ਲਤਾ ਮੰਗੇਸ਼ਕਰ ਦੀ ਪੰਜਾਬੀ ਸੰਗੀਤ ਨਾਲ ਉਲਫ਼ਤ

ਸਿਨੇ ਪੰਜਾਬੀ ਯਾਦਾਂ ਤੇ ਯਾਦਗਾਰਾਂ

ਮਨਦੀਪ ਸਿੰਘ ਸਿੱਧੂ

ਲਤਾ ਮੰਗੇਸ਼ਕਰ ਦਾ ਜਨਮ 28 ਸਤੰਬਰ, 1929 ਨੂੰ ਪੰਡਤ ਦੀਨਾ ਨਾਥ ਮੰਗੇਸ਼ਕਰ ਦੀ ਦੂਜੀ ਪਤਨੀ ਮਾਤਾ ਸੁਧਾਮਤੀ ਦੇ ਘਰ ਹੋਇਆ। ਕੌਣ ਜਾਣਦਾ ਸੀ ਕਿ ਇੰਦੌਰ ਦੇ ਸਿੱਖ ਮੁਹੱਲੇ ’ਚ ਮਰਾਠੀ ਪਰਿਵਾਰ ਵਿਚ ਜਨਮੀ ਇਹ ਬਾਲੜੀ ਆਉਣ ਵਾਲੇ ਸਮੇਂ ’ਚ ਸੰਗੀਤ ਦੀ ਦੁਨੀਆਂ ਦਾ ਮਾਰੂਫ਼ ਸਿਤਾਰਾ ਬਣ ਜਾਵੇਗੀ। ਲਤਾ ਨੂੰ ਸ਼ਾਸਤਰੀ ਸੰਗੀਤ ਦੀ ਗੁੜ੍ਹਤੀ ਆਪਣੇ ਪਿਤਾ ਕੋਲੋਂ ਵਿਰਾਸਤ ’ਚ ਮਿਲੀ। ਲਿਹਾਜ਼ਾ 5 ਸਾਲ ਦੀ ਉਮਰ ਵਿਚ ਹੀ ਪਿਤਾ ਧੀ ਦੇ ਉਸਤਾਦ ਬਣ ਗਏ। ਉਂਜ ਲਤਾ ਦਾ ਪੈਦਾਇਸ਼ੀ ਨਾਮ ‘ਹਿਰਦਿਆ’ ਰੱਖਿਆ ਗਿਆ ਸੀ, ਪਰ ਉਨ੍ਹਾਂ ਦੇ ਪਿਤਾ ਵੱਲੋਂ ਮੰਚਿਤ ਮਰਾਠੀ ਨਾਟਕ ‘ਭਾਵ ਬੰਧਨ’ ਦੇ ਮੁੱਖ ਕਿਰਦਾਰ ‘ਲਤਿਕਾ’ ਤੋਂ ਮੁਤਾਸਿਰ ਹੁੰਦਿਆਂ ਹਿਰਦਿਆ ਨੂੰ ‘ਲਤਾ’ ਦੇ ਨਾਮ ਨਾਲ ਬੁਲਾਇਆ ਜਾਣ ਲੱਗਾ। ਲਤਾ ਨੇ ਆਪਣੇ ਜੀਵਨ ਦੇ 13 ਬਸੰਤ ਹੀ ਵੇਖੇ ਸਨ ਕਿ ਉਨ੍ਹਾਂ ਦੇ ਪਿਤਾ ਜੀ ਵਫ਼ਾਤ ਪਾ ਗਏ। ਪਿਤਾ ਜੀ ਨੇ ਵਿਰਾਸਤ ਦੇ ਰੂਪ ’ਚ ਸੰਗੀਤ ਦੇ ਬਿਨਾਂ ਕੁਝ ਨਹੀਂ ਛੱਡਿਆ ਅਤੇ ਇਸ ਲਈ ਲਤਾ ਨੂੰ ਨਾਟਕਾਂ ਤੋਂ ਲੈ ਕੇ ਫ਼ਿਲਮਾਂ ਵਿਚ ਛੋਟੇ-ਛੋਟੇ ਕੰਮ ਕਰਨੇ ਪਏ। ਲਤਾ ਮੰਗੇਸ਼ਕਰ ਨੇ ਗਾਇਨ ਦੀ ਸ਼ੁਰੂਆਤ ਮਰਾਠੀ ਫ਼ਿਲਮ ‘ਕਿਤੀ ਹਸਾਲ’ (1942) ਤੋਂ ਕੀਤੀ ਸੀ, ਪਰ ਉਸਦੇ ਗਾਏ ਗੀਤ ਨੂੰ ਫ਼ਿਲਮ ਵਿਚ ਸ਼ਾਮਲ ਨਹੀਂ ਕੀਤਾ ਗਿਆ। ਇਸ ਤੋਂ ਬਾਅਦ ਆਈ ਇਕ ਹੋਰ ਮਰਾਠੀ ਫ਼ਿਲਮ ‘ਗਜਾਭਾਊ’ (1944) ’ਚ ਉਸਨੇ ਆਪਣਾ ਪਹਿਲਾ ਹਿੰਦੀ ਗੀਤ ਗਾਇਆ ‘ਮਾਤਾ ਏਕ ਸਪੂਤ ਕੀ ਦੁਨੀਆਂ ਬਦਲ ਦੇ ਤੂੰ।’ 16 ਸਾਲ ਦੀ ਉਮਰ ਵਿਚ ਉਸਦੀ ਬਤੌਰ ਬਾਲ ਅਦਾਕਾਰਾ ਅਤੇ ਗੁਲੂਕਾਰਾ ਵਜੋਂ ਪਹਿਲੀ ਹਿੰਦੀ ਫ਼ਿਲਮ ਪ੍ਰਫੁੱਲ ਪਿਕਚਰਜ਼, ਬੰਬਈ ਦੀ ਵਿਨਾਇਕ ਨਿਰਦੇਸ਼ਿਤ ‘ਬੜੀ ਮਾਂ’ (1945) ਸੀ। ਉਸਨੇ ਦੱਤਾ ਕੋਰਗਾਂਵਕਰ ਦੇ ਸੰਗੀਤ ’ਚ ਜ਼ੀਆ ਸਰਹੱਦੀ ਤੇ ਅੰਜੁਮ ਪੀਲੀਭੀਤੀ ਦੇ ਲਿਖੇ ਦੋ ਗੀਤ ‘ਮਾਤਾ ਤੇਰੇ ਚਰਨੋਂ ਮੇਂ’ ਤੇ ਦੂਜਾ ‘ਜਨਨੀ ਜਨਮਭੂਮੀ ਤੁਮ ਮਾਂ ਹੋ ਬੜੀ ਮਾਂ’ (ਨਾਲ ਮੀਨਾਕਸ਼ੀ) ਗਾਏ। ਇਨ੍ਹਾਂ ’ਚੋਂ ਪਹਿਲਾ ਗੀਤ ਲਤਾ ’ਤੇ ਹੀ ਫ਼ਿਲਮਾਇਆ ਗਿਆ ਸੀ। ਉਸਨੂੰ ਹਿੰਦੀ ਫ਼ਿਲਮਾਂ ਵਿਚ ਪਹਿਲਾ ਜਬਰਦਸਤ ਮੌਕਾ ਦਿੱਤਾ ਪੰਜਾਬੀ ਸੰਗੀਤ-ਨਿਰਦੇਸ਼ਕ ਭਾਈ ਗ਼ੁਲਾਮ ਹੈਦਰ ‘ਅੰਮ੍ਰਿਤਸਰੀ’ ਨੇ। ਉਨ੍ਹਾਂ ਨੇ ਹੀ ਉਸਨੂੰ ਹਿੰਦੀ ਦੀ ਮੁੱਖ-ਧਾਰਾ ’ਚ ਲਿਆਉਂਦਿਆਂ ਬੰਬੇ ਟਾਕੀਜ਼, ਬੰਬਈ ਦੀ ਫ਼ਿਲਮ ‘ਮਜਬੂਰ’ (1948) ’ਚ ਆਪਣੀ ਮੁਰੱਤਿਬ ਮੌਸੀਕੀ ’ਚ 4 ਏਕਲ ਤੇ 3 ਦੋਗਾਣੇ ਗਵਾਏ। ਇਸਦੇ ਨਾਲ ਹੀ ਸ਼ੁਰੂ ਹੋਇਆ ਲਤਾ ਮੰਗੇਸ਼ਕਰ ਦਾ ਹਿੰਦੀ ਸਿਨਮਾ ਦੀ ਦੁਨੀਆਂ ’ਚ ਪਿੱਠਵਰਤੀ ਗੁਲੂਕਾਰਾ ਵਜੋਂ ਸੁਨਹਿਰਾ ਸਫ਼ਰ। 1949 ਵਿਚ ਨੁਮਾਇਸ਼ ਹੋਈ ਹਿਦਾਇਤਕਾਰ ਕਮਾਲ ਅਮਰੋਹੀ ਦੀ ਫ਼ਿਲਮ ‘ਮਹਿਲ’ ਜਿਸਦੇ ਮੌਸੀਕਾਰ ਪੰਡਤ ਖ਼ੇਮਚੰਦ ਪ੍ਰਕਾਸ਼ ਸਨ, ਦੀ ਸੰਗੀਤ ਨਿਰਦੇਸ਼ਨਾ ਵਿਚ ਗੀਤ ‘ਆਏਗਾ ਆਨੇ ਵਾਲਾ’ ਨਾਲ ਉਸਨੂੰ ਸਫਲਤਾ ਅਤੇ ਪੁਖ਼ਤਾ ਪਛਾਣ ਮਿਲੀ। ਇਸ ਗੀਤ ਜ਼ਰੀਏ ਉਸਦੀ ਆਵਾਜ਼ ਦੇਸ਼ ਦੇ ਕੋਨੇ-ਕੋਨੇ ’ਚ ਪਹੁੰਚ ਗਈ।

