ਰਿਜਿਜੂ ਤੇ ਸੁਨੀਲ ਸ਼ੈੱਟੀ ਵੱਲੋਂ ਡੋਪਿੰਗ ਤੋਂ ਦੂਰ ਰਹਿਣ ਦਾ ਹੋਕਾ

ਗੁਹਾਟੀ ਵਿੱਚ ਖੇਲੋ ਇੰਡੀਆ ਦੌਰਾਨ ਸ਼ਿਰਕਤ ਕਰਦੇ ਹੋਏ ਕਿਰਨ ਰਿਜਿਜੂ ਤੇ ਸੁਨੀਲ ਸ਼ੈੱਟੀ। -ਫੋਟੋ: ਪੀਟੀਆਈ

ਗੁਹਾਟੀ, 14 ਜਨਵਰੀ ਖੇਡ ਮੰਤਰੀ ਕਿਰਨ ਰਿਜਿਜੂ ਅਤੇ ਨਾਡਾ ਦੇ ਦੂਤ ਸੁਨੀਲ ਸ਼ੈੱਟੀ ਨੇ ਸਾਫ ਸੁਥਰੀ ਅਤੇ ਡੋਪਿੰਗ ਮੁਕਤ ਖੇਡ ਸੱਭਿਆਚਾਰ ’ਤੇ ਜ਼ੋਰ ਦਿੰਦਿਆਂ ਭਾਰਤੀ ਖਿਡਾਰੀਆਂ ਨੂੰ ਪਾਬੰਦੀਸ਼ੁਦਾ ਪਦਾਰਥਾਂ ਤੋਂ ਦੂਰ ਰਹਿਣ ਦੀ ਅਪੀਲ ਕੀਤੀ। ਨੌਜਵਾਨਾਂ ਨੂੰ ਡੋਪਿੰਡ ਦੇ ਖਤਰਿਆਂ ਬਾਰੇ ਜਾਗਰੂਕ ਕਰਨ ਸਬੰਧੀ ਇੱਕ ਵਰਕਸ਼ਾਪ ਵਿੱਚ ਕੌਮੀ ਡੋਪਿੰਗ ਰੋਕੂ ਏਜੰਸੀ (ਨਾਡਾ) ਦੇ ਦੂਤ ਅਭਿਨੇਤਾ ਸੁਨੀਲ ਸ਼ੈੱਟੀ ਤੇ ਬੱਚਿਆਂ ਦੀ ਜ਼ਿੰਦਗੀ ’ਚ ਖੇਡਾਂ ਦੇ ਮਹੱਤਵ ਦਾ ਜ਼ਿਕਰ ਕੀਤਾ। ਉਨ੍ਹਾਂ ਕਿਹਾ, ‘ਤੁਸੀਂ ਆਪਣੀ ਜ਼ਿੰਦਗੀ ’ਚ ਕਈ ਗਲਤੀਆਂ ਕਰ ਸਕਦੇ ਹੋ ਪਰ ਕੁਝ ਗਲਤ ਖਾਣਾ ਨਹੀਂ ਚਾਹੀਦਾ। ਮੈਂ ਆਪਣੀ ਜ਼ਿੰਦਗੀ ’ਚ ਜੋ ਕੁਝ ਵੀ ਹਾਸਲ ਕੀਤਾ ਹੈ ਉਹ ਖੇਡਾਂ ਕਾਰਨ ਹੀ ਹੈ।’ ਉਨ੍ਹਾਂ ਕਿਹਾ, ‘ਮੈਂ ਮਾਰਸ਼ਲ ਆਰਟ ਖੇਡਦਾ ਸੀ ਅਤੇ ਕਾਫੀ ਮਿਹਨਤ ਕਰਦਾ ਸੀ। ਮੈਂ ਅਦਾਕਾਰ ਇਸ ਲਈ ਬਣਿਆ ਕਿਉਂਕਿ ਮੈਂ ਖਿਡਾਰੀ ਸੀ। ਮੈਂ ਅੱਜ ਵੀ ਖੁਦ ਨੂੰ ਖੇਡਾਂ ਨਾਲ ਜੁੜਿਆ ਮੰਨਦਾ ਹਾਂ।’ ਇੱਥੇ ਖੇਡੋ ਇੰਡੀਆ ਦੌਰਾਨ ਆਏ ਰਿਜੀਜੂ ਅਤੇ ਸ਼ੈੱਟੀ ਨੇ ਇੱਕ ਫੁਟਬਾਲ ਮੈਚ ਤੋਂ ਬਾਅਦ ਸ਼ੁਟਆਊਟ ’ਚ ਵੀ ਹਿੱਸਾ ਲਿਆ। ਰਿਜਿਜੂ ਨੇ ਕਿਹਾ, ‘ਮੈਂ ਸਾਰੇ ਕੋਚਾਂ ਤੇ ਮਾਪਿਆਂ ਨੂੰ ਕਹਿਣਾ ਚਾਹੁੰਦਾ ਹਾਂ ਕਿ ਉਹ ਇਹ ਨਿਸ਼ਚਿਤ ਕਰਨ ਕਿ ਸਾਰੇ ਖਿਡਾਰੀ ਪਾਬੰਦੀਸ਼ੁਦਾ ਪਦਾਰਥਾਂ ਤੋਂ ਦੂਰ ਰਹਿਣ। ਅਸੀਂ ਉਨ੍ਹਾਂ ਦਾ ਹਰ ਕਦਮ ’ਤੇ ਸਾਥ ਦੇਵਾਂਗੇ।’ -ਪੀਟੀਆਈ

