ਰਿਸ਼ਤਿਆਂ ਦੀ ਕਲਾਤਮਿਕ ਪੇਸ਼ਕਾਰੀ

ਪ੍ਰਿੰ. ਗੁਰਮੀਤ ਸਿੰਘ ਫਾਜ਼ਿਲਕਾ

ਪੁਸਤਕ ‘ਭਕ ਭਕ ਕਰਦੀ ਲਾਲਟੈਨ’ (ਲੇਖਕ: ਪਵਨ ਪਰਿੰਦਾ; ਕੀਮਤ: 200 ਰੁਪਏ; ਟਵੰਟੀ ਫਸਟ ਸੈਂਚਰੀ ਪਬਲੀਕੇਸ਼ਨਜ਼, ਪਟਿਆਲਾ) ਵਿਚ 19 ਕਹਾਣੀਆਂ ਹਨ। ਲੇਖਕ ਅਨੁਸਾਰ ਉਸ ਨੇ ਕਹਾਣੀ ਲਿਖਣ ਦੇ ਕਾਰਜ ਨੂੰ ਲੰਮਾ ਸਮਾਂ ਰੁਝੇਵਿਆਂ ਕਰਕੇ ਰੋਕੀ ਰੱਖਿਆ। ਹੁਣ ਜਦੋਂ ਕੁਝ ਫੁਰਸਤ ਮਿਲੀ ਤਾਂ ਕੁਝ ਨਾਮਵਰ ਮੈਗਜ਼ੀਨਾਂ ਵਿਚ ਕਹਾਣੀਆਂ ਛਪਣ ਨਾਲ ਉਤਸ਼ਾਹ ਮਿਲਿਆ। ਉਂਜ ਜਿੰਨਾ ਚਿਰ ਕਹਾਣੀ ਲਿਖ ਨਾ ਸਕਿਆ, ਕਹਾਣੀ ਪੜ੍ਹਦਾ ਜ਼ਰੂਰ ਰਿਹਾ। ਕਹਾਣੀ ਦੇ ਲੰਮੇ ਅਧਿਐਨ ਪਿੱਛੋਂ ਪੁਸਤਕ ਛਪਣਾ ਪਾਠਕ ਤੇ ਲੇਖਕ ਲਈ ਮਾਣ ਵਾਲੀ ਗੱਲ ਹੈ। ਵਿਸ਼ੇਸ਼ ਗੱਲ ਇਹ ਹੈ ਕਿ ਕਹਾਣੀਆਂ ਵਿਚ ਲੇਖਕ ਨੇ ਸਮਾਜਿਕ ਰਿਸ਼ਤਿਆਂ ਦੀ ਤਹਿ ਤਕ ਜਾਣ ਦਾ ਕਲਾਤਮਿਕ ਯਤਨ ਕੀਤਾ ਹੈ। ਬੇਜੋੜ ਵਿਆਹਾਂ ਦੇ ਦੋਵੇਂ ਪੱਖ ਲਿਖੇ ਹਨ। ਔਰਤ ਦੀ ਬੇਬਾਕੀ ਵੀ ਹੈ ਤੇ ਬਾਬਲ ਦੇ ਤਲਾਸ਼ੇ ਰਿਸ਼ਤੇ ਤੋਂ ਪਾਸੇ ਜਾ ਕੇ ਹਾਣ ਦੇ ਵਰ ਨੂੰ ਪ੍ਰਵਾਨ ਕਰਨ ਦੀ ਜੁਰੱਅਤ ਵੀ। ਇਸ ਪ੍ਰਸੰਗ ਵਿਚ ਪਹਿਲੀ ਕਹਾਣੀ ‘ਲਾਹੇ ਹੋਏ’ ਹੈ। ਸਾਰੀ ਸਥਿਤੀ ਪੂਰਨ ਭਗਤ ਦੇ ਕਿੱਸੇ ਸਲਵਾਨ ਤੇ ਲੂਣਾ ਵਾਲੀ ਹੈ। ਅਗਲੀ ਸਿਰਲੇਖ ਵਾਲੀ ਕਹਾਣੀ ਵਿਚ ਬੇਮੇਲ ਜੋੜਾ ਨਰੜ ਵਾਲੀ ਸਥਿਤੀ ਵਿਚੋਂ ਜਵਾਨੀ ਦਾ ਸੰਤਾਪ “ਭਕ ਭਕ ਕਰਦੀ ਲਾਲਟੈਨ” ਵਾਂਗ ਹੰਢਾਉਂਦਾ ਹੈ। ਸੰਗ੍ਰਹਿ ਦੀਆਂ ਸੱਤ ਕਹਾਣੀਆਂ ਦਾ ਆਕਾਰ ਚਾਰ ਪੰਜ ਪੰਨਿਆਂ ਦਾ ਹੈ। ਬਾਕੀ ਕਹਾਣੀਆਂ ਸੱਤ ਤੋਂ ਦਸ ਪੰਨਿਆਂ ਤਕ ਹੋਣ ਕਰਕੇ ਵਾਧੂ ਵਿਸਥਾਰ ਹੈ ਜਿਸ ਨਾਲ ਕਥਾ ਰਸ ਮੱਧਮ ਪੈ ਜਾਂਦਾ ਹੈ। ਕਹਾਣੀਆਂ ਸ਼ੀਸ਼ਿਆਂ ਓਹਲੇ, ਮੰਝਧਾਰ, ਅਸਥੀਆਂ, ਜਿਉਂਦਾ ਔਤ, ਰਾਮੂਆਲੀਆ, ਦਾਲ ਵਿਚਲੇ ਕੋਕੜੂ, ਚੋਣ ਡਿਊਟੀ ਪੜ੍ਹਨ ਵਾਲੀਆਂ ਵਧੀਆ ਸਮਾਜਿਕ ਕਹਾਣੀਆਂ ਹਨ।

ਸੰਪਰਕ: 098148-56160

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All