ਰੱਬ ਦਾ ਗੁਆਂਢੀ

ਜਗਵਿੰਦਰ ਜੋਧਾ

ਮਿਰਜ਼ਾ ਅਸਦ-ਉੱਲਾ ਖ਼ਾਨ ਗ਼ਾਲਿਬ ਦੀ ਤੰਗਦਸਤੀ ਦੇ ਕਿੱਸੇ ਵੀ ਉਸ ਦੀ ਸ਼ਾਇਰੀ ਜਿੰਨੇ ਹੀ ਮਸ਼ਹੂਰ ਰਹੇ। ਆਗਰੇ ਦੇ ਨਵਾਬੀ ਖਾਨਦਾਨ ਵਿਚ ਉਸ ਦੇ ਜਨਮ ਤੋਂ ਲੈ ਦਿੱਲੀ ਆਉਣ, ਆਪਣੀ ਪੈਨਸ਼ਨ ਬਹਾਲੀ ਲਈ ਅੰਗਰੇਜ਼ਾਂ ਖ਼ਿਲਾਫ਼ ਲੰਮੇ ਮੁਕੱਦਮੇ ਲੜਨ, ਖਾਣ-ਪੀਣ ਦੇ ਸ਼ੌਕ ਤੋਂ ਲੈ ਕੇ ਚਾਵੜੀ ਬਾਜ਼ਾਰ ਦੀਆਂ ਤਵਾਇਫ਼ਾ ਨਾਲ ਮੁਆਸ਼ਕਿਆਂ ਤਕ ਦੇ ਕਿੱਸੇ ਉਰਦੂ ਅਦਬ ਦੀ ਵਿਰਾਸਤ ਦਾ ਹਿੱਸਾ ਹਨ। ਗ਼ਾਲਿਬ ਆਪਣੇ ਦੌਰ ਦਾ ਇੱਕੋ-ਇਕ ਸ਼ਾਇਰ ਨਹੀਂ ਸੀ ਸਗੋਂ ਇਬਰਾਹਿਮ ਜ਼ੌਕ, ਅਮੀਰ ਮਿਨਾਈ ਤੇ ਦਾਗ਼ ਦੇਹਲਵੀ ਵਰਗੇ ਸ਼ਾਇਰ ਵੀ ਉਸ ਦੇ ਸਮਕਾਲੀ ਸਨ। ਪਰ ਗ਼ਾਲਿਬ ਦਾ ਮਕਾਮ ਇਨ੍ਹਾਂ ਸਭ ਨਾਲੋਂ ਉਸ ਦੌਰ ਵਿਚ ਵੀ ਬੁਲੰਦ ਸੀ ਤੇ ਅੱਜ ਵੀ ਵੱਖਰਾ ਹੈ। ਇਹ ਸਾਰੇ ਸ਼ਾਇਰ ਪੁਰਾਣੀ ਦਿੱਲੀ ਵਿਚ ਵਰ੍ਹਿਆਂ ਤਕ ਰਹੇ। ਪੁਰਾਣੀ ਦਿੱਲੀ ਵਿਚ ਅੱਜ ਵੀ ਖਾਣ-ਪੀਣ, ਪਹਿਰਾਵੇ ਤੇ ਰਿਹਾਇਸ਼ ਪੱਖੋਂ ਪੁਰਾਣੀ ਤਹਿਜ਼ੀਬ ਧੜਕਦੀ ਸੁਣਦੀ ਹੈ। ਗ਼ਾਲਿਬ ਤੋਂ ਬਿਨਾਂ ਬਾਕੀ ਸ਼ਾਇਰਾਂ ਦੇ ਨਕਸ਼ ਉਸ ਇਲਾਕੇ ਵਿੱਚੋਂ ਅੱਜ ਲੱਭ ਸਕਣਾ ਬੇਹੱਦ ਔਖਾ ਹੈ। ਉਸਤਾਦ ਦਾਗ਼ ਦੇ ਨਾਮ ’ਤੇ ਇਕ ਗਲੀ ਹੈ, ਜ਼ੌਕ ਦਾ ਪੁਰਾਣਾ ਮਕਾਨ ਵੀ ਕਿਤੇ ਦੱਸੀਂਦਾ ਹੈ, ਕੁਝ ਬਜ਼ੁਰਗ ਲੋਕ ਅਮੀਰ ਮਿਨਾਈ ਦੇ ਘਰ ਦੀ ਦੱਸ ਵੀ ਪਾਉਂਦੇ ਹਨ, ਪਰ ਇਨ੍ਹਾਂ ਦਾ ਪੱਕਾ ਪਤਾ ਦੱਸਣ ਦੀ ਹਾਲਤ ਵਿਚ ਕੋਈ ਵੀ ਨਹੀਂ। ਲਾਲ ਕਿਲ੍ਹੇ ਤੋਂ ਗੁਰਦੁਆਰਾ ਸੀਸ ਗੰਜ ਵੱਲ ਜਾਓ ਤਾਂ ਚਾਂਦਨੀ ਚੌਕ ਤੋਂ ਪੰਜ ਕੁ ਸੌ ਮੀਟਰ ਅੱਗੇ ਚੂੜੀ ਵਾਲਾ ਚੌਕ ਦੇ ਖੱਬੇ ਹੱਥ ਮੁਹੱਲਾ ਬੱਲੀਮਾਰਾਂ ਸ਼ੁਰੂ ਹੋ ਜਾਂਦਾ ਹੈ। ਇਸ ਦੇ ਦੋ ਸੌ ਮੀਟਰ ਅੰਦਰ ਜਾਣ ’ਤੇ ਸੱਜੇ ਹੱਥ ਗਲੀ ਕਾਸਿਮ ਜਾਨ ਹੈ। ਉਸੇ ਗਲੀ ਵਿਚ ਖੱਬੇ ਹੱਥ ਨਿੱਕੀਆਂ ਇੱਟਾਂ ਦੀ ਮਹਿਰਾਬ ਤੇ ਲੱਕੜ ਦੇ ਫਾਟਕ ਵਾਲਾ ਤੀਜਾ ਮਕਾਨ ਇਸ ਮਹਾਨ ਸ਼ਾਇਰ ਦੀ ਰਿਹਾਇਸ਼ ਰਿਹਾ ਹੈ। ਉਸ ਮਕਾਨ ਦੇ ਆਸ-ਪਾਸ ਦੀਆਂ ਕੰਧਾਂ ਤੇ ਪਿਛਲੇ ਸਾਲ ਮਨਾਏ ਗਏ ਜਾਂ ਮਨਾਏ ਜਾਣ ਵਾਲੇ ਗ਼ਾਲਿਬ ਦੇ ਸਾਲਾਨਾ ਸਮਾਗਮਾਂ ਦੇ ਪੋਸਟਰ ਦਿਸ ਜਾਂਦੇ ਹਨ। ਤਕਰੀਬਨ ਸਾਰੀਆਂ ਪਾਰਟੀਆਂ ਦੇ ਸਥਾਨਕ ਮੁਸਲਿਮ ਨੇਤਾਵਾਂ ਦੀਆਂ ਹੱਥ ਜੋੜੀ ਲੱਗੀਆਂ ਤਸਵੀਰਾਂ ਵੀ ਮੁਸਲਿਮ ਜਨਤਾ ਕੋਲੋਂ ਭੱਲ ਖੱਟਣ ਦੀ ਤਾਕ ਵਿਚ ਦਿਸਦੀਆਂ ਹਨ। ਇਸ ਮਕਾਨ ਵਿਚ ਪ੍ਰਵੇਸ਼ ਕਰਨ ’ਤੇ ਇਤਿਹਾਸ ਵਿਚ ਡੇਢ ਸੌ ਸਾਲ ਪਿਛਾਂਹ ਮੁੜਨ ਵਰਗਾ ਅਹਿਸਾਸ ਜਾਗਦਾ ਹੈ। ਸੱਜੇ ਹੱਥ ਇਕ ਨਿੱਕੇ ਜਿਹੇ ਕਮਰੇ ਵਿਚ ਗ਼ਾਲਿਬ ਦਾ ਬੁੱਤ ਲੱਗਿਆ ਹੋਇਆ ਤੇ ਉਸ ਦੇ ਪਹਿਨਣ ਵਾਲੇ ਕੱਪੜੇ ਟੰਗੇ ਦਿਸਦੇ ਹਨ। ਸਾਹਮਣੇ ਦੀ ਕੰਧ ਦਾ ਸੱਜਾ ਹਿੱਸਾ ਕਿਸੇ ਦੁਕਾਨਦਾਰ ਦੇ ਕਬਜ਼ੇ ’ਚ ਹੈ। ਖੱਬੇ ਹੱਥ ਦੀ ਕੰਧ ਵਿਚ ਗ਼ਾਲਿਬ ਦਾ ਵੱਡਾ ਚਿੱਤਰ ਲੱਗਿਆ ਹੈ। ਉਸੇ ਕੰਧ ਨਾਲ ਅੱਗੇ ਜਾ ਕੇ ਇਸ ਮਕਾਨ ਦੇ ਪਿਛਲੇ ਹਿੱਸੇ ਵਿਚ ਵਿਹੜਾ ਹੈ ਤੇ ਹੋਰ ਖੱਬੇ ਹੱਥ ਵਰਾਂਡਾ। ਇਸ ਵਿਚ ਉਸ ਦੌਰ ਦੇ ਇਤਿਹਾਸ ਨੂੰ ਜੀਵਤ ਕਰਨ ਲਈ ਹੁੱਕਾ, ਸ਼ਤਰੰਜ ਦੀ ਬਿਸਾਤ ਆਦਿ ਰੱਖੇ ਹਨ। ਇਸ ਵਿਹੜੇ ਵਿਚ ਗ਼ਾਲਿਬ ਦੇ ਬਿਰਧ ਅਵਸਥਾ ’ਚ ਟਹਿਲਣ ਜਾਂ ਤਖਤਪੋਸ਼ ’ਤੇ ਅੱਧ-ਲੇਟਿਆਂ ਆਪਣੇ ਆਪ ਨਾਲ ਸ਼ਤਰੰਜ ਖੇਡਦੇ ਦੀ ਕਲਪਨਾ ਕੀਤੀ ਜਾ ਸਕਦੀ ਹੈ। ਨਾਲ ਹੀ ਨਵਾਬੀ ਸ਼ਾਨੋ-ਸ਼ੌਕਤ ਲਈ ਜੂਝਦੇ ਗ਼ਾਲਿਬ ਦੀ ਜ਼ਿੰਦਗੀ ਦੀਆਂ ਆਰਥਿਕ ਦੁਸ਼ਵਾਰੀਆਂ ਮਨ ਵਿਚ ਸਾਕਾਰ ਹੋ ਜਾਂਦੀਆਂ ਹਨ। ਅਦਬ ਨਾਲ ਮੱਸ ਰੱਖਣ ਵਾਲਾ ਕੋਈ ਵੀ ਮਨ ਉਸ ਮਹਾਨ ਸ਼ਾਇਰ ਦੇ ਸਿਰਜਣਾਤਮਕ ਪ੍ਰਭਾਵ ਵਿਚ ਆਇਆ ਮਹਿਸੂਸ ਕਰਦਾ ਹੈ। ਇਹ ਮਕਾਨ ਜਿਸ ਨੂੰ ਕੁਝ ਲੋਕ ਹਵੇਲੀ ਵੀ ਕਹਿੰਦੇ ਹਨ, ਨੱਬੇਵਿਆਂ ਦੇ ਸ਼ੁਰੂ ਵਿਚ ਗੁਲਜ਼ਾਰ ਵੱਲੋਂ ਬਣਾਏ ਟੈਲੀਵਿਜ਼ਨ ਲੜੀਵਾਰ ਨਾਲ ਲੋਕਾਂ ਦੀ ਜਾਣਕਾਰੀ ਵਿਚ ਆਇਆ। ਉਸ ਲੜੀਵਾਰ ਦੀ ਹਰ ਕਿਸ਼ਤ ਦੇ ਸ਼ੁਰੂ ਵਿਚ ਗੁਲਜ਼ਾਰ ਦੀ ਆਵਾਜ਼ ਵਿਚ ਮੁਹੱਲਾ ਬੱਲੀਮਾਰਾਂ ਤੇ ਗਲੀ ਕਾਸਿਮ ਜਾਨ ਦਾ ਜ਼ਿਕਰ ਹੁੰਦਾ ਸੀ। ਦਿੱਲੀ ਸਰਕਾਰ ਨੇ ਇਸ ਮਕਾਨ ਨੂੰ ਗ਼ਾਲਿਬ ਦੀ ਯਾਦਗਾਰ ਵਜੋਂ ਸੰਭਾਲਿਆ ਤੇ ਹੁਣ ਇਸ ਦਾ ਜ਼ਿੰਮਾ ਭਾਰਤੀ ਪੁਰਾਤਤਵ ਵਿਭਾਗ ਕੋਲ ਹੈ। ਬਹੁਤ ਘੱਟ ਲੋਕ ਜਾਣਦੇ ਹੋਣਗੇ ਕਿ ਗ਼ਾਲਿਬ ਦੀ ਕਬਰ ਹਜ਼ਰਤ ਨਿਜ਼ਾਮੂਦੀਨ ਔਲੀਆ ਦੀ ਦਰਗਾਹ ਕੋਲ ਹੈ। ਗ਼ਾਲਿਬ 1860 ਤੋਂ ਲੈ ਕੇ 1869 ਤਕ ਦਿੱਲੀ ਇਸ ਮਕਾਨ ਵਿਚ ਰਿਹਾ। ਕੁਝ ਲੋਕ ਇਸ ਨੂੰ ਗ਼ਾਲਿਬ ਦਾ ਜੱਦੀ ਘਰ ਸਮਝਦੇ ਹਨ ਤੇ ਕਈਆਂ ਨੂੰ ਉਸ ਦੀ ਇਹੋ ਇਕ ਰਿਹਾਇਸ਼ਗਾਹ ਹੋਣ ਦਾ ਭੁਲੇਖਾ ਹੈ। ਪਰ ਗ਼ਾਲਿਬ ਦੇ ਦੋਸਤਾਂ ਵਰਗੇ ਸ਼ਾਗਿਰਦ ਅਲਤਾਫ਼ ਹੁਸੈਨ ਹਾਲੀ ਪਾਨੀਪਤੀ ਮੁਤਾਬਿਕ ਅਜਿਹਾ ਨਹੀਂ। ਹਾਲੀ ਨੇ ਗ਼ਾਲਿਬ ਦੀ ਪਹਿਲੀ ਜੀਵਨੀ ‘ਯਾਦਗਾਰ-ਏ-ਗ਼ਾਲਿਬ’ ਲਿਖੀ ਜਿਸ ਵਿਚ ਉਸ ਦੀ ਅੱਖੀਂ ਦੇਖੀ ਸ਼ਖ਼ਸੀਅਤ ਬਾਰੇ ਭਰਪੂਰ ਜਾਣਕਾਰੀ ਦਿੰਦਾ ਹੈ। ਇਸ ਕਿਤਾਬ ਦੇ ਵੇਰਵਿਆਂ ਮੁਤਾਬਿਕ 1797 ਵਿਚ ਜਨਮਿਆ ਇਹ ਸ਼ਾਇਰ ਪੰਜ ਸਾਲ ਦੀ ਉਮਰ ਵਿਚ ਪਿਤਾ ਦੇ ਸਾਏ ਤੋਂ ਵਾਂਝਾ ਹੋ ਗਿਆ। ਚਾਚੇ ਨੇ ਉਸ ਨੂੰ ਗੋਦ ਲੈ ਲਿਆ, ਪਰ ਅੰਗਰੇਜ਼ਾਂ ਦੇ ਕਾਨੂੰਨ ਮੁਤਾਬਿਕ ਮੁਤਬੰਨੇ ਨੂੰ ਗੋਦ ਲੈਣ ਵਾਲੇ ਦੀ ਜਾਇਦਾਦ ਜਾਂ ਰੁਤਬੇ ਦਾ ਲਾਭ ਨਹੀਂ ਮਿਲ ਸਕਦਾ ਸੀ। ਲਿਹਾਜ਼ਾ, ਚਾਚੇ ਦੀ ਪੁਸ਼ਤੈਨੀ ਜਾਇਦਾਦ ’ਤੇ ਗ਼ਾਲਿਬ ਦਾ ਹੱਕ ਖਾਰਜ ਕਰ ਦਿੱਤਾ ਗਿਆ ਤੇ ਗ਼ਾਲਿਬ ਅਤੇ ਉਸ ਦੇ ਭਰਾ ਨੂੰ ਇਕਮੁਸ਼ਤ ਪੈਨਸ਼ਨ ਮੁਕੱਰਰ ਹੋ ਗਈ। ਇਸੇ ਹੱਕ ਦੀ ਬਹਾਲੀ ਲਈ ਜ਼ਿੰਦਗੀ ਦੇ ਤਿੰਨ ਹਿੱਸੇ ਸਮਾਂ ਗ਼ਾਲਿਬ ਨੇ ਮੁਕੱਦਮਿਆਂ ਵਿਚ ਗੁਜ਼ਾਰਿਆ, ਦਿੱਲੀ ਤੋਂ ਕਲਕੱਤੇ ਦੀਆਂ ਯਾਤਰਾਵਾਂ ਕੀਤੀਆਂ ਤੇ ਆਪਣੇ ਸਾਰੇ ਬੱਚਿਆਂ ਨੂੰ ਅੱਖਾਂ ਸਾਹਮਣੇ ਇਕ-ਇਕ ਕਰਕੇ ਮਰਦੇ ਦੇਖਿਆ। ਉਹ ਆਗਰੇ ਨੂੰ ਯਾਦ ਕਰਕੇ ਤੜਪਦਾ ਰਿਹਾ, ਆਪਣੇ ਸਮਕਾਲੀ ਸ਼ਾਇਰਾਂ ਨਾਲ ਉਲਝਦਾ ਰਿਹਾ। ਗ਼ਾਲਿਬ ਨੇ ਸਾਰੇ ਦੋਸਤ ਗਵਾ ਲਏ ਤੇ ਦਿੱਲੀ ਉਸ ਨੂੰ ਉਜਾੜ ਲੱਗਦੀ ਰਹੀ। ਉਹ ਵਾਰ ਵਾਰ ਬੁੜਬੁੜਾਉਂਦਾ ਰਿਹਾ: ਉਗ ਰਹਾ ਹੈ ਦਰੋ-ਦੀਵਾਰ ਪਰ ਸਬਜ਼ਾ ਗ਼ਾਲਿਬ ਹਮ ਬਯਾਬਾਂ ਮੇਂ ਹੈਂ ਔਰ ਘਰ ਮੇਂ ਬਹਾਰ ਆਈ ਹੈ। ਹਾਲੀ ਮੁਤਾਬਿਕ ਗ਼ਾਲਿਬ ਨੇ ਦਿੱਲੀ ਵਿਚ ਆਪਣਾ ਘਰ ਬਣਾਇਆ ਹੀ ਨਹੀਂ ਜਾਂ ਕਿਹਾ ਜਾਵੇ ਕਿ ਉਹ ਆਪਣਾ ਘਰ ਬਣਾਉਣ ਜੋਗਾ ਹੋਇਆ ਹੀ ਨਹੀਂ। 1810 ਤੋਂ 1869 ਤਕ ਉਸ ਨੇ ਪੁਰਾਣੀ ਦਿੱਲੀ ਵਿਚ ਹੀ ਅੱਠ ਘਰ ਬਦਲੇ। ਕਦੇ ਉਹ ਇਬਰਾਹਿਮ ਜ਼ੌਕ ਦਾ ਗੁਆਂਢੀ ਰਿਹਾ, ਕਦੇ ਜਾਮਾ ਮਸਜਿਦ ਪਿੱਛੇ ਇਕ ਗਲੀ ਵਿਚ ਇਕ ਮਕਾਨ ਦੀ ਪਹਿਲੀ ਮੰਜ਼ਿਲ ’ਤੇ ਵਸਿਆ। 1857 ਦੇ ਗਦਰ ਦੌਰਾਨ ਗ਼ਾਲਿਬ ਛੋਟਾ ਇਮਾਮਬਾੜਾ ਕੋਲ ਇਕ ਭੀੜੀ ਗਲੀ ਵਿਚ ਰਹਿੰਦਾ ਸੀ। ਉਸ ਘਰ ਬਾਰੇ ਉਸ ਨੇ ਲਿਖਿਆ ਸੀ: ਮਸਜਿਦ ਕੇ ਜ਼ੇਰੇ-ਸਾਯਾ ਇਕ ਘਰ ਬਨਾ ਲੀਆ ਹੈ ਯਹ ਬੰਦਾ-ਏ-ਕਮੀਨਾ ਹਮਸਾਇਆ-ਏ-ਖ਼ੁਦਾ ਹੈ।

ਜਗਵਿੰਦਰ ਜੋਧਾ

1857 ਦੇ ਰੌਲਿਆਂ ਦੌਰਾਨ ਉਹ ਆਪਣੀ ਉਮਰ ਦੇ ਬਦਤਰੀਨ ਦੌਰ ਵਿੱਚੋਂ ਗੁਜ਼ਰਿਆ। ਇਸ ਤੋਂ ਪਹਿਲਾਂ ਪੈਨਸ਼ਨ ਬਹਾਲੀ ਲਈ ਹਰ ਚਾਰਾ ਅਜ਼ਮਾ ਚੁੱਕੇ ਗ਼ਾਲਿਬ ਨੇ ਇਕ ਤਹਿਸੀਲਦਾਰ ਮਿੱਤਰ ਦੀ ਸਲਾਹ ’ਤੇ ‘ਛੋਟਾ ਰਸਤਾ’ ਚੁਣਿਆ। ਗ਼ਰੀਬੀ ਤੋਂ ਤੰਗ ਆ ਕੇ ਉਸ ਨੇ 1855 ਵਿਚ ਮਲਕਾ ਵਿਕਟੋਰੀਆ ਦੀ ਸ਼ਾਨ ਵਿਚ ਇਕ ਕਸੀਦਾ ਲਿਖਿਆ ਤੇ ਆਪਣੇ ਮਿਹਰਬਾਨ ਅੰਗਰੇਜ਼ ਅਫ਼ਸਰ ਲਾਰਡ ਇਲੇਨ ਬੋਰੋ ਰਾਹੀਂ ਲੰਡਨ ਭੇਜਿਆ। ਕਸੀਦੇ ਵਿਚ ਉਸ ਨੇ ਬਰਤਾਨਵੀ ਰਾਜ ਨੂੰ ਰੋਮਨ ਰਾਜ ਤੋਂ ਵੀ ਮਹਾਨ ਕਿਹਾ ਤੇ ਯਾਦ ਦਿਵਾਇਆ ਕਿ ਰੋਮਨ ਗਣਰਾਜ ਵਿਚ ਕਵੀਆਂ ਤੇ ਲੇਖਕਾਂ ਦੀ ਪੁਸ਼ਤ-ਪਨਾਹੀ ਰਾਜਾ ਕਰਦਾ ਸੀ। ਇਸ ਲਈ ਮਲਕਾ ਦਾ ਵੀ ਫਰਜ਼ ਹੈ ਕਿ ਉਹ ਆਪਣੀ ਸਲਤਨਤ ਦੇ ਸ਼ਾਇਰਾਂ ਦਾ ਖਿਆਲ ਰੱਖੇ। ਗ਼ਾਲਿਬ ਨੇ ‘ਦਸਤੰਬੂ’ ਨਾਮੀ ਖ਼ਤਾਂ ਦੀ ਕਿਤਾਬ ਵਿਚ ਇਸ ਕਸੀਦੇ ਦੇ ਲਿਖੇ ਜਾਣ ਦੇ ਕਾਰਨ ਦੱਸੇ ਹਨ। ਉਸ ਮੁਤਾਬਿਕ ‘‘ਮੇਰੇ ਚਾਚਾ ਜਾਨ ਨੂੰ ਆਗਰੇ ਕੋਲ ਦੋ ਪਰਗਣਿਆਂ ਦੀ ਮਾਲਕੀ ਮਿਲੀ ਸੀ। ਉਨ੍ਹਾਂ ਦੀ ਮੌਤ ਤੋਂ ਬਾਅਦ ਅੰਗਰੇਜ਼ ਸਰਕਾਰ ਨੇ ਜਾਇਦਾਦ ਆਪਣੇ ਕਬਜ਼ੇ ਵਿਚ ਲੈ ਲਈ ਤੇ ਸਾਨੂੰ ਦੋਵਾਂ ਭਰਾਵਾਂ ਨੂੰ ਪੈਨਸ਼ਨ ਜਾਰੀ ਕਰ ਦਿੱਤੀ। ਇਹੀ ਸਾਡੀ ਇਕਮਾਤਰ ਆਮਦਨ ਸੀ। ਅਪਰੈਲ 1857 ਤਕ ਮੈਨੂੰ ਦਿੱਲੀ ਦੇ ਕੁਲੈਕਟਰ ਤੋਂ ਪੈਨਸ਼ਨ ਮਿਲਦੀ ਰਹੀ। ਫਿਰ ਵਿੱਤ ਵਿਭਾਗ ਬੰਦ ਹੋ ਗਿਆ ਤੇ ਮੈਂ ਆਪਣੇ ਦੁੱਖਾਂ ਨਾਲ ਜੂਝ ਰਿਹਾ ਹਾਂ। ਪੰਜ ਸਾਲ ਪਹਿਲਾਂ ਮੈਂ ਆਪਣੀ ਬੀਵੀ ਦੇ ਪਰਿਵਾਰ ਵਿਚੋਂ ਦੋ ਅਨਾਥ ਬੱਚੇ ਗੋਦ ਲੈ ਲਏ। ਇਹੀ ਮੇਰੀ ਬਦਕਿਸਮਤ ਜ਼ਿੰਦਗੀ ਦੀ ਬਹਾਰ ਹਨ। ਮੇਰਾ ਦੋ ਸਾਲ ਛੋਟਾ ਭਰਾ ਪਾਗਲਪਣ ਦੇ ਦੌਰਿਆਂ ਦਾ ਸ਼ਿਕਾਰ ਹੈ। ਮੇਰੇ ਦੋਵੇਂ ਬੱਚੇ ਮੇਰੇ ਕੋਲੋਂ ਫ਼ਲ, ਦੁੱਧ ਤੇ ਮਠਿਆਈ ਮੰਗਦੇ ਹਨ, ਮੈਂ ਉਨ੍ਹਾਂ ਨੂੰ ਕਿਵੇਂ ਸਮਝਾਵਾਂ। ਜਦ ਤਕ ਮੈਂ ਜ਼ਿੰਦਾ ਹਾਂ ਮੈਂ ਮੁਸੀਬਤਾਂ ਨਾਲ ਜੂਝਦਾ ਰਹਾਂਗਾ ਤੇ ਮਰਨ ਤੋਂ ਬਾਅਦ ਕਬਰ ਦੀ ਮਿੱਟੀ ਨਾਲ ਜੂਝਾਂਗਾ।’’ ਇਸ ਸਮੇਂ ਹੀ ਉਸ ਨੇ ਇਕ-ਇਕ ਕਰਕੇ ਆਪਣੇ ਸਮਕਾਲੀਆਂ ਨੂੰ ਇਸ ਸੰਸਾਰ ਤੋਂ ਜਾਂਦਿਆਂ ਵੇਖਿਆ। ਉਸਤਾਦ ਜ਼ੌਕ ਮੁਫ਼ਲਿਸੀ ਤੇ ਤੰਗੀ ਦੀ ਹਾਲਤ ’ਚ ਫੌਤ ਹੋਇਆ। ਗ਼ਾਲਿਬ ਦੀ ਕਮਾਈ ਦੇ ਇੱਕੋ-ਇਕ ਸਾਧਨ ਉਸਤਾਦੀ ਦਾ ਵਜ਼ੀਫਾ ਦੇਣ ਵਾਲੇ ਬਾਦਸ਼ਾਹ ਬਹਾਦਰ ਸ਼ਾਹ ਜ਼ਫ਼ਰ ਨੂੰ ਦੇਸ਼-ਬਦਰ ਕਰ ਦਿੱਤਾ ਗਿਆ। ਗਦਰ ਦੌਰਾਨ ਦਿੱਲੀ ਵਿਚ ਫ਼ੌਜ ਦੀ ਤਾਇਨਾਤੀ ਰਹੀ ਸੀ। ਕੁਝ ਇਲਾਕਿਆਂ ਵਿਚ ਤਾਂ ਬਾਗ਼ੀਆਂ ਦੀ ਭਾਲ ਵਿਚ ਫ਼ੌਜ ਦੀ ਦਬਿਸ਼ ਵੀ ਹੋਈ। ਇਸ ਲਈ ਕੁਝ ਇਲਾਕਿਆਂ ਵਿਚ ਜ਼ਰੂਰੀ ਸਾਮਾਨ ਦੀ ਕਿੱਲਤ ਵੀ ਰਹੀ। ਮੁਹੱਲਿਆਂ ਵਿਚ ਗੰਦਗੀ ਤੇ ਮੈਲਾ ਜਮ੍ਹਾਂ ਹੋਣ ਨਾਲ ਹੈਜ਼ਾ ਫੈਲਣ ਦੀ ਨੌਬਤ ਆ ਗਈ। ਜਿਸ ਮੁਹੱਲੇ ਵਿਚ ਗ਼ਾਲਿਬ ਰਹਿੰਦਾ ਸੀ ਉਸ ਵਿਚ ਬਾਗ਼ੀ ਸਿਪਾਹੀਆਂ ਦੇ ਲੁਕੇ ਹੋਣ ਦਾ ਸ਼ੱਕ ਸੀ। ਮੁਹੱਲਾ ਹਫ਼ਤਿਆਂ ਤਕ ਬੰਦ ਰੱਖਿਆ ਗਿਆ। ਗ਼ਾਲਿਬ ਇਸ ਮੁਹੱਲੇ ਤੋਂ ਅੱਕ ਗਿਆ। ਉਹ ਜਿਸ ਹਕੀਮ ਸੈਫੂਦੀਨ ਤੋਂ ਬਵਾਸੀਰ ਦੀ ਦਵਾਈ ਲੈਂਦਾ ਸੀ ਉਸ ਦਾ ਇਕ ਮਕਾਨ ਮੁਹੱਲਾ ਬੱਲੀਮਾਰਾਂ ਦੀ ਗਲੀ ਕਾਸਿਮ ਜਾਨ ’ਚ ਖਾਲੀ ਪਿਆ ਸੀ। ਇਹ ਮੁਹੱਲਾ ਉਨ੍ਹਾਂ ਮਲਾਹਾਂ ਦਾ ਸੀ ਜੋ ਪਹਿਲਾਂ ਮੁਗ਼ਲ ਬਾਦਸ਼ਾਹਾਂ ਤੇ ਫਿਰ ਅੰਗਰੇਜ਼ ਅਫ਼ਸਰਾਂ ਨੂੰ ਜਮਨਾ ਵਿਚ ਕਿਸ਼ਤੀਆਂ ਦੀ ਸੈਰ ਕਰਵਾਉਂਦੇ ਸਨ। ਕਿਸ਼ਤੀ ਚਲਾਉਣ ਲਈ ਚੱਪੂ ਦੀ ਥਾਂ ਲੰਮੇ ਵੰਝ ਜਾਂ ਬੱਲੀ ਦੀ ਵਰਤੋਂ ਕਰਨ ਵਾਲੇ ਇਨ੍ਹਾਂ ਲੋਕਾਂ ਨੂੰ ਬੱਲੀਮਾਰ ਤੇ ਇਨ੍ਹਾਂ ਦੇ ਮੁਹੱਲੇ ਨੂੰ ਮੁਹੱਲਾ ਬੱਲੀਮਾਰਾਂ ਕਿਹਾ ਜਾਂਦਾ ਸੀ। ਬਾਅਦ ਵਿਚ ਕਈ ਨਵਾਬ ਤੇ ਬਰਤਾਨਵੀ ਸਰਕਾਰ ਦੇ ਅਫ਼ਸਰ ਵੀ ਇਸ ਮੁਹੱਲੇ ਵਿਚ ਰਹਿਣ ਆ ਗਏ। ਗਦਰ ਦੌਰਾਨ ਇਹ ਮੁਹੱਲਾ ਮੁਕਾਬਲਤਨ ਵਧੇਰੇ ਸੁਰੱਖਿਅਤ ਰਿਹਾ ਸੀ। ਹਕੀਮ ਦੇ ਵਾਰ-ਵਾਰ ਕਹਿਣ ’ਤੇ ਗ਼ਾਲਿਬ ਆਪਣਾ ਸਾਮਾਨ ਚੁੱਕ ਕੇ ਇਸ ਘਰ ਵਿਚ ਰਹਿਣ ਆ ਗਿਆ। ਉਦੋਂ ਉਸ ਨੂੰ ਵੀ ਪਤਾ ਨਹੀਂ ਹੋਣਾ ਕਿ ਸਦੀਆਂ ਤਕ ਇਹੀ ਘਰ ਗ਼ਾਲਿਬ ਦੀ ਯਾਦ ਤਾਜ਼ਾ ਕਰਵਾਉਂਦਾ ਰਹੇਗਾ। ਇਹੀ ਉਹ ਮਕਾਨ ਹੈ ਜਿਸ ਨੂੰ ਅਸੀਂ ਹੁਣ ਗ਼ਾਲਿਬ ਸਮਾਰਕ ਵਜੋਂ ਦੇਖ ਸਕਦੇ ਹਾਂ। ਆਪਣੀ ਜ਼ਿੰਦਗੀ ਦੇ ਆਖ਼ਰੀ ਨੌਂ ਸਾਲ ਉਹ ਇਸ ਘਰ ਵਿਚ ਰਿਹਾ। ਢਹਿੰਦੇ ਮੁਗ਼ਲੀਆ ਦੌਰ ਦਾ ਇਹ ਸ਼ਾਨਦਾਰ ਸ਼ਾਇਰ ਸਦਾ ਲਈ ਇਸ ਘਰ, ਗਲੀ ਤੇ ਮੁਹੱਲੇ ਨਾਲ ਜੁੜ ਗਿਆ। ਇਸ ਘਰ ਦੇ ਗ਼ਾਲਿਬ ਦੀ ਯਾਦਗਾਰ ਬਣਨ ਦੀ ਕਹਾਣੀ ਵੀ ਘੱਟ ਦਿਲਚਸਪ ਨਹੀਂ। ਆਜ਼ਾਦੀ ਤੋਂ ਪਹਿਲਾਂ ਇਸ ਘਰ ਵਿਚ ਕਈ ਲੋਕ ਰਹੇ। ਇੱਥੇ ਬੱਕਰਾ ਵਾੜਾ ਵੀ ਬਣਿਆ। ਆਜ਼ਾਦੀ ਤੋਂ ਬਾਅਦ ਲੰਮਾ ਸਮਾਂ ਇਸੇ ਘਰ ਵਿਚ ਕੋਲਿਆਂ ਦਾ ਗੋਦਾਮ ਰਿਹਾ, ਲੱਕੜਾਂ ਦੀ ਟਾਲ ਵੀ ਤੇ ਜੰਝ ਘਰ ਵੀ। ਬੇਨਾਮੀ ਜਾਇਦਾਦਾਂ ਦੀ ਨਿਲਾਮੀ ਦੌਰਾਨ ਇਸ ਘਰ ਨੂੰ ਮੁਹੰਮਦ ਅਲੀ ਫਾਰੂਕੀ ਨਾਮ ਦੇ ਵਿਅਕਤੀ ਨੇ ਖਰੀਦ ਲਿਆ ਜਿਸ ਦੀ ਮੌਤ ਤੋਂ ਬਾਅਦ ਇਸ ਘਰ ’ਤੇ ਉਸ ਦੇ ਰਿਸ਼ਤੇਦਾਰਾਂ ਦਾ ਕਬਜ਼ਾ ਰਿਹਾ। ਆਜ਼ਾਦੀ ਤੋਂ ਬਾਅਦ ਇਸ ਗਲੀ ਵਿਚ ਇਕ ਮਸ਼ਹੂਰ ਮੁਗ਼ਲਈ ਫਾਰੂਖ ਹੋਟਲ ਸੀ। ਰਾਸ਼ਟਰਪਤੀ ਬਣਨ ਤੋਂ ਪਹਿਲਾਂ ਜ਼ਾਕਿਰ ਹੁਸੈਨ ਇਸੇ ਹੋਟਲ ਤੋਂ ਖਾਣ ਦੇ ਸ਼ੌਕੀਨ ਸਨ। ਉਨ੍ਹਾਂ ਨੂੰ ਜਦੋਂ ਗ਼ਾਲਿਬ ਦੇ ਇਸ ਹਵੇਲੀ ਨਾਲ ਰਿਸ਼ਤੇ ਦਾ ਪਤਾ ਲੱਗਿਆ ਤਾਂ ਉਨ੍ਹਾਂ ਦੀ ਦਿਲਚਸਪੀ ਜਾਗ ਪਈ। ਉਪ-ਰਾਸ਼ਟਰਪਤੀ ਬਣਨ ਤੋਂ ਬਾਅਦ ਉਨ੍ਹਾਂ ਨੇ ਇਸ ਮਕਾਨ ਨੂੰ ਖਾਲੀ ਕਰਵਾਇਆ। ਬੇਸ਼ੱਕ ਉਸ ਸਮੇਂ ਤਕ ਇਸ ਮਕਾਨ ਦਾ ਇਕ ਹਿੱਸਾ ਕਿਸੇ ਨੇ ਢਾਹ ਕੇ ਨਵੇਂ ਤਰਜ਼ ਦੀ ਉਸਾਰੀ ਕਰ ਲਈ ਸੀ। ਗੁਲਜ਼ਾਰ ਦੇ ਲੜੀਵਾਰ ਦੇ ਪ੍ਰਸਾਰਨ ਤੋਂ ਬਾਅਦ ਉਰਦੂ ਦੀਆਂ ਕੁਝ ਸੰਸਥਾਵਾਂ ਸਰਗਰਮ ਹੋਈਆਂ ਤਾਂ ਦਿੱਲੀ ਸਰਕਾਰ ਨੇ ਇਸ ਮਕਾਨ ਨੂੰ 1990 ਵਿਚ ਐਕੁਆਇਰ ਕੀਤਾ ਤੇ ਗ਼ਾਲਿਬ ਦੇ ਸਮਾਰਕ ਵਿਚ ਤਬਦੀਲ ਕਰ ਦਿੱਤਾ। ਇਹ ਘਰ ਦੇਖਦਿਆਂ ਜ਼ਿਹਨ ਵਿਚ ਪੰਜਾਬੀ ਲੇਖਕਾਂ ਦੀਆਂ ਰਿਹਾਇਸ਼ਾਂ ਦੀ ਯਾਦ ਉਭਰਦੀ ਹੈ। ਅੰਮ੍ਰਿਤਾ ਪ੍ਰੀਤਮ ਦੇ ਉਸ ਇਤਿਹਾਸਕ ਘਰ ਦਾ ਹਸ਼ਰ ਅਜੇ ਤਾਜ਼ੀ ਘਟਨਾ ਹੈ ਜੋ ਬਹੁਤ ਲੇਖਕਾਂ ਦੀ ਦਿੱਲੀ ਯਾਤਰਾ ਦੌਰਾਨ ਜ਼ਿਆਰਤਗਾਹ ਵਾਂਗ ਸੀ। ਮੋਹਨ ਸਿੰਘ ਮਾਈ ਹੀਰਾਂ ਗੇਟ ਜਲੰਧਰ ਦੇ ਜਿਸ ਘਰ ਵਿਚ ਰਹਿੰਦਾ ਸੀ ਉਸ ਦਾ ਨਿਸ਼ਾਨ ਵੀ ਨਹੀਂ ਲੱਭਦਾ। ਸ਼ਿਵ ਕੁਮਾਰ ਦੇ ਘਰ ਦੇ ਨਾਮ ’ਤੇ ਸ਼ਾਇਦ ਹੀ ਕੋਈ ਸਹੀ ਟਿਕਾਣਾ ਦੱਸਿਆ ਜਾ ਸਕੇ। ਜੋ ਲੇਖਕ ਆਪਣੇ ਘਰਾਂ ’ਚ ਵੱਸਦੇ ਹਨ ਉਨ੍ਹਾਂ ਦੀਆਂ ਕਿਤਾਬਾਂ ਤੇ ਹੋਰ ਚੀਜ਼ਾਂ ਦੀ ਸੰਭਾਲ ਵੀ ਕੁਝ ਪਰਿਵਾਰ ਹੀ ਕਰਦੇ ਹਨ। ਸ਼ਾਇਦ ਲੇਖਕ ਹੋਣਾ ਇਸੇ ਹੋਣੀ ਦੇ ਭਾਗੀਦਾਰ ਹੋਣਾ ਹੈ। ਗ਼ਾਲਿਬ ਦੀ ਯਾਦਗਾਰ ਦੇਖ ਕੇ ਸਕੂਨ ਨਾਲ ਭਰ ਜਾਣ ਵਾਲੇ ਨੂੰ ਅਹਿਸਾਸ ਵੀ ਨਹੀਂ ਹੁੰਦਾ ਕਿ ਗ਼ਾਲਿਬ ਸਾਰੀ ਉਮਰ ਇਸ ਸਕੂਨ ਲਈ ਭਟਕਦਾ ਰਿਹਾ। ਰੱਬ ਨਾਲ ਢੇਰਾਂ ਸ਼ਿਕਵੇ ਕਰਨ ਵਾਲਾ ਇਹ ਅਜ਼ੀਮ ਸ਼ਾਇਰ ਆਪਣੇ ਆਪ ਨੂੰ ਰੱਬ ਦਾ ਹਮਸਾਇਆ ਕਹਿੰਦਾ ਸੀ। ਅਚਾਨਕ ਯਾਦ ਆਉਂਦਾ ਹੈ ਕਿ ਗੁਆਂਢੀ, ਸ਼ਰੀਕ ਵੀ ਹੁੰਦਾ ਹੈ। ਸ਼ਰੀਕ ਦੇ ਪੰਜਾਬੀ ਵਿਚ ਪ੍ਰਚੱਲਿਤ ਅਰਥ ਯਾਦ ਆਉਂਦੇ ਹਨ ਤੇ ਗ਼ਾਲਿਬ ਰੱਬ ਦਾ ਗੁਆਂਢੀ ਲੱਗਣ ਲੱਗਦਾ ਹੈ। ਸੰਪਰਕ: 94654-64502

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All