ਰਿਸ਼ਵਤਖੋਰੀ: ਨਿਗਮ ਕਾਮਿਆਂ ਨੇ ਕਮਿਸ਼ਨਰ ਵਿਰੁੱਧ ਮੋਰਚਾ ਖੋਲ੍ਹਿਆ

ਮੋਗਾ ਨਗਰ ਨਿਗਮ ਕਮਿਸ਼ਨਰ ਖ਼ਿਲਾਫ਼ ਮੀਟਿੰਗ ਕਰਦੇ ਹੋਏ ਨਿਗਮ ਕਾਮੇ।

ਨਿੱਜੀ ਪੱਤਰ ਪ੍ਰੇਰਕ ਮੋਗਾ,11 ਜੂਨ ਇੱਥੇ ਸ਼ਹਿਰ ਦੀ ਕੌਂਸਲ ਨੂੰ ਨਗਰ ਨਿਗਮ ਦਾ ਦਰਜਾ ਮਿਲਣ ਅਤੇ ਸਾਲ 2015 ’ਚ ਨਿਗਮ ਚੋਣਾਂ ਮਗਰੋਂ ਜੰਗ ਦਾ ਅਖਾੜਾ ਬਣਿਆ ਹੋਇਆ ਹੈ। ਸਿਆਸੀ ਲੜਾਈ ’ਚ ਸਾਢੇ 4 ਸਾਲ ਤੋਂ ਸ਼ਹਿਰ ਦੇ ਵਿਕਾਸ ਕਾਰਜ ਕਥਿਤ ਠੱਪ ਪਏ ਹਨ। ਨਗਰ ਨਿਗਮ ’ਚ ਰਿਸ਼ਵਤਖੋਰੀ ਦੀ ਅੰਦਰੂਨੀ ਲੜਾਈ ਸੜਕ ’ਤੇ ਆ ਗਈ ਹੈ। ਇੱਥੇ ਨਿਗਮ ਕਾਮਿਆਂ ਨੇ ਮੀਟਿੰਗ ਕਰਕੇ ਨਿਗਮ ਕਮਿਸ਼ਨਰ ਅਨੀਤਾ ਦਰਸ਼ੀ ’ਤੇ ਰਿਸ਼ਵਤਖੋਰੀ ਦੇ ਦੋਸ਼ ਲਾਉਂਦਿਆਂ ਉਨ੍ਹਾਂ ਵਿਰੁੱਧ ਮੋਰਚਾ ਖੋਲ੍ਹ ਦਿੱਤਾ ਹੈ। ਨਿਗਮ ਕਾਮਿਆਂ ਦੇ ਇਸ ਸੰਘਰਸ਼ ਨੂੰ ਲੱਗਭਗ 15 ਕੌਂਸਲਰਾਂ ਨੇ ਵੀ ਹਮਾਇਤ ਦੇ ਦਿੱਤੀ ਹੈ। ਡਿਪਟੀ ਕਮਿਸ਼ਨਰ ਨੇ ਦੋਵਾਂ ਧਿਰਾਂ ਦੀ ਮੀਟਿੰਗ ਸੱਦ ਕੇ ਮਾਹੌਲ ਸ਼ਾਂਤ ਕਰ ਦਿੱਤਾ ਸੀ ਪਰ ਹੁਣ ਮੁੜ ਨਿਗਮ ’ਚ ਰਿਸ਼ਵਤਖੋਰੀ ਦਾ ਮੁੱਦਾ ਭਾਰੂ ਹੋ ਗਿਆ ਹੈ। ਨਿਗਮ ਕਾਮਿਆਂ ਦੀ ਜਥੇਬੰਦੀ ਦੇ ਪ੍ਰਧਾਨ ਵਿਪਨ ਹਾਂਡਾ ਨੇ ਦੋਸ਼ ਲਗਾਇਆ ਕਿ ਨਿਗਮ ਕਮਿਸ਼ਨਰ ਕਥਿਤ ਤੌਰ ’ਤੇ ਠੇਕੇਦਾਰਾਂ ਨਾਲ ਮਿਲ ਕੇ ਵੱਡੇ ਪੱਧਰ ’ਤੇ ਧਾਂਦਲੀਆਂ ਕਰ ਰਹੇ ਹਨ। ਉਨ੍ਹਾਂ ਅਗਲੇ ਸੰਘਰਸ਼ ਦਾ ਐਲਾਨ ਕਰਦਿਆਂ ਕਿਹਾ ਕਿ 14 ਜੂਨ ਨੂੰ ਸਮੁੱਚਾ ਦਫ਼ਤਰੀ ਅਮਲਾ ਸਮੂਹਿਕ ਛੁੱਟੀ ਲੈ ਕੇ ਨਿਗਮ ਕਮਿਸ਼ਨਰ ਅਨੀਤਾ ਦਰਸ਼ੀ ਵਿਰੁੱਧ ਰੋਸ ਪ੍ਰਦਰਸ਼ਨ ਕਰੇਗਾ। ਉਨ੍ਹਾਂ ਕਿਹਾ ਕਿ ਨਿਗਮ ਵਿਚੋਂ ਰਿਸ਼ਵਤਖੋਰੀ ਨੂੰ ਪੂਰੀ ਤਰ੍ਹਾਂ ਨਾਲ ਠੱਲ੍ਹ ਨਹੀਂ ਪੈਂਦੀ ਉਦੋ ਤੱਕ ਸੰਘਰਸ਼ ਜਾਰੀ ਰਹੇਗਾ। ਇਸ ਮੌਕੇ ਸੀਨੀਅਰ ਡਿਪਟੀ ਮੇਅਰ ਜਰਨੈਲ ਸਿੰਘ, ਪ੍ਰੇਮ ਚੰਦ ਚੱਕੀ ਵਾਲਾ, ਦਵਿੰਦਰ ਤਿਵਾੜੀ, ਗੋਵਰਧਨ ਪੋਪਲੀ, ਗੁਰਪ੍ਰੀਤ ਸੱਚਦੇਵਾ, ਮਨਜੀਤ ਸਿੰਘ ਧੰਮੂ, ਜਗਤਾਰ ਸਿੰਘ, ਪਰਮਿੰਦਰ ਸਫਰੀ, ਨਰੋਤਮ ਪੁਰੀ, ਰਾਜਕੁਮਾਰ ਮੁਖੀਜਾ (ਸਾਰੇ ਕੌਸਲਰ) ਹਾਜ਼ਰ ਸਨ।

ਰਿਸ਼ਵਤਖੋਰੀ ਦੇ ਸਾਰੇ ਦੋਸ਼ ਬੇਬੁਨਿਆਦ: ਕਮਿਸ਼ਨਰ

ਨਗਰ ਨਿਗਮ ਕਮਿਸ਼ਨਰ ਅਨੀਤਾ ਦਰਸ਼ੀ ਨੇ ਕਿਹਾ ਕਿ ਰਿਸ਼ਵਤਖੋਰੀ ਦੇ ਦੋਸ਼ ਬੇਬੁਨਿਆਦ ਹਨ। ਉਨ੍ਹਾਂ ਕਿਹਾ ਕਿ ਉਹ ਨਿਗਮ ਕਮਿਸ਼ਨਰ ਦੇ ਨਾਲ ਨਾਲ ਏਡੀਸੀ ਦਾ ਕੰਮ ਵੀ ਦੇਖ ਰੇਖ ਹਨ ਜਿਸ ਕਰਕੇ ਕੰਮ ਦਾ ਬੋਝ ਹੈ ਅਤੇ ਉਨ੍ਹਾਂ ਕਿਸੇ ਵੀ ਮੁਲਾਜ਼ਮ ਨਾਲ ਕੋਈ ਗਲਤ ਵਿਹਾਰ ਨਹੀਂ ਕੀਤਾ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All