ਰੇਡੀਓ ਨਾਲ ਜੁੜੀਆਂ ਯਾਦਾਂ

ਪ੍ਰੋ. ਮੋਹਣ ਸਿੰਘ

ਦੂਸਰਾ ਸੰਸਾਰ ਯੁੱਧ ਖ਼ਤਮ ਹੋ ਚੁੱਕਾ ਸੀ। ਹਾਰੀਆਂ ਹੋਈਆਂ ਧਿਰਾਂ ਦੀ ਫੜੀ ਹੋਈ ਕਈ ਕਿਸਮ ਦੀ ਵਾਇਰਲੈੱਸ ਸਮੱਗਰੀ ਦਿੱਲੀ ਦੇ ਜਾਮਾ ਮਸਜਿਦ ਲਾਗਲੇ ਕਬਾੜੀਆਂ ਪਾਸ ਪਹੁੰਚ ਗਈ। ਕਿੱਥੇ ਕਿਹੜੀ ਚੀਜ਼ ਵਰਤੀ ਜਾ ਸਕਦੀ ਹੈ ਇਸ ਦਾ ਓਦੋਂ ਕਬਾੜੀਆਂ ਨੂੰ ਪਤਾ ਨਹੀਂ ਸੀ ਹੁੰਦਾ ਅਤੇ ਉਹ ਸੇਰਾਂ ਦੇ ਹਿਸਾਬ ਯਾਨੀ ਤੋਲ ਕੇ ਵੇਚ ਦਿੰਦੇ ਸਨ। ਮਿਸਾਲ ਦੇ ਤੌਰ ’ਤੇ ਇਕ ਕੰਨ ਨੂੰ ਲਾਉਣ ਵਾਲਾ ਹੈੱਡ ਫੌਨ ਅੱਠ ਆਨੇ (ਅੱਧਾ ਰੁਪਿਆ) ਜਾਂ ਬਾਰਾਂ ਆਨੇ ਨੂੰ ਮਿਲ ਜਾਂਦਾ ਸੀ। ਅਕਸਰ ਹੀ ਸਕੂਲੀ ਲੜਕੇ, ਇਕ ਸ਼ੌਕ ਵਜੋਂ ਆਪੋ ਆਪਣਾ ‘ਕ੍ਰਿਸਟਲ ਰੇਡੀਓ’ ਜੋੜ ਲੈਂਦੇ ਸਨ। ਇਸ ਕ੍ਰਿਸਟਲ ਸੈੱਟ ਨੂੰ ਚਲਾਉਣ ਲਈ ਕਿਸੇ ਬੈਟਰੀ ਜਾਂ ਸੈੱਲ ਦੀ ਲੋੜ ਨਹੀਂ ਸੀ। ਛੱਤ ’ਤੇ ਲੱਗਾ ਸ਼ਕਤੀਸ਼ਾਲੀ ਏਰੀਅਲ ਅਤੇ ਨਲਕੇ ਨਾਲ ਜੋੜੀ ਹੋਈ ਤਾਂਬੇ ਦੀ ਤਾਰ, ਇਹ ਹੀ ਬੈਟਰੀ ਦਾ ਕੰਮ ਕਰ ਜਾਂਦੇ ਸਨ। ਵੀਹ-ਪੰਝੀ ਫੁੱਟ ਦੀ ਦੂਰੀ ’ਤੇ ਦੋ ਬਾਂਸ ਖੜ੍ਹੇ ਕਰ ਕੇ ਉਨ੍ਹਾਂ ਦੇ ਸਿਰਿਆਂ ਨੂੰ ਤਾਂਬੇ ਦੀ ਆਮ ਤਾਰ ਨਾਲ ਜੋੜਿਆ ਹੋਇਆ ਇਹ ਏਰੀਅਲ ਦੂਰੋਂ ਹੀ ਦਿਸ ਪੈਂਦਾ ਸੀ ਅਤੇ ਵੱਡੇ ਰੇਡੀਓ ਇਸੇ ਨਾਲ ਹੀ ਹਰ ਤਰ੍ਹਾਂ ਦਾ ਸਿਗਨਲ ਪਕੜਦੇ ਸਨ। ‘ਕ੍ਰਿਸਟਲ ਰੇਡੀਓ’ ਲਈ ਇਕ ਕੌਇਲ ਅਤੇ ਮਟਰ ਦੇ ਦਾਣੇ ਜਿੱਡਾ ਸੋਨ ਮੱਖੀ ਦਾ ਟੁਕੜਾ ਜਿਸ ਨੂੰ ਤਕਨੀਕੀ ਲੋਕ ‘ਕਾਰਬੋਰੰਡਮ’ ਕਹਿੰਦੇ ਹਨ। ਇਹ ਸਮੱਗਰੀ ਸਰਕਟ ਵੀ ਅਤਿ ਸਰਲ ਅਤੇ ਇਸਨੂੰ ਜੋੜਨਾ ਵੀ ਹਰ ਕੋਈ ਸਿੱਖ ਲੈਂਦਾ ਸੀ। ਇਹ ਕ੍ਰਿਸਟਲ ਰੇਡੀਓ ਮੀਡੀਅਮ ਵੇਵ ਦੇ ਨੇੜੇ ਨੇੜੇ ਦੇ ਸਟੈਸ਼ਨ ਹੈੱਡਫੋਨ ਪੱਧਰ ਦੇ ਸੁਣਾ ਦਿੰਦਾ ਸੀ, ਪਰ ਉਦੋਂ ਆਜ਼ਾਦੀ ਤੋਂ ਪਹਿਲਾਂ ਸਟੇਸ਼ਨ ਹੁੰਦਾ ਹੀ ਇਕ ਸੀ ‘ਆਲ ਇੰਡੀਆ ਰੇਡੀਓ ਲਾਹੌਰ’। 1947 ਤੋਂ ਬਾਅਦ ਇਕ ਸਟੇਸ਼ਨ ਅੰਮ੍ਰਿਤਸਰ ਵਿਚ ਕਾਰਜਸ਼ੀਲ ਹੋ ਗਿਆ, ਪਰ 1953 ਵਿਚ ਇਹੀ ਜਲੰਧਰ ਵਿਚ ਤਬਦੀਲ ਕਰ ਦਿੱਤਾ ਗਿਆ। ਪਹਿਲਾਂ ਪਹਿਲਾਂ ਰੇਡੀਓ ਪ੍ਰੋਗਰਾਮ ਹੁੰਦੇ ਹੀ ਸ਼ਾਮ ਨੂੰ ਸਨ। ਮੈਨੂੰ ਯਾਦ ਹੈ ਕਿ ਸਾਨੂੰ ਖ਼ਬਰਾਂ ਦੀ ਸਮਝ ਨਹੀਂ ਸੀ ਲੱਗਦੀ। ਮੁੱਖ ਬੁਲਿਟਨ ਅੰਗਰੇਜ਼ੀ ਵਿਚ ਹੀ ਹੁੰਦਾ ਸੀ। ਸਾਡੀ 15-20 ਸਾਲ ਦੇ ਲੜਕਿਆਂ ਦੀ ਦਿਲਚਸਪੀ ਕੇਵਲ ਇਹੋ ਹੀ ਹੁੰਦੀ ਸੀ ਕਿ ਕਿਸਦਾ ਰਿਸੀਵਰ ਸਾਫ਼ ਆਵਾਜ਼ ਸੁਣਾ ਰਿਹਾ ਹੈ। ਮਾਪੇ ਅਤੇ ਹੋਰ ਗੁਆਂਢੀ ਦੇਸ਼ ਇਸ ਚਮਤਕਾਰੀ ਖਿਡਾਉਣੇ ਤੋਂ ਬਹੁਤ ਪ੍ਰਭਾਵਿਤ ਹੁੰਦੇ ਸਨ। ਫੇਰ ਸਾਨੂੰ ਪਤਾ ਲੱਗਾ ਕਿ ਰੇਡੀਓ ਲਾਇਸੈਂਸ ਵਾਂਗ ਕ੍ਰਿਸਟਲ ਰਿਸੀਵਰ ਦਾ ਵੀ ਲਾਇਸੈਂਸ ਲੈਣਾ ਜ਼ਰੂਰੀ ਹੈ ਬੇਸ਼ੱਕ ਇਹ 15/- ਸਾਲਾਨਾ ਦੇ ਮੁਕਾਬਲੇ ਕੇਵਲ 3/-ਸਾਲਾਨਾ ਸੀ। ਪਰ ਉਦੋਂ ਤਿੰਨ ਰੁਪਏ ਵੀ ਬਹੁਤ ਜ਼ਿਆਦਾ ਹੁੰਦੇ ਸਨ। ਕ੍ਰਿਸਟਲ ਸੈੱਟ ਦੀ ਤਾਂ ਆਪਣੀ ਕੀਮਤ ਵੀ ਮਸਾਂ ਦੋ ਰੁਪਏ ਸੀ। ਓਧਰੋਂ ਵਾਇਰਲੈੱਸ ਇੰਸਪੈਕਟਰ ਚੈਕਿੰਗ ਵਾਸਤੇ ਗਸ਼ਤ ਕਰਦੇ ਰਹਿੰਦੇ ਸਨ। ਹੌਲੀ ਹੌਲੀ ਅਸੀਂ ਦੋ ਤਿੰਨ ਲੜਕਿਆਂ ਨੇ ਬਿਜਲੀ ਨਾਲ ਚੱਲਣ ਵਾਲਾ ਰੇਡੀਓ ਬਣਾਉਣਾ ਸਿੱਖ ਲਿਆ। ਵਲਾਇਤੀ ਰੇਡੀਓ ਤਾਂ ਪੰਜ-ਛੇ ਸੌ ਰੁਪਏ ਤੋਂ ਘੱਟ ਨਹੀਂ ਸੀ ਹੁੰਦਾ। ਇਸ ਲਈ ਕਿਸੇ ਵਿਰਲੇ ਘਰ ਵਿਚ ਹੀ ਇਹ ਹੁੰਦਾ ਸੀ। ਮੈਂ ਇਕ ਮੀਡੀਅਮ ਵੇਵ ਰੇਡੀਓ ਬਣਾ ਲਿਆ ਜਿਸ ਨੂੰ ਬਣਾਉਣ ਵਿਚ ‘ਸਰਮਾਇਆ’ ਮੇਰੇ ਭਰਾ ਨੇ ਲਾਇਆ ਸੀ, ਕੋਈ ਪਝੰਤਰ ਰੁਪਏ ਅਤੇ ਲਾਇਸੈਂਸ ਵੀ ਆਪਣੇ ਨਾਮ ਲੈ ਲਿਆ। ਹੁਣ ਸਾਡੇ ਲਈ ਕੋਈ ਗ਼ੈਰਕਾਨੂੰਨੀ ਗੱਲ ਨਹੀਂ ਸੀ। ਉੱਚੀ ਆਵਾਜ਼ ਵਿਚ ਰੇਡੀਓ ਵਜਾਉਣਾ ਸਾਡੀ ਸ਼ਾਨ ਸੀ। ਹਰ ਸ਼ੁੱਕਰਵਾਰ ਰਾਤ ਸਾਢੇ ਨੌਂ ਵਜੇ ਫਰਮਾਇਸ਼ੀ ਪ੍ਰੋਗਰਾਮ ਸੁਣਨ ਲਈ ਆਂਢੀ-ਗੁਆਂਢੀ ਆ ਜਾਂਦੇ ਸਨ। ਕੇਵਲ ਰੇਡੀਓ ਪਾਕਿਸਤਾਨ ਲਾਹੌਰ ਹੀ ਇਹ ਪ੍ਰੋਗਰਾਮ ਪੇਸ਼ ਕਰਦਾ ਸੀ ਜਿਸ ਵਿਚ ਭਾਰਤੀ ਫ਼ਿਲਮਾਂ ਦੇ ਗੀਤ ਪੇਸ਼ ਕੀਤੇ ਜਾਂਦੇ ਸਨ। ਪਾਕਿਸਤਾਨੀ ਫ਼ਿਲਮਾਂ ਅਜੇ ਸ਼ੁਰੂ ਨਹੀਂ ਸੀ ਹੋਈਆਂ ਜਾਂ ਬਹੁਤ ਥੋੜ੍ਹੀਆਂ ਸਨ ਅਤੇ ਉਨ੍ਹਾਂ ਦੇ ਗੀਤ ਵੀ ਐਨੇ ਮਕਬੂਲ ਨਹੀਂ ਹੋਏ ਸਨ। ਫਰਮਾਇਸ਼ ਕਰਤਾ ਪੋਸਟ ਕਾਰਡ ’ਤੇ ਲਿਖ ਕੇ ਆਪਣੀ ਪਸੰਦ ਰੇਡੀਓ ਸਟੇਸ਼ਨ ਨੂੰ ਭੇਜਦੇ ਸਨ ਅਤੇ ਆਪਣੇ ਨਾਂ ਦੀ ਉਡੀਕ ਵਿਚ ਸਾਰਾ ਪ੍ਰੋਗਰਾਮ ਸੁਣਦੇ ਸਨ। ਫਰਮਾਇਸ਼ਾਂ ਦੀ ਲਿਸਟ ਵੀ ਪੰਜਾਹ-ਪੰਜਾਹ ਤਕ ਦੀ ਹੋ ਜਾਂਦੀ ਸੀ। ਅਮੀਨ ਸਾਇਨੀ ਦਾ ਬਹੁਤ ਮਕਬੂਲ ਪ੍ਰੋਗਰਾਮ ‘ਬਿਨਾਕਾ ਗੀਤ ਮਾਲਾ’ ਜੋ ਕਿ ਰੇਡੀਓ ਸੀਲੋਨ ਤੋਂ ਪ੍ਰਸਾਰਿਤ ਹੁੰਦਾ ਸੀ, ਸਾਡੇ ਹਮਾਤੜ ਜਿਹੇ ਸੈੱਟ ’ਤੇ ਨਹੀਂ ਸੀ ਸੁਣਿਆ ਜਾ ਸਕਦਾ। ਫਿਰ 1952 ਦੇ ਕਰੀਬ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਿੱਕੇ ਨਿੱਕੇ ਜੱਥੇ ਗੁਰਧਾਮਾਂ ਦੇ ਦਰਸ਼ਨ ਅਤੇ ਸੇਵਾ ਸੰਭਾਲ ਲਈ ਪਾਕਿਸਤਾਨ ਜਾਣੇ ਸ਼ੁਰੂ ਹੋਏ। ਸਭ ਤੋਂ ਪਹਿਲਾਂ ਗੁਰਦੁਆਰਾ ਡੇਰਾ ਸਾਹਿਬ ਲਾਹੌਰ ਤੋਂ ਗੁਰਬਾਣੀ ਕੀਰਤਨ ਪੇਸ਼ ਕਰਨ ਦਾ ਖ਼ਾਸ ਪ੍ਰਬੰਧ ਹੋਇਆ। ਅਸਲ ’ਚ ਉਦੋਂ ਟੈਲੀਫੋਨ ਦੀਆਂ ਤਾਰਾਂ ਰਾਹੀਂ ਇਹ ਪ੍ਰੋਗਰਾਮ ਜਲੰਧਰ ਜਾਂਦੇ ਸਨ ਅਤੇ ਉੱਥੋਂ ਪ੍ਰਸਾਰਿਤ ਹੁੰਦੇ ਸਨ, ਸਵੇਰੇ ਸਵੇਰੇ ਦੂਸਰੇ ਪ੍ਰੋਗਰਾਮਾਂ ਦੇ ਸ਼ੁਰੂ ਹੋਣ ਤੋਂ ਪਹਿਲਾਂ। ਫੇਰ ਉਚੇਚਾ ਸਮਾਂ ਮਿਲਣ ਲੱਗਾ। ਨਨਕਾਣੇ ਸਾਹਿਬ ਤੋਂ ਵੀ ਕੀਰਤਨ ਸੁਣਨ ਦਾ ਸੁਭਾਗ ਸੰਗਤਾਂ ਨੂੰ ਪ੍ਰਾਪਤ ਹੋਇਆ। ਸਰੋਤੇ ਸਵੇਰੇ ਅੰਮ੍ਰਿਤ ਵੇਲੇ ਨਹਾ ਧੋ ਕੇ, ਚੌਂਕੜੀ ਮਾਰ ਕੇ ਇਹ ਪਵਿੱਤਰ ਕੀਰਤਨ ਸੁਣਦੇ ਸਨ। ਰਾਗੀ ਵੀ ਗੁਰਬਾਣੀ ਵਿਚ ਭਿੱਜ ਕੇ ਕੀਰਤਨ ਕਰਦੇ ਸਨ। ਮੈਨੂੰ ਯਾਦ ਹੈ ਭਾਜੀ ਨੇ ਡਿਓੜੀ ਚੰਗੀ ਤਰ੍ਹਾਂ ਧੋ ਕੇ, ਬਾਹਰ ਥੜ੍ਹੇ ’ਤੇ ਸਟੂਲ ਰੱਖ ਕੇ, ਉੱਤੇ ਰੇਡੀਓ ਸਜਾ ਦਿੱਤਾ। ਸਾਡਾ ਬਾਜ਼ਾਰ ਮਸਾਂ ਪੰਦਰਾਂ ਫੁੱਟ ਚੌੜਾ ਸੀ ਅਤੇ ਆਵਾਜਾਈ ਏਨੀ ਨਹੀਂ ਸੀ ਹੁੰਦੀ। ਦਰਬਾਰ ਸਾਹਿਬ ਜਾਣ ਵਾਲੀਆਂ ਸੰਗਤਾਂ ਅਣਕਿਆਸੇ ਥਾਂ ਤੋਂ ਸਵੇਰੇ ਸਵੇਰੇ ਕੀਰਤਨ ਸੁਣ ਕੇ ਨਿਹਾਲ ਵੀ ਹੁੰਦੀਆਂ ਅਤੇ ਹੈਰਾਨ ਵੀ। ਕਈ ਬੀਬੀਆਂ ਤਾਂ ਰੇਡੀਓ ਨੂੰ ਮੱਥਾ ਵੀ ਟੇਕਦੀਆਂ ਸਨ। ਅਰਦਾਸ ਹਰ ਕੋਈ ਖੜ੍ਹੇ ਹੋ ਕੇ, ਕਈ ਤਾਂ ਜੁੱਤੀ ਲਾਹ ਕੇ ਸੁਣਦੇ ਸਨ। ਅੱਜ ਹਾਲਾਤ ਹੋਰ ਹਨ। ਕੀਰਤਨ ਦਾ ਪੱਧਰ ਬਹੁਤ ਹੀ ਉੱਚਾ ਹੋ ਚੁੱਕਾ ਹੈ। ਵਿਲੱਖਣਤਾ ਬਹੁਤ ਹੈ। ਇਕ ਤੋਂ ਇਕ ਰਾਗੀ ਆਪਣੀ ਸੰਗੀਤਕ ਮੁਹਾਰਤ ਪੇਸ਼ ਕਰਕੇ ਜੱਸ ਖੱਟਦੇ ਹਨ। ਸੰਗੀਤਕ ਯੰਤਰ ਐਨੇ ਮਹਿੰਗੇ ਅਤੇ ਵਧੀਆ ਆ ਗਏ ਹਨ ਕਿ ਮਧੁਰਤਾ ਸੁਣਦਿਆਂ ਹੀ ਬਣਦੀ ਹੈ। ਥਾਂ ਥਾਂ ਕੀਰਤਨ ਦਰਬਾਰ ਕੀਤੇ ਮਿਲਦੇ ਹਨ, ਪਰ ਲਾਊਡ ਸਪੀਕਰਾਂ ਦੀ ਬੇਤਹਾਸ਼ਾ ਗਿਣਤੀ ਅਤੇ ਡੀਜੇ ਦੀ ਅਣਚਾਹੀ ਆਵਾਜ਼ ਕੰਨਾਂ ਦੀ ਸੁਣਨ ਸ਼ਕਤੀ ਅਤੇ ਸਹਿਣ ਸ਼ਕਤੀ ਤੋਂ ਪਾਰ ਹੋ ਜਾਂਦੀ ਹੈ। ਅੰਮ੍ਰਿਤ ਵੇਲੇ ਦਾ ਕੀਰਤਨ ਰਾਗੀ ਜੱਥੇ ਦੇ ਸਮੀਪ ਬੈਠ ਕੇ ਸੁਣਨ ਦਾ ਆਨੰਦ ਆਪਣਾ ਹੈ। ਹਰ ਖੰਭੇ ਨਾਲ ਲੱਗੇ ਸਪੀਕਰ ਪਤਾ ਨਹੀਂ ਕਿਸਨੂੰ ਭਰਮਾਉਂਦੇ ਹੋਣਗੇ। ਕੀਰਤਨ ਦੇ ਫੈਲਾਅ ਦੇ ਚਾਅ ਵਿਚ ਉਹ ਸ਼ਰਧਾ ਅਤੇ ਸ਼ਾਂਤੀ ਗੁੰਮ ਹੈ। ਸਭ ਕੁਝ ਸਪੀਕਰ ਅਤੇ ਤਕਨਾਲੋਜੀ ਦੀ ਭੇਟ ਚੜ੍ਹ ਚੁੱਕਾ ਹੈ।

ਸੰਪਰਕ : 80545-97595 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਮੁੱਖ ਖ਼ਬਰਾਂ

ਗਲਵਾਨ ਵਾਦੀ ’ਚੋਂ ਚੀਨੀ ਫ਼ੌਜ ਪਿੱਛੇ ਹਟੀ

ਗਲਵਾਨ ਵਾਦੀ ’ਚੋਂ ਚੀਨੀ ਫ਼ੌਜ ਪਿੱਛੇ ਹਟੀ

* ਆਪਸੀ ਸਮਝ ਦੇ ਆਧਾਰ ’ਤੇ ਭਾਰਤ ਵੀ ਫੌਜੀ ਨਫ਼ਰੀ ਕਰੇਗਾ ਘੱਟ * ਚੀਨੀ...

ਮੁਅੱਤਲ ਡੀਐੱਸਪੀ ਤੇ ਪੰਜ ਹੋਰਨਾਂ ਖ਼ਿਲਾਫ਼ ਦੋਸ਼ਪੱਤਰ ਦਾਖ਼ਲ

ਮੁਅੱਤਲ ਡੀਐੱਸਪੀ ਤੇ ਪੰਜ ਹੋਰਨਾਂ ਖ਼ਿਲਾਫ਼ ਦੋਸ਼ਪੱਤਰ ਦਾਖ਼ਲ

* ਚਾਰਜਸ਼ੀਟ ਵਿਚ ਪਾਕਿਸਤਾਨ ਹਾਈ ਕਮਿਸ਼ਨ ਦਾ ਵੀ ਜ਼ਿਕਰ

ਫ਼ੀਸ ਮਾਮਲਾ: ਪ੍ਰਾਈਵੇਟ ਸਕੂਲਾਂ ਖ਼ਿਲਾਫ਼ ਹਾਈ ਕੋਰਟ ਪੁੱਜੇ ਮਾਪੇ

ਫ਼ੀਸ ਮਾਮਲਾ: ਪ੍ਰਾਈਵੇਟ ਸਕੂਲਾਂ ਖ਼ਿਲਾਫ਼ ਹਾਈ ਕੋਰਟ ਪੁੱਜੇ ਮਾਪੇ

* ਸਿੰਗਲ ਬੈਂਚ ਦੇ ਫ਼ੈਸਲੇ ਤੋਂ ਸਨ ਅਸੰਤੁਸ਼ਟ * ਅਦਾਲਤ ਨੇ ਸੁਣਵਾਈ 13 ...

ਪੰਜਾਬ ’ਚ ਅੱਜ ਤੋਂ ਈ-ਰਜਿਸਟ੍ਰੇਸ਼ਨ ਬਿਨਾਂ ‘ਨੋ ਐਂਟਰੀ’

ਪੰਜਾਬ ’ਚ ਅੱਜ ਤੋਂ ਈ-ਰਜਿਸਟ੍ਰੇਸ਼ਨ ਬਿਨਾਂ ‘ਨੋ ਐਂਟਰੀ’

* ਅੱਧੀ ਰਾਤ ਤੋਂ ਅਮਲ ਵਿੱਚ ਆਏ ਹੁਕਮ

ਕੇਸ ਸੱਤ ਲੱਖ ਤੋਂ ਪਾਰ, ਕਰੋੜ ਟੈਸਟ ਮੁਕੰਮਲ

ਕੇਸ ਸੱਤ ਲੱਖ ਤੋਂ ਪਾਰ, ਕਰੋੜ ਟੈਸਟ ਮੁਕੰਮਲ

* ਲਗਾਤਾਰ ਚੌਥੇ ਦਿਨ 20 ਹਜ਼ਾਰ ਤੋਂ ਵੱਧ ਮਾਮਲੇ * 24 ਘੰਟਿਆਂ ਦੌਰਾਨ ...