ਮਨਦੀਪ ਸਿੰਘ ਸਿੱਧੂ

ਉਸਨੇ 1949 ਤੋਂ 1954 ਤਕ ਬਣੀਆਂ 7 ਪੰਜਾਬੀ ਫ਼ਿਲਮਾਂ ਵਿਚ ਕੁੱਲ 30 ਗੀਤ ਗਾਏ। ਉਨ੍ਹਾਂ ਨੂੰ ਪੰਜਾਬੀ ਫ਼ਿਲਮਾਂ ’ਚ ਗਵਾਉਣ ਦਾ ਮਾਣ ਪੰਜਾਬੀ ਸੰਗੀਤ-ਨਿਰਦੇਸ਼ਕ ਹੰਸਰਾਜ ਬਹਿਲ, ਲਾਇਲਪੁਰੀ ਨੂੰ ਹਾਸਲ ਹੈ। ਕੁਲਦੀਪ ਪਿਕਚਰਜ਼ ਲਿਮਟਿਡ, ਬੰਬੇ ਦੀ ਨਗ਼ਮਾਬਾਰ ਪੰਜਾਬੀ ਫ਼ਿਲਮ ‘ਲੱਛੀ’ (1949) ਵਿਚ ਫ਼ਿਲਮ ਦੇ 11 ਗੀਤਾਂ ’ਚੋਂ 7 ਗੀਤ ਲਤਾ ਕੋਲੋਂ ਗਵਾਏ ‘ਹਾੜਾ ਵੇ ਚੰਨਾ ਯਾਦ ਸਾਨੂੰ ਤੇਰੀ ਆਵੇ’, ‘ਕਾਲੀ ਕੰਘੀ ਨਾਲ ਕਾਲੇ ਵਾਲ ਪਈ ਵਾਹਨੀ ਆਂ’, ‘ਤੂੰਬਾ ਵੱਜਦਾ ਈ ਨਾ ਤਾਰ ਬਿਨਾਂ’ (ਮੁਹੰਮਦ ਰਫ਼ੀ ਨਾਲ), ਪਰ ਇਸ ਫ਼ਿਲਮ ’ਚ ਉਸਦਾ ਗਾਇਆ ਏਕਲ ਗੀਤ ‘ਨਾਲੇ ਲੰਮੀ ਤੇ ਨਾਲੇ ਕਾਲੀ ਹਾਏ ਵੇ ਚੰਨਾ ਰਾਤ ਜੁਦਾਈਆਂ ਵਾਲੀ’ ਅਮਰ ਗੀਤ ਦਾ ਦਰਜਾ ਰੱਖਦਾ ਹੈ। ਇਸ ਤੋਂ ਪਹਿਲਾਂ ਵੀ ਪੰਜਾਬੀ ਸੰਗੀਤ-ਨਿਰਦੇਸ਼ਕ ਵਿਨੋਦ ਨੇ ਫ਼ਿਲਮ ‘ਚਮਨ’ (1948) ਦੇ ਗਰਾਮੋਫੋਨ ਰਿਕਾਰਡ ਲਈ 3 ਗੀਤ ਲਤਾ ਤੋਂ ਗਵਾਏ ਸਨ। ਰਾਜ ਰੰਗ ਫ਼ਿਲਮਜ਼, ਬੰਬੇ ਦੀ ਓਮ ਪ੍ਰਕਾਸ਼ ਨਿਰਦੇਸ਼ਿਤ ਪੰਜਾਬੀ ਫ਼ਿਲਮ ‘ਭਾਈਆ ਜੀ’ (1950) ’ਚ ਵਿਨੋਦ ਨੇ ਆਪਣੀ ਮੌਸੀਕੀ ਵਿਚ ਦੂਜੀ ਵਾਰ ਆਜ਼ਾਦਾਨਾ ਤੌਰ ’ਤੇ ਲਤਾ ਤੋਂ 5 ਗੀਤ ਗਵਾਏ। ਰਾਜ ਰੰਗ ਬੈਨਰ ਦੀ ਹੀ ਰਾਜਿੰਦਰ ਸ਼ਰਮਾ ਨਿਰਦੇਸ਼ਿਤ ਦੂਜੀ ਪੰਜਾਬੀ ਫ਼ਿਲਮ ‘ਮਦਾਰੀ’ (1950) ’ਚ ਹੀ ਮੌਸੀਕਾਰ ਅੱਲਾ ਰੱਖਾ ਕੁਰੈਸ਼ੀ ਦੇ ਸੰਗੀਤ ’ਚ ਅਜ਼ੀਜ਼ ਕਸ਼ਮੀਰੀ ਦੇ ਲਿਖੇ 3 ਗੀਤ ਗਾਏ। ਅੰਮ੍ਰਿਤ ਆਰਟ ਪ੍ਰੋਡਕਸ਼ਨਜ਼, ਬੰਬੇ ਦੀ ਰਾਜਪਾਲ ਨਿਰਦੇਸ਼ਿਤ ਪੰਜਾਬੀ ਫ਼ਿਲਮ ‘ਫੁੱਮਣ’ (1951) ’ਚ ਇਕ ਵਾਰ ਫਿਰ ਅੱਲਾ ਰੱਖਾ ਕੁਰੈਸ਼ੀ ਨੇ ਆਪਣੀ ਤਰਤੀਬ ਮੌਸੀਕੀ ’ਚ ਲਤਾ ਕੋਲੋਂ 4 ਗੀਤ ਗਵਾਏ। ਦਰਬਾਰ ਥੀਏਟਰਜ਼, ਬੰਬੇ ਦੀ ਐੱਸ. ਅਰੋੜਾ ਨਿਰਦੇਸ਼ਿਤ ਪੰਜਾਬੀ ਫ਼ਿਲਮ ‘ਸ਼ਾਹ ਜੀ’ (1954) ’ਚ ਉੱਘੀ ਸੰਗੀਤਕਾਰ ਜੋੜੀ ਪੰਡਤ ਹੁਸਨਲਾਲ-ਭਗਤਰਾਮ ਰਾਮ ਨੇ ਵੀ ਲਤਾ ਦੀ ਆਵਾਜ਼ ’ਚ ਇਕ ਗੀਤ ‘ਜਦ ਰਾਤ ਪੈਣ ਲੱਗੇ ਹੰਝੂਆਂ ਦੇ ਤੇਲ ਵਿਚ’ ਗਵਾਇਆ। ਇਨ੍ਹਾਂ ਫ਼ਿਲਮੀ ਗੀਤਾਂ ਦੀ ਬੇਪਨਾਹ ਮਕਬੂਲੀਅਤ ਨੇ ਪੰਜਾਬੀ ਸਿਨਮਾ ’ਚ ਉਸਦੀ ਗੁਲੂਕਾਰੀ ਦਾ ਝੰਡਾ ਬੁਲੰਦ ਕਰ ਦਿੱਤਾ। ਜਦੋਂ ਕਵਾਤੜਾ ਬ੍ਰਦਰਜ਼, ਬੰਬੇ ਨੇ ਆਪਣੇ ਜ਼ਾਤੀ ਬੈਨਰ ਹੇਠ ਪੰਜਾਬੀ ਫ਼ਿਲਮ ‘ਵਣਜਾਰਾ’ (1954) ਬਣਾਈ ਤਾਂ ਸੰਗੀਤਕਾਰ ਸਰਦੂਲ ਕਵਾਤੜਾ ਨੇ ਲਤਾ ਤੋਂ 7 ਗੀਤ ਗਵਾਏ। 1960ਵਿਆਂ ਦੇ ਦਹਾਕੇ ਵਿਚ ਲਤਾ ਨੇ 5 ਪੰਜਾਬੀ ਫ਼ਿਲਮਾਂ ਵਿਚ ਕੁੱਲ 17 ਗੀਤ ਗਾਏ। ਗੋਲਡਨ ਮੂਵੀਜ਼, ਬੰਬੇ ਦੀ ਜੁਗਲ ਕਿਸ਼ੋਰ ਨਿਰਦੇਸ਼ਿਤ ਫ਼ਿਲਮ ‘ਦੋ ਲੱਛੀਆਂ’ (1960) ਦਾ ਮੁਹੰਮਦ ਰਫ਼ੀ ਨਾਲ ਗਾਇਆ ਗੀਤ ‘ਅਸਾਂ ਕੀਤੀ ਏ ਤੇਰੇ ਨਾਲ ਥੂ, ਦਿਲ ਲੈ ਕੇ ਮੁੱਕਰ ਗਈ ਤੂੰ’ ਬੜਾ ਹਿੱਟ ਹੋਇਆ। ਈਸਟ ਐਂਡ ਵੈਸਟ ਮੂਵੀਜ਼, ਬੰਬੇ ਦੀ ਮਜਨੂੰ (ਹੈਰੋਲਡ ਲੂਈਸ) ਨਿਰਦੇਸ਼ਿਤ ਫ਼ਿਲਮ ‘ਪੱਗੜੀ ਸੰਭਾਲ ਜੱਟਾ’ (1960) ’ਚ 4 ਗੀਤ ਗਾਏ। ਏ. ਐੱਸ. ਫ਼ਿਲਮਜ਼, ਬੰਬੇ ਦੀ ਏ. ਐੱਸ. ਅਰੋੜਾ ਨਿਰਦੇਸ਼ਿਤ ਫ਼ਿਲਮ ‘ਗੁੱਡੀ’ (1961) ਵਿਚ ਲਤਾ ਨੇ ਹੰਸਰਾਜ ਬਹਿਲ ਦੇ ਸੰਗੀਤ ’ਚ ਅਜ਼ੀਜ਼ ਕਸ਼ਮੀਰੀ ਤੇ ਵਰਮਾ ਮਲਿਕ ਦੇ ਲਿਖੇ ਦੋ ਰੁਮਾਨੀ ਗੀਤ ਮੁਹੰਮਦ ਰਫ਼ੀ ਨਾਲ ਗਾਏ ‘ਸਾਨੂੰ ਤੱਕ ਕੇ ਨਾ ਸੰਗਿਆ ਕਰੋ’ ਤੇ ‘ਪਿਆਰ ਦੇ ਭੁਲੇਖੇ ਕਿੰਨੇ ਸੋਹਣੇ-ਸੋਹਣੇ ਖਾ ਗਏ’ ਅੱਜ ਵੀ ਬੜੇ ਸ਼ੌਕ ਨਾਲ ਸੁਣੇ ਜਾਂਦੇ ਹਨ। ‘ਪਿੰਡ ਦੀ ਕੁੜੀ’ (1963) ’ਚ ਹੰਸਰਾਜ ਬਹਿਲ ਦੇ ਸੰਗੀਤ ’ਚ ਵਰਮਾ ਮਲਿਕ ਦਾ ਲਿਖਿਆ ‘ਲਾਈਆਂ ਤੇ ਤੋੜ ਨਿਭਾਵੀਂ ਛੱਡ ਕੇ ਨਾ ਜਾਵੀਂ’ ਅਦਾਕਾਰਾ ਨਿਸ਼ੀ ’ਤੇ ਫ਼ਿਲਮਾਇਆ ਗਿਆ ਲਤਾ ਮੰਗੇਸ਼ਕਰ ਦਾ ਪੁਰਦਰਦ ਗੀਤ ਸੀ। ਅਕਾਸ਼ਬਾਣੀ ਪਿਕਚਰਜ਼, ਬੰਬੇ ਦੀ ਹੈਨਰੀ ਜੂਲੀਅਸ ਨਿਰਦੇਸ਼ਿਤ ਫ਼ਿਲਮ ‘ਗੀਤ ਬਹਾਰਾਂ ਦੇ’ (1964), ਮਾਹੇਸ਼ਵਰੀ ਪਿਕਚਰਜ਼, ਬੰਬੇ ਪਦਮ ਮਾਹੇਸ਼ਵਰੀ ਨਿਰਦੇਸ਼ਿਤ ਫ਼ਿਲਮ ‘ਸਤਲੁਜ ਦੇ ਕੰਢੇ’ (1964) ’ਚ ਹੰਸਰਾਜ ਬਹਿਲ ਦੇ ਸੰਗੀਤ ’ਚ ਪੰਡਤ ਦੀਨਾ ਨਾਥ ਮਧੋਕ ਦਾ ਲਿਖਿਆ ‘ਉਸ ਪੰਛੀ ਨਾਲ ਕੀ ਨੇਹੁੰ ਕੀ ਲਾਣਾ’ ਅਦਾਕਾਰਾ ਨਿਸ਼ੀ ’ਤੇ ਫ਼ਿਲਮਾਇਆ ਉਮਦਾ ਗੀਤ ਸੀ। ਵਿਦੇਸ਼ੀ ਫ਼ਿਲਮ ਫੈਸਟੀਵਲ ਵਿਚ ਚੁਣੀ ਜਾਣ ਵਾਲੀ ਜਿੱਥੇ ਇਹ ਪਹਿਲੀ ਪੰਜਾਬੀ ਫ਼ਿਲਮ ਬਣੀ, ਉੱਥੇ ਇਸ ਸੁਪਰਹਿੱਟ ਫ਼ਿਲਮ ਨੂੰ 1967 ਵਿਚ ਬਿਹਤਰੀਨ ਪੰਜਾਬੀ ਫ਼ਿਲਮ ਦਾ ਨੈਸ਼ਨਲ ਐਵਾਰਡ ਵੀ ਮਿਲਿਆ। ਇਸ ਤਰ੍ਹਾਂ ਹੀ ਲਤਾ ਨੇ 1970, 80 ਅਤੇ 90 ਦੇ ਦਹਾਕਿਆਂ ਵਿਚ 5 ਪੰਜਾਬੀ ਫ਼ਿਲਮਾਂ ਵਿਚ 6 ਗੀਤ ਗਾਏ। ਲਤਾ ਮੰਗੇਸ਼ਕਰ ਨੇ ਪੰਜਾਬੀ ਫ਼ਿਲਮਾਂ ਵਿਚ ਆਪਣਾ ਆਖ਼ਰੀ ਨਗ਼ਮਾ ਸਪਰੂ ਆਰਟ ਇੰਟਰਨੈਸ਼ਨਲ, ਬੰਬੇ ਦੀ ਪੰਜਾਬੀ ਫ਼ਿਲਮ ‘ਮਹਿੰਦੀ ਸ਼ਗਨਾਂ ਦੀ’ (1992) ਵਿਚ ਗਾਇਆ। ਉੱਤਮ ਸਿੰਘ ਦੇ ਸੰਗੀਤ ’ਚ ਬਾਬੂ ਸਿੰਘ ਮਾਨ ਦਾ ਲਿਖਿਆ ਪ੍ਰੀਤੀ ਸਪਰੂ ’ਤੇ ਫ਼ਿਲਮਾਇਆ ‘ਮੱਥੇ ਉੱਤੇ ਟਿੱਕਾ ਲਾ ਕੇ ਧਾਰੀ ਸੁਰਮੇ ਦੀ ਪਾ ਕੇ’ ਗੀਤ ਬੇਹੱਦ ਮਕਬੂਲ ਹੋਇਆ। ਸਾਲ 1978 ਵਿਚ ਆਪਣੇ ਭਰਾ ਹਿਰਦੈਨਾਥ ਦੀ ਤਰਜ਼ ’ਤੇ ਤਰਤੀਬ ਗ਼ੈਰ-ਫ਼ਿਲਮੀ ਪੰਜਾਬੀ ਗੀਤ ‘ਹੀਰ ਆਖਦੀ ਜੋਗੀਆ ਝੂਠ ਬੋਲੇ, ਕੌਣ ਰੁੱਠੜੇ ਯਾਰ ਮਨਾਂਵਦਾ ਈ’ ਲਤਾ ਦੇ ਗਾਏ ਸ਼ਾਹਕਾਰ ਪੰਜਾਬੀ ਲੋਕ ਗੀਤਾਂ ’ਚੋਂ ਇਕ ਹੈ। ਇਸ ਤੋਂ ਇਲਾਵਾ ਉਸਦੇ ਗਾਏ ਪੰਜਾਬੀ ਸ਼ਬਦਾਂ ਦਾ ਇਕ ਐੱਲ. ਪੀ. ਰਿਕਾਰਡ ‘ਮਿਲ ਮੇਰੇ ਪ੍ਰੀਤਮਾ ਜੀਓ’ 1979 ਵਿਚ ਜਾਰੀ ਹੋਇਆ ਸੀ।

