ਲਾਹੌਰ-ਫ਼ਿਰੋਜ਼ਪੁਰ ਰੋਡ ਬਣਾਉਣ ਵਾਲਾ ਫ਼ੌਜੀ ਅਫ਼ਸਰ

ਲਾਹੌਰ ਦੀ ਫ਼ਿਰੋਜ਼ਪੁਰ ਰੋਡ ਦੇ ਨਿਰਮਾਣ ਦੀ ਕਹਾਣੀ ਬੜੀ ਦਿਲਚਸਪ ਹੈ। ਇਹ ਸੜਕ ਲਾਹੌਰ ਤੋਂ ਕਸੂਰ ਹੁੰਦਿਆਂ ਫ਼ਿਰੋਜ਼ਪੁਰ ਜਾਂਦੀ ਹੈ।

ਮਜੀਦ ਸ਼ੇਖ਼ ਇਤਿਹਾਸ

ਹਡਸਨ (ਕੇਂਦਰ) ਆਪਣੇ ਫ਼ੌਜੀ ਸਾਥੀਆਂ ਨਾਲ।

ਜਦੋਂ ਅੰਗਰੇਜ਼ਾਂ ਨੇ ਲਾਹੌਰ ਉੱਤੇ ਕਬਜ਼ਾ ਕੀਤਾ ਤਾਂ ਇਸ ਸ਼ਹਿਰ ਨੂੰ ਬਾਕੀ ਹਿੰਦੋਸਤਾਨ ਨਾਲ ਜੋੜਨ ਵਾਲਾ ਇਕੋ ਇਕ ਰਸਤਾ ਸ਼ੇਰ ਸ਼ਾਹ ਸੂਰੀ ਦਾ ਗਰੈਂਡ ਟਰੰਕ (ਜੀਟੀ) ਰੋਡ ਹੀ ਸੀ। ਅੰਮ੍ਰਿਤਸਰ ਵਾਲੇ ਪਾਸਿਉਂ ਆਉਂਦੀ ਇਹ ਸੜਕ ਮਹਿਜ਼ ਲਾਹੌਰ ਕਿਲ੍ਹੇ ਵਾਲੇ ਪਾਸੇ ਨੂੰ ਵਲ਼ਦੀ ਹੋਈ ਗੁੱਜਰਾਂਵਾਲਾ ਵੱਲ ਲੰਘਦੀ ਅਤੇ ਅੱਗੇ ਪਿਸ਼ਾਵਰ ਤੱਕ ਪੁੱਜਦੀ। ਭਾਵੇਂ ਸਮੁੱਚੇ ਪੰਜਾਬ ਉੱਤੇ ਅੰਗਰੇਜ਼ਾਂ ਦਾ ਕਬਜ਼ਾ ਮਾਰਚ 1849 ਵਿਚ ਹੋਇਆ, ਪਰ ਉਹ ਲਾਹੌਰ ਤੇ ਇਸ ਦੇ ਕਿਲ੍ਹੇ ਉੱਤੇ 1848 ਵਿਚ ਹੀ ਕਾਬਜ਼ ਹੋਣ ’ਚ ਸਫ਼ਲ ਰਹੇ। ਇਹੋ ਕਾਰਨ ਹੈ ਕਿ ਮੌਜੂਦਾ ਲਾਹੌਰ ਕੈਂਟੋਨਮੈਂਟ (ਛਾਉਣੀ) ਮੀਆਂ ਮੀਰ ਵਿਖੇ ਸਥਿਤ ਹੈ। ਇਹ ਉਹੋ ਥਾਂ ਹੈ ਜਿੱਥੇ ਅੰਗਰੇਜ਼ਾਂ ਨੇ ਲਾਹੌਰ ’ਤੇ ਕਬਜ਼ਾ ਕਰਨ ਤੋਂ ਪਹਿਲਾਂ ਪੜਾਅ ਕੀਤਾ ਸੀ। ਉਦੋਂ ਪੰਜਾਬ ਭਾਵ ਮਹਾਰਾਜਾ ਰਣਜੀਤ ਸਿੰਘ ਦੇ ਸਿੱਖ ਰਾਜ ਦੀ ਸਰਹੱਦ ਸਤਲੁਜ ਤੋਂ ਸ਼ੁਰੂ ਹੁੰਦੀ ਸੀ। ਅੰਗਰੇਜ਼ ਇਸ ਖ਼ਿੱਤੇ ਨੂੰ ਕਿਸੇ ਵੀ ਇਕਪਾਸੜ ਹਿੱਲਜੁਲ ਲਈ ਅਹਿਮ ਮੰਨਦੇ ਸਨ ਜਿਸ ਕਾਰਨ ਇਨ੍ਹਾਂ ਦੀ ਫ਼ੌਜ ਨੇ ਅਖ਼ੀਰ ਪੰਜਾਬ ਨੂੰ ਆਪਣੇ ਇਲਾਕੇ ਵਿਚ ਮਿਲਾ ਲਿਆ। ਕਰਨਲ ਹੈਨਰੀ ਐਮ. ਲਾਰੈਂਸ ਉਹ ਵਿਅਕਤੀ ਸੀ ਜਿਸ ਨੇ ਬੁਰੀ ਤਰ੍ਹਾਂ ਨਾਕਾਮ ਹੋਈ ਆਜ਼ਾਦੀ ਦੀ ਪਹਿਲੀ ਜੰਗ, ਜਿਵੇਂ ਅਸੀਂ ਹੁਣ ਇਸ ਨੂੰ ਸੱਦਦੇ ਹਾਂ, ਦੌਰਾਨ ਕੋਰ ਆਫ਼ ਗਾਈਡਜ਼ ਨੂੰ ਮੁੜ ਗਠਿਤ ਕੀਤਾ। ਉਸ ਨੇ ਹਡਸਨ, ਜੋ ਉਸ ਸਮੇਂ ਲੈਫ਼ਟੀਨੈਂਟ ਸੀ, ਨੂੰ ਸੱਦਿਆ ਤੇ ਕਿਹਾ ਕਿ ਸਾਨੂੰ ਫ਼ੌਰੀ ਕਸੂਰ (ਜਾਂ ਅੰਗਰੇਜ਼ਾਂ ਦੇ ਕਹਿਣ ਮੁਤਾਬਿਕ ਕਾਸੂਰ ਕੈਂਪ) ਤੱਕ ਅਤੇ ਉਸ ਤੋਂ ਵੀ ਅਗਾਂਹ ਸਤਲੁਜ ਤੱਕ ਵਧੀਆ ਸੜਕ ਬਣਾਉਣ ਦੀ ਲੋੜ ਹੈ। ਲਾਰੈਂਸ ਨੇ ਉਸ ਨੂੰ ਕਿਹਾ, ‘‘ਹਡਸਨ, ਮੈਂ ਇਸ ਗੱਲ ’ਤੇ ਸਹਿਮਤ ਹਾਂ ਕਿ ਤੁਸੀਂ ਫ਼ਿਰੋਜ਼ਪੁਰ ਤੱਕ ਸੜਕ ਉਸਾਰੀ ਦਾ ਕੰਮ ਆਪਣੇ ਹੱਥ ਲਵੋ। ਤੁਸੀਂ ਇਹ ਕੰਮ ਇਕ ਜਾਂ ਦੋ ਦਿਨਾਂ ਵਿਚ ਸ਼ੁਰੂ ਕਰ ਕੇ ਛੇਤੀ ਤੋਂ ਛੇਤੀ ਮੁਕੰਮਲ ਕਰੋ।’’ ਬੱਸ ਫ਼ਿਰੋਜ਼ਪੁਰ ਰੋਡ ਦੀ ਉਸਾਰੀ ਲਈ ਉਸ ਨੂੰ ਇੰਨੀ ਕੁ ਹੀ ਜਾਣਕਾਰੀ ਦਿੱਤੀ ਗਈ ਸੀ। ਹਡਸਨ ਨੇ ਜੰਗੀ ਮੁਹਿੰਮਾਂ ਵਿਚ ਆਪਣਾ ਵਧੀਆ ਨਾਂ ਬਣਾਇਆ ਹੋਇਆ ਸੀ। ਉਸ ਨੇ ਹਡਸਨਜ਼ ਹੌਰਸ ਨਾਮੀ ਆਪਣੀ ਘੋੜਸਵਾਰ ਰੈਜੀਮੈਂਟ ਤਿਆਰ ਕੀਤੀ ਸੀ ਜਿਸ ਨੇ ਦਿੱਲੀ ਕਿਲ੍ਹੇ ਉੱਤੇ ਕਬਜ਼ਾ ਕਰ ਕੇ 1857 ਦੀ ਬਗ਼ਾਵਤ ਦਾ ਖ਼ਾਤਮਾ ਕੀਤਾ। ਹਡਸਨ ਨੇ ਆਪਣੇ ਪੰਜਾਬੀ ਗਾਈਡਜ਼ ਨਾਲ ਮਿਲ ਕੇ ਹਮਾਯੂੰ ਦੇ ਮਕਬਰੇ ਤੋਂ ਬਹਾਦਰ ਸ਼ਾਹ ਜ਼ਫ਼ਰ, ਉਸ ਦੇ ਦੋ ਪੁੱਤਰਾਂ ਤੇ ਪੋਤਰੇ ਅਬੂ ਬਖ਼ਤ ਨੂੰ ਗ੍ਰਿਫ਼ਤਾਰ ਕੀਤਾ। ਵਾਅਦੇ ਮੁਤਾਬਿਕ ਉਸ ਨੇ ਬਾਦਸ਼ਾਹ ਦੀ ਜਾਨ ਬਖ਼ਸ਼ ਦਿੱਤੀ, ਪਰ ਜਾਣਬੁੱਝ ਕੇ ਉਸ ਦੇ ਦੋਵਾਂ ਪੁੱਤਰਾਂ ਤੇ ਪੋਤਰੇ ਨੂੰ ਗੋਲੀਆਂ ਮਾਰ ਕੇ ਹਲਾਕ ਕਰ ਦਿੱਤਾ ਤੇ ਉਨ੍ਹਾਂ ਦੀਆਂ ਲਾਸ਼ਾਂ ਨੂੰ ਪੂਰਾ ਇਕ ਦਿਨ ਕੋਤਵਾਲੀ ਦੇ ਬਾਹਰ ‘ਚਬੂਤਰੇ’ ’ਤੇ ਪਈਆਂ ਰਹਿਣ ਦਿੱਤਾ। ਉਸ ਨੇ ਬਾਅਦ ਵਿਚ ਲਿਖਿਆ ਕਿ ਉਹ ਗਿਣਮਿਥ ਕੇ ਤੈਮੂਰ ਦੇ ਘਰ (ਤੈਮੂਰ, ਮੁਗ਼ਲ ਖ਼ਾਨਦਾਨ ਦਾ ਵਡੇਰਾ ਸੀ। ਮੁਗ਼ਲ ਆਪਣੇ ਆਪ ਨੂੰ ਤੈਮੂਰ ਦੇ ਵੰਸ਼ਜ ਅਖਵਾਉਂਦੇ ਸਨ ਤੇ ਆਪਣੀਆਂ ਰਗ਼ਾਂ ਵਿਚ ਦੌੜਦੇ ਤੈਮੂਰੀ ਲਹੂ ’ਤੇ ਮਾਣ ਕਰਦੇ ਸਨ) ਨੂੰ ਨਰਕ ਬਣਾ ਦੇਣਾ ਚਾਹੁੰਦਾ ਸੀ।

ਮਜੀਦ ਸ਼ੇਖ਼

ਲਾਹੌਰ ਡਿਫੈਂਸ ਵੱਲ ਜਾਂਦਿਆਂ ਗੁਲਬਰਗ ਤੋਂ ਆ ਰਹੀ ਸੜਕ ਵੱਲ ਮੁੜੀਏ ਤਾਂ ਐਨ ਖੱਬੇ ਕੋਨੇ ’ਤੇ ਪੁਰਾਣਾ ਹਡਸਨਜ਼ ਹੌਰਸ ਹੈ ਜੋ ਹਾਲੇ ਵੀ ਉੱਥੇ ਹੀ ਹੈ। ਇਹ ਬਰ-ਏ-ਸਗ਼ੀਰ (ਉਪ ਮਹਾਂਦੀਪ) ਦੇ ਇਤਿਹਾਸ ਦਾ ਇਕ ਨਿਵੇਕਲਾ ਹਿੱਸਾ ਹੈ, ਪਰ ਅਸੀਂ ਕਦੇ ਵੀ ਇਸ ਬਾਰੇ ਆਪਣੇ ਬੱਚਿਆਂ ਨੂੰ ਦੱਸਣ ਦੀ ਲੋੜ ਨਹੀਂ ਸਮਝੀ। ਸੜਕ ਦੀ ਸ਼ੁਰੂਆਤ ਮੋਜ਼ਾਂਗ ਸ਼ਹਿਰ ਦੇ ਐਨ ਬਾਹਰਵਾਰ ਸਥਿਤ ‘ਚੁੰਗੀ’ ਤੋਂ ਕਰਨ ਦੀ ਯੋਜਨਾ ਸੀ। ਮੋਜ਼ਾਂਗ ਉਦੋਂ ਲਾਹੌਰ ਦੇ ਬਾਹਰਵਾਰ ਇਕ ਛੋਟਾ ਜਿਹਾ ਪਿੰਡ ਹੁੰਦਾ ਸੀ। ਸੜਕ ਨੂੰ ਮੂਲ ਤੌਰ ’ਤੇ ਕਸੂਰ ਕੋਲੋਂ ਲੰਘਾਉਣ ਦਾ ਇਰਾਦਾ ਸੀ ਕਿਉਂਕਿ ਇਹ ਸ਼ਹਿਰ ਉਦੋਂ ਪਠਾਣਾਂ ਦਾ ਮਜ਼ਬੂਤ ਗੜ੍ਹ ਸੀ ਜੋ ਅੰਗਰੇਜ਼ਾਂ ਦਾ ਵਿਰੋਧ ਕਰ ਰਹੇ ਸਨ। ਅੱਗੇ ਸੜਕ ਨੇ ਫ਼ਿਰੋਜ਼ਪੁਰ ਪੁੱਜਣਾ ਸੀ। ਹਡਸਨ ਅਣਥੱਕ ਘੋੜਸਵਾਰ ਸੀ। ਉਸ ਲਈ ਇਕ ਦਿਨ ਵਿਚ 70 ਮੀਲ ਤੱਕ ਘੋੜਸਵਾਰੀ ਕਰਨਾ ਆਮ ਗੱਲ ਸੀ। ਦੱਸਿਆ ਜਾਂਦਾ ਹੈ ਕਿ ਉਸ ਨੇ ਚੀਨੀ ਸਰਹੱਦ ਤੋਂ ਲੈ ਕੇ ਕਸ਼ਮੀਰ ਅਤੇ ਕਾਬੁਲ ਤੋਂ ਲੈ ਕੇ ਕਲਕੱਤਾ ਤੱਕ ਘੋੜਸਵਾਰੀ ਕੀਤੀ ਹੋਈ ਸੀ। ਇਕ ਕਿਤਾਬ ਵਿਚ ਕਿਹਾ ਗਿਆ ਹੈ ਕਿ ਅੰਗਰੇਜ਼ਾਂ ਦੇ ਭਾਰਤ ਵਿਚ 150 ਸਾਲਾ ਇਤਿਹਾਸ ’ਚ ਹਡਸਨ ਨੇ ਕਿਸੇ ਵੀ ਹੋਰ ਅੰਗਰੇਜ਼ ਨਾਲੋਂ ਵੱਧ ਘੋੜਸਵਾਰੀ ਕੀਤੀ ਸੀ। ਇਸ ਤਰ੍ਹਾਂ ਹਡਸਨ ਮੋਜ਼ਾਂਗ ਤੋਂ ਫ਼ਿਰੋਜ਼ਪੁਰ ਤੱਕ ਸੜਕ ਦਾ ਸਰਵੇਖਣ ਕਰਨ ਚੱਲ ਪਿਆ ਅਤੇ ਇਹ ਸ਼ਾਨਦਾਰ ਘੋੜਸਵਾਰ ਸੜਕ ਦੀ ਉਸਾਰੀ ਕਰਨ ਵਾਲਾ ਵੀ ਬਣ ਗਿਆ। ਨਾਲ ਹੀ ਉਸ ਨੇ ਦੂਰਬੀਨ, ਗੰਟਰ ਦੀਆਂ ਚੇਨਾਂ, ਕੰਪਾਸ, ਥਿਓਡੋਲਾਈਟ (ਖੜ੍ਹਵੇਂ ਤੇ ਲੇਟਵੇਂ ਕੋਣਾਂ ਨੂੰ ਮਾਪਣ ਵਾਲਾ ਸਰਵੇਖਣ ਯੰਤਰ) ਅਤੇ ਹੋਰ ਬਹੁਤ ਕਾਸੇ ਦਾ ਰੂਪ ਧਾਰਿਆ। ਸੜਕ ਨਿਰਮਾਣ ਦਾ ਉਸ ਦਾ ਤਰੀਕਾ ਬੜਾ ਨਿਵੇਕਲਾ ਸੀ, ਅਥਾਰਿਟੀ ਤੇ ਧੁਰ ਹੇਠਲੀ ਜਮਹੂਰੀਅਤ ਦਾ ਸ਼ਾਨਦਾਰ ਸੁਮੇਲ। ਬਾਅਦ ਵਿਚ ਉਸ ਨੇ ਲਿਖਿਆ ਕਿ ਸੜਕ ਨਿਰਮਾਣ ਦੇ ਕੰਮ ਦੀ ਰਫ਼ਤਾਰ ਇਸ ਤੱਥ ਕਾਰਨ ਵਧੀਆ ਬਣੀ ਰਹੀ ਕਿ ਹਰ ਕਿਸੇ ਨੂੰ ਵਾਜਬ ਉਜਰਤ ਮਿਲੀ ਅਤੇ ਸਭ ਨੇ ਆਪਣੇ ਕੰਮ ਦਾ ਬਣਦਾ ਯੋਗਦਾਨ ਪਾਇਆ। ਉਸ ਦੇ ਤਰੀਕੇ ਦਾ ਅਧਿਐਨ ਕਰਨਾ ਲਾਹੇਵੰਦ ਹੋ ਸਕਦਾ ਹੈ। ਲੈਫ਼ਟੀਨੈਂਟ ਹਡਸਨ ਨੇ ਦੋ ਦਿਨਾਂ ਦੌਰਾਨ ਹੀ ਲਾਹੌਰ ਤੋਂ ਫ਼ਿਰੋਜ਼ਪੁਰ ਦਰਮਿਆਨ ਘੋੜੇ ’ਤੇ ਸਵਾਰ ਹੋ ਕੇ ਦੋ ਗੇੜੇ ਲਾਏ ਅਤੇ ਰਾਹ ’ਚ ਪੈਂਦੇ ਸਾਰੇ ਸਰਪੰਚਾਂ ਨਾਲ ਮੁਲਾਕਾਤਾਂ ਕੀਤੀਆਂ। ਉਸ ਨੇ ਸਰਪੰਚਾਂ ਨੂੰ ਸਾਫ਼ ਕਰ ਦਿੱਤਾ ਕਿ ਸੜਕ ਉਸਾਰੀ ਲਈ ਮਜ਼ਦੂਰ ਮੁਹੱਈਆ ਕਰਾਉਣਾ ਉਨ੍ਹਾਂ ਦੀ ਜ਼ਿੰਮੇਵਾਰੀ ਹੋਵੇਗੀ। ਉਸ ਨੇ ਉਨ੍ਹਾਂ ਤੋਂ ਮਜ਼ਦੂਰਾਂ ਦੀ ਬਣਦੀ ਵਾਜਬ ਮਜ਼ਦੂਰੀ ਬਾਰੇ ਵੀ ਪਤਾ ਕੀਤਾ। ਕਈ ਬਹਿਸਾਂ ਤੇ ਦਲੀਲਬਾਜ਼ੀਆਂ ਤੋਂ ਬਾਅਦ ਆਖ਼ਰ ਸਹਿਮਤੀ ਬਣ ਗਈ ਅਤੇ ਸੜਕ ਉਸਾਰੀ ਦਾ ਕੰਮ ਸ਼ੁਰੂ ਹੋ ਗਿਆ। ਅੰਗਰੇਜ਼ਾਂ ਤੋਂ ਪਹਿਲੀ ਸਿੱਖ ਹਕੂਮਤ ਦੌਰਾਨ ਸਰਦਾਰ ਲੋਕ ਪੇਂਡੂ ਗ਼ਰੀਬਾਂ ਨਾਲ ਬਹੁਤ ਹੀ ਬੇਰਹਿਮ ਤੇ ਵਹਿਸ਼ੀ ਢੰਗ ਨਾਲ ਪੇਸ਼ ਆਉਂਦੇ ਜਦੋਂਕਿ ਹਡਸਨ ਦਾ ਤਰੀਕਾ ਇਸ ਤੋਂ ਬਿਲਕੁਲ ਹੀ ਉਲਟ ਸੀ। ਇਹ ਗੱਲ ਗ਼ਰੀਬਾਂ ਨੂੰ ਬੜੀ ਪਸੰਦ ਆਈ ਤੇ ਉਨ੍ਹਾਂ ਤਨੋਂ-ਮਨੋਂ ਨਿੱਠ ਕੇ ਕੰਮ ਕੀਤਾ। ਬਿਹਤਰੀਨ ਰਸਤਾ ਲੱਭਣ ਲਈ ਉਹ ਰਾਤਾਂ ਨੂੰ ਅੱਗ ਬਾਲ਼ਦਾ ਅਤੇ ਸੜਕ ਉੱਤੇ ਘੁਮਾਓਦਾਰ ਰਸਤਿਆਂ ਦਾ ਪਤਾ ਲਾਉਂਦਾ। ਉਸ ਲਈ ਇਹ ਇਕ ਤਰ੍ਹਾਂ ਦੀ ਕਲਾਕਾਰੀ ਸੀ। ਸਮਝਿਆ ਜਾਂਦਾ ਹੈ ਕਿ ਹਡਸਨ ਨੇ ਲਗਾਤਾਰ ਗਰਮੀਆਂ ਦੇ ਤਿੰਨ ਮਹੀਨਿਆਂ ਦੌਰਾਨ ਰੋਜ਼ਾਨਾ ਘੱਟੋ-ਘੱਟ ਇਕ ਵਾਰ ਇਸ ਪੂਰੇ ਰੂਟ ’ਤੇ ਘੋੜਸਵਾਰੀ ਕੀਤੀ। ਇਹ ਸਿਰੜੀ ਅੰਗਰੇਜ਼ ਰੋਜ਼ਾਨਾ ਮੋਜ਼ਾਂਗ ਤੋਂ ਪਹਿਲਾਂ ਕਸੂਰ ਤੇ ਫਿਰ ਅਗਾਂਹ ਫ਼ਿਰੋਜ਼ਪੁਰ ਤੱਕ ਜਾਂਦਾ ਅਤੇ ਉਸੇ ਰਾਤ ਪਰਤ ਵੀ ਆਉਂਦਾ। ਉਸ ਲਈ ਕੰਮ ਕਰਨ ਵਾਲੇ ਪੰਜਾਬੀ ਮਜ਼ਦੂਰ ਵੀ ਘੱਟ ਸਿਰੜੀ ਨਹੀਂ ਸਨ। ਉਹ ਇਸ ਗੱਲੋਂ ਖ਼ੁਸ਼ ਸਨ ਕਿ ਉਨ੍ਹਾਂ ਨੂੰ ਨਿੱਤ ਦੇ ਨਿੱਤ ਵਾਜਬ ਦਿਹਾੜੀ ਅਦਾ ਕਰ ਦਿੱਤੀ ਜਾਂਦੀ ਅਤੇ ਨਾਲ ਹੀ ਵਧੀਆ ਖਾਣਾ ਵੀ ਮਿਲਦਾ। ਇਹ ਸੜਕ ਤਿੰਨ ਮਹੀਨੇ ਤੇ 21 ਦਿਨਾਂ ਵਿਚ ਬਣ ਕੇ ਤਿਆਰ ਹੋ ਗਈ ਜੋ ਆਧੁਨਿਕ ਇੰਜਨੀਅਰਿੰਗ ਮਿਆਰਾਂ ਮੁਤਾਬਿਕ ਵੀ ਇਕ ਕ੍ਰਿਸ਼ਮਾ ਸੀ। ਉਸ ਦਾ ਤਰੀਕਾ ਬੜਾ ਤਰਕਸੰਗਤ ਤੇ ਜ਼ਮੀਨ ਦੀ ਪੂਰੀ ਗਣਨਾ ਉੱਤੇ ਆਧਾਰਿਤ ਸੀ। ਉਸ ਨੇ ਸਮੁੱਚੀ ਸੜਕ ਨੂੰ 40 ਹਿੱਸਿਆਂ ਵਿਚ ਵੰਡ ਲਿਆ ਅਤੇ ਹਰੇਕ ਹਿੱਸੇ ਲਈ ‘ਸਰਪੰਚਾਂ’ ਨੂੰ ਕਰੀਬ 700 ਕਾਬਲ ਮਜ਼ਦੂਰ ਮੁਹੱਈਆ ਕਰਾਉਣ ਲਈ ਕਿਹਾ ਜਿਹੜੇ ਘੱਟੋ-ਘੱਟ 12 ਘੰਟੇ ਰੋਜ਼ਾਨਾ ਕੰਮ ਕਰਨ। ਹਰੇਕ ਜ਼ਿਲ੍ਹੇ ਨੂੰ ਇਸ ਗੱਲ ਦੀ ਤਫ਼ਸੀਲ ਨਾਲ ਜਾਣਕਾਰੀ ਦਿੱਤੀ ਗਈ ਕਿ ਸੜਕ ਕਿੱਥੋਂ ਬਣੇਗੀ। ਹਡਸਨ ਰੋਜ਼ਾਨਾ ਹਰੇਕ ਜ਼ਿਲ੍ਹੇ ਵਿਚ ਕੰਮ ਦਾ ਮੁਆਇਨਾ ਕਰਦਾ। ਉਸ ਨੂੰ ਘੋੜੇ ਦੀ ਪਿੱਠ ’ਤੇ ਲੰਬੀਆਂ ਵਾਟਾਂ ਮਾਰਨ ਦੀ ਆਪਣੀ ਸਮਰੱਥਾ ਦਾ ਬਹੁਤ ਫ਼ਾਇਦਾ ਮਿਲਿਆ। ਇਸੇ ਸਮਰੱਥਾ ਨੇ ਉਸ ਨੂੰ 1857 ਦੇ ਗ਼ਦਰ ਦੌਰਾਨ ਜੇਤੂ ਬਣਾਇਆ। ਸੜਕ ਮੁਕੰਮਲ ਹੋ ਜਾਣ ਤੋਂ ਬਾਅਦ ਉਹ ਸੜਕ ਉਸਾਰੀ ਦੀ ਇਸ ਖਲਜਗਣ ਤੋਂ ਖ਼ੁਸ਼ੀ-ਖ਼ੁਸ਼ੀ ਲਾਂਭੇ ਹੋ ਗਿਆ ਅਤੇ ਮੁੜ ਆਪਣੀ ਫ਼ੌਜੀ ਦੁਨੀਆਂ ਵਿਚ ਪਰਤ ਗਿਆ। ਜੇ ਅਸੀਂ ਆਪਣੀਆਂ ਮੋਟਰ-ਗੱਡੀਆਂ ਲਈ ਆਪ ਸਥਾਨਕ ਮਜ਼ਦੂਰਾਂ, ਸਥਾਨਕ ਇੰਜਨੀਅਰਾਂ ਤੇ ਠੇਕੇਦਾਰਾਂ ਅਤੇ ਸਥਾਨਕ ਸਮੱਗਰੀ ਨਾਲ ਸੜਕਾਂ ਬਣਾਉਣੀਆਂ ਹੋਣ ਤਾਂ ਯਕੀਨਨ ਇਹ ਕੰਮ ਕੀਤਾ ਜਾ ਸਕਦਾ ਹੈ ਤੇ ਉਹ ਵੀ ਬਹੁਤ ਛੇਤੀ। ਘੱਟੋ-ਘੱਟ ਹਡਸਨ ਦਾ ਤਜਰਬਾ ਤਾਂ ਸਾਨੂੰ ਇਹੋ ਦੱਸਦਾ ਹੈ ਜੋ 1949 ਦੇ ਇਨਕਲਾਬ ਤੋਂ ਬਾਅਦ ਚੀਨੀਆਂ ਦਾ ਤਰੀਕਾ ਵੀ ਰਿਹਾ। ਪਰ ਇਹ ਕੰਮ ਕਰਨ ਵਾਲੇ ਦਾ ਸਿਰੜੀ ਹੋਣਾ ਬਹੁਤ ਜ਼ਰੂਰੀ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All