ਰੋਜ਼ੀ ਲਈ ਵਿਦੇਸ਼ਾਂ ’ਚ ਰੁਲ਼ਦੇ ਪੰਜਾਬੀ ਗੱਭਰੂ

ਸੁਖਦੇਵ ਭੂੰਦੜੀ

ਭਾਰਤ ਅੰਦਰ ਰੁਜ਼ਗਾਰ ਦੀ ਅਨਿਸ਼ਚਿਤ ਹਾਲਤ ਕਰਕੇ, ਖਾਸ ਕਰ ਜਦੋਂ ਤੋਂ ਨਿੱਜੀਕਰਨ, ਉਦਾਰੀਕਰਨ ਅਤੇ ਸੰਸਾਰੀਕਰਨ ਦੀਆਂ ਨੀਤੀਆਂ ਲਾਗੂ ਹੋਈਆਂ ਹਨ ਅਤੇ ਰੁਜ਼ਗਾਰ ਵੱਡੀ ਪੱਧਰ ’ਤੇ ਸੁੰਗੜਿਆ ਹੈ, ਤਾਂ ਨੌਜਵਾਨੀ ਵਿਕਸਿਤ ਮੁਲਕਾਂ ਵੱਲ ਉਡਾਰੀਆਂ ਮਾਰ ਰਹੀ ਹੈ। ਇਹ ਨੌਜਵਾਨ ਉੱਥੋਂ ਦੀ ਚਮਕ-ਦਮਕ ਅਤੇ ਉੱਚ ਮਿਆਰੀ ਜੀਵਨ ਤੋਂ ਪ੍ਰਭਾਵਿਤ ਹੋ ਕੇ ਕਿਵੇਂ ਨਾ ਕਿਵੇਂ ਜ਼ਹਾਜ਼ੇ ਚੜ੍ਹ ਉਸ ‘ਸੁਪਨਮਈ ਸਵਰਗ’ ਵਿਚ ਪਹੁੰਚਣਾ ਲੋਚਦੇ ਹਨ। ਇਸੇ ਕਰਕੇ ਜਿਸ ਵੀ ਨੌਜਵਾਨ ਨੂੰ ਪੁੱਛੋ ਇਹੀ ਜੁਆਬ ਮਿਲ਼ਦਾ ਹੈ ਕਿ ‘ਮੈਂ ਆਇਲੈਟਸ (ਆਇਲਜ਼) ਕਰ ਰਿਹਾਂ ਹਾਂ ਅਤੇ ਇਹ ਕਾਰੋਬਾਰ ਹਜ਼ਾਰਾਂ ਕਰੋੜਾਂ ਦਾ ਧੰਦਾ ਬਣ ਗਿਆ ਹੈ। ਇਸੇ ਕਰਕੇ ਧੜਾਧੜ ਖੁੱਲ੍ਹੇ ਕਿੱਤਾ-ਮੁਖੀ ਕਾਲਜਾਂ ਵਿੱਚ ਉੱਲੂ ਬੋਲਣ ਲੱਗ ਪਏ ਹਨ। ਇਕ ਜਾਣਕਾਰੀ ਮੁਤਾਬਕ ਮਾਲਵੇ ਦੇ ਇੱਕ ਏਸੀ ਸਹੂਲਤਾਂ ਵਾਲ਼ੇ ਕਾਲਜ ਨੂੰ ਬੰਦ ਕਰਕੇ ਵਿਦਿਆਰਥੀਆਂ ਨੂੰ ਕਿਤੇ ਹੋਰ ਭੇਜ ਦਿੱਤਾ ਗਿਆ, ਕਿਉਂਕਿ ਨਵਾਂ ਦਾਖਲਾ ਘਟ ਰਿਹਾ ਸੀ। ਪਿੱਛੇ ਜਿਹੇ ‘ਸੁਪਨਮਈ ਸਵਰਗ’ ਵਾਲ਼ੇ ਇਕ ਦੇਸ਼ ਆਸਟਰੇਲੀਆ ਜਾਣ ਦਾ ਮੌਕਾ ਮਿਲ਼ਆਿ। ਜਦੋਂ ਜਗਮਗਾਉਂਦੇ ਮੈਲਬਰਨ ਏਅਰਪੋਰਟ ’ਤੇ ਉੱਤਰੇ ਤਾਂ ਵੱਖ-ਵੱਖ ਦੇਸ਼ਾਂ ਦੇ ਵਾਸੀ ਬੜੀ ਤੇਜ਼ੀ ਨਾਲ਼ ਆਪਣਾ ਸਮਾਨ ਸਾਂਭਦੇ ਹੋਏ ਬਾਹਰ ਜਾ ਰਹੇ ਸਨ, ਜਿਥੇ ਬਾਹਰ ਉਨ੍ਹਾਂ ਦੇ ਸਨੇਹੀ, ਧੀਆਂ-ਪੁੱਤ ਖੜ੍ਹੇ ਉਡੀਕ ਰਹੇ ਸਨ। ਸਫ਼ਰ ਦੀ ਥਕਾਵਟ ਲਹਿਣ ਪਿੱਛੋਂ ਇੱਕ-ਦੋ ਦਿਨ ਬਆਦ ਜਦੋਂ ਆਲ਼ੇ-ਦੁਆਲ਼ੇ ਨੂੰ ਵੇਖਣ ਦਾ ਮੌਕਾ ਮਿਲਿਆ ਤਾਂ ਪਹਿਲੇ ਦਿਨ ਹੀ ਬੇਟੇ ਦੇ ਘਰ ਲੱਕੜੀ ਦਾ ਕੰਮ ਕਰਨ ਆਏ ਇੱਕ ਪੰਜਾਬੀ ਮਿਸਤਰੀ ਨਾਲ਼ ਇੱਕ 24 ਸਾਲਾ ਮੁੰਡਾ ਸੰਦ ਅਤੇ ਮਸ਼ੀਨ ਕੱਢ ਕੇ ਗੱਡੀ ‘ਚੋਂ ਲਿਆ ਰਿਹਾ ਸੀ। ਉਸ ਦੇ ਪੈਰਾਂ ਵਿੱਚ ਵੱਡੇ-ਵੱਡੇ ਬੂਟ ਹੋਏ ਸਨ, ਪੰਜਾਬੀ ਆਦਤ ਅਨੁਸਾਰ ਮੈਂ ਉਸ ਤੋਂ ਸੁਆਲ ਪੁੱਛਣ ਲੱਗਾ। ਕਿੱਥੋਂ ਆਇਆ ਹੈ, ਕਿੰਨਾਂ ਪੜ੍ਹਿਆ ਹੈ ਅਤੇ ਹੁਣ ਕੀ ਯੋਜਨਾ ਹੈ? ਉਸ ਨੇ ਦੱਸਿਆ ਕਿ ਬਰਨਾਲੇ ਕੋਲ ਮੇਰਾ ਪਿੰਡ ਹੈ, ਮੈਂ ਬੀਕਾਮ ਕੀਤੀ ਹੈ ਅਤੇ ਸਟੱਡੀ ਵੀਜ਼ਾ ‘ਤੇ ਆਇਆਂ ਹਾਂ। ਮੈਂ ਦੋ ਕੁ ਦਿਨ ਕਾਲਜ ਜਾਂਦਾ ਹਾਂ ਤੇ ਬਾਕੀ ਦਿਨ ਕੰਮ ਕਰਦਾਂ ਹਾਂ। ਮੈਂ ਫਿਰ ਸੁਆਲ ਕੀਤਾ ਕਿ ਜੀਅ ਲੱਗ ਗਿਆ ਹੈ? ਅਤੇ ਆਪਣੇ ਦੇਸ਼ ਰਹਿੰਦੇ ਮਿੱਤਰਾਂ ਨੂੰ ਕੀ ਦੱਸਦਾਂ? ਉਸ ਨੇ ਕਿਹਾ ਕਿ ਅੰਕਲ ਜੀ, ਜੀਅ ਤਾਂ ਲਾਉਣਾ ਹੀ ਪੈਣਾ ਹੈ ਅਤੇ ਮਿੱਤਰਾਂ ਨੂੰ ਕਹਿੰਦਾ ਹਾਂ ਕਿ ਬਹੁਤ ਵਧੀਆ ਹੈ। ਮੈਂ ਸੋਚਿਆ ਪਿੰਡ ਕਦੇ ਵੀ ਕੰਮ ਨੂੰ ਹੱਥ ਨਹੀਂ ਲਾਉਂਦਾ ਹੋਣਾ ਅਤੇ ਖੇਤ ਦੀ ਵੱਟ ‘ਤੇ ਖੜ੍ਹ ਕੇ ਪਰਵਾਸੀ ਮਜ਼ਦੂਰ ਨੂੰ ਇਹ ਕਹਿੰਦਾ ਰੋਅਬ ਝਾੜਦਾ ਹੋਵੇਗਾ: ‘‘ਪੱਠੇ ਕਾਟ ਲੈ, ਜਲਦੀ ਕਰ।’’ ਹੁਣ ਵੇਖ ਕਿਵੇਂ ਭੱਜ-ਭੱਜ ਕੇ ਕੰਮ ਕਰ ਰਿਹਾ ਹੈ। ਇਹ ਕਹਾਣੀ ਇਸ ਇਕੱਲੇ ਨੌਜਵਾਨ ਦੀ ਨਹੀਂ, ਸਟੱਡੀ ਵੀਜ਼ੇ ‘ਤੇ ਆਏ ਹਰ ਨੌਜਵਾਨ ਦੀ ਹੈ। ਕਿਉਂਕਿ ਫੀਸਾਂ ਤਾਰਨੀਆਂ, ਕਮਰਿਆਂ ਦਾ ਕਿਰਾਇਆ, ਹਰ ਤਰ੍ਹਾਂ ਦੇ ਬਿੱਲ ਅਤੇ ਇਲਾਜ ਲਈ ਡਾਲਰ ਕਮਾਉਣੇ ਸੌਖੇ ਨਹੀਂ। ਕਨੂੰਨਨ ਉਹ ਵੀਹ ਘੰਟੇ ਹੀ ਕੰਮ ਕਰ ਸਕਦੇ ਹਨ, ਪਰ ਇੰਨੇ ਕੁ ਡਾਲਰਾਂ ‘ਚੋਂ ਖਰਚੇ ਕੱਢਣੇ ਸੌਖੇ ਨਹੀਂ। ਤਾਂ ਫਿਰ ਉਹ ਵੱਧ ਤੋਂ ਵੱਧ ਕੰਮ ਕਰਦੇ ਹਨ, ਜਿਹ ਨੂੰ ਕੈਸ਼ ’ਤੇ ਕੰਮ ਕਰਨਾ ਕਹਿੰਦੇ ਹਨ। ਜੋ ਗੈਰਕਨੂੰਨੀ ਹੈ ਅਤੇ ਉਜਰਤ ਵੀ ਘੱਟ ਹੈ। ਪਰ ਇੱਥੋਂ ਦੀਆਂ ਯੂਨੀਵਰਸਿਟੀਆਂ ਅਤੇ ਕਾਲਜ ਫੀਸਾਂ ਰਾਹੀਂ ਮੋਟੇ ਡਾਲਰ ਕਮਾਉਂਦੇ ਹਨ। ਉਂਝ ਵੀ ਇਨ੍ਹਾਂ ਦੇਸ਼ਾਂ ਵਿੱਚ ਪੜ੍ਹੀ ਲਿਖੀ ਇਹ ਮਜ਼ਦੂਰ ਜਮਾਤ ਇਨ੍ਹਾਂ ਦੇ ਢਾਂਚੇ ਦੇ ਬਹੁਤ ਫਿੱਟ ਆਉਂਦੀ ਹੈ। ਪੱਕੀ ਰਿਹਾਇ ਮਿਲ਼ਣ ਤੱਕ ਇੱਕ ਤਕੜੇ ਸੰਘਰਸ਼ ‘ਚੋਂ ਦੀ ਲੰਘਣਾ ਪੈਂਦਾ ਹੈ। ਪਰਵਾਸ ਕਨੂੰਨ ਸਖ਼ਤ ਬਣਾ ਕੇ ਅਤੇ ਬਰੀਕ ਛਾਨਣਾ ਲਾ ਕੇ ਆਪਣੇ ਢਾਂਚੇ ਮੁਤਾਬਕ ਵਿਦਿਆਰਥੀ ਵੀਜ਼ੇ ‘ਤੇ ਵੀ ਰੋਕਾਂ ਲਾਉਂਦੇ ਰਹਿੰਦੇ ਹਨ। ਉਂਝ ਪੱਕੇ ਹੋਣ ਦਾ ਵੀ ਬਹੁਤ ਝੰਜਟ ਹੈ। ਜੇ ਵਿਦਿਆਰਥੀਆਂ ਦੇ ਨਿਯਮਾਂ ਅਨੁਸਾਰ ਨੰਬਰ ਨਹੀਂ ਬਣਦੇ ਤਾਂ ਇੱਕ ਹੋਰ ਯੋਜਨਾ ਜਿਸ ਨੂੰ ਸਪਾਂਸਰਸ਼ਿਪ ਕਹਿੰਦੇ ਹਨ, ਲੈਣੀ ਪੈਂਦੀ ਹੈ। ਸਪਾਂਸਰ ਕਰਨ ਵਾਲ਼ਾ ਹਜ਼ਾਰਾਂ ਡਾਲਰ ਗੈਰਕਨੂੰਨੀ ਢੰਗ ਨਾਲ਼ ਲੈਂਦਾ ਹੈ ਅਤੇ ਵਿਦਿਆਰਥੀਆਂ ਦੀ ਲੁੱਟ ਕਰਦਾ ਹੈ। ਮੈਨੂੰ ਇੱਕ ਵਿਦਿਆਰਥੀ ਮਿਲ਼ਿਆ ਜਿਸ ਨੇ ਦੱਸਿਆ ਕਿ ਮੈਨੂੰ ਆਏ ਨੂੰ 10-12 ਸਾਲ ਹੋ ਗਏ ਪਰ ਪੀਆਰ ਨਹੀਂ ਮਿਲ਼ੀ। ਫਿਰ ਮੈਂ ਇੱਕ ਰੈਸਟੋਰੈਂਟ ਵਾਲ਼ੇ ਨਾਲ਼ ਗੱਲ ਕਰ ਕੇ ਚਾਲ਼ੀ ਡਾਲਰ ‘ਚ ਸੌਦਾ ਕੀਤਾ ਅਤੇ ਪੀਆਰ ਲਈ ਫਾਈਲ ਲਾ ਦਿੱਤੀ। ਇਮੀਗਰੇਸ਼ਨ ਨੇ ਇਤਰਾਜ਼ ਲਾ ਕੇ ਫਾਈਲ ਮੋੜ ਦਿੱਤੀ ਕਿ ਇਸ ਦਾ ਕਾਰੋਬਾਰ ਠੀਕ ਨਹੀਂ ਅਤੇ ਇਹ ਸਪਾਂਸਰ ਨਹੀਂ ਕਰ ਸਕਦਾ। ਪਰ ਨੌਜਵਾਨ ਦੇ ਪੈਸੇ ਤਾਂ ਮਾਰੇ ਗਏ। ਫਿਰ ਉਸ ਨੇ ਇੱਕ ਲੱਖ ਡਾਲਰ ਲਾ ਕੇ ਹੋਰ ਸਪਾਂਸਰਸ਼ਿਪ ਲਈ ਹੈ ਅਤੇ ਪੱਕੀ ਰਿਹਾਇਸ਼ ਦੇ ਚੱਕਰ ਵਿੱਚ ਦਿਨ-ਰਾਤ ਟੈਕਸੀ ਚਲਾਉਂਦਾ ਹੈ। ਅਜਿਹੇ ਨੌਜਵਾਨ ਬਹੁਤ ਤਣਾਅਪੂਰਨ ਹਾਲਤ ‘ਚੋਂ ਗੁਜ਼ਰ ਰਹੇ ਹਨ। ਦੂਜੀ ਵਿੱਥਿਆ ਉਨ੍ਹਾਂ ਨੌਜਵਾਨਾ ਦੀ ਹੈ, ਜੋ ਪੱਕੇ ਹੋ ਜਾਂਦੇ ਹਨ। ਉੱਥੋਂ ਦੀਆਂ ਸਹੂਲਤਾਂ ਵੀ ਲੈਣ ਲੱਗਦੇ ਹਨ। ਫਿਰ ਦੇਸ਼ ਪਰਤ ਕੇ ਬੜੀ ਸ਼ਾਨ ਨਾਲ਼ ਵਿਆਹ ਕਰਾਉਂਦੇ ਹਨ। ਪਤਨੀਆਂ ਨੂੰ ਆਪਣੇ ਕੋਲ ਮੰਗਵਾ ਕੇ ਜ਼ਿੰਦਗੀ ਦੀ ਦੂਜੀ ਪਾਰੀ ਸ਼ੁਰੂ ਕਰਦੇ ਹਨ। ਪਹਿਲਾਂ ਪਹਿਲਾਂ ਤਾਂ ਉਹ ਕਿਰਾਏ ‘ਤੇ ਹੀ ਰਹਿੰਦੇ ਹਨ ਅਤੇ ਪਤਨੀ ਵੀ ਕੰਮ ਕਰਨ ਲੱਗ ਜਾਂਦੀ ਹੈ। ਫਿਰ ਆਪਣਾ ਘਰ ਬਣਾਉਣ ਦਾ ਸਿਲਸਿਲਾ ਸ਼ੁਰੂ ਹੋ ਜਾਂਦਾ ਹੈ। ਉਹ ਲੋਕ ਕਰਜ਼ ਲੈ ਕੇ ਘਰ ਬਣਾ ਲੈਂਦੇ ਹਨ। ਮੀਆਂ-ਬੀਵੀ ਜ਼ੋਰ ਨਾਮ ਕੰਮ ਕਰਦੇ ਹਨ। ਕਿਉਂਕਿ ਘਰ ਦੀਆਂ ਕਿਸ਼ਤਾਂ, ਕਾਰ ਦੀਆਂ ਕਿਸ਼ਤਾਂ, ਕਿਰਆਨਾ ਹਰ ਤਰ੍ਹਾਂ ਦੇ ਬਿੱਲ ਭਰਨ ਲਈ ਇਹ ਕਰਨਾ ਪੈਂਦਾ ਹੈ। ਇੱਕ ਨੌਜਵਾਨ ਨੇ ਦੱਸਿਆ ਕਿ ਉਸ ਦੀ ਉਮਰ 30 ਸਾਲ ਹੈ, ਕਿਸ਼ਤਾਂ ਲਾਹੁਣ ਲਈ 30 ਸਾਲ ਲੱਗਣਗੇ, ਭਾਵ ਉਮਰ 60 ਸਾਲ ਹੋ ਜਾਵੇਗੀ।

ਸੁਖਦੇਵ ਭੂੰਦੜੀ

ਇੱਕ ਹੋਰ ਨੌਜਵਾਨ ਨੇ ਦੱਸਿਆ ਕਿ ਮੈਂ ਇੱਕ ਕੰਪਨੀ ‘ਚ ਮੈਨੇਜਰ ਵਜੋਂ ਕੰਮ ਕਰਦਾ ਹਾਂ। ਟੀਚਾ ਦਿੱਤਾ ਜਾਂਦਾ ਹੈ। ਮੈਂ ਟੀਚਾ ਪੂਰਾ ਕਰਨ ਦੇ ਚੱਕਰ ’ਚ ਤਣਾਅ ’ਚ ਰਹਿੰਦਾ ਹਾਂ। ਉਂਝ ਮੈਂ ਟਰੱਕ ਚਲਾਉਣਾ ਚਹੁੰਦਾ ਹਾਂ ਪਰ ਮੈਨੂੰ ਭਾਰੀ ਵਾਹਨਾਂ ਦਾ ਲਾਇਸੈਂਸ ਨਹੀਂ ਮਿਲ਼ ਰਿਹਾ। ਮੈਂ ਵੇਖਿਆ ਕਿ ਪੰਜਾਬੀ ਨੌਜਵਾਨ ਟਰਾਲਾ ਜਾਂ ਟੈਕਸੀ ਚਲਾਉਣਾ ਵਧੇਰੇ ਪਸੰਦ ਕਰਦੇ ਹਨ, ਕਿਉਂਕਿ ਉਹ ਇਸ ਨੂੰ ਅਜ਼ਾਦ ਨੌਕਰੀ ਸਮਝਦੇ ਹਨ। ਪਰ ਇਹ ਵੀ ਸੌਖਾ ਕੰਮ ਨਹੀਂ। ਉਹ ਤੜਕੇ 3-4 ਵਜੇ ਉੱਠ ਕੇ ਚਲੇ ਜਾਂਦੇ ਹਨ। ਬਾਹਰ ਹੀ ਰੋਟੀ-ਪਾਣੀ। ਸ਼ਾਮ ਨੂੰ ਘਰ ਮੁੜਦੇ ਹਨ। ਇੱਕ ਦਿਨ ਇੱਕ ਨੌਜਵਾਨ ਥੋੜਾ ਬਿਮਾਰ ਸੀ। ਉਸ ਨੇ ਦੱਸਿਆ ਕਿ ਮੈਨੂੰ ਕੰਮ ’ਤੇ ਜਾਣਾ ਹੀ ਪੈਣਾ ਹੈ, ਕਿਉਂਕਿ ਟਰਾਲਾ ਲੋਡ ਖੜ੍ਹਾ ਹੈ। ਜਦੋਂ ਬੱਚੇ ਹੋ ਜਾਂਦੇ ਹਨ ਤਾਂ ਨਵੀਆਂ ਜ਼ਿੰਮੇਵਾਰੀਆਂ ਦਾ ਭਾਰ ਵਧ ਜਾਂਦਾ ਹੈ। ਦੇਸੋਂ ਮਾਂ-ਪਿਉ ਨੂੰ ਬੱਚੇ ਸਾਂਭਣ ਲਈ ਮੰਗਵਾਉਂਦੇ ਹਨ, ਕਿਉਂਕਿ ਮੀਆਂ-ਬੀਵੀ ਦੋਹਾਂ ਦੇ ਕੰਮ ਕਰਨ ਬਿਨਾਂ ਨਹੀਂ ਸਰਦਾ। ਪਾਰਕ ਵਿੱਚ ਸੈਰ ਕਰਦੇ ਨੂੰ ਕਈ ਮਾਵਾਂ ਬੱਚਿਆਂ ਨੂੰ ਲਈ ਫਿਰਦੀਆਂ ਮਿਲ਼ੀਆਂ। ਮਾਪਿਆਂ ਨੂੰ ਇੱਥੇ ਪੱਕੀ ਰਿਹਾਇਸ਼ ਨਹੀਂ ਮਿਲ਼ਦੀ, ਜਾਂ ਹਜ਼ਾਰਾਂ ਡਾਲਰ ਤਾਰਨੇ ਪੈਂਦੇ ਹਨ। ਫਿਰ ਬੱਚਿਆਂ ਦੀ ਪੜ੍ਹਾਈ ਦਾ ਸਿਲਸਿਲਾ ਸ਼ੁਰੂ ਹੋ ਜਾਂਦਾ ਹੈ। ਇੱਥੇ ਵੀ ਆਪਣੀ ਆਮਦਨੀ ਦੇ ਹਿਸਾਬ ਨਾਲ਼ ਸਕੂਲ ਦੀ ਚੋਣ ਕੀਤੀ ਜਾਂਦੀ ਹੈ। ਨਿੱਜੀ ਸਕੂਲ ਬਹੁਤ ਮਹਿੰਗੇ ਹਨ। ਜ਼ਿਆਦਾਤਰ ਲੋਕ ਸਰਕਾਰੀ ਸਕੂਲਾਂ ‘ਚ ਹੀ ਪੜ੍ਹਾਉਂਦਾ ਹਨ। ਮੈਂ ਕਿੰਨੇ ਹੀ ਨੌਜਵਾਨਾਂ ਨੂੰ ਹਰੀਆਂ ਝੱਗੀਆਂ ਪਾਈ ਸਵੇਰ ਤੋਂ ਕੰਮ ਕਰਦੇ ਵੇਖਿਆ। ਮਕਾਨ ਉਸਾਰੀ ਦੇ ਕੰਮ ਸਵੇਰੇ ਸਾਝਰੇ ਹੀ ਸ਼ੁਰੂ ਹੋ ਜਾਂਦੇ ਹਨ ਅਤੇ ਸ਼ਾਮ ਪਏ ਘਰ ਜਾਂਦੇ ਹਨ। ਘਾਹ ਲਾਉਣ, ਮਾਲ ਵਿੱਚ ਕੰਮ ਕਰਨ ਜਾਂ ਹੋਰ ਵੀ ਅਜਿਹੇ ਕੰਮ ਕਰਦੇ ਹਨ। ਇਹ ਸੱਚ ਹੈ ਕਿ ਮਜ਼ਦੂਰੀ ਦਾ ਕੰਮ ਕਰਨ ਵਾਲ਼ਿਆਂ ਕੋਲ ਵੀ ਗੱਡੀਆਂ ਹਨ, ਕਿਉਂਕਿ ਬਿਨਾਂ ਗੱਡੀ ਕੰਮ ਨਹੀਂ ਮਿਲ਼ਦਾ। ਮਨੁੱਖ ਨੂੰ ਜਿਉਂਦੀਆਂ ਜਾਗਦੀਆਂ ਮਸ਼ੀਨਾਂ ਬਣਾ ਦਿੱਤਾ ਗਿਆ ਹੈ। ਟੈਕਸ ਤਨਖਾਹ ਵਿੱਚੋਂ ਕੱਟ ਲਿਆ ਜਾਂਦਾ ਹੈ। ਤਣਾਅ ਦੂਰ ਕਰਨ ਲਈ ਨੌਜਵਾਨ ਹਫਤੇ ਬਾਅਦ ਵਿਸਕੀ, ਬੀਅਰ ਦੇ ਪੈੱਗ ਲਾ ਕੇ ਆਰਜ਼ੀ ਖੁਸ਼ੀ ਪੈਦਾ ਕਰਦੇ ਹਨ। ਮੈਂ ਪੁੱਛਿਆ ਕਿ ਇੱਥੇ ਮਜ਼ਦੂਰਾਂ ਦੀ ਯੂਨੀਅਨ ਨਹੀਂ ਹੈ। ਉਨ੍ਹਾਂ ਦੱਸਿਆ ਕਿ ਥੋੜ੍ਹੀ ਬਹੁਤ ਹੈ ਜੋ ਲਾਲ ਝੰਡਾ ਲੈ ਕੇ ਕੰਮ ਕਰਦੇ ਹਨ। ਪਰ ਕਮਿਊਨਿਸਟਾਂ ਪ੍ਰਤੀ ਇੱਥੇ ਬਹੁਤ ਨਫਰਤ ਸਿਖਾਈ ਜਾਂਦੀ ਹੈ। ਇਕ ਯੂਨਾਈਟਡ ਅਸਟਰੇਲੀਅਨ ਪਾਰਟੀ ਬਣੀ ਹੈ ਜੋ ਪ੍ਰਚਾਰ ਕਰਦੀ ਹੈ ਕਿ ਸਾਡੇ ਦੇਸ਼ ਵਿੱਚ ਚੀਨ ਦੀ ਦਖ਼ਲਅੰਦਾਜ਼ੀ ਵਧ ਰਹੀ ਹੈ। ਉਹ ਆਸਟਰੇਲੀਆ ਨੂੰ ‘ਕਮਿਊਨਿਸਟ’ ਦੇਸ਼ ਬਣਾ ਦੇਣਗੇ। ਇੱਕ ਹੋਰ, ਪਾਰਲੀਮਾਨੀ ਢਾਂਚੇ ਵਿੱਚ ਵਿਸ਼ਵਾਸ ਪੱਕਾ ਕਰਨ ਲਈ ਹਰ ਨਾਗਰਿਕ ਨੂੰ ਵੋਟ ਪਾਉਣੀ ਲਾਜ਼ਮੀ ਹੈ, ਨਹੀਂ ਜੁਰਮਾਨਾ ਲੱਗਦਾ ਹੈ। ਇੱਕ ਨੌਜਵਾਨ ਨੇ ਦੱਸਿਆ, ‘‘ਮੈਂ 80 ਡਾਲਰ ਚੌਥੀ ਵਾਰ ਭਰ ਰਿਹਾਂ ਹਾਂ ਕਿਉਂਕਿ ਮੈਂ ਕਦੇ ਵੋਟ ਨਹੀਂ ਪਾਈ।’’ ਸੰਪਰਕ: 94178-55077

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All