ਸੰਪਰਕ: 97805-09545

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਇਮੀਊਨਿਟੀ ਦੀ ਸੱਜ ਗਈ ਹੱਟੀ

ਇਮੀਊਨਿਟੀ ਦੀ ਸੱਜ ਗਈ ਹੱਟੀ

ਪਰਮਾਣੂ ਹਥਿਆਰ ਅਤੇ ਮਨੁੱਖਤਾ ਦਾ ਭਲਕ

ਪਰਮਾਣੂ ਹਥਿਆਰ ਅਤੇ ਮਨੁੱਖਤਾ ਦਾ ਭਲਕ

ਮੇਰੇ ਪਿੰਡ ਦੇ ਸ਼ਹੀਦਾਂ ਦੀ ਅਲੋਕਾਰ ਗਾਥਾ!

ਮੇਰੇ ਪਿੰਡ ਦੇ ਸ਼ਹੀਦਾਂ ਦੀ ਅਲੋਕਾਰ ਗਾਥਾ!

ਮੁੱਖ ਖ਼ਬਰਾਂ

ਜ਼ਹਿਰੀਲੀ ਸ਼ਰਾਬ ਹਾਦਸੇ ਦੇ ਮੁਲਜ਼ਮਾਂ ਖਿਲਾਫ ਹੋਵੇਗੀ ਸਖ਼ਤ ਕਾਰਵਾਈ: ਕੈਪਟਨ

ਜ਼ਹਿਰੀਲੀ ਸ਼ਰਾਬ ਹਾਦਸੇ ਦੇ ਮੁਲਜ਼ਮਾਂ ਖਿਲਾਫ ਹੋਵੇਗੀ ਸਖ਼ਤ ਕਾਰਵਾਈ: ਕੈਪਟਨ

ਤਰਨਤਾਰਨ ਵਿੱਚ ਪੀੜਤ ਪਰਿਵਾਰਾਂ ਨਾਲ ਕੀਤੀ ਮੁਲਾਕਾਤ ; ਮੁਆਵਜ਼ਾ ਰਾਸ਼ੀ ਵ...

