ਰਾਮ ਸਰੂਪ ਅਣਖੀ ਦੀ ਰਚਨਾਕਾਰੀ ਦਾ ਅਧਿਐਨ

ਪ੍ਰੋ. ਬੇਅੰਤ ਸਿੰਘ ਬਾਜਵਾ

ਰਾਮ ਸਰੂਪ ਅਣਖੀ

ਬਰਨਾਲੇ ਰਾਮ ਸਰੂਪ ਅਣਖੀ ਦੀ ਸ਼ੋਕ ਸਭਾ ਦੌਰਾਨ ਪੰਜਾਬੀ ਦੇ ਲੇਖਕ ਮਨਮੋਹਨ ਬਾਵਾ ਨੇ ਰਾਮ ਸਰੂਪ ਅਣਖੀ ਬਾਰੇ ਆਪਣੇ ਵਿਚਾਰ ਪ੍ਰਗਟਾਉਂਦਿਆਂ ਕਿਹਾ ਕਿ ਮੈਂ ਉਨ੍ਹਾਂ ਨੂੰ ਮਾਲਵੇ ਦਾ ਟੌਮਸ ਹਾਰਡੀ ਮੰਨਦਾ ਹਾਂ। ਸਮਾਂ ਬੀਤਦਾ ਗਿਆ। ਮੇਰੇ ਕੰਨੀਂ ਇਹ ਗੱਲ ਪੈ ਗਈ ਤਾਂ ਮੈਂ ਟੌਮਸ ਹਾਰਡੀ ਨੂੰ ਪੜ੍ਹਣਾ ਸ਼ੁਰੂ ਕਰ ਦਿੱਤਾ। ਰਾਮ ਸਰੂਪ ਅਣਖੀ ਤਾਂ ਸਾਹਿਤਕਾਰ ਦੇ ਨਾਲ ਨਾਲ ਸਾਡੇ ਪਿੰਡ ਦਾ ਬੰਦਾ ਹੋਣ ਕਰਕੇ ਪਹਿਲਾਂ ਹੀ ਮੈਂ ਉਨ੍ਹਾਂ ਦੀਆਂ ਰਚਨਾਵਾਂ ਨੂੰ ਕਈ ਵਾਰ ਪੜ੍ਹ ਬੈਠਾ ਸੀ। ਟੌਮਸ ਹਾਰਡੀ ਦਾ ਜਨਮ ਇੰਗਲੈਂਡ ਦੇ ਪਿੰਡ ਬੌਖੈਂਪਟਨ ਵਿਚ 2 ਜੂਨ 1840 ਨੂੰ ਹੋਇਆ। ਉਹ ਅੰਗਰੇਜ਼ੀ ਭਾਸ਼ਾ ਦਾ ਬਹੁਤ ਵੱਡਾ ਲੇਖਕ ਰਿਹਾ ਹੈ। ਉਸ ਦਾ ਰਚਨਾ ਕਾਲ ਲਗਭਗ ਪੰਜਾਹ ਸਾਲਾਂ ਤਕ ਫੈਲਿਆ ਹੋਇਆ ਹੈ। ਉਸ ਨੇ ਨਾਵਲ ਲਿਖੇ। ਅੰਡਰ ਦਿ ਗਰੀਨਵੁੱਡ ਟ੍ਰੀ, ਫਾਰ ਫਰੌਮ ਦਿ ਮੈਡਿੰਗ ਕਰਾਊਡ, ਦਿ ਰਿਟਰਨ ਔਫ ਦਿ ਨੇਟਿਵ, ਦਿ ਮੇਅਰ ਔਫ ਕਾਸਟਰਬ੍ਰਿਜ, ਦਿ ਵੁਡਲੈਂਡਰਜ਼, ਟੈੱਸ ਔਫ ਦਿ ਡਿ’ਅਬਰਵਿਲਜ਼, ਜੂਡ ਦਿ ਓਬਸਕਿਓਰ ਆਦਿ ਉਸ ਦੇ ਚਰਚਿਤ ਨਾਵਲ ਹਨ। ਇਨ੍ਹਾਂ ਵਿਚੋਂ ‘ਟੈੱਸ ਔਫ ਦਿ ਡਿ’ਅਬਰਵਿਲਜ਼’ (1891) ਨਾਰੀ ਚੇਤਨਾ ਅਤੇ ਪ੍ਰੇਮ ਦੇ ਦੁਖਾਂਤ ਨੂੰ ਮੁੱਖ ਰੱਖ ਕੇ ਲਿਖਿਆ ਗਿਆ ਉਸ ਦਾ ਸਭ ਤੋਂ ਵਧੀਆ ਨਾਵਲ ਹੈ। ਇਸ ਵਿਚ ਇਕ ਸੁੰਦਰ ਔਰਤ ਦੇ ਜੀਵਨ ਦੁਖਾਂਤ ਨੂੰ ਬੜੀ ਸ਼ਿੱਦਤ ਨਾਲ ਪੇਸ਼ ਕੀਤਾ ਗਿਆ ਹੈ। ਇਹ ਨਾਵਲ ਜਾਗੀਰਦਾਰੀ ਸਮਾਜਿਕ ਪ੍ਰਬੰਧ ਵਿਚ ਔਰਤ ਦੇ ਦੁਖਾਂਤ ਦੇ ਵਿਭਿੰਨ ਪਹਿਲੂ ਪਾਠਕਾਂ ਅੱਗੇ ਰੱਖਦਾ ਹੈ। ਜਾਗੀਰਦਾਰੀ ਕੀਮਤਾਂ ਮੁਤਾਬਿਕ ਔਰਤ ਦੀ ਸਥਿਤੀ ਇਕ ਵਸਤੂ ਤੋਂ ਵਧ ਕੇ ਕੁਝ ਨਹੀਂ ਹੈ। ਉਹ ਆਪਣੇ ਇਸ ਨਾਵਲ ਵਿਚ ਅਤੇ ਹੋਰ ਨਾਵਲਾਂ ’ਚ ਵੀ ਪ੍ਰੇਮ, ਹੋਣੀ ਤੇ ਸਮੇਂ ਨੂੰ ਮਨੁੱਖੀ ਜੀਵਨ ਦੇ ਨਾਲ ਨਾਲ ਚਲਦਾ ਦੇਖਦਾ ਹੈ। ਉਸ ਨੇ ਪ੍ਰੇਮੀ ਅਤੇ ਪ੍ਰੇਮਿਕਾਵਾਂ ਦੇ ਅੰਤਰ-ਦਵੰਦ, ਵਫ਼ਾਦਾਰੀਆਂ, ਬੇਵਫ਼ਾਈਆਂ ਆਦਿ ਨੂੰ ਉਭਾਰਿਆ ਹੈ। ਉਹ ਪ੍ਰੇਮ ਨੂੰ ਬਹੁ-ਕੋਣੀ ਰੂਪ ਵਿਚ ਪੇਸ਼ ਕਰਦਾ ਸੀ। ਇਹ ਉਸ ਦੀ ਇਕ ਜੁਗਤ ਸੀ। ਉਸ ਨੇ ਆਪਣੇ ਨਾਵਲਾਂ ਵਿਚ ਅਜਿਹੇ ਪਾਤਰ ਸਿਰਜੇ ਹਨ ਜਿਹੜੇ ਸ਼ਾਂਤ ਸੁਭਾਅ ਦੇ ਇਨਸਾਨ ਹਨ। ਪਰ ਨਾਇਕਾਵਾਂ ਤੇਜ਼ ਤਰਾਰ, ਨਖ਼ਰੇਬਾਜ਼, ਐਸ਼ਪ੍ਰਸਤੀ ਦੀਆਂ ਸ਼ੌਕੀਨ, ਚੰਗੀ ਡੀਲ-ਡੌਲ ਵਾਲੀਆਂ ਸੁੰਦਰਤਾ ਦੀਆਂ ਮੂਰਤਾਂ ਹਨ। ਅਸਲ ਵਿਚ ਹਾਰਡੀ ਔਰਤ ਮਨ ਦਾ ਡੂੰਘਾ ਚਿਤੇਰਾ ਹੈ। ਉਸ ਨੇ ਆਪਣੇ ਨਾਵਲਾਂ ਵਿਚ ਔਰਤ ਦੀ ਸੁੰਦਰਤਾ, ਨਖ਼ਰਾ, ਮੂਰਖਤਾ ਅਤੇ ਬਹਾਦਰੀ ਨੂੰ ਉਭਾਰਿਆ ਹੈ।

ਟੌਮਸ ਹਾਰਡੀ

ਠੀਕ ਇਸੇ ਤਰ੍ਹਾਂ ਰਾਮ ਸਰੂਪ ਅਣਖੀ ਦੇ ਨਾਵਲਾਂ ਦੀ ਗੱਲ ਕਰਦੇ ਹਾਂ ਤਾਂ ‘ਕੋਠੇ ਖੜਕ ਸਿੰਘ’, ‘ਪਰਤਾਪੀ’, ‘ਦੁੱਲੇ ਦੀ ਢਾਬ’ ਅਤੇ ‘ਗੇਲੋ’ ਆਦਿ ਨਾਵਲਾਂ ਨੂੰ ਪੜ੍ਹਦਿਆਂ ਹਾਰਡੀ ਤੇ ਅਣਖੀ ਇਕੋ ਜਿਹੇ ਰਚਨਾਕਾਰ ਜਾਪਦੇ ਹਨ। ਕੋਠੇ ਖੜਕ ਸਿੰਘ ਦੀ ਹਰਨਾਮੀ ਜਾਂ ਦੁੱਲੇ ਦੀ ਢਾਬ ਦੀ ਸਰਦਾਰੋ ਜਾਂ ਗੇਲੋ ਨਾਵਲ ਦੀ ਗੇਲੋ ਕਿਸੇ ਪੱਖੋਂ ਟੈੱਸ ਤੋਂ ਘੱਟ ਨਹੀਂ। ਕਈ ਵਾਰ ਤਾਂ ਇਸ ਤਰ੍ਹਾਂ ਲੱਗਦਾ ਹੈ ਕਿ ਟੈੱਸ ਵੀ ਸਰਦਾਰੋ ਦੀ ਭੈਣ ਹੈ ਜਾਂ ਪਰਤਾਪੀ ਦੀ ਮਾਸੀ ਦੀ ਕੁੜੀ। ਜਿਵੇਂ ਰਾਮ ਸਰੂਪ ਅਣਖੀ ਆਪਣੇ ਨਾਵਲਾਂ ਦਾ ਕੈਨਵਸ ਤਿਆਰ ਕਰਦਾ ਹੈ। ਮਾਲਵੇ ਦੇ ਪਿੰਡਾਂ, ਦ੍ਰਿਸ਼ਾਂ, ਡੇਰਿਆਂ ਨੂੰ ਕਹਿਣ ਦਾ ਭਾਵ ਮਾਲਵੇ ਦੇ ਹਰ ਪਹਿਲੂ ਨੂੰ ਉਭਾਰਦਾ ਹੈ। ਉਸੇ ਤਰ੍ਹਾਂ ਹਾਰਡੀ ਵੀ ਆਪਣੇ ਨਾਵਲਾਂ ਵਿਚ ਅਜਿਹੇ ਦ੍ਰਿਸ਼ ਪੇਸ਼ ਕਰਦਾ ਹੈ। ਇਹ ਪਾਠਕ ਨੂੰ ਸਮੁੱਚੇ ਵਰਤਾਰੇ ਨਾਲ ਜੋੜਦਿਆਂ ਹਰ ਪੱਖ ਤੋਂ ਛੋਟੇ ਛੋਟੇ ਵੇਰਵਿਆਂ ਰਾਹੀਂ ਸਮਝਾਉਂਦਿਆਂ ਆਪਣੀ ਕਹਾਣੀ ਨੂੰ ਅੱਗੇ ਤੋਰਦਾ ਹੈ। ਰਾਮ ਸਰੂਪ ਅਣਖੀ ਵੀ ਨਿੱਕੇ ਨਿੱਕੇ ਵੇਰਵਿਆਂ ਰਾਹੀਂ ਕਹਾਣੀ ਦੇ ਨਾਲ ਨਾਲ ਅਜਿਹੇ ਹੋਰ ਦ੍ਰਿਸ਼ ਉਭਾਰਦਾ ਹੈ ਜਿਹੜੇ ਪਾਠਕ ਨੂੰ ਨਾਲ ਤੋਰ ਲੈਂਦੇ ਹਨ। ਅਣਖੀ ਤੇ ਹਾਰਡੀ ਦੀਆਂ ਗਲਪੀ ਜੁਗਤਾਂ ਤੇ ਮੁਹੱਬਤ ਦਾ ਪੈਗ਼ਾਮ ਜ਼ਬਰਦਸਤ ਹੈ। ਮਿਸਾਲ ਵਜੋਂ ਨਾਵਲ ‘ਦੁੱਲੇ ਦੀ ਢਾਬ’ ਦਾ ਭਾਗ ਇਨ੍ਹਾਂ ਸਤਰਾਂ ਨਾਲ ਸ਼ੁਰੂ ਹੁੰਦਾ ਹੈ: ... ਸਰਦਾਰੋ ਦੂਜੇ ਦਿਨ ਵੀ ਨਾ ਮੁੜੀ। ਇਕ ਸਤਰ ਪੜ੍ਹਦਿਆਂ ਹੀ ਪਾਠਕ ਰਚਨਾਕਾਰ ਦੇ ਨਾਲ ਤੁਰ ਪੈਂਦਾ ਹੈ ਕਿ ਸਰਦਾਰੋ ਕਿੱਧਰ ਗਈ?