ਚਾਰ ਸੋਨ ਤਗ਼ਮੇ ਜਿੱਤ ਕੇ ਅੰਕ ਸੂਚੀ ’ਚ ਮਹਾਰਾਸ਼ਟਰ ਅੱਵਲ

ਗੁਹਾਟੀ: ਖੇਲੋ ਇੰਡੀਆ ਨੌਜਵਾਨ ਖੇਡਾਂ ਦੇ ਪੰਜਵੇਂ ਦਿਨ ਅੱਜ ਇੱਥੇ ਚਾਰ ਸੋਨ ਤਗ਼ਮੇ ਜਿੱਤ ਕੇ ਅੰਕ ਸੂਚੀ ਵਿੱਚ ਮਹਾਰਾਸ਼ਟਰ ਪਹਿਲੇ ਸਥਾਨ ’ਤੇ ਪਹੁੰਚ ਗਿਆ ਹੈ। ਬੀਤੇ ਦਿਨ 12 ਸੋਨ ਤਗ਼ਮੇ ਜਿੱਤ ਕੇ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲਾ ਹਰਿਆਣਾ ਹੁਣ 18 ਸੋਨ ਅਤੇ ਕੁੱਲ 54 ਤਗ਼ਮਿਆਂ ਨਾਲ ਸੂਚੀ ਵਿੱਚ ਦੂਜੇ ਸਥਾਨ ’ਤੇ ਹੈ। ਮਹਾਰਾਸ਼ਟਰ ਨੇ ਹੁਣ ਤੱਕ 21 ਸੋਨ ਤਗ਼ਮਿਆਂ ਸਣੇ 89 ਤਗ਼ਮੇ ਜਿੱਤੇ ਹਨ। ਇਸ ਸੂਚੀ ਵਿੱਚ ਦਿਨੀ ਤੀਜੇ ਸਥਾਨ ’ਤੇ ਹੈ ਜਿਸ ਦੇ ਨਾਂ 15 ਸੋਨ ਤਗ਼ਮਿਆਂ ਸਮੇਤ ਕੁੱਲ 41 ਤਗ਼ਮੇ ਹਨ। ਅੱਜ ਉੱਤਰ ਪ੍ਰਦੇਸ਼ ਦੇ ਖਿਡਾਰੀਆਂ ਨੇ ਵੀ ਸ਼ਾਨਕਾਰ ਪ੍ਰਦਰਸ਼ਨ ਕੀਤਾ ਅਤੇ ਚਾਰ ਸੋਨ ਤਗ਼ਮੇ ਜਿੱਤੇ। ਇਸ ਨਾਲ ਉੱਤਰ ਪ੍ਰਦੇਸ਼ ਨੇ ਇਸ ਸੂਚੀ ਵਿੱਚ ਤਾਮਿਲ ਨਾਡੂ ਤੇ ਗੁਜਰਾਤ ਨੂੰ ਪਛਾੜ ਦਿੱਤਾ ਹੈ ਅਤੇ ਚੌਥੇ ਸਥਾਨ ’ਤੇ ਪਹੁੰਚ ਗਿਆ ਹੈ। ਉੱਤਰ ਪ੍ਰਦੇਸ਼ ਦੇ ਵਿਜੈ ਕਸ਼ਯਪ, ਉੱਤਮ ਯਾਦਵ ਅਤੇ ਮੁਹੰਮਦ ਸ਼ਾਹਬਾਨ ਨੇ ਅੰਡਰ-17 ਅਥਲੈਟਿਕਸ ਜਦਕਿ ਇਸੇ ਉਮਰ ਵਰਗ ਵਿੱਚ ਜਿਮਨਾਸਟਿਕ ਦੇ ਪੈਰਲਲ ਬਾਰਸ ’ਚ ਗੌਰਵ ਕੁਮਾਰ ਨੇ ਸੋਨੇ ਦਾ ਤਗ਼ਮਾ ਹਾਸਲ ਕੀਤਾ। ਟੇਬਲ ਟੈਨਿਸ ਦੇ ਚਾਰਾਂ ਵਰਗਾਂ ’ਚ ਵੱਖ ਵੱਖ ਖਿਡਾਰੀਆਂ ਨੇ ਬਾਜ਼ੀ ਮਾਰੀ। ਇਨ੍ਹਾਂ ਖਿਡਾਰੀਆਂ ’ਚ ਫਿਦੇਲ ਸੁਰਵਜੁਲਾ (ਤੇਲੰਗਾਨਾ), ਅਨੁਸ਼ਾ ਕੁਟੁੰਬਲੇ (ਮੱਧ ਪ੍ਰਦੇਸ਼), ਆਦਰਸ਼ ਛੇਤਰੀ (ਦਿੱਲੀ) ਅਤੇ ਦਿਆ ਚਿਤਲੇ (ਮਹਾਰਾਸ਼ਟਰ) ਨੇ ਸੋਨ ਤਗ਼ਮੇ ਜਿੱਤੇ। -ਪੀਟੀਆਈ

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All