ਰੇਤ ਦਾ ਸਮੁੰਦਰ ਸਹਾਰਾ ਮਾਰੂਥਲ : The Tribune India

ਰੇਤ ਦਾ ਸਮੁੰਦਰ ਸਹਾਰਾ ਮਾਰੂਥਲ

ਰੇਤ ਦਾ ਸਮੁੰਦਰ ਸਹਾਰਾ ਮਾਰੂਥਲ

ਭੂਗੋਲਿਕ ਖਾਸਾ

12407930cd _western_sahara_desert_in_africaਇਸ  ਮਾਰੂਥਲ ਦੀ ਸੀਮਾ ਪੂਰਬ ਵਿੱਚ ਲਾਲ ਸਾਗਰ, ਪੱਛਮ ਵਿੱਚ ਐਟਲਾਂਟਿਕ, ਉੱਤਰ ਵਿੱਚ ਭੂ-ਮੱਧ ਸਾਗਰ ਅਤੇ ਦੱਖਣ ਵਿੱਚ  ਸਾਹੇਲ ਨਾਲ ਲੱਗਦੀ ਹੈ। ਸਾਹੇਲ ਨੀਮ ਖੁਸ਼ਕ ਇਲਾਕਾ ਹੈ ਜੋ ਸਹਾਰਾ ਨੂੰ ਸਵਾਨਾ ਘਾਹ ਮੈਦਾਨਾਂ  ਤੋਂ ਵੱਖ ਕਰਦਾ ਹੈ। ਸਹਾਰਾ ਸ਼ਬਦ ਦੀ ਉਤਪਤੀ ਅਰਬੀ ਭਾਸ਼ਾ ਦੇ ਸ਼ਬਦ ਸਹਰਾ ਤੋਂ ਹੋਈ ਹੈ ਜਿਸ ਦਾ ਅਰਥ ਮਾਰੂਥਲ ਜਾਂ ਰੇਗਿਸਤਾਨ ਹੈ। ਇਹ ਮਾਰੂਥਲ ਅਫ਼ਰੀਕਾ ਮਹਾਂਦੀਪ ਵਿੱਚ ਚਾਡ, ਨਾਈਜਰ, ਅਲਜੀਰੀਆ, ਲਿਬੀਆ, ਮਿਸਰ, ਮੋਰੌਕੋ, ਮੁਰਤਾਨੀਆ, ਸੁਡਾਨ, ਟਿਊਨੀਸ਼ੀਆ ਆਦਿ ਮੁਲਕਾਂ ਵਿੱਚ ਫੈਲਿਆ ਹੈ। ਇਹ ਮੰਨਿਆ ਜਾਂਦਾ ਹੈ ਕਿ ਇਹ ਭੂ-ਖੰਡ ਤਕਰੀਬਨ ਛੇ ਹਜ਼ਾਰ ਸਾਲ ਪਹਿਲਾਂ ਹਰਾ-ਭਰਿਆ ਸੀ, ਪਰ ਹੌਲੀ ਹੌਲੀ ਹਰਿਆਲੀ ਘਟਣ ਕਾਰਨ ਰੇਗਿਸਤਾਨ ਬਣ ਗਿਆ।  ਇਹ ਚੱਟਾਨੀ ਅਤੇ ਰੇਤਲਾ ਮਾਰੂਥਲ ਹੈ। ਸਹਾਰਾ ਨੂੰ ਰੇਤ ਦਾ ਨਾ ਖ਼ਤਮ ਹੋਣ ਵਾਲਾ ਸਮੁੰਦਰ ਵੀ ਕਿਹਾ ਜਾਂਦਾ ਹੈ। ਇੱਥੇ ਵਗਣ ਵਾਲੀ ਹਵਾ     ਰੇਤ ਦੇ ਟਿੱਲੇ ਬਣਾਉਂਦੀ ਰਹਿੰਦੀ ਹੈ। ਇਨ੍ਹਾਂ ਟਿੱਲਿਆਂ ਦੀ ਉਚਾਈ 700 ਫੁੱਟ ਤਕ ਹੋ ਸਕਦੀ ਹੈ। ਟਿੱਲਿਆਂ ਦੀਆਂ ਅਜੀਬ ਸ਼ਕਲਾਂ ਰੇਗਿਸਤਾਨ ਨੂੰ ਸੁੰਦਰਤਾ ਬਖ਼ਸ਼ਦੀਆਂ ਹਨ। ਸਹਾਰਾ ਵਿੱਚ ਉੱਚੇ ਪਹਾੜ, ਡੂੰਘੀਆਂ ਖਾਈਆਂ, ਝੀਲਾਂ, ਨਦੀਆਂ ਅਤੇ ਝਰਨੇ  ਹਨ। ਨੀਲ ਨਦੀ ਸਹਾਰਾ ਦੀ ਜੀਵਨਦਾਤੀ ਹੈ ਜੋ ਮੱਧ ਅਫ਼ਰੀਕਾ ਤੋਂ ਸ਼ੁਰੂ ਹੋ ਕੇ ਭੂ-ਮੱਧ ਸਾਗਰ ਵਿੱਚ ਜਾ ਡਿੱਗਦੀ ਹੈ। ਮਿਸਰ ਦੀ ਜ਼ਿਆਦਾਤਰ ਖੇਤੀ ਇਸ ਨਦੀ ’ਤੇ ਨਿਰਭਰ ਹੈ। ਨਾਈਜਰ ਸਹਾਰਾ ਦੀ ਇੱਕ ਹੋਰ ਅਹਿਮ ਨਦੀ ਹੈ। ਅਲਜੀਰੀਆ ਦਾ ਹੋਗਰ ਅਤੇ ਲਿਬੀਆ ਦਾ ਟਿਬੇਸਟੀ ਇੱਥੋਂ ਦੇ ਪ੍ਰਮੁੱਖ ਪਰਬਤ ਹਨ ਜਿਨ੍ਹਾਂ ਦਾ ਨਿਰਮਾਣ ਜਵਾਲਾਮੁਖੀ ਦੁਆਰਾ ਲਿਆਂਦੇ ਲਾਵੇ ਰਾਹੀਂ ਹੋਇਆ। ਕਤਾਰਾ (ਮਿਸਰ) ਸਹਾਰਾ ਦੀ ਸਭ ਤੋਂ ਡੂੰਘੀ ਖਾਈ ਹੈ।

ਅਮਰਿੰਦਰ ਸਿੰਘ ਅਮਰਿੰਦਰ ਸਿੰਘ

ਸਹਾਰਾ ਦਾ ਤਾਪਮਾਨ ਆਮ ਤੌਰ ’ਤੇ ਉੱਚਾ ਹੀ ਰਹਿੰਦਾ ਹੈ। ਇੱਥੇ ਔਸਤ ਤਾਪਮਾਨ 40 ਤੋਂ 50 ਡਿਗਰੀ ਸੈਲਸੀਅਸ ਤਕ ਹੁੰਦਾ ਹੈ। ਕਈ ਵਾਰ ਦਿਨ ਸਮੇਂ ਤਾਪਮਾਨ 50 ਡਿਗਰੀ ਅਤੇ ਰਾਤ ਸਮੇਂ ਜਮਾਊ ਬਿੰਦੂ ’ਤੇ ਪੁੱਜ ਜਾਂਦਾ ਹੈ। ਸੰਸਾਰ ਦਾ ਉੱਚਤਮ ਤਾਪਮਾਨ 58 ਡਿਗਰੀ ਸੈਂਟੀਗ੍ਰੇਡ ਵੀ ਸਹਾਰਾ ਦੇ ਅਜ਼ੀਜ਼ੀਆ (ਅਲਜ਼ੀਰੀਆ) ਨਾਂ ਦੇ ਸਥਾਨ ’ਤੇ ਮਾਪਿਆ ਗਿਆ ਹੈ। ਸਹਾਰਾ ਵਿੱਚ  ਮੀਂਹ ਬਹੁਤ ਹੀ ਘੱਟ ਪੈਂਦਾ ਹੈ। ਵਰਖਾ ਤੇਜ਼ ਬੁਛਾੜਾਂ  ਵਾਂਗ ਹੁੰਦੀ ਹੈ ਜਿਸ ਨਾਲ ਇੱਕ ਵਾਰ ਵਿੱਚ ਹੀ ਸਾਲਾਨਾ ਔਸਤ ਜਿੰਨੀ ਵਰਖਾ ਹੋ ਜਾਂਦੀ ਹੈ। ਇੱਥੇ ਚੱਲਦੀਆਂ ਗਰਮ ਹਵਾਵਾਂ ਸਹਾਰਾ ਦੀ ਲਾਲ ਮਿੱਟੀ ਨੂੰ ਭੂ-ਮੱਧ ਸਾਗਰ ਦੇ ਦੂਜੇ ਪਾਸੇ ਯੂਰੋਪ ਵੱਲ ਲੈ ਜਾਂਦੀਆਂ ਹਨ। ਇਨ੍ਹਾਂ ਨੂੰ ਯੂਰੋਪ ਵਿੱਚ ਖ਼ੂਨੀ ਵਰਖਾ ਦਾ ਨਾਂ ਦਿੱਤਾ ਜਾਂਦਾ  ਹੈ ਕਿਉਂਕਿ ਇਹ ਖੁਸ਼ਕ ਤੇ ਗਰਮ ਹੋਣ ਕਾਰਨ ਫ਼ਸਲਾਂ ਨੂੰ ਸੁਕਾ ਦਿੰਦੀਆਂ ਹਨ। ਇੱਥੇ ਵਧੇਰੇ ਤਾਪਮਾਨ ਅਤੇ ਘੱਟ ਵਰਖਾ ਕਾਰਨ ਬਨਸਪਤੀ ਬਹੁਤ ਘੱਟ ਉੱਗਦੀ ਹੈ। ਸਿਰਫ਼ ਕੰਡੇਦਾਰ ਝਾੜੀਆਂ, ਥੋਹਰ, ਛੋਟੀਆਂ ਜੜ੍ਹੀਆਂ-ਬੂਟੀਆਂ ਅਤੇ ਘਾਹ ਹੀ ਹੁੰਦਾ ਹੈ। ਇੱਥੇ ਮਿਲਣ  ਵਾਲੇ ਪੌਦੇ ਕੰਡੇਦਾਰ ਅਤੇ ਗੁੱਦੇਦਾਰ ਹੁੰਦੇ ਹਨ ਜੋ ਗਰਮ ਅਤੇ ਖੁਸ਼ਕ ਵਾਤਾਵਰਨ ਵਿੱਚ  ਆਪਣੇ ਆਪ ਨੂੰ ਢਾਲ ਲੈਂਦੇ ਹਨ। ਇਨ੍ਹਾਂ ਪੌਦਿਆਂ ਦੀਆਂ ਜੜ੍ਹਾਂ ਦੂਰ ਤਕ ਫੈਲੀਆਂ ਹੁੰਦੀਆਂ ਹਨ ਤਾਂ ਜੋ ਪਾਣੀ ਅਤੇ ਨਮੀ ਨੂੰ ਸੋਖ ਸਕਣ। ਪੌਦੇ ਕੰਡੇਦਾਰ ਹੋਣ ਕਾਰਨ ਵਾਸ਼ਪ ਉਤਸਰਜਨ ਦੀ ਦਰ ਬਹੁਤ ਘੱਟ ਜਾਂਦੀ  ਹੈ। ਖਜੂਰ, ਕੈਕਟਸ ਇੱਥੇ ਮਿਲਣ ਵਾਲੇ ਮੁੱਖ ਰੁੱਖ ਹਨ। ਖਜੂਰ ਨੂੰ ਅਰਬਾਂ ਦੁਆਰਾ ਲਿਆਂਦਾ ਗਿਆ ਸੀ ਜੋ ਰੇਗਿਸਤਾਨ ਵਿੱਚ ਜਿਊਂਦੇ ਰਹਿਣ ਲਈ ਬਹੁਤ ਹੀ ਜ਼ਰੂਰੀ ਹੈ। ਖਜੂਰ ਊਰਜਾ ਦੇਣ ਵਾਲਾ ਫਲ ਹੈ ਅਤੇ ਇਸ ਦੇ ਪੱਤਿਆਂ ਤੋਂ ਟੋਕਰੀਆਂ, ਮੈਟ ਅਤੇ ਰੱਸੀਆਂ ਬਣਦੀਆਂ ਹਨ। ਸਹਾਰਾ  ਇੰਨਾ ਗਰਮ ਹੋਣ ਦੇ ਬਾਵਜੂਦ ਬਹੁਤ ਸਾਰੇ ਜਾਨਵਰਾਂ ਤੇ ਪੰਛੀਆਂ ਦਾ ਘਰ ਹੈ। ਇੱਥੇ ਰਹਿਣ ਵਾਲੇ ਜੀਵ-ਜੰਤੂ ਬੂਟੇ ਅਤੇ ਸੁੱਕਾ ਘਾਹ ਖਾ ਕੇ ਗੁਜ਼ਾਰਾ ਕਰਦੇ ਹਨ। ਇਨ੍ਹਾਂ ਵਿੱਚੋਂ ਊੁਠ ਮੁੱਖ ਤੌਰ ’ਤੇ ਜ਼ਿਕਰਯੋਗ ਹੈ ਜਿਸ ਨੂੰ ਰੇਗਿਸਤਾਨ ਦਾ ਜ਼ਹਾਜ ਮੰਨਿਆ ਜਾਂਦਾ ਹੈ। ਇਸ ਦੇ ਪੈਰਾਂ ਦੇ ਪੰਜੇ ਚੌੜੇ ਹੋਣ ਕਰਕੇ ਰੇਤ ਵਿੱਚ ਨਹੀਂ ਧੱਸਦੇ। ਇਹ ਇੱਕ ਵਾਰ ਵਿੱਚ ਤਕਰੀਬਨ 30 ਲੀਟਰ ਪਾਣੀ ਪੀ ਸਕਦਾ ਹੈ ਅਤੇ ਬਗੈਰ ਭੋਜਨ ਤੇ ਪਾਣੀ ਤੋਂ ਕਈ ਦਿਨਾਂ ਤਕ ਰਹਿ ਸਕਦਾ ਹੈ। ਇਸ ਤੋਂ ਇਲਾਵਾ ਇੱਥੇ ਰੋਝ,  ਸੱਪ, ਬਿੱਛੂ, ਮਾਰੂਥਲੀ ਲੂੰਬੜੀ, ਜ਼ਹਿਰੀਲੇ ਕੀੜੇ ਆਦਿ ਮਿਲਦੇ ਹਨ। 