ਪ੍ਰੋ. ਬੇਅੰਤ ਸਿੰਘ ਬਾਜਵਾ

ਰਾਮ ਸਰੂਪ ਅਣਖੀ ਨੇ ਆਪਣੀ ਸਵੈ-ਜੀਵਨੀ ਵਿਚ ਵੀ ਇਹ ਗੱਲ ਕਹੀ ਕਿ ਉਹ ਪਿੰਡਾਂ ਦੇ ਜੀਵਨ ਦੀ ਭਰਪੂਰ ਪੇਸ਼ਕਾਰੀ ਅਤੇ ਛੋਟੇ ਕਿਸਾਨ ਦੀ ਦਸ਼ਾ ਦਾ ਚਿਤਰਨ ਵੱਡੇ ਨਾਵਲ ਲਿਖ ਕੇ ਕਰਨਾ ਚਾਹੁੰਦਾ ਹੈ। ਪਰ ਏਨਾ ਵੱਡਾ ਨਾਵਲ ਲਿਖਣ ਦਾ ਕਦੇ ਹੌਸਲਾ ਨਾ ਪਿਆ। ਮਹਿੰਦਰਾ ਕਾਲਜ, ਪਟਿਆਲਾ ਪੜ੍ਹਦਿਆਂ ਉਸ ਨੇ ਟੌਮਸ ਹਾਰਡੀ ਦੇ ਤਿੰਨ ਵੱਡੇ ਨਾਵਲ ‘ਮੇਅਰ ਔਫ ਦਿ ਕਾਸਟਰਬ੍ਰਿਜ’, ‘ਫਾਰ ਫਰੌਮ ਦਿ ਮੈਡਿੰਗ ਕਰਾਊਡ’ ਅਤੇ ‘ਟੈੱਸ ਔਫ ਦਿ ਡਿ’ਅਬਰਵਿਲਜ਼’ ਅੰਗਰੇਜ਼ੀ ਵਿਚ ਪੜ੍ਹੇ ਸਨ। ਉਹ ਹਾਰਡੀ ਵੱਲੋਂ ਏਨੇ ਵੱਡੇ ਆਕਾਰ ਦੇ ਨਾਵਲ ਲਿਖਣ ਦੇ ਢੰਗ ’ਤੇ ਬਹੁਤ ਹੈਰਾਨ ਹੁੰਦਾ। ਇਕ ਦਿਨ ਅਣਖੀ ਨੇ ਵੱਡਾ ਨਾਵਲ ਲਿਖਣ ਦਾ ਮਨ ਬਣਾ ਲਿਆ। ਕਹਾਣੀ ਵੀ ਸੋਚ ਲਈ। ਆਜ਼ਾਦੀ ਮਿਲਣ ਤੋਂ ਬਾਰਾਂ ਤੇਰਾਂ ਸਾਲਾਂ ਬਾਅਦ ਦੇ ਪੇਂਡੂ ਪੰਜਾਬ ਨੂੰ ਪੇਸ਼ ਕਰਨ ਤੋਂ ਲੈ ਕੇ ਇੰਦਰਾ ਗਾਂਧੀ ਦੇ ਕਤਲ ਤਕ ਕੁਝ ਪਾਤਰ ਆਪਣੇ ਪਿੰਡ ਦੇ ਲਏ ਜਿਨ੍ਹਾਂ ਵਿਚੋਂ ਕੁਝ ਮਰ ਚੁੱਕੇ ਸਨ ਤੇ ਕੁਝ ਜਿਉਂਦੇ ਸਨ। ਮਾਲਵੇ ਦੇ ਪਿੰਡਾਂ ਨੂੰ ਨਾਲ ਤੋਰਦਿਆਂ ਆਖ਼ਰਕਾਰ ਅਣਖੀ ਨੇ ਭਾਈਰੂਪਾ ਨੇੜੇ ਇਕ ਕਲਪਿਤ ਪਿੰਡ ਵਸਾ ਦਿੱਤਾ ‘ਕੋਠੇ ਖੜਕ ਸਿੰਘ’। ਇਸ ਤੋਂ ਬਾਅਦ ਪਰਤਾਪੀ, ਦੁੱਲੇ ਦੀ ਢਾਬ, ਗੇਲੋ ਆਦਿ ਨਾਵਲਾਂ ਦਾ ਕੈਨਵਸ ਵੀ ਪਿੰਡਾਂ ਦੀਆਂ ਰੂਹਾਂ ਨੂੰ ਜਿਉਂਦਾ ਰੱਖਣ ’ਚ ਸਫ਼ਲ ਹੋਇਆ ਹੈ।

ਸੰਪਰਕ: 70878-00168

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All