ਲਾਲੀ

ਪੰਨੇ: 130, ਮੁੱਲ: 350 ਰੁਪਏ ਪ੍ਰਕਾਸ਼ਕ: ਅਸਥੈਟਿਕਸ ਪਬਲੀਕੇਸ਼ਨਜ਼, ਲੁਧਿਆਣਾ ਲਾਲੀ ਇਕ ਸੁੰਦਰ ਦਿੱਖ ਵਾਲੀ ਕਿਤਾਬ ਹੈ ਜਿਸ ਨੂੰ ਨਵਤੇਜ ਭਾਰਤੀ ਨੇ ਸ਼ਬਦਾਂ ਨਾਲ ਤੇ ਚਿੱਤਰਕਾਰ ਸਿਧਾਰਥ ਨੇ ਰੇਖਾਵਾਂ ਵਿਚ ਲਿਖਿਆ ਹੈ। ਸਿਧਾਰਥ ਦੀਆਂ ਰੇਖਾਂਵਾਂ ਤੇ ਰੰਗਾਂ ਦੀ ਤਰਲਤਾ ਵਿਚ ਕਵਿਤਾ ਰੂਪਮਾਨ ਹੁੰਦੀ ਹੈ। ਭਾਰਤੀ ਦੀ ਕਵਿਤਾ ਵਿਚ ਕਿਤੇ ਕਿਤੇ ਵਾਰਤਕ। ਕਿਤਾਬ ਪਟਿਆਲੇ ਦੇ ਭੂਤਵਾੜੇ ਨੂੰ ਸਮਰਪਤ ਹੈ। ਜਿਹੜਾ ਕਦੀ ਸੀ। ਸਾਹਿਤਕ ਜਗਤ ਦੀ ਮਨੋਸਮਰਿਤੀ ਵਿਚ ਜਿਸਦੇ ਕੁਝ ਇਕ ਮੌਖਿਕ ਅਵਸ਼ੇਸ਼ ਅਜੇ ਵੀ ਬਾਕੀ ਹਨ। ਭਾਰਤੀ ਦਾ ਕਹਿਣਾ ਹੈ ਕਿ ਇਸ ਕਿਤਾਬ ਵਿਚ ਭੂਤਾਂ ਦੇ ਨਾਂ ਤਾਂ ਉਹੀ ਹਨ ਪਰ ਆਪ ਉਹ ਉਸਦੀ ਕਵਿਤਾ ਦੀ ਉਪਜ ਹਨ। ਇਹ ਉਨ੍ਹਾਂ ਦਾ ਨਵਾਂ ਜਨਮ ਹੈ। ਧੁੱਪ ਚੜ੍ਹਦੇ ਚੇਤ ਦੀ ਘਾਹ ਤੇ ਬੈਠੇ ਚਾਹ ਪੀਂਦੇ ਸੱਤ ਜਣੇ ਗੱਲਾਂ ਗੱਲਾਂ ਵਿਚ ਕਥਾ ਆਰੰਭ ਹੋ ਜਾਂਦੀ ਹੈ। ਇਕ ਭੂਤ ਕੋਈ ਕਹਾਣੀ ਸ਼ੁਰੂ ਕਰਦਾ ਹੈ। ਹਰਿੰਦਰ ਮਹਿਬੂਬ ਬਾਰੇ: ਹੋਇਆ ਇਉਂ, ਇਕ ਸਵੇਰ ਹਰਿੰਦਰ ਦੁੱਧ ਲੈਣ ਗਿਆ ਦੋਧੀ ਦੀ ਦੁਕਾਨ ਲੰਘ ਗਿਆ, ਤੇ ਜਾ ਖੜਾ ਹੋਇਆ ਅਪਣੀ ਜਮਾਤਣ ਦੇ ਬੂਹੇ ’ਤੇ, ਸਾਈਕਲ ਦੇ ਹੈਂਡਲ ਨਾਲ ਡੋਲੂ ਲਮਕੇ। ਐਸ ਵੇਲੇ ਇੱਥੇ? ਉਹ ਹੈਰਾਨ ਹੋਈ ਬੋਲੀ। ਮੈਂ ਨਹੀਂ ਸਾਈਕਲ ਆਇਆ ਹੈ। ਡੌਰ ਭੌਰ ਹੋਏ ਉਹਦੇ ਮੂੰਹੋਂ ਨਿਕਲਿਆ। ਸਾਈਕਲ ਫਿਲਾਸਫੀ ਅਤੇ ਚੁਸਤ ਫਿਕਰਿਆਂ ਲਈ ਕੱਚੀ ਸਮੱਗਰੀ ਬਣ ਜਾਂਦਾ ਹੈ। ਗਿਆਨ ਦੇ ਕਸ੍ਰਿਟਲ ਸਾਈਕਲ ਦੁਆਲੇ ਜੁੜਨ ਲਗਦੇ ਹਨ। ਅਮਰਜੀਤ ਕਹਿੰਦਾ ਹੈ: ਮੈਂ ਅੱਖਾਂ ਨਾਲ ਨਹੀਂ ਸਦਾ ਨੱਕ ਨਾਲ ਵੇਖਦਾ ਹਾਂ। ਸੁੰਘਣਾ ਵੀ ਮੈਨੂੰ ਤਾਂ ਜੀ ਬੰਦਨਾ ਹੀ ਲੱਗਦੀ। ਸੁੰਘ ਕੇ ਵੀ ਜਦੋਂ ਮੈਨੂੰ ਸੱਚ ਨਹੀਂ ਆਉਂਦਾ ਕਈ ਵਾਰ ਮੈਥੋਂ ਚੀਜ਼ਾਂ ਉਤੇ ਚੱਕ ਵੱਜ ਜਾਂਦਾ ਹੈ। ਉਹ ਮੈਨੂੰ ਆਖਦੀ ਹੈ ਤੂੰ ਤਾਂ ਮੇਰਾ ਪਸੂ ਹੈਂ, ਨਿਰਾ ਮੇਰਾ ਪਸੂ। ਕਥਾ ਵਿਚ ਰਸ ਪੈਣ ਲੱਗਦਾ ਹੈ। ਇਨ੍ਹਾਂ ਗੱਲਾਂ ਦੁਆਲੇ ਚਿੰਤਨ ਅਤੇ ਮਨ ਜੁੜਨ ਲੱਗਦਾ ਹੈ। ਇਤਿਹਾਸ ਮਿਥਿਹਾਸ ਆ ਦਖਲ ਦਿੰਦੇ ਹਨ। ਲਾਲੀ ਦੀ ਬਹੁ ਵਿਧ ਵਿਆਖਿਆ ਕਥਾ ਵਿਚ ਰਹੱਸ ਭਰ ਦਿੰਦੀ ਹੈ। ਭੂਤਾਂ ਨੂੰ ਭਰਮ ਹੁੰਦਾ ਹੈ: ਯੁੱਧ ਦੇ ਐਨ ਵਿਚਕਾਰ ਸੱਤ ਜਣੇ ਬੈਠੇ ਚਾਹ ਪੀ ਰਹੇ ਹਨ,ਨਵੀਂ ਗੀਤਾ ਉਚਰ ਰਹੇ ਹਨ। ਚਾਹ ਆਈ ਸੀ ਤਾਂ ਹਰਿੰਦਰ ਮਹਿਬੂਬ ਨੇ ਬਚਨ ਕੀਤਾ: ਜਿਵੇਂ ਪੁਜਾਰੀ ਠਾਕੁਰ  ਛੋਹੇ, ਤਿਵੇਂ ਪਿਆਲਾ ਛੋਹੀਏ, ਭਰਿਆ ਪਿਆਲਾ ਪਿੱਛੋਂ ਫੜੀਏ,ਪਹਿਲੋਂ ਖਾਲੀ ਹੋਈਏ। ਚਾਹ ਕੱਪਾਂ ਵਿਚ ਪਾਈ ਜਾਂਦੀ ਹੈ ਤਾਂ ਸਿਧਾਰਥ ਕਹਿੰਦਾ ਹੈ: ਪਿਆਲੇ ਵਿਚ ਚਾਹ ਪਾਉਣਾ ਚਿਤਰ ਬਨਾਉਣਾ ਹੈ, ਦੋਵੇਂ ਧਿਆਨ ਵਿਚੋਂ ਉਪਜਦੇ ਹਨ, ਮੈਂ ਰੇਖਾ ਦੀ ਕਲਾ ਪਿਆਲੇ ਵਿਚ ਪੈਂਦੀ ਚਾਹ ਦੀ ਧਾਰ ਤੋਂ ਸਿੱਖੀ ਹੈ। ਲਾਲੀ ਕਹਿੰਦਾ ਹੈ: ਘਾਹ ’ਤੇ ਬਹਿਣਾ ਹੀ ਨਿਆਮਤ ਹੈ,ਬਸ ਬਹਿਣਾ,ਵੇਖਣਾ ਹਰ ਖਿਣ ਮਿੱਟੀ ਉਗਦੀ,ਸੁੱਚੀ ਹੁੰਦੀ। ਘਾਹ,ਧਰਤੀ ਦੀ ਉਪਨਿਸ਼ਦ ਸਦਾ ਖੁੱਲ੍ਹੀ। ਇਸ ਕਿਤਾਬ ਵਿਚ ਗਿਆਨ ਧਿਆਨ ਹੈ,ਧਰਮ ਅਤੇ ਫਲਸਫਾ ਹੈ,ਕੁਦਰਤ ਦੇ ਭੇਤ ਹਨ,ਫਿਲਮ ਅਤੇ ਮੀਡੀਆ ਬਾਰੇ ਵੀ ਟਿੱਪਣੀਆਂ ਹਨ। ਰਾਜਨੀਤੀ ਬਾਰੇ ਨੂਰ ਕਹਿੰਦਾ ਹੈ: ਲਾਲੀ ਜੀ ਤੁਸੀਂ ਸੂਰਜ ਕੋਲੋਂ ਕਥਾ ਕਹਿਣ ਦਾ ਵਰ ਮੰਗਿਆ ਹੈ,ਪਰ ਕਥਾ ਤਾਂ ਹਰ ਪਲ ਰੇਡੀਓ,ਟੀ ਵੀ, ਫੋਨ ਅਖਬਾਰਾਂ ਕਹਿ ਰਹੀਆਂ ਹਨ, ਕਥਾ ਸਿਆਸਤ ਬਣ ਗਈ ਹੈ,ਜ਼ਰ ਜ਼ੋਰੂ ਜ਼ਮੀਨ ਦੀ ਖਾਤਿਰ ਅੱਜ ਯੁੱਧ ਨਹੀਂ ਹੁੰਦਾ ਸਾਡੀ ਕਲਪਨਾ ਨੂੰ ਵੱਸ ਕਰਨ ਲਈ ਹੁੰਦਾ ਹੈ। ਸੁਰਜੀਤ ਲੀ ਬੋਲਦਾ ਹੈ, ਜਦੋਂ ਅਸੀਂ ਮੀਡੀਆ ਕੋਲੋਂ ਬਾਤਾਂ ਸੁਨਣ ਲੱਗ ਪਏ ਸਾਡੀਆਂ ਦਾਦੀਆਂ ਨਾਨੀਆਂ ਗੁੰਗੀਆਂ ਹੋ ਜਾਣਗੀਆਂ। ਇਕ ਭੂਤ ਦੱਸਦਾ ਹੈ: ਇਕ ਵਾਰ ਮਹਾਤਮਾ ਬੁੱਧ ਬੋਧੀ ਬਿਰਖ ਕੋਲ ਪਰਤ ਕੇ ਗਏ। ਕਹਿੰਦੇ ਰਿਸ਼ੀਵਰ ਤੇਰੇ ਚਰਨਾਂ ’ਚ ਬੈਠ ਮੈਂ ਗੌਤਮ ਤੋਂ ਬੁੱਧ ਹੋਇਆ ਸੀ। ਬੁੱਧ ਹੋ ਕੇ ਲੋਕਾਂ ਤੋਂ ਵਿਜੋਗਿਆ ਗਿਆ ਹਾਂ। ਉਨ੍ਹਾਂ ਵਾਂਗ ਸੰਸਾਰ ਵਿਚ ਲਿਬੜ ਨਹੀਂ ਸਕਦਾ। ਦੱਸੋ, ਮੈਂ ਬੁੱਧ ਤੋਂ ਮੁੜ ਗੌਤਮ ਕਿਵੇਂ ਬਣਾ? ਤੁਸੀਂ ਨਵੇਂ ਪੱਤੇ ਆਉਣ ਤੇ ਜਿਵੇਂ ਪੁਰਾਣੇ ਝਾੜ ਦਿੰਦੇ ਹੋ,ਮੈਂ ਅਪਣੇ ਆਪ ਤੋਂ ਬੁੱਧ ਨੂੰ ਕਿਵੇਂ ਲਾਹਾਂ। ਕਹਿੰਦੇ ਨੇ ਬੋਧੀ ਬਿਰਖ ਚੁੱਪ ਰਿਹਾ। ਥੋੜ੍ਹੇ ਚਿਰ ਪਿੱਛੋਂ ਹਵਾ ਦਾ ਤੇਜ਼ ਬੁੱਲਾ ਆਇਆ ਤੇ ਇਕ ਪੱਤਾ ਟੁੱਟ ਕੇ ਬੁੱਧ ਦੇ ਕਾਸੇ ਵਿਚ ਡਿਗ ਪਿਆ। ਇਸ ਕਿਤਾਬ ਵਿਚ ਪਟਿਆਲਾ ਸ਼ਹਿਰ ਵੀ ਹੈ। ਨਵਤੇਜ ਭਾਰਤੀ ਦਾ ਕਹਿਣਾ ਹੈ ਕਿ ਅਜੇ ਪਟਿਆਲਾ ਵਿਕਾਊ ਨਹੀਂ ਹੋਇਆ,ਅਜੇ ਇਸਦੀਆਂ ਗਲੀਆਂ ਵਿਚ ਲਾਲੀ ਘੁੰਮਦਾ ਹੈ। ਇਹ ਕਵਿਤਾ ਲਾਲੀ ਨੂੰ ਸ਼ਰਧਾਂਜਲੀ ਹੈ ਜਿਹੜਾ ਸਾਰੀ ਉਮਰ ਅਣਕਹੀਆਂ ਕਥਾਵਾਂ ਦਾ ਦੁੱਖ ਦਸਦਾ ਰਿਹਾ ਹੈ। ਲਾਲੀ ਕਹਿੰਦਾ ਹੈ: ਕੱਥਕ ਓਨੀ ਕੁ ਕਥਾ ਕਹਿੰਦਾ ਹੈ ਜਿੰਨਾ ਉਸਦਾ ਵਿਤ ਹੁੰਦਾ ਹੈ।ਛੋਟੇ ਵਿਤ ਵਾਲਾ ਕਥਾ ਤੋਂ ਡਰਕੇ ਚੁੱਪ ਹੋ ਜਾਂਦਾ ਹੈ ਜਾਂ ਕਥਾ ਦੇ ਨੱਕ ਕੰਨ ਛਾਤੀਆਂ ਕੱਟ ਕੇ ਮੇਚ ਦੀ ਕਰ ਲੈਂਦਾ ਹੈ। ਘਾਇਲ ਕਥਾ ਕਿਸੇ ਹੋਰ ਕੱਥਕ ਨੂੰ ਉਡੀਕਦੀ ਰਹਿੰਦੀ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All