1240728cd _sahara 2ਸਹਾਰਾ ਵਿੱਚ ਮਨੁੱਖੀ ਬਸਤੀਆਂ ਪਾਣੀ ਦੇ ਸੋਮਿਆਂ ਦੇ ਨੇੜੇ ਵਸਦੀਆਂ ਹਨ। ਨਖਲਿਸਤਾਨ  ਰੇਗਿਸਤਾਨ ਵਿੱਚ ਪਾਣੀ ਦਾ ਚਸ਼ਮਾ ਜਾਂ ਸਰੋਤ ਹੁੰਦਾ ਹੈ ਜਿਸ ਦੇ ਆਲੇ-ਦੁਆਲੇ ਸੰਘਣੀ ਬਨਸਪਤੀ ਉੱਗੀ ਹੁੰਦੀ ਹੈ। ਸਹਾਰਾ ਦੀ ਵਸੋਂ ਤਕਰੀਬਨ ਚਾਲੀ ਲੱਖ ਹੈ। ਇਹ ਆਬਾਦੀ ਜ਼ਿਆਦਾਤਰ ਅਲਜ਼ੀਰੀਆ, ਮਿਸਰ, ਲਿਬੀਆ, ਮੁਰਤਾਨੀਆ ਅਤੇ ਪੱਛਮੀ ਸਹਾਰਾ ਵਿੱਚ ਵਸਦੀ ਹੈ। ਇੱਥੇ ਕਈ ਕਬੀਲਿਆਂ ਦੇ ਲੋਕ ਵਸਦੇ ਹਨ। ਇਹ ਕਬੀਲੇ ਖਾਨਾਬਦੋਸ਼ ਹਨ ਜੋ ਭੇਡਾਂ ਬੱਕਰੀਆਂ ਚਾਰਨ ਦੇ ਨਾਲ ਨਾਲ ਵਪਾਰ ਅਤੇ ਸ਼ਿਕਾਰ ਕਰਕੇ ਗੁਜ਼ਾਰਾ ਕਰਦੇ ਹਨ। ਕੁਝ ਲੋਕ ਵਪਾਰ ਕਰਨ ਲਈ ਸਹਾਰਾ ਦੇ ਇੱਕ ਹਿੱਸੇ ਤੋਂ ਦੂਜੇ ਹਿੱਸਿਆਂ ਵਿੱਚ ਘੁੰਮਦੇ  ਰਹਿੰਦੇ ਹਨ ਜਿਨ੍ਹਾਂ ਨੂੰ ਕਾਰਵਾਂ ਵਪਾਰੀ ਕਿਹਾ ਜਾਂਦਾ ਹੈ। ਕਾਰਵਾਂ ਦਾ ਅਰਥ ਲੋਕਾਂ ਦੇ ਸਮੂਹ ਦਾ ਵਪਾਰਕ ਯਾਤਰਾ ’ਤੇ ਜਾਣਾ ਹੈ। ਪੁਰਾਣੇ ਸਮਿਆਂ ਵਿੱਚ ਊਠਾਂ ਨੂੰ ਕਾਰਵਾਂ ਯਾਤਰਾ ’ਤੇ ਲਿਜਾਣ ਤੋਂ ਪਹਿਲਾਂ ਮੈਦਾਨਾਂ ਵਿੱਚ ਚਰਾ ਕੇ ਮੋਟਾ ਤਾਜ਼ਾ ਕੀਤਾ ਜਾਂਦਾ ਸੀ। ਕਾਰਵਾਂ ਦੀ ਅਗਵਾਈ ਬਰਬਰ ਕਬੀਲੇ ਵੱਲੋਂ ਕੀਤੀ ਜਾਂਦੀ ਸੀ ਜਿਸ ਲਈ ਉਹ ਕਾਫ਼ੀ ਪੈਸੇ ਲੈਂਦੇ ਸਨ। ਉਨ੍ਹਾਂ ਦਾ ਮੁੱਖ ਕੰਮ ਹਮਲਾਵਰਾਂ ਤੋਂ ਵਪਾਰੀਆਂ ਦੀ ਹਿਫ਼ਾਜ਼ਤ ਕਰਨਾ ਹੁੰਦਾ ਸੀ। ਕੁਝ ਤੇਜ਼ ਦੌੜਾਕਾਂ ਨੂੰ ਕਾਰਵਾਂ ਵਾਸਤੇ ਪਾਣੀ ਲੈਣ ਲਈ ਅੱਗੇ ਭੇਜ ਦਿੱਤਾ ਜਾਂਦਾ ਸੀ। ਤੌਰੇਗ ਅਤੇ ਬਦੂ ਇੱਥੇ ਆਵਾਸ ਕਰਨ ਵਾਲੇ ਮੁੱਖ ਕਬੀਲੇ ਹਨ। ਤੌਰੇਗ ਖਾਨਾਬਦੋਸ਼ ਲੋਕ ਹਨ ਜੋ ਰੋਜ਼ੀ ਰੋਟੀ ਲਈ ਇੱਕ ਤੋਂ ਦੂਜੀ ਜਗ੍ਹਾ ਘੁੰਮਦੇ  ਰਹਿੰਦੇ ਹਨ। ਇਸਲਾਮ ਧਰਮ ਦਾ ਦਬਦਬਾ ਹੋਣ ਦੇ ਬਾਵਜੂਦ ਤੌਰੇਗਾ ਨੇ ਆਪਣੇ ਰੀਤੀ-ਰਿਵਾਜਾਂ ਨੂੰ ਕਾਇਮ ਰੱਖਿਆ ਹੋਇਆ ਹੈ। ਇਸ ਕਬੀਲੇ ਵਿੱਚ ਔਰਤ ਘਰ ਦੀ ਮੁਖੀ ਹੁੰਦੀ ਹੈ। ਮਰਦ ਆਪਣੀ ਪਤਨੀ ਜਾਂ ਪ੍ਰੇਮਿਕਾ ਤੋਂ ਬਗੈਰ ਕਿਸੇ ਹੋਰ ਔਰਤ ਸਾਹਮਣੇ ਖਾਣਾ ਵੀ ਨਹੀਂ ਖਾ ਸਕਦੇ। ਮਰਦ ਆਪਣਾ ਮੂੰਹ  ਜਾਮਣੀ ਰੰਗ ਦੇ ਪਰਦੇ ਨਾਲ ਢੱਕ ਕੇ ਰੱਖਦੇ  ਹਨ ਜੋ ਉਨ੍ਹਾਂ ਦੇ ਚਿਹਰੇ ’ਤੇ ਨੀਲੀ ਛਾਪ ਛੱਡਦਾ ਹੈ। ਇਸੇ ਕਾਰਨ ਉਨ੍ਹਾਂ ਨੂੰ ਸਹਾਰਾ ਦੇ ਨੀਲੇ ਆਦਮੀ ਵੀ ਕਿਹਾ ਜਾਂਦਾ ਹੈ। ਤੌਰੇਗ ਔਰਤਾਂ ਆਪਣਾ ਚਿਹਰਾ ਨਹੀਂ ਢਕਦੀਆਂ  ਕਿਉਂਕਿ ਤੌਰੇਗ ਲੋਕਾਂ ਦਾ ਮੱਤ ਹੈ ਕਿ ਔਰਤਾਂ ਸੁੰਦਰ ਹੋਣ ਕਾਰਨ ਮਰਦ ਉਨ੍ਹਾਂ ਨੂੰ ਦੇਖਣਾ ਪਸੰਦ ਕਰਦੇ ਹਨ। ਬਦੂ ਵੀ ਇੱਕ ਟੱਪਰੀਵਾਸ ਕਬੀਲਾ ਹੈ ਜੋ ਊਠਾਂ, ਭੇਡਾਂ ਅਤੇ ਬੱਕਰੀਆਂ ਦੇ ਝੁੰਡਾਂ ਨਾਲ  ਚਰਾਗਾਹਾਂ ਦੀ ਭਾਲ ਵਿੱਚ ਘੁੰਮਦੇ ਰਹਿੰਦੇ ਹਨ। ਉਹ ਆਪਣੇ ਆਪ ਨੂੰ ‘ਤੰਬੂਆਂ ਵਾਲੇ ਲੋਕ’ ਕਹਿੰਦੇ ਹਨ। ਇਹ ਲੋਕ ਆਪਣੀ ਮਹਿਮਾਨਨਿਵਾਜ਼ੀ ਲਈ ਪ੍ਰਸਿੱਧ ਹਨ। ਇਹ ਲੋਕ ਗਰਮੀ ਤੋਂ ਬਚਾਅ ਕਰਨ ਲਈ ਖੁੱਲ੍ਹੇ ਅਤੇ ਢਿੱਲੇ ਕੱਪੜੇ ਪਾਉਂਦੇ ਹਨ। ਇਸ ਤੋਂ ਇਲਾਵਾ ਇੱਥੇ ਹੌਸਾ, ਤੌਬੂ, ਨਿਊਬੀਅਨ, ਸਹਰਵੀ ਕਬੀਲੇ ਰਹਿੰਦੇ ਹਨ। ਸਹਾਰਾ ’ਤੇ ਤਕਰੀਬਨ ਇੱਕ ਸਦੀ ਪੱਛਮੀ ਮੁਲਕਾਂ ਦਾ ਰਾਜ ਰਿਹਾ। ਉਨ੍ਹਾਂ ਨੇ ਇਸ ਖੇਤਰ ਦੇ ਵਿਕਾਸ ਨੂੰ ਜ਼ਿਆਦਾ ਤਵੱਜੋ ਨਹੀਂ ਦਿੱਤੀ। ਵੀਹਵੀਂ ਸਦੀ ਦੇ ਦੂਜੇ ਅੱਧ ਵਿੱਚ ਸਹਾਰਾ ਦੇ ਬਹੁਤ ਸਾਰੇ ਮੁਲਕ ਆਜ਼ਾਦ ਹੋ ਗਏ। ਦੂਜੀ ਆਲਮੀ ਜੰਗ ਮਗਰੋਂ  ਤੇਲ ਦੀ ਖੋਜ ਨੇ ਬਾਕੀ ਮੁਲਕਾਂ ਦਾ ਧਿਆਨ ਇਸ ਖਿੱਤੇ ਵੱਲ ਖਿੱਚਿਆ। ਕੁਝ ਸਾਲਾਂ ਪਿੱਛੋਂ ਖਣਿਜ ਪਦਾਰਥਾਂ ਦੀ ਖੋਜ ਹੋਈ। ਅੱਜਕੱਲ੍ਹ  ਸਹਾਰਾ ਦੁਨੀਆਂ ਦਾ ਮੁੱਖ ਪੈਟਰੋਲੀਅਮ ਉਤਪਾਦਕ ਖੇਤਰ ਹੈ। ਅਲਜ਼ੀਰੀਆ ਅਤੇ ਲਿਬੀਆ ਵਿੱਚ ਤੇਲ ਅਤੇ ਗੈਸ ਦੇ ਭੰਡਾਰ ਹਨ। ਕੱਚਾ ਲੋਹਾ ਪੱਛਮੀ ਮੁਰਤਾਨੀਆ ਵਿੱਚ ਕੱਢਿਆ ਜਾਂਦਾ ਹੈ। ਯੂਰੇਨੀਅਮ ਪੁੂੁਰੇ ਸਹਾਰਾ ਖਿੱਤੇ ਵਿੱਚ ਉਪਲੱਬਧ ਹੈ, ਪਰ ਨਾਈਜਰ ਵਿੱਚ ਇਹ ਕਾਫ਼ੀ ਮਾਤਰਾ ਵਿੱਚ ਮਿਲਦਾ ਹੈ। ਇਸ ਤੋਂ ਇਲਾਵਾ  ਇੱਥੇ ਕੋਲਾ, ਕੁਦਰਤੀ ਗੈਸ ਅਤੇ ਤਾਂਬੇ ਦੇ ਵੀ ਭੰਡਾਰ ਹਨ। ਉਂਜ, ਸਥਾਨਕ ਲੋਕਾਂ ਨੂੰ  ਇਨ੍ਹਾਂ ਖੋਜਾਂ ਤੋਂ ਫ਼ਾਇਦੇ ਦੀ ਬਜਾਏ ਨੁਕਸਾਨ ਹੀ ਹੋਇਆ ਹੈ। ਉਨ੍ਹਾਂ ਨੁੂੰ ਤੇਲ ਕੰਪਨੀਆਂ ਵਿੱਚ ਕੰੰਮ ਮਿਲ ਗਿਆ ਹੈ, ਪਰ ਕੰਮ ਅਸਥਾਈ ਹਨ। ਪਰਵਾਸ ਕਾਰਨ ਕਸਬਿਆਂ ਵਿੱਚ ਵਸੋਂ ਘਣਤਾ ਵਧ ਰਹੀ ਹੈ। ਖਾਣਾਂ ਦਾ  ਖੇਤਰਫਲ ਦਿਨੋਦਿਨ ਵਧਣ ਕਾਰਨ ਨਿਵਾਸ ਅਤੇ ਚਰਾਗਾਹਾਂ ਲਈ ਜਗ੍ਹਾ ਘਟ  ਰਹੀ ਹੈ। ਇਸ ਨਾਲ ਇਨ੍ਹਾਂ ਦੀ ਰਵਾਇਤੀ ਜੀਵਨ ਸ਼ੈਲੀ ਤਹਿਸ-ਨਹਿਸ ਹੋ ਰਹੀ ਹੈ। ਸਹਾਰਾ ਵਿੱਚ ਪੌਣ ਊਰਜਾ ਅਤੇ ਸੌਰ ਊਰਜਾ ਦੀਆਂ ਕਾਫ਼ੀ ਸੰਭਾਵਨਾਵਾਂ ਮੌਜੂਦ ਹਨ। ਜੇਕਰ ਇਸ ਦੀ ਸਹੀ ਵਰਤੋਂ ਕੀਤੀ ਜਾਵੇ ਤਾਂ ਸਹਾਰਾ ਖੇਤਰ ਦੀਆਂ ਊਰਜਾ ਸਬੰਧੀ ਲੋੜਾਂ ਦੀ ਪੂਰਤੀ ਕੀਤੀ ਜਾ ਸਕਦੀ ਹੈ। ਇਸ ਲਈ ਇੱਥੇ ਸੋਲਰ ਪਲਾਂਟ ਲੱਗ ਰਹੇ ਹਨ। ਇਸ ਖਿੱਤੇ ਨੂੰ ਜਲਵਾਯੂ ਤਬਦੀਲੀ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜਿਸ ਦੇ ਸਿੱਟੇ ਵਜੋਂ ਰੇਤਲੇ ਇਲਾਕੇ ਵਿੱਚ ਲਗਾਤਾਰ ਇਜ਼ਾਫ਼ਾ ਹੋ ਰਿਹਾ ਹੈ। ਪਿਛਲੇ ਸਾਲ ਹੋਈ ਬਰਫ਼ਬਾਰੀ ਵੀ ਜਲਵਾਯੂ ਪਰਿਵਰਤਨ ਦਾ ਹੀ ਨਤੀਜਾ ਹੈ। ਇਸ ਮਾਰੂਥਲ  ਦੇ ਨਾਲ ਲੱਗਦੇ ਖੇਤਰ ਨੂੰ ਰੇਗਿਸਤਾਨ ਵਿੱਚ ਤਬਦੀਲ ਹੋਣ ਤੋਂ ਬਚਾਉਣ ਲਈ ਅਫ਼ਰੀਕੀ ਯੂਨੀਅਨ ਦੇ ਮੁਲਕਾਂ ਦੁਆਰਾ ‘ਮਹਾਨ ਹਰਿਆਲੀ ਕੰਧ’ ਮੁਹਿੰਮ ਤਹਿਤ ਪੂਰਬ ਤੋਂ ਪੱਛਮ ਵੱਲ ਰੁੱਖਾਂ ਦੀ ਇੱਕ ਕਤਾਰ ਲਗਾਈ ਗਈ ਹੈ। ਸੰਪਰਕ: 88726-00387

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਵਧਦੀਆਂ ਕੀਮਤਾਂ ਅਤੇ ਅਰਥਚਾਰੇ ਦੀ ਖੜੋਤ

ਵਧਦੀਆਂ ਕੀਮਤਾਂ ਅਤੇ ਅਰਥਚਾਰੇ ਦੀ ਖੜੋਤ

ਕਰਤਾਰਪੁਰ ਸਾਹਿਬ ਦੇ ਦਰਸ਼ਨ-ਦੀਦਾਰੇ

ਕਰਤਾਰਪੁਰ ਸਾਹਿਬ ਦੇ ਦਰਸ਼ਨ-ਦੀਦਾਰੇ

ਲੜਖੜਾ ਰਹੀ ਕੈਨੇਡਾ ਦੀ ਰੀਅਲ ਅਸਟੇਟ

ਲੜਖੜਾ ਰਹੀ ਕੈਨੇਡਾ ਦੀ ਰੀਅਲ ਅਸਟੇਟ

ਬੇਹਿਸਾਬ ਲਾਲਚ ਦੇ ਘੁੱਟ

ਬੇਹਿਸਾਬ ਲਾਲਚ ਦੇ ਘੁੱਟ

ਭਾਰਤੀ ਅਰਥਚਾਰਾ ਸਵਾਲਾਂ ਦੇ ਘੇਰੇ ’ਚ

ਭਾਰਤੀ ਅਰਥਚਾਰਾ ਸਵਾਲਾਂ ਦੇ ਘੇਰੇ ’ਚ

ਸ਼ਹਿਰ

View All