21ਵੀਂ ਸਦੀ ਦੇ ਭਾਰਤ ਦੀ ਨੀਂਹ ਰੱਖੇਗੀ ਕੌਮੀ ਸਿੱਖਿਆ ਨੀਤੀ: ਮੋਦੀ

21ਵੀਂ ਸਦੀ ਦੇ ਭਾਰਤ ਦੀ ਨੀਂਹ ਰੱਖੇਗੀ ਕੌਮੀ ਸਿੱਖਿਆ ਨੀਤੀ: ਮੋਦੀ

ਕਿਸੇ ਵੀ ਖੇਤਰ ਤੋਂ ਪੱਖਪਾਤ ਦੀ ਸ਼ਿਕਾਇਤ ਨਾ ਆਉਣ ’ਤੇ ਖੁਸ਼ੀ ਪ੍ਰਗਟਾਈ; ਸ...

ਕੋਵਿਡ-19: ਮੁਲਕ ਵਿੱਚ ਇਕ ਦਿਨ ਵਿੱਚ ਆਏ ਰਿਕਾਰਡ 62000 ਤੋਂ ਵਧ ਕੇਸ

ਕੋਵਿਡ-19: ਮੁਲਕ ਵਿੱਚ ਇਕ ਦਿਨ ਵਿੱਚ ਆਏ ਰਿਕਾਰਡ 62000 ਤੋਂ ਵਧ ਕੇਸ

ਕੁਲ ਪੀੜਤਾਂ ਦੀ ਗਿਣਤੀ 20 ਲੱਖ ਦੇ ਪਾਰ, 886 ਵਿਅਕਤੀ ਜ਼ਿੰਦਗੀ ਦੀ ਜੰਗ...

ਰੀਆ ਦੀ ਲੁੱਕਣ ਮੀਟੀ ਖਤਮ; ਪੁੱਛਗਿਛ ਲਈ ਈਡੀ ਦਫ਼ਤਰ ਪੁੱਜੀ

ਰੀਆ ਦੀ ਲੁੱਕਣ ਮੀਟੀ ਖਤਮ; ਪੁੱਛਗਿਛ ਲਈ ਈਡੀ ਦਫ਼ਤਰ ਪੁੱਜੀ

ਕਈ ਸਵਾਲਾਂ ਦੇ ਜਵਾਬ ਦੇਣ ਵਿੱਚ ਹੋ ਰਹੀ ਹੈ ਮੁਸ਼ਕਲ, ਲਿਖਤੀ ਦੇਣੇ ਪੈ ਰਹ...

ਸ਼ਹਿਰ ਦੀਆਂ ਭੀੜ-ਭੜੱਕੇ ਵਾਲੀਆਂ ਮਾਰਕੀਟਾਂ ਵਿੱਚ ਜਿਸਤ- ਟਾਂਕ ਫਾਰਮੁੂਲਾ ਲਾਗੂ

ਸ਼ਹਿਰ ਦੀਆਂ ਭੀੜ-ਭੜੱਕੇ ਵਾਲੀਆਂ ਮਾਰਕੀਟਾਂ ਵਿੱਚ ਜਿਸਤ- ਟਾਂਕ ਫਾਰਮੁੂਲਾ ਲਾਗੂ

ਸੈਕਟਰ-22 ਮੋਬਾਈਲ ਮਾਰਕੀਟ ਵਿਚਲੀਆਂ ਚਾਰ ਮਾਰਕੀਟਾਂ 6 ਦਿਨਾਂ ਲਈ ਬੰਦ; ...

ਸ਼ਹਿਰ

View All