰੀ

ਡਾ. ਸ਼ਰਨਜੀਤ ਕੌਰ

‘ਹਰ ਬੜੇ ਮੀਨਾਰ ਦੇ ਪੈਰਾਂ ’ਚ ਝੁੱਗੀ... ਮੇਰੀ ਹੈ’ ਕਹਿਣ ਵਾਲਾ ਲਖਵਿੰਦਰ ਜੌਹਲ ਇਕ ਨਾਮਵਰ ਨਾਂ ਹੈ। ਕੋਈ ਉਚੇਚ ਨਹੀਂ। ਕੋਈ ਦਿਖਾਵਾ ਨਹੀਂ। ਲਖਵਿੰਦਰ ਮੂਲ ਤੌਰ ’ਤੇ ਮਾਨਵਵਾਦੀ ਸ਼ਾਇਰ ਹੈ। ਉਹ ਆਪਣਾ ਸੰਤਾਪ ਆਪ ਭੋਗਦਾ ਆਮ ਜਨਤਾ ਨਾਲ ਖੜ੍ਹਾ ਧਰਤੀ ਦਾ ਸ਼ਾਇਰ ਬਣਦਾ ਹੈ। ਅਕਾਸ਼ੀਂ ਨਹੀਂ ਉੱਡਦਾ। ਅਣਮਨੁੱਖੀ ਲੋੜਾਂ ਦੀ ਮਨੋਦਸ਼ਾ ਨੂੰ ਕੇਂਦਰ ਬਿੰਦੂ ਬਣਾ ਸ਼ਾਇਰੀ ਕਰਦਾ ਹੈ। ਪੁਸਤਕ ‘ਲਹੂ ਦੇ ਲਫ਼ਜ਼’ (ਕੀਮਤ: 150 ਰੁਪਏ; ਸਪਤਰਿਸ਼ੀ ਪਬਲੀਕੇਸ਼ਨ) ਵਿਚਲੀ ਕਵਿਤਾ ‘ਰੋਟੀ-ਰੱਬ’ ਵਿਚ ਲਿਖਦਾ ਹੈ: ਰੱਬ ਹੈ ਕਿ/ ਦਿਸਦਾ ਨਹੀਂ ਦਿਸਦੀ ਹੈ ਬਸ- ਰੋਟੀ ਮੈਨੂੰ ਰੋਟੀ ਚੰਦ- ਸੂਰਜ ਹੈ ਰੋਟੀ/ ਰੋਟੀ ਹੀ ਰੱਬ ਮੇਰਾ ਕਵਿਤਾ ‘ਤਨਹਾਈ’ ਵਿਚ ਸਮਾਜ ਦੇ ਵਾਸਤਵਿਕ ਸੋਚ ਦਾ ਝਲਕਾਰਾ ਪੈਂਦਾ ਹੈ। ਇਸ ਦੀ ਉਹ ਇਉਂ ਤਰਜਮਾਨੀ ਕਰਦਾ ਹੈ: ਮੇਰੇ ਸਾਹਵੇਂ ਮੇਰੀ ਖਾਹਿਸ਼/ ਰੋਂਦੀ ਰਹੀ ਤਿਹਾਈ ਉਹ ਸਮਾਜ ਵਿਚ ਆਏ ਬਦਲਾਅ ਦੀ ਵੀ ਗੱਲ ਕਰਦਾ ਹੈ। ਜ਼ਿੰਦਗੀ ਦੀ ਨਵੀਨਤਾ ਉਸ ਦੀ ਮੌਲਿਕਤਾ ਨੂੰ ਪ੍ਰਤੱਖ ਕਰਦਿਆਂ, ਸੂਚਨਾ ਟੈਕਨਾਲੋਜੀ ਦੇ ਸਮੇਂ ਨੂੰ ਅਤੇ ਮਨੁੱਖੀ ਸਭਿਅਤਾ ਨੂੰ ਵਿਨਾਸ਼ਕਾਰੀ ਹੋਣ ਦਾ ਫਤਵਾ ਦਿੰਦਾ ਹੈ। ਕਵਿਤਾ ਅੰਦਾਜ਼ ਵਿਚਲੀਆਂ ਸਤਰਾਂ: ਰੈਲੀ ਕਰਦੀਆਂ ਲਾਠੀਆਂ- ਚਾਰਾਂ ਚੁਗਦੀਆਂ ਫਾਈਲਾਂ- ਤਾਜ ਪਹਿਨਦੇ ਨਿੱਤ ਨਵੇਂ ਸਕੈਂਡਲ... ਦਲਾਲਾਂ ਨਾਲ ਭਰੇ ਦਫ਼ਤਰ ਆਪਣਾ ਹੀ ਅੰਦਾਜ਼ ਰੱਖਦੇ ਨੇ- ਨਵੇਂ ਤੋਂ ਨਵਾਂ ਅੰਦਾਜ਼- ਬਹੁਤ ਚੰਗਾ ਲਗਦਾ ਹੈ ‘ਸਮੇਂ’ ਨੂੰ। ਇਸ ਵਿਚ ਕੋਈ ਸ਼ੱਕ ਨਹੀਂ ਹੈ ਕਿ ਲਖਵਿੰਦਰ ਜੌਹਲ ਦੀ ਸਾਰੀ ਕਵਿਤਾ ਖੁੱਲ੍ਹੀ ਕਵਿਤਾ ਹੈ ਜੋ ਕਿ ਅਜੋਕੇ ਆਲੋਚਕਾਂ ਮੁਤਾਬਿਕ ਕਵਿਤਾ ਉੱਤੇ ਇਕ ਦੋਸ਼ ਹੈ। ਪਰ ਉਹ ਆਪਣੀ ਕਵਿਤਾ ਵਿਚ ਚਿਹਨਾਂ ਅਤੇ ਪ੍ਰਗੀਤਾਤਮਕ ਬਿੰਬਾਵਲੀ ਨਾਲ ਇਕ ਲੈਅ ਪ੍ਰਦਾਨ ਕਰਦਾ, ਪੰਜਾਬੀ ਕਾਵਿ-ਮੁਹਾਵਰਾ ਸਵੈ-ਸਿਰਜਤ ਕਰ ਜਾਂਦਾ ਹੈ ਜੋ ਉਸ ਦੀ ਕਵਿਤਾ ਦਾ ਹਾਸਲ ਬਣ ਜਾਂਦਾ ਹੈ। ਕਵਿਤਾ ‘ਮਾਂ’ ਵਿਚ ਉਸ ਦੀਆਂ ਸਤਰਾਂ ਦੇਖੋ ਜਿਸ ਵਿਚ ਕਾਵਿ ਦਾ ਇਕ ਐਸਾ ਸਹਿਜ ਤੇ ਸੁਹਜ ਹੈ ਜੋ ਦਿਲ ਨੂੰ ਛੂਹ ਜਾਂਦਾ ਹੈ: ਹੇ ਮਾਂ ਦੁੱਖ ਸਾਰੇ ਜਾਣਨਾ ਅਣਜਾਣ ਬਣ ਕੇ ਟਾਲਣਾ ਹੰਝੂਆਂ ਦੀ ਲਿਸ਼ਕ ਵਿਚੋਂ ਜ਼ਿੰਦਗੀ ਨੂੰ ਭਾਲਣਾ ਕਿਸ ਤਰ੍ਹਾਂ ਸਿੱਖਿਆ ਸੀ ਤੂੰ? ਕਾਵਿ ਸੰਗ੍ਰਹਿ ‘ਲਹੂ ਦੇ ਲਫ਼ਜ਼’ ਦੀਆਂ ਕਵਿਤਾਵਾਂ ‘ਮਾਂ’, ‘ਬੇਟੀ-1’, ‘ਬੇਟੀ-2’ ਅਤੇ ‘ਧੀਆਂ’ ਲੋਕ ਅਭਿਵਅਕਤੀ ਕਰਦੀਆਂ ਲੋਕਾਂ ਨੂੰ ਲੋਕਾਂ ਨਾਲ ਜੋੜਦੀਆਂ ਸਰੋਦਾਤਮਕ ਅਤੇ ਪ੍ਰਗੀਤਾਤਮਕ ਰਚਨਾ ਰਚਦੀਆਂ ਹਨ। ਇਹ ਕਵਿਤਾਵਾਂ ਮਨੁੱਖੀ ਅਹਿਸਾਸਾਂ ਦੀ ਗੱਲ ਤੋਰਦੀਆਂ ਨਿਵੇਕਲੀ ਕਾਵਿਕ ਰਵਾਨੀ ਪੈਦਾ ਕਰਦੀਆਂ ਹਨ। ਉਸ ਦੀ ਕਵਿਤਾ ਪੁਰਾਤਨ ਕਾਵਿ ਪ੍ਰੰਪਰਾ ਤੋਂ ਅਜੋਕੀ ਯਥਾਰਥਕ ਕਵਿਤਾ ਤੱਕ ਇਕ ਲੰਮਾ ਪੈਂਡਾ ਤੈਅ ਕਰ ਚੁੱਕੀ ਹੈ। ਕਵਿਤਾ ‘ਬੇਟੀ 2’ ਵਿਚ ਉਹ ਬੇਟੀ ਤੇ ਬੇਟੇ ਦੀ ਸੋਚਣੀ ਦੀ ਗੱਲ ਇਉਂ ਕਰਦਾ ਹੈ: ਅੱਜਕੱਲ੍ਹ- ਬੇਟੇ ਨਾਲ ਜ਼ਿੱਦ ਕੇ- ਚੀਜ਼ਾਂ ਨਹੀਂ ਮੰਗਦੀ ਬੇਟੇ ਨਾਲ- ਜ਼ਿਦ- ਲੜਾਈ ਨਹੀਂ ਕਰਦੀ ਬੇਟਾ ਬੜਬੋਲਾ ਹੋ ਰਿਹਾ ਹੈ- ਬੇਟੀ ਚੁੱਪ ਹੋ ਰਹੀ ਹੈ। ਕਵਿਤਾ ਧੀਆਂ ਵਿਚ ਉਹ ਰਿਸ਼ਤਿਆਂ ਦੀ ਗੱਲ ਤੋਰਦਾ ਧੀਆਂ ਨੂੰ ਧੌਲ-ਧਰਮ-ਧਰਵਾਸ ਆਖਦਾ ਹੈ ਤੇ ਰਿਸ਼ਤਿਆਂ ਦੀ ਫਿਲਾਸਫ਼ੀ ਨੂੰ ਦਾਰਸ਼ਨਿਕਤਾ ਨਾਲ ਇਉਂ ਬਿਆਨਦਾ ਹੈ: ਬਾਬੁਲ ਵਾਲਾ ਵਿਹੜਾ ਸਾਡਾ ਅਸਲੀ ਘਰ ਹੈ ਕਿਹੜਾ ਸਾਡਾ? ਧੀਆਂ ਕਰਨ ਵਿਚਾਰ ਕਵਿਤਾ ‘ਮੇਰਾ ਪਿੰਡ’ ਵਿਚ ਉਹ ਨਵ-ਪੂੰਜੀਵਾਦ ਦੇ ਵਿਭਿੰਨ ਰੂਪਾਂ ਨੂੰ ਫੋਕਸ ਕਰਦਾ ਲਿਖਦਾ ਹੈ: ਹੌਲੀ ਹੌਲੀ ਖ਼ਤਮ ਹੋ ਰਿਹਾ ਹੈ ਪਿੰਡ ਬਹੁਤ ਤੇਜ਼ ਘੁੰਮ ਰਹੀ ਹੈ ਧਰਤੀ ਇਸਦੇ ਨਾਲ ਹੀ ਕਵਿਤਾ ‘ਸ਼ਹਿਰ’ ਵਿਚ ਉਹ ਅਜੋਕੇ ਬਦਲਾਅ ਦੀ ਗੱਲ ਕਰਦਾ, ਮਨੁੱਖੀ ਅਹਿਸਾਸਾਂ ਨੂੰ ਮੰਡੀਕਰਨ ਤੋਂ ਬਚਾਉਂਦਾ ਹੈ: * ਸ਼ਹਿਰ- ਹੌਲੀ ਹੌਲੀ - ਉਤਰ ਰਿਹਾ ਹੈ ਮੇਰੀਆਂ ਰਗਾਂ ਅੰਦਰ * ਬੇਕਰੀ ਦੇ ਬਿਸਕੁਟਾਂ ਜਿਹੀ ਭੁਰਭੁਰੀ ਜ਼ਿੰਦਗੀ ਨੂੰ ਕੋਹਲੂ ਦਾ ਖਾਲਸ ਤੇਲ ਕੌਣ ਝੱਸੇਗਾ ਹੁਣ * ਰੋਟੀ ਦੀ ਬੁਰਕੀ- ਸੰਘ ਨੂੰ ਖਰਖਰਾ ਕਰਦੀ ਹੈ- ਬੱਸ ਚਿਮਨੀਆਂ ਦੇ ਧੂੰਏਂ ’ਚ - ਧੁਆਂਖਿਆ ਜ਼ਹਿਨ * ਪਿੰਡ ਦਾ ਕੋਈ ਸਕਾ-ਸਬੰਧੀ ਆਉਂਦਾ ਹੈ ਤਾਂ ਬੱਚੇ ਹੁਣ ਸਤਿ ਸ੍ਰੀ ਅਕਾਲ ਨਹੀਂ ਕਹਿੰਦੇ ਸ਼ਾਇਰ ਨਵੇਂ ਸਮੇਂ ਅਨੁਸਾਰ ਬਦਲਾਅ ਵਿਚ ਬਦਲਦਾ ਬਦਲਦਾ ਦੁਖੀ ਵੀ ਹੈ, ਪਰ ਆਪਣੀ ਬੇਵੱਸੀ ਵੀ ਜ਼ਾਹਿਰ ਕਰਦਾ ਹੈ। ਉਹ ਸਮਝਦਾ ਹੈ ਕਿ ਮਨੁੱਖ ਆਪਣੇ ਫ਼ਰਜ਼ਾਂ ਨੂੰ ਭੁਲਾ ਚੁੱਕਿਆ ਹੈ: ਫੋਨ ਖੜਕਦਾ ਹੈ- ‘ਕਹਿ ਦਿਓ ਘਰ ਨਹੀਂ ਹਾਂ’ ਕਹਿੰਦਿਆਂ ਹੁਣ ਬੱਚਿਆਂ ਤੋਂ ਵੀ ਸ਼ਰਮ ਨਹੀਂ ਆਉਂਦੀ ਮੈਨੂੰ। ਔਰਤ ਪ੍ਰਤੀ ਉਹ ਸ਼ਰਧਾਵਾਨ ਹੈ। ਭਾਵੇਂ ਅਜੋਕੇ ਮਨੁੱਖ ਨੂੰ ਧਾਰਮਿਕ ਕੱਟੜਤਾ, ਦਹਿਸ਼ਤਗਰਦੀ ਅਤੇ ਉਪਭੋਗਤਾ ਨੇ ਅਜੀਬ ਸਥਿਤੀ ਵਿਚ ਹੈਰਾਨ ਕਰ ਦਿੱਤਾ ਹੈ। ਭਾਵੇਂ ਬਦਲਾਓ ਕਾਰਨ ਉਹ ਆਪਣੀ ਮਹਿਬੂਬਾ, ਆਪਣੀ ਮੁਹੱਬਤ, ਆਪਣੀ ਦੋਸਤੀ, ਆਪਣੀ ਮਿੱਤਰਤਾ, ਆਪਣੇ ਸਭਿਆਚਾਰ ਅਤੇ ਆਪਣੀ ਭਾਸ਼ਾ ਤੋਂ ਦੂਰ ਹੁੰਦਾ ਜਾ ਰਿਹਾ ਹੈ। ਸ਼ਾਇਰ ਨੂੰ ਇਸ ਗੱਲ ਦਾ ਅਫ਼ਸੋਸ ਹੈ, ਗ਼ਮ ਹੈ। ਉਹ ‘ਲਹੂ ਦੇ ਲਫ਼ਜ਼’ ਕਾਵਿ ਸੰਗ੍ਰਹਿ ਵਿਚ ਵੱਡੀਆਂ ਕਵਿਤਾਵਾਂ ਦੇ ਨਾਲ ਨਾਲ ਛੋਟੀਆਂ ਕਵਿਤਾਵਾਂ ਵੀ ਲਿਖਦਾ ਹੈ ਜੋ ਕੁਝ ਅਣਕਿਹਾ ਕਹਿੰਦੀਆਂ ਹਨ। ਅਸੀਂ ਰੋਂਦੇ ਗੁਲਾਬ ਹਾਂ- ਸ਼ਾਇਦ! ਜਿਨ੍ਹਾਂ ਨੂੰ ਕੰਡਿਆਂ ਦੀ ਦਹਿਸ਼ਤ ਨੇ ਖਿੜਨ ਦਾ ਸਲੀਕਾ ਤਾਂ ਦਿੱਤਾ- ਪਰ ਆਪਣੀ ਖ਼ੁਸ਼ਬੂ ਨੂੰ ਸੁੰਘਣ ਦੀ ਸ਼ਕਤੀ ਨਾ ਦਿੱਤੀ। ‘ਲਹੂ ਦੇ ਲਫ਼ਜ਼ਾਂ’ ਕਾਵਿ ਸੰਗ੍ਰਹਿ ਵਿਚਲੀ ਸ਼ਾਇਰ ਦੀ ਸ਼ਾਇਰੀ ਅੰਤਰਮੁਖੀ ਜਿਹੀ ਹੈ। ਉਹ ਖੁਸ਼ਕ ਸ਼ਾਇਰੀ ਕਰਦਾ ਹੈ, ਪਰ ਰੁਮਾਂਚਿਕਤਾ ਜਾਰੀ ਰਹਿੰਦੀ ਹੈ। ਕਈ ਥਾਈਂ ਸ਼ਬਦ-ਚਿਹਨ ਇਕ ਵੱਖਰੀ ਜਿਹੀ ਕਾਵਿਕ-ਵਾਰਤਕ ਚਿਤਰ ਜਾਂਦੇ ਹਨ। ਇਸ ਵਿਚ ਕੋਈ ਸ਼ੱਕ ਨਹੀਂ ਕਿ ਸ਼ਾਇਰੀ ਵਿਚ ਪਿਆਰ, ਮੁਹੱਬਤ, ਮੋਹ, ਚਾਹਤ ਦੀ ਘਾਟ ਹੈ, ਪਰ ਉਸ ਕੋਲ ਚਿੰਤਨੀ ਵਿਚਾਰਧਾਰਕ ਚੇਤਨਾ ਹੈ ਜੋ ਕਵਿਤਾ ਦਾ ਮੂਲ ਮਨੋਰਥ ਨਿਰਧਾਰਤ ਕਰ ਜਾਂਦੀ ਹੈ। ਉਸ ਦੀ ਸ਼ਾਇਰੀ ਨੂੰ ਵਖਰਿਆਉਣ ਦਾ ਪ੍ਰਗਟਾਵਾ ਅਸੀਂ ਇਉਂ ਕਰ ਸਕਦੇ ਹਾਂ: ਉਸ ਦੀ ਸ਼ਾਇਰੀ ਵਿਚਲੇ ਚਿੰਤਨ-ਬੋਧ ਜਾਣੀ ਸੋਚ-ਵਿਚਾਰ ਅੰਦਰ ਵੱਲ ਨੂੰ ਤੁਰਦੇ ਇਕ ਬੰਦਿਸ਼ ਵਿਚ ਰਹਿੰਦੇ ਨਿਸ਼ਚਿਤ ਸ਼ਬਦਾਂ ਵਿਚ, ਨਿਸ਼ਚਿਤ ਢੰਗ ਨਾਲ, ਪ੍ਰਸਤੁਤ ਹੁੰਦੇ ਹਨ। ਇਉਂ ਸ਼ਾਇਰ ਲਖਵਿੰਦਰ ਜੌਹਲ ਦੀ ਸ਼ਾਇਰੀ ਦਾ ਰੂਪ ਨਿਖਰਦਾ ਹੈ ਜੋ ‘ਲਹੂ ਦੇ ਲਫ਼ਜ਼’ ਕਾਵਿ ਸੰਗ੍ਰਹਿ ਦਾ ਪ੍ਰਤਿਰੂਪ ਬਣਦਾ ਹੈ। ਲਹੂ ਦੇ ਲਫ਼ਜ਼ ਗੌਲਣਯੋਗ, ਪੜ੍ਹਨਯੋਗ ਪੁਸਤਕ ਹੈ।

ਸੰਪਰਕ: 98556-06432

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All