ਰੰਗਕਰਮੀਆਂ ਦਾ ਭਵਨ

ਰਾਸ ਰੰਗ

ਡਾ. ਸਾਹਿਬ ਸਿੰਘ

ਲੁਧਿਆਣਾ ਤੋਂ ਮੋਗਾ ਜਾਂਦਿਆਂ ਜਦੋਂ ਤੁਸੀਂ ਮੁੱਲਾਂਪੁਰ ਦਾਖਾ ਲੰਘ ਰਹੇ ਹੋਵੋ ਤਾਂ ਆਪਣੀ ਨਜ਼ਰ ਖੱਬੇ ਪਾਸੇ ਟਿਕਾ ਕੇ ਰੱਖੋ। ਤਰ੍ਹਾਂ ਤਰ੍ਹਾਂ ਦੀਆਂ ਦੁਕਾਨਾਂ ਦੀ ਰੁੱਖੀ, ਖਰਵੀਂ ਜਿਹੀ ਦਿੱਖ ਪ੍ਰੇਸ਼ਾਨ ਕਰੇ ਤਾਂ ਸਬਰ ਰੱਖੋ, ਥੋੜ੍ਹਾ ਅੱਗੇ ਜਾ ਕੇ ਇਕ ਬੋਰਡ ਨਜ਼ਰ ਆਏਗਾ ਜਿਸ ’ਤੇ ਸੋਹਣੇ ਹਰਫ਼ਾਂ ’ਚ ਲਿਖਿਆ ਹੈ ‘ਗੁਰਸ਼ਰਨ ਕਲਾ ਭਵਨ’। ਜੀਅ ਕਰੇਗਾ ਬਰੇਕ ਮਾਰ ਕੇ ਇਸ ਨਜ਼ਾਰੇ ਨੂੰ ਨਿਹਾਰਨ ਦਾ ਕਿਉਂਕਿ ਇਸ ਭਵਨ ਦਾ ਬੋਰਡ ਅੰਮ੍ਰਿਤਸਰ, ਚੰਡੀਗੜ੍ਹ ਵਰਗੇ ਸ਼ਹਿਰ ਦੀ ਕਿਸੇ ਸੋਹਣੀ ਦਿੱਖ ਵਾਲੀ ਸੜਕ ਦੇ ਕੰਢੇ ਨਹੀਂ ਲੱਗਿਆ ਹੋਇਆ। ਪਹਿਲੀ ਤੱਕਣੀ ’ਤੇ ਯਕੀਨ ਨਹੀਂ ਆਏਗਾ, ਅੱਗੇ ਵਧੋ ਤਾਂ ਬੇਯਕੀਨੀ ਹੋਰ ਵਧੇਗੀ ਕਿਉਂਕਿ ਮਾਮੂਲੀ ਜਿਹੀ ਸੜਕ ਦੇ ਦੋਵੇਂ ਪਾਸੇ ਸਾਧਾਰਨ ਘਰਾਂ ਦੀ ਕਤਾਰ ਨਜ਼ਰ ਆਏਗੀ। ਤੁਸੀਂ ਬੇਵਿਸ਼ਵਾਸੀ ਨਾਲ ਭਰੇ ਅੱਗੇ ਸਰਕੀ ਜਾ ਰਹੇ ਹੋ, ਪਰ ਘਰ ਹੀ ਘਰ, ਵਿਚ ਵਿਚਾਲੇ ਖਾਲੀ ਪਿਆ ਕੋਈ ਖੋਲਾ, ਕਿਤੇ ਮਿੱਟੀ, ਕਿਤੇ ਸਰੀਆ, ਬਜਰੀ, ਇੱਟਾਂ, ਪਰ ਅੱਖਾਂ ਤਾਂ ਰੰਗਮੰਚ ਭਵਨ ਲੱਭ ਰਹੀਆਂ ਹਨ। ਜਦੋਂ ਸਬਰ ਦਾ ਪਿਆਲਾ ਭਰਨ ਵਾਲਾ ਹੋ ਜਾਵੇ ਤੇ ਸੜਕ ਵੀ ਲਗਪਗ ਮੁੱਕਣ ’ਤੇ ਆ ਜਾਵੇ ਤਾਂ ਖੱਬੇ ਪਾਸੇ ਇਕ ਬਹੁਮੰਜ਼ਲੀ ਇਮਾਰਤ ਦਿਸੇਗੀ। ਇਸ ਇਮਾਰਤ ਦੀ ਇਕ ਕੰਧ ਇਕ ਘਰ ਨਾਲ ਲੱਗਦੀ ਹੈ, ਗੇਟ ਦੇ ਸਾਹਮਣੇ ਵੀ ਇਕ ਘਰ ਹੈ। ਗੇਟ ਤੋਂ ਅੰਦਰ ਵੜੋ ਤਾਂ ਇਕ ਵੱਖਰੀ ਦੁਨੀਆਂ ਤੁਹਾਡਾ ਸਵਾਗਤ ਕਰੇਗੀ। ਰੰਗਕਰਮੀਆਂ ਦੇ ਨਿੱਜੀ ਯਤਨਾਂ ਨਾਲ ਬਣਿਆ ਭਵਨ, ਲੋਕ ਕਲਾ ਮੰਚ ਮੰਡੀ ਮੁੱਲਾਂਪੁਰ ਦੇ ਕਲਾਕਾਰਾਂ ਵੱਲੋਂ ਦਿਨੇ ਦੇਖੇ ਸੁਪਨੇ ’ਚ ਰੰਗ ਭਰਦਾ ਕਲਾ ਭਵਨ। ਹਰਕੇਸ਼ ਚੌਧਰੀ ਤੇ ਸੁਰਿੰਦਰ ਸ਼ਰਮਾ ਪੰਜਾਬੀ ਰੰਗਮੰਚ ਦੇ ਅਤਿ ਬੀਬੇ ਤੇ ਸਾਊ ਅਦਾਕਾਰ ਹਨ, ਉਨ੍ਹਾਂ ਆਪਣੇ ਰੰਗਮੰਚ ਦਾ ਲੰਬਾ ਅਰਸਾ ਭਾਅ ਜੀ ਗੁਰਸ਼ਰਨ ਸਿੰਘ ਨਾਲ ਬਿਤਾਇਆ ਹੈ। ਇਸੇ ਲਈ ਸ਼ਾਗਿਰਦਾਂ ਨੇ ਜਦੋਂ ਭਵਨ ਬਣਾਇਆ ਤਾਂ ਆਪਣੇ ਮੁਰਸ਼ਦ ਨੂੰ ਸ਼ਰਧਾਂਜਲੀ ਦਿੱਤੀ ਤੇ ਉਸ ਦੀਆਂ ਵੱਡ ਆਕਾਰੀ ਤਸਵੀਰਾਂ ਕੰਧ ’ਤੇ ਸਜਾ ਕੇ ਭਵਨ ਦਾ ਨਾਮ ਰੱਖਿਆ-ਗੁਰਸ਼ਰਨ ਕਲਾ ਭਵਨ। ਤੁਸੀਂ ਉੱਥੇ ਜਾਓ, ਨਾਟਕ ਦੇਖੋ ਜਾਂ ਨਾਟਕ ਖੇਡੋ, ਭਾਅ ਅੰਗ ਸੰਗ ਸਹਾਈ ਹੁੰਦੇ ਹਨ, ਬਾਬੇ ਦੇ ਗਰਜਦੇ, ਲਰਜ਼ਦੇ ਬੋਲ ਫਿਜ਼ਾ ’ਚ ਮਹਿਸੂਸ ਕੀਤੇ ਜਾ ਸਕਦੇ ਹਨ । ਹਰਕੇਸ਼ ਤੇ ਸੁਰਿੰਦਰ ਨੇ 14 ਕੁ ਸਾਲ ਪਹਿਲਾਂ ਇਹ ਖਾਬ ਦੇਖਿਆ ਕਿ ਆਪਣਾ ਭਵਨ ਹੋਣਾ ਚਾਹੀਦਾ ਹੈ। ਜਿਸ ਇਲਾਕੇ ਵਿਚ ਦੋਵਾਂ ਅਧਿਆਪਕ ਰੰਗਕਰਮੀਆਂ ਨੇ ਘਰ ਬਣਾਉਣ ਵਾਸਤੇ ਪਲਾਟ ਖ਼ਰੀਦੇ, ਉੱਥੇ ਹੀ ਇਸ ਭਵਨ ਲਈ ਜ਼ਮੀਨ ਦਾ ਇਕ ਟੋਟਾ ਖ਼ਰੀਦ ਲਿਆ। ਅੱਜ ਇਕ ਦਾ ਘਰ ਬਣ ਗਿਆ ਹੈ, ਦੂਜੇ ਦਾ ਅਜੇ ਉਸਾਰੀ ਅਧੀਨ ਹੈ, ਪਰ ਭਵਨ 12 ਸਾਲ ਪਹਿਲਾਂ ਮੁਕੰਮਲ ਹੋ ਗਿਆ ਸੀ। ਲੋਕ ਕਲਾ ਮੰਚ ਮੰਡੀ ਮੁੱਲਾਂਪੁਰ ਦੇ ਕਲਾਕਾਰਾਂ ਵੱਲੋਂ ਫੰਡ ਜੁਟਾਏ ਗਏ, ਦੇਸ਼ ਵਿਦੇਸ਼ ’ਚ ਵਸਦੇ ਅਗਾਂਹਵਧੂ ਕਲਾ ਪ੍ਰੇਮੀਆਂ ਨੇ ਸਹਿਯੋਗ ਦਿੱਤਾ ਤੇ 16 ਅਕਤੂਬਰ, 2007 ਨੂੰ ਸੁਪਨਾ ਸਾਕਾਰ ਹੋ ਗਿਆ। ਉਸ ਦਿਨ ਭਗਤ ਸਿੰਘ ਨਾਲ ਸਬੰਧਿਤ ਨਾਟਕ ਖੇਡਿਆ ਗਿਆ ਤੇ ਅਹਿਦ ਲਿਆ ਕਿ ਇਹ ਭਵਨ ਸਿਰਫ਼ ਲੋਕ ਪੱਖੀ ਇਨਕਲਾਬੀ ਸੱਭਿਆਚਾਰ ਹੀ ਪੇਸ਼ ਕਰੇਗਾ। ਪਿਛਲੇ 12 ਸਾਲ ਤੋਂ ਇਹ ਪ੍ਰਣ ਕਾਇਮ ਹੈ, ਹਰ ਮਹੀਨੇ ਦੇ ਆਖਰੀ ਸ਼ਨਿਚਰਵਾਰ ਨੂੰ ਨਾਟਕ ਹੁੰਦਾ ਹੈ ਤੇ ਜੂਨ ਮਹੀਨੇ ਬਾਲ ਕਲਾਕਾਰਾਂ ਦੀ ਵਰਕਸ਼ਾਪ ਲੱਗਦੀ ਹੈ। ਕੁਝ ਨਾਟਕ ਇਹ ਖ਼ੁਦ ਖੇਡਦੇ ਹਨ ਤੇ ਕੁਝ ਪੰਜਾਬ ਦੇ ਅਲੱਗ ਅਲੱਗ ਕੋਨਿਆਂ ਤੋਂ ਪਹੁੰਚਦੀਆਂ ਨਾਟਕ ਟੀਮਾਂ ਖੇਡਦੀਆਂ ਹਨ। ਸ਼ੁਰੂ ਵਿਚ ਦਰਸ਼ਕ ਜੁਟਾਉਣ ਲਈ ਯਤਨ ਕਰਨੇ ਪਏ, ਸੱਦਾ ਪੱਤਰ ਵੀ ਭੇਜੇ ਗਏ ਤੇ ਫੋਨ ਵੀ ਖੜਕਾਏ ਗਏ, ਪਰ ਫੇਰ ਅਜਿਹੀ ਲਗਾਤਾਰਤਾ ਬਣੀ ਕਿ ਦਰਸ਼ਕਾਂ ਨੂੰ ਦੱਸਣਾ ਨਹੀਂ ਪੈਂਦਾ, ਉਹ ਖ਼ੁਦ ਜਾਣਕਾਰੀ ਹਾਸਲ ਕਰ ਲੈਂਦੇ ਹਨ ਕਿ ਇਸ ਵਾਰ ਕਿਹੜਾ ਨਾਟਕ ਖੇਡਿਆ ਜਾਵੇਗਾ। ਸ਼ਾਮ 6ਕੁ ਵਜੇ ਦਰਸ਼ਕ ਆਪਣਾ ਸਥਾਨ ਗ੍ਰਹਿਣ ਕਰਨ ਲੱਗ ਪੈਂਦੇ ਹਨ ਤੇ 6.30 ਵਜੇ ਤਕ ਹਾਲ ਭਰ ਜਾਂਦਾ ਹੈ। ਸਭ ਮਿਲ ਬੈਠ ਕੇ ਨਾਟਕ ਦੇਖਦੇ ਹਨ।

ਡਾ. ਸਾਹਿਬ ਸਿੰਘ

ਸੁਪਨੇ ਦਾ ਇਕ ਪੜਾਅ ਪੂਰਾ ਹੋਇਆ ਤਾਂ ਪ੍ਰਸੰਨ ਹੋਏ ਮਨਾਂ ਅੰਦਰ ਵੱਡੇ ਸੁਪਨਿਆਂ ਨੇ ਅੰਗੜਾਈ ਲਈ। ਮਹਿਸੂਸ ਹੋਇਆ ਕਿ ਜੇ ਇਸ ਭਵਨ ਨੂੰ ਸਰਗਰਮ ਬਣਾਉਣਾ ਹੈ, ਵਧੇਰੇ ਸਾਰਥਕ ਤੇ ਬਹੁਆਯਾਮੀ ਬਣਾਉਣਾ ਹੈ ਤਾਂ ਸਿਰਫ਼ ਨਾਟ ਪੇਸ਼ਕਾਰੀਆਂ ਕਾਫ਼ੀ ਨਹੀਂ। ਇਕ ਛੇ ਸੂਤਰੀ ਪ੍ਰੋਗਰਾਮ ਦਾ ਖਾਕਾ ਬੁਣਿਆ ਗਿਆ ਜਿਸ ਵਿਚ ਆਡੀਟੋਰੀਅਮ ਦੇ ਨਾਲ ਇਕ ਲਾਇਬ੍ਰੇਰੀ ਹੋਵੇ ਜਿੱਥੇ ਦੁਨੀਆਂ ਭਰ ਦਾ ਸਾਹਿਤ ਪੜ੍ਹਨ ਨੂੰ ਮਿਲੇ; ਇਕ ਸੈਮੀਨਾਰ ਹਾਲ ਹੋਵੇ ਜਿੱਥੇ ਭਖਦੇ ਮਸਲਿਆਂ ਸਬੰਧੀ ਵਿਚਾਰ ਵਟਾਂਦਰੇ ਹੋਣ ਤੇ ਦੂਰ ਦੁਰਾਡੇ ਤੋਂ ਵਿਦਵਾਨ, ਚਿੰਤਕ, ਲੇਖਕ ਆ ਕੇ ਨਿੱਠ ਕੇ ਬੈਠਣ, ਨੁਕਤੇ ਵਿਚਾਰਨ ਤੇ ਨਿਰਣੇ ਲੈਣ; ਸਰੀਰਿਕ ਤੰਦਰੁਸਤੀ ਲਈ ਇਕ ਜਿਮਨੇਜ਼ੀਅਮ ਹੋਵੇ ਜਿੱਥੇ ਰੰਗਕਰਮੀ ਤੇ ਹੋਰ ਸੱਜਣ ਮਿੱਤਰ, ਧੀਆਂ ਭੈਣਾਂ ਵਰਜਿਸ਼ ਕਰ ਸਕਣ; ਇਕ ਕੰਪਿਊਟਰ ਹਾਲ ਹੋਵੇ ਜਿੱਥੇ ਲੋੜਵੰਦ ਵਿਦਿਆਰਥੀ ਕੰਪਿਊਟਰ ਤਕਨੀਕ ਸਿੱਖ ਸਕਣ; ਇਕ ਪ੍ਰਕਾਸ਼ਨ ਘਰ ਹੋਵੇ ਜਿੱਥੇ ਅਗਾਂਹਵਧੂ ਸਾਹਿਤ ਛਾਪਿਆ ਜਾਵੇ ਤੇ ਫੇਰ ਸਸਤੇ ਭਾਅ ’ਤੇ ਲੋਕਾਂ ਤਕ ਪਹੁੰਚਾਇਆ ਜਾਵੇ। ਅੱਜ ਨਵਸੇਧ ਲਾਇਬ੍ਰੇਰੀ ਬਣ ਚੁੱਕੀ ਹੈ ਜਿਸ ਵਿਚ ਸਾਹਿਤ ਸਭਾ ਦਿੱਲੀ ਦਾ ਵੀ ਸਹਿਯੋਗ ਹੈ। ਇਸ ਲਾਇਬ੍ਰੇਰੀ ’ਚ ਭਾਰਤੀ ਤੇ ਅੰਤਰਰਾਸ਼ਟਰੀ ਸਾਹਿਤ ਦਾ ਵੱਡਾ ਜ਼ਖੀਰਾ ਹੈ। ਇਲਾਕੇ ਦੇ ਲੋਕਾਂ ’ਚ ਕਿਤਾਬਾਂ ਪੜ੍ਹਨ ਦੀ ਰੁਚੀ ਵਧੀ ਹੈ, ਚਰਚਾ ਵੀ ਫੈਲੀ ਹੈ। ਲਾਇਬ੍ਰੇਰੀ ਦੇ ਬਾਹਰ ਪ੍ਰਸਿੱਧ ਫ਼ਿਲਾਸਫ਼ਰਾਂ, ਲੇਖਕਾਂ ਦੀਆਂ ਆਦਮ ਕੱਦ ਤਸਵੀਰਾਂ ਲਗਾਈਆਂ ਹਨ ਜੋ ਪੁਸਤਕਾਂ ਨਾਲ ਜੁੜਨ ਦੀ ਪ੍ਰੇਰਨਾ ਦਿੰਦੀਆਂ ਹਨ। ਇਕ ਸੈਮੀਨਾਰ ਹਾਲ ਬਣ ਚੁੱਕਾ ਹੈ ਜਿੱਥੇ ਕਿਤਾਬਾਂ ਦੀ ਘੁੰਡ ਚੁਕਾਈ ਵੀ ਹੁੰਦੀ ਹੈ ਤੇ ਸਮਾਜਿਕ ਰਾਜਨੀਤਕ ਵਿਚਾਰਾਂ ਵੀ ਹੁੰਦੀਆਂ ਹਨ। ਇਕ ਵੱਡਾ ਕਮਰਾ ਕੰਪਿਊਟਰ ਰੂਮ ਬਣ ਗਿਆ ਹੈ ਜਿੱਥੇ ਲੋੜਵੰਦ ਬੱਚੇ ਸਿਖਲਾਈ ਲੈ ਰਹੇ ਹਨ। ਇਕ ਕੰਪਿਊਟਰ ਸੰਚਾਲਕ ਉਨ੍ਹਾਂ ਨੂੰ ਬਿਨਾਂ ਕੋਈ ਮਿਹਨਤਾਨਾ ਲਿਆਂ ਕੰਪਿਊਟਰ ਸਾਇੰਸ ਦੀਆਂ ਬਾਰੀਕੀਆਂ ਸਿਖਾ ਰਿਹਾ ਹੈ। ਆਏ ਗਏ ਦੇ ਰਹਿਣ ਲਈ ਕੁਝ ਕਮਰੇ ਉਸਾਰੇ ਗਏ ਹਨ ਤੇ ਇਕ ਰਸੋਈ ਵੀ ਮੌਜੂਦ ਹੈ। ਸਾਰੇ ਜਣੇ ਮਿਲ ਕੇ ਇਕ ਸਾਂਝੀ ਥਾਂ ’ਤੇ ਦਾਲ ਫੁਲਕਾ ਛਕਦੇ ਹਨ ਤੇ ਫਿਰ ਮਿਲ ਕੇ ਸਾਫ਼ ਸਫ਼ਾਈ ਕਰਦੇ ਹਨ। ਇਨ੍ਹਾਂ ਪਿਆਰੇ ਕਲਾਕਾਰਾਂ ਨੇ ਦਿਲ ਨੂੰ ਧੁਰ ਅੰਦਰ ਤਕ ਸੰਤੁਸ਼ਟੀ ਦੇਣ ਵਾਲਾ ਮਾਹੌਲ ਸਿਰਜਿਆ ਹੈ। ਹੁਣ ਵਰਜਿਸ਼ ਘਰ ਦੀ ਉਸਾਰੀ ਵੀ ਆਰੰਭ ਹੋ ਗਈ ਹੈ। ਨੇੜ ਭਵਿੱਖ ਵਿਚ ਪ੍ਰਕਾਸ਼ਨ ਘਰ ਵੀ ਸਥਾਪਿਤ ਕਰ ਦਿੱਤਾ ਜਾਵੇਗਾ। ਜਦੋਂ ਭਵਨ ਨਹੀਂ ਸੀ ਬਣਿਆ, ਇਸ ਮੁਹੱਲੇ ਦਾ ਕੋਈ ਨਾਂ ਨਹੀਂ ਸੀ, ਇਨ੍ਹਾਂ ਨਾਮਕਰਣ ਕੀਤਾ- ਏਕਤਾ ਨਗਰ। ਅੱਜ ਏਕਤਾ ਨਗਰ ਰੰਗਨਗਰੀ ਬਣ ਰਿਹਾ ਹੈ। ਸ਼ਾਲਾ ਇਹ ਰੰਗਨਗਰੀ ਆਬਾਦ ਰਹੇ, ਇੱਥੇ ਵਸਦੇ ਪਿਆਰੇ ਕਲਾਕਾਰਾਂ ਲਈ ਘੁੱਟ ਕੇ ਨਿੱਘੀ ਪਿਆਰੀ ਗਲਵੱਕੜੀ!

ਸੰਪਰਕ: 98880-11096

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਮੁੱਖ ਖ਼ਬਰਾਂ

ਵਿਸ਼ੇਸ਼ ਦਰਜਾ ਖ਼ਤਮ ਕਰਨ ਦੀ ਪਹਿਲੀ ਵਰ੍ਹੇਗੰਢ ਤੋਂ ਪਹਿਲਾਂ ਕਸ਼ਮੀਰ ਵਾਦੀ ’ਚ ਪਾਬੰਦੀਆਂ ਆਇਦ, ਬਾਜ਼ਾਰ ਬੰਦ

ਵਿਸ਼ੇਸ਼ ਦਰਜਾ ਖ਼ਤਮ ਕਰਨ ਦੀ ਪਹਿਲੀ ਵਰ੍ਹੇਗੰਢ ਤੋਂ ਪਹਿਲਾਂ ਕਸ਼ਮੀਰ ਵਾਦੀ ’ਚ ਪਾਬੰਦੀਆਂ ਆਇਦ, ਬਾਜ਼ਾਰ ਬੰਦ

ਅਧਿਕਾਰੀਆਂ ਨੇ ਪਾਬੰਦੀਆਂ ਨੂੰ ਕਰੋਨਾ ਦੇ ਫੈਲਾਅ ਨੂੰ ਠੱਲ੍ਹਣ ਲਈ ਕੀਤੇ ...

ਸ਼੍ਰੋਮਣੀ ਕਮੇਟੀ ਵਲੋਂ ਨਸ਼ਿਆਂ ’ਤੇ ਮੁਕੰਮਲ ਪਾਬੰਦੀ ਦੀ ਮੰਗ

ਸ਼੍ਰੋਮਣੀ ਕਮੇਟੀ ਵਲੋਂ ਨਸ਼ਿਆਂ ’ਤੇ ਮੁਕੰਮਲ ਪਾਬੰਦੀ ਦੀ ਮੰਗ

ਜ਼ਹਿਰੀਲੀ ਸ਼ਰਾਬ ਮੌਤ ਮਾਮਲੇ ਦੀ ਜਾਂਚ ਹਾਈ ਕੋਰਟ ਦੇ ਮੌਜੂਦਾ ਜੱਜ ਕੋਲੋਂ...

ਬਾਦਲ ਪਰਿਵਾਰ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਆਪਣੀ ਨਿੱਜੀ ਕੰਪਨੀ ਬਣਾਇਆ: ਢੀਂਡਸਾ

ਬਾਦਲ ਪਰਿਵਾਰ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਆਪਣੀ ਨਿੱਜੀ ਕੰਪਨੀ ਬਣਾਇਆ: ਢੀਂਡਸਾ

ਸ਼੍ਰੋਮਣੀ ਗੁਰਦੁਆਰਾ ਕਮੇਟੀ ਨੂੰ ਬਾਦਲ ਪਰਿਵਾਰ ਤੋਂ ਮੁਕਤ ਕਰਵਾਉਣ ਦਾ ਸੱ...

ਲੋਕ ਨਾਜਾਇਜ਼ ਤੌਰ ਉੱਤੇ ਖਰੀਦੀ ਸ਼ਰਾਬ ਨਾ ਪੀਣ

ਲੋਕ ਨਾਜਾਇਜ਼ ਤੌਰ ਉੱਤੇ ਖਰੀਦੀ ਸ਼ਰਾਬ ਨਾ ਪੀਣ

ਡਿਪਟੀ ਕਮਿਸ਼ਨਰ ਨੇ ਸ਼ਰਾਬ ਜ਼ਹਿਰੀਲੀ ਹੋਣ ਦਾ ਖਦਸ਼ਾ ਪ੍ਰਗਟਾਇਆ

ਸ਼ਹਿਰ

View All