ਰਾਮ ਕੁਮਾਰ ਦਾ ‘ਆਵਾਰਾ’ ਆਦਮੀ

ਅਗਸਤ 1947 ਵਿਚ ਦੇਸ਼ ਦੀ ਵੰਡ ਤੋਂ ਕੁਝ ਮਹੀਨੇ ਬਾਅਦ ਐੱਮ.ਐੱਫ. ਹੁਸੈਨ, ਐੱਫ.ਐੱਨ. ਸੁਜ਼ਾ, ਰਾਮ ਕੁਮਾਰ, ਕਿਸ਼ਨ ਖੰਨਾ, ਤਾਇਬ ਮਹਿਤਾ ਅਤੇ ਹੋਰ ਚਿੱਤਰਕਾਰਾਂ ਨੇ ਪ੍ਰੋਗਰੈਸਿਵ ਆਰਟਿਸਟਸ ਗਰੁੱਪ ਬਣਾਇਆ। ਇਸ ਗਰੁੱਪ ਦੇ ਚਿੱਤਰਕਾਰਾਂ ਨੇ ਕਈ ਵਾਰ ਕਿਹਾ ਕਿ ਦੇਸ਼ ਦੀ ਵੰਡ ਹੀ ਉਨ੍ਹਾਂ ਦੀ ਚਿੱਤਰਕਾਰੀ ਵਿਚ ਨਵੀਂ ਸ਼ੈਲੀ ਦੇ ਵਿਕਾਸ ਦਾ ਕਾਰਨ ਬਣੀ। ਇਸ ਗਰੁੱਪ ਦੇ ਚਿੱਤਰਕਾਰਾਂ ਨੇ ਚਿੱਤਰਕਾਰੀ ਦੇ ਖੇਤਰ ਵਿਚ ਨਿਵੇਕਲੀਆਂ ਪੈੜਾਂ ਪਾਈਆਂ।

ਜਗਤਾਰਜੀਤ ਸਿੰਘ ਕਲਾ ਜਗਤ

‘ਵੈਗਾਬਾਂਡ’ ਚਿੱਤਰ ਰਾਮ ਕੁਮਾਰ ਦੇ ਮੁੱਢਲੇ ਚਿੱਤਰਾਂ ਵਿਚੋਂ ਇਕ ਹੈ। ਇਸ ਸ਼ਬਦ ਦਾ ਅਰਥ ਹੈ ਆਵਾਰਾ, ਬੇਮਤਲਬ ਘੁੰਮਣ ਵਾਲਾ ਕਿਉਂਕਿ ਇਸ ਨੂੰ ਨੌਕਰੀ ਨਹੀਂ ਮਿਲ ਰਹੀ, ਬੇਰੁਜ਼ਗਾਰ ਹੈ। ਇਸ ਦਾ ਰਚਨ ਵਰ੍ਹਾ 1958 ਹੈ। ਮੁਲਕ ਦੀ ਸੁਤੰਤਰਤਾ ਤੋਂ ਗਿਆਰਾਂ ਸਾਲਾਂ ਬਾਅਦ ਜਿਹੜੀਆਂ ਸਮੱਸਿਆਵਾਂ ਆਪਣਾ ਮੂੰਹ ਦਿਖਾਉਣ ਲੱਗੀਆਂ ਸਨ, ਇਹ ਚਿੱਤਰ ਉਨ੍ਹਾਂ ਵਿਚੋਂ ਇਕ ਦੀ ਗੱਲ ਕਰਦਾ ਹੈ। ਸਮੱਸਿਆ ਦੀ ਬਾਤ ਪਾਉਣ ਜਾਂ ਉਸ ਵੱਲ ਸੰਕੇਤ ਕਰਨ ਨਾਲ ਉਹ ਦੂਰ ਨਹੀਂ ਹੋ ਜਾਂਦੀ। ਜਿਸ ਸਮੱਸਿਆ ਨੂੰ ਉਸ ਵੇਲੇ ਮਹਿਸੂਸ ਕਰ ਕੇ ਚਿਤਰਿਆ ਗਿਆ ਸੀ, ਉਹ ਹੁਣ ਵਿਕਰਾਲ ਰੂਪ ਧਾਰ ਕੇ ਸਮਾਜਿਕ ਤਾਣੇ-ਬਾਣੇ ਨੂੰ ਉਧੇੜ ਰਹੀ ਹੈ। ਚਿੱਤਰਕਾਰ ਨੇ ਆਪਣੇ ਸਮੇਂ ਜੋ ਸੋਚਿਆ ਸੀ, ਅਜੋਕੀ ਸਥਿਤੀ ਕੀ ਉਸ ਤੋਂ ਬਦਲ ਚੁੱਕੀ ਹੈ? ਇਸ ਦੇ ਚਿਤੇਰੇ ਦੇ ਦੇਹਾਂਤ ਨੂੰ ਕਈ ਸਾਲ ਹੋ ਗਏ ਹਨ, ਪਰ ਚਿਤੇਰੇ ਦੇ ਨਾ ਹੋਣ ਨਾਲ ਉਸ ਦੀ ਕਿਰਤ ਦਾ ਮੁੱਲ ਘਟਦਾ ਨਹੀਂ। ਚੜ੍ਹਦੀ ਉਮਰ ਦਾ ਪੜ੍ਹਿਆ-ਲਿਖਿਆ ਮੁੰਡਾ ਐਨਾ ਸਿੱਧਾ ਖੜ੍ਹਾ ਹੋਇਆ। ਹੋ ਸਕਦਾ ਹੈ, ਦਰਸ਼ਕ ਨੂੰ ਇਹ ਅੰਦਾਜ਼ ਚੰਗਾ ਨਾ ਲੱਗੇ, ਪਰ ਚਿਤੇਰਾ ਤਾਂ ਇਸੇ ਪ੍ਰਗਟਾਵੇ ਰਾਹੀਂ ਸਮੱਸਿਆ ਪ੍ਰਤੀ ਆਪਣੇ ਵਿਚਾਰ ਦਰਜ ਕਰਵਾ ਰਿਹਾ ਹੈ। ਰਾਮ ਕੁਮਾਰ ਦਾ ਜਨਮ 1924 ਵਿਚ ਸ਼ਿਮਲੇ ਵਿਚ ਹੋਇਆ। ਆਪਣੀ ਸਕੂਲੀ ਪੜ੍ਹਾਈ ਪੂਰੀ ਕਰਨ ਉਪਰੰਤ ਉਚੇਰੀ ਪੜ੍ਹਾਈ ਵਾਸਤੇ ਦਿੱਲੀ ਦੇ ਕਰੋਲ ਬਾਗ਼ ਇਲਾਕੇ ਵਿਚ ਆਣ ਟਿਕਿਆ। ਸੇਂਟ ਸਟੀਫਨ ਕਾਲਜ ’ਚ ਅਰਥ ਸ਼ਾਸਤਰ ਦੀ ਐੱਮ.ਏ. ਵਿਚ ਦਾਖ਼ਲਾ ਲਿਆ। ਇਹ 1945 ਦੀ ਗੱਲ ਹੈ। ਜਨਪਥ ਦਾ ਕੌਫ਼ੀ ਹਾਊਸ ਘੁੰਮਦੇ ਸਮੇਂ ਉਸ ਦੀ ਨਜ਼ਰ ਉੱਥੇ ਲੱਗੇ ਇਸ਼ਤਿਹਾਰ ਉਪਰ ਜਾਂ ਟਿਕੀ ਜੋ ਸ਼ਾਰਦਾ ਉਕੀਲ ਆਰਟ ਸਕੂਲ ਵੱਲੋਂ ਕਲਾ ਪ੍ਰਦਰਸ਼ਨੀ ਲਗਾਏ ਜਾਣ ਦੀ ਸੂਚਨਾ ਦੇ ਰਿਹਾ ਸੀ। ਇਸ ਸੂਚਨਾ ਨੇ ਉਹਦੇ ਮਨ ਅੰਦਰ ਹਲਚਲ ਪੈਦਾ ਕਰ ਦਿੱਤੀ। ਉਥਲ-ਪੁਥਲ ਰਾਮ ਕੁਮਾਰ ਨੂੰ ਸ਼ਾਰਦਾ ਉਕੀਲ ਆਰਟ ਸਕੂਲ ਦੇ ਦਰ ਤਕ ਲੈ ਗਈ। ਸਕੂਲ ਦਾ ਮੁਖੀ ਅਧਿਆਪਕ ਆਪਣੇ ਵੇਲੇ ਦਾ ਮੰਨਿਆ ਚਿਤੇਰਾ ਸਲੋਜ ਮੁਖਰਜੀ ਸੀ। ਸਲੋਜ ਮੁਖਰਜੀ ਨੇਮ ਨਾਲ ਸ਼ਾਮ ਨੂੰ ਕਨਾਟ ਪਲੇਸ ਦੇ ਵੈਂਗਰਸ ਬਾਰ/ਰੈਸਤਰਾਂ ਜਾਂਦਾ। ਰਾਮ ਕੁਮਾਰ ਨੇ ਵੀ ਉੱਥੇ ਜਾਣਾ ਸ਼ੁਰੂ ਕਰ ਦਿੱਤਾ। ਇੱਥੇ ਹੀ ਦੋਵਾਂ ਦੀ ਆਪਸੀ ਨੇੜਤਾ ਦੇ ਨਾਲ ਵਿਚਾਰ-ਵਟਾਂਦਰੇ ਦੇ ਵਿਸ਼ਿਆਂ ਦੀ ਗਿਣਤੀ ਵਧਣ ਲੱਗੀ। ਪੜ੍ਹਾਈ ਦੇ ਨਾਲ-ਨਾਲ ਉਹ ਕਲਾ-ਰਚਨਾ ਨੂੰ ਵੀ ਸਮਾਂ ਦੇਣ ਲੱਗਾ। 1947 ਦੀ ਵੰਡ ਨੇ ਮੁਲਕ ਦੇ ਵਸਨੀਕਾਂ ਦੀ ਜ਼ਿੰਦਗੀ ਬਦਲ ਦਿੱਤੀ। ਪਾਕਿਸਤਾਨੋਂ ਉੱਜੜ ਕੇ ਆਏ ਪੰਜਾਬੀਆਂ ਨੂੰ ਜਿੱਥੇ-ਜਿਵੇਂ ਥਾਂ ਮਿਲੀ, ਉੱਥੇ ਰਹਿਣ ਲੱਗ ਪਏ। ਦਿੱਲੀ ਦਾ ਕਰੋਲ ਬਾਗ਼ ਇਲਾਕਾ ਵਿਸ਼ੇਸ਼ ਹੋ ਨਿੱਬੜਿਆ ਕਿਉਂਕਿ ਅਨੇਕ ਸਾਹਿਤਕਾਰਾਂ, ਕਲਾਕਾਰਾਂ ਨੇ ਇੱਥੇ ਆ ਵਸੇਬਾ ਕੀਤਾ। ਰਾਮ ਕੁਮਾਰ ਆਪ ਭਾਵੇਂ ਰਫਿਊਜੀ ਨਹੀਂ ਸੀ, ਪਰ ਰਫਿਊਜੀਆਂ ਨਾਲ ਲਬਾਲਬ ਭਰ ਰਹੇ ਕਰੋਲ ਬਾਗ਼ ਨੂੰ ਨਿੱਤ ਦੇਖਦਾ, ਉਨ੍ਹਾਂ ਦੇ ਦਿਲ ਚੀਰਵੇਂ ਅਨੁਭਵਾਂ ਨੂੰ ਸੁਣਦਾ। ਇਸ ਤ੍ਰਾਸਦੀ ਨੂੰ ਆਧਾਰ ਬਣਾ ਕੇ ਉਸ ਨੇ ਨਾਵਲ ‘ਘਰ ਬਣੇ-ਘਰ ਟੁੱਟੇ’ ਦੀ ਰਚਨਾ ਕੀਤੀ। ਕੁਝ ਕਹਾਣੀਆਂ ਵੀ ਲਿਖੀਆਂ। ਇਸ ਦੇ ਨਾਲ ਉਸ ਨੇ ਚਿੱਤਰਕਾਰੀ ਵੀ ਕੀਤੀ। ਵਰਕਰਜ਼ ਫੈਮਿਲੀ, ਸੈਡ ਟਾਊਨ, ਫੈਮਿਲੀ, ਵੈਗਾਬਾਂਡ ਅਤੇ ਹੋਰ ਚਿੱਤਰ ਇਸ ਦੀ ਉਦਾਹਰਣ ਹਨ। ਉਸ ਦੀਆਂ ਕਲਾਕ੍ਰਿਤਾਂ ਜੇ ਪ੍ਰਸ਼ੰਸਾ ਖੱਟ ਰਹੀਆਂ ਸਨ ਤਾਂ ਦੂਜੇ ਪਾਸੇ ਸਾਹਿਤ

ਰਚਨਾਵਾਂ ਨੂੰ ਨਾਮਵਰ ਸਾਹਿਤਕਾਰਾਂ ਤੋਂ ਹੱਲਾਸ਼ੇਰੀ ਮਿਲ ਰਹੀ ਸੀ। ਸਮੇਂ ਦੇ ਇਕ ਪੜਾਅ ਉੱਪਰ ਪਹੁੰਚ ਉਸ ਨਿਰਣਾ ਕੀਤਾ ਕਿ ਦੋਵਾਂ ਵਿਧਾਵਾਂ ਵਿਚ ਕੰਮ ਕਰਨਾ ਸਹਿਜ ਨਹੀਂ। ਉਸ ਨੇ ਚਿੱਤਰਕਾਰੀ ਦਾ ਪੱਖ ਪੂਰਦਿਆਂ ਸਾਹਿਤਕਾਰੀ ਦੀ ਤੋਰ ਨੂੰ ਮੱਠਾ ਕਰਦੇ-ਕਰਦੇ ਸਦਾ ਲਈ ਰੋਕ ਦਿੱਤੀ ਜਦੋਂਕਿ ਉਸ ਦਾ ਛੋਟਾ ਭਰਾ ਨਿਰਮਲ ਵਰਮਾ ਸਾਹਿਤਕਾਰੀ ਵਿਚ ਆਪਣੇ ਪੈਰ ਜਮਾਉਣ ਲੱਗਿਆ। ‘ਵੈਗਾਬਾਂਡ’ ਕਿਰਤ ਵਿਚ ਇਕ ਨੌਜਵਾਨ ਖੜ੍ਹਾ ਹੈ ਜਿਸ ਦੇ ਪਿੱਛੇ ਇਮਾਰਤਾਂ ਹਨ। ਨਾ ਤਾਂ ਮੁੰਡਾ ਬਣਿਆ-ਸੰਵਰਿਆ ਹੈ, ਨਾ ਹੀ ਉਸ ਦੀ ਪਿੱਠਭੂਮੀ ਅਤੇ ਦਰਜ ਹੋਈਆਂ ਇਮਾਰਤਾਂ। ਮੁੰਡੇ ਦੀ ਸਰੀਰਕ ਬਣਤਰ ਵੀ ਸਰੀਰਕ ਢਾਂਚੇ ਦੇ ਅਨੁਰੂਪ ਨਹੀਂ। ਇਹ ਜ਼ਰੂਰ ਹੈ, ਦਿਸਦੇ ਸਰੀਰ ਦੇ ਮੁਨਾਸਿਬ ਅੰਗ ਬਣੇ ਹਨ, ਐਪਰ ਉਨ੍ਹਾਂ ਦੀ ਦਸ਼ਾ, ਉਚਿਤ ਬਨਾਵਟ ਵੱਲ ਪੇਂਟਰ ਬਹੁਤਾ ਧਿਆਨ ਨਹੀਂ ਦੇ ਰਿਹਾ। ਇਸ ਲੜੀ ਦੀਆਂ ਦੂਸਰੀਆਂ ਪੇਂਟਿੰਗਾਂ ਨਾਲ ਵੀ ਇਹੋ ਭਾਣਾ ਵਰਤਿਆ ਹੈ। ਲੰਮੇ ਰੁਖ਼ ਦੇ ਕੈਨਵਸ ਉੱਪਰ ਬਣਿਆ ਆਕਾਰ ਕੈਨਵਸ ਵਿਚ ਸਮਾਉਂਦਾ ਨਹੀਂ। ਸਿਰ ਉਪਰਲੇ ਹਿੱਸੇ ਨੂੰ ਛੋਹ ਰਿਹਾ ਹੈ ਜਦੋਂਕਿ ਹੇਠਲਾ ਹਿੱਸਾ ਗੋਡਿਆਂ ਤਕ ਪਹੁੰਚਦਾ ਹੈ। ਪੂਰੇ ਆਕਾਰ ਦੀ ਹੋਂਦ ਨੇ ਮੁੰਡੇ ਨੂੰ ਪਿਛਾਂਹ ਧੱਕ ਦੇਣਾ ਸੀ। ਹੁਣ ਇਹ ਦੇਖਣ ਵਾਲੇ ਦੇ ਲੋੜੋਂ ਵੱਧ ਨੇੜੇ ਹੋਣ ਦਾ ਅਹਿਸਾਸ ਪੈਦਾ ਕਰ ਰਿਹਾ ਹੈ। ਨੇੜੇ ਹੋਣ ਸਦਕਾ ਵਿਅਕਤੀ ਇਕ ਦੂਜੇ ਨੂੰ ਵੱਧ ਜਾਣ-ਪਛਾਣ ਸਕਦਾ ਹੈ। ਸੰਪਰਕ ਵਿਚ ਆਏ ਵਿਅਕਤੀ ਦੇ ਦੁਖ-ਸੁਖ ਬਾਰੇ ਜਾਣਿਆ ਜਾ ਸਕਦਾ ਹੈ। ਚਿਤੇਰਾ ਕੈਨਵਸ ਫਰੇਮ ਅੰਦਰ ਹੀ ਕਿਸੇ ਦੂਸਰੇ ਨੂੰ ਟਿਕਾਅ ਕੇ ਆਪਣੀ ਗੱਲ ਕਹਿ ਸਕਦਾ ਸੀ। ਵੈਗਾਬਾਂਡ ਸਥਿਰ ਜਾਂ ਕਹਿ ਲਵੋ ਪਥਰਾਈ ਇਮੇਜ ਹੈ ਜਦੋਂਕਿ ਦਰਸ਼ਕ ਬਦਲਵਾਂ ਹੈ। ਦੇਖਣ ਵਾਲਾ ਜੀਵੰਤ ਪ੍ਰਾਣੀ ਹੈ। ਉਹ ਆਪਣੀ ਤਰ੍ਹਾਂ ਦੇਖ, ਆਪਣੇ ਅਰਥ ਲੈ ਸਕਦਾ ਹੈ। ਮੁੰਡਾ ਵਸਤਰਾਂ ਤੋਂ ਪ੍ਰਭਾਵ ਦਿੰਦਾ ਹੈ ਕਿ ਪੜ੍ਹਿਆ-ਲਿਖਿਆ ਹੈ। ਚਿਤੇਰਾ ਇਸ ਨੂੰ ਵੈਗਾਬਾਂਡ ਕਹਿੰਦਾ ਹੈ, ਭਾਵ ਉਸ ਨੂੰ ਯੋਗ ਕੰਮ ਨਹੀਂ ਮਿਲ ਰਿਹਾ। ਉਹ ਏਧਰ-ਓਧਰ ਭਟਕ ਆਪਣਾ ਸਮਾਂ ਗੁਜ਼ਾਰ ਰਿਹਾ ਹੈ। ਦੇਸ਼ ਵੰਡ ਨੇ ਕਈ ਸਮੱਸਿਆਵਾਂ ਨੂੰ ਜਨਮ ਦਿੱਤਾ। ਸਮੇਂ ਨੇ ਉਨ੍ਹਾਂ ਨੂੰ ਪਾਲਿਆ-ਪੋਸਿਆ ਅਤੇ ਹੋਰ ਲਾਗਲੀਆਂ ਸਮੱਸਿਆਵਾਂ ਦੇ ਪੁੰਗਰਨ ਵਿਚ ਮਦਦ ਕੀਤੀ। ਧਿਆਨ ਉਸ ਸਮੇਂ ਵੱਲ ਜਾਂਦਾ ਹੈ, ਜਦੋਂ ਮੁਲਕ ਇਕ ਸੀ। ਕੀ ਉਸ ਵੇਲੇ ਬੇਰੁਜ਼ਗਾਰੀ ਸੀ? ਕੀ ਉਸ ਦੀ ਗੱਲ ਕੀਤੀ ਜਾਂਦੀ ਸੀ? ਆਜ਼ਾਦੀ ਮਗਰੋਂ ਇਹਦੇ ਵਿਚ, ਅੱਜ ਤੱਕ ਖ਼ਾਸਾ ਵਿਕਾਸ ਦੇਖਣ ਨੂੰ ਮਿਲਦਾ ਹੈ। ਪੇਂਟਿੰਗ ਵੇਲੇ ਦੇ ਕੌੜ ਨੂੰ ਬੇਲਿਹਾਜ਼ ਹੋ ਕੇ ਜ਼ਾਹਿਰ ਕਰ ਰਹੀ ਹੈ। ਕੁਝ ਕੁ ਸੰਕੇਤਾਂ ਦੀ ਗੱਲ ਕੀਤੀ ਜਾ ਸਕਦੀ ਹੈ। ਕਿਸੇ ਵੀ ਥਾਂ ਉੱਪਰ ਕੋਈ ਲਚਕਦਾਰ, ਗੋਲਾਈਦਾਰ ਲਕੀਰ ਨਹੀਂ। ਅਸਥਿਰਤਾ, ਭਾਵੁਕਤਾ, ਸੁੰਦਰਤਾ ਹਿੱਤ ਅਜਿਹਾ ਹੋਣਾ ਜ਼ਰੂਰੀ ਹੈ। ਇੱਥੇ ਉਹ ਅੰਗ ਵੀ ਗੋਲਾਈ ਵਾਲੇ ਨਹੀਂ ਜੋ ਹੋਣੇ ਚਾਹੀਦੇ ਹਨ। ਮਿਸਾਲ ਵਜੋਂ ਮੁੰਡੇ ਦੀਆਂ ਅੱਖਾਂ ਲਈਆਂ ਜਾ ਸਕਦੀਆਂ ਹਨ। ਅੱਖਾਂ ਚੁੰਨ੍ਹੀਆਂ ਹਨ, ਪਰ ਉਹ ਉੱਭਰਵੀਆਂ ਨਹੀਂ। ਨੱਕ, ਮੂੁੰਹ, ਕੰਨ ਵੀ ਜਿਵੇਂ ਅਧਮੰਨੇ ਜਿਹੇ ਬਣਾਏ ਗਏ ਹਨ। ਚਿਹਰਾ ਇਕ ਰੰਗੀ ਹੈ। ਇਕ ਅੰਗ ਨੂੰ ਦੂਜੇ ਤੋਂ ਵੱਖਰਾ ਕਰਨ ਹਿੱਤ ਹਲਕਾ ਸਿਆਹ ਰੰਗ ਪੋਤਿਆ ਹੋਇਆ ਹੈ। ਜੇ ਧਿਆਨ ਨਾਲ ਨਾ ਦੇਖਿਆ ਜਾਏ ਤਾਂ ਲੱਗਦਾ ਹੈ ਜਿਵੇਂ ਗਰਦਨ ਛਾਤੀ ਤਕ ਪਹੁੰਚੀ ਹੋਈ ਹੈ। ਨੰਗੇ ਹੱਥਾਂ ਦਾ ਰੰਗ ਚਿਹਰੇ ਦੇ ਰੰਗ ਨਾਲੋਂ ਥੋੜ੍ਹਾ ਗੂੜ੍ਹੇ ਵੱਲ ਦਾ ਹੈ, ਲਾਲ ਵੱਲ ਦਾ ਹੈ। ਦੋਵੇਂ ਥਾਈਂ ਰੰਗ ਦੀ ਪਰਤ ਪੱਧਰੀ ਜਿਹੀ ਹੈ। ਨਿਸ਼ਚਿਤ ਹੈ ਜੋ ਆਕਾਰ ਸਾਹਮਣੇ ਹੈ, ਕਿਸੇ ਕਾਮੇ ਦਾ ਨਹੀਂ। ਚਿੱਤਰਕਾਰ ਨੇ ਕਾਮਿਆਂ ਦੇ ਸਰੀਰਾਂ ਅਤੇ ਕਾਮੇ ਪਰਿਵਾਰਾਂ ਨੂੰ ਵੀ ਪੇਂਟ ਕੀਤਾ ਹੈ। ਸਾਰੇ ਚਿੱਤਰਾਂਕਣ ਉਸ ਨੇ ਮਾਰਕਸਵਾਦੀ ਸੋਚ ਅਧੀਨ ਕੀਤੇ ਹਨ, ਪਰ ਸਮਾਂ ਬੀਤਣ ਦੇ ਨਾਲ-ਨਾਲ ਉਸ ਦਾ ਪ੍ਰਗਟਾਵਾ ਇਸ ਤੋਂ ਬਹੁਤ ਦੂਰ ਹੋ ਗਿਆ। ਉਸ ਨੇ ਬਨਾਰਸ ਦੇ ਘਾਟਾਂ ਨੂੰ ਪੇਂਟ ਕਰਨਾ ਸ਼ੁਰੂ ਕੀਤਾ ਅਤੇ ਫਿਰ ਜ਼ਮੀਨੀ ਤੇ ਪਹਾੜੀ ਦ੍ਰਿਸ਼ਾਂ ਨੂੰ। ਇਸ ਮਗਰੋਂ ਮਾਨਵੀ ਆਕਾਰ ਮੁੜ ਉਸ ਦੇ ਕੈਨਵਸ ਦਾ ਹਿੱਸਾ ਨਾ ਬਣੇ।

ਜਗਤਾਰਜੀਤ ਸਿੰਘ

ਪੇਂਟਰ ਨੇ ਜਿਹੜੇ, ਜਿੱਥੇ ਵੀ ਮਨੁੱਖੀ ਆਕਾਰ ਬਣਾਏ ਹਨ, ਉਹ ਕਿਸੇ ਸੰਵਾਦ ਜਾਂ ਹਿਲਜੁਲ ਵਿਚ ਨਹੀਂ ਦਿਸਦੇ। ਉਹ ਆਮ ਤੌਰ ’ਤੇ ਖੜ੍ਹੇ ਜਾਂ ਬੈਠੇ ਹੋਏ ਮਿਲ ਜਾਣਗੇ। ਉਨ੍ਹਾਂ ਦਾ ਸਿੱਧਾ ਦੇਖਣਾ ਦੱਸਦਾ ਹੈ ਜਿਵੇਂ ਉਹ ਕੁਝ ਕਹਿਣਾ ਚਾਹੁੰਦੇ ਹਨ। ਕਹਿਣ ਦੀ ਇੱਛਾ ਹੋਣ ਦੇ ਬਾਵਜੂਦ ਉਨ੍ਹਾਂ ਚੁੱਪ ਧਾਰੀ ਹੋਈ ਹੈ। ਚੁੱਪ ਤਾਂ ਜੀਵਨ ਪੜਾਅ ਦਾ ਸਭ ਤੋਂ ਖ਼ਤਰਨਾਕ ਸਮਾਂ ਮੰਨਿਆ ਜਾਂਦਾ ਹੈ। ਵੈਗਾਬਾਂਡ ਦਾ ਕਿਰਦਾਰ ਇਸ ਵਿਚਾਰੋਂ ਬਾਹਰਾ ਨਹੀਂ। ਰਾਮ ਕੁਮਾਰ ਨੇ ਆਪਣੇ ਰੰਗਾਂ ਨੂੰ ਦਬਾਅ ਕੇ ਰੱਖਿਆ ਹੈ। ਕੈਨਵਸ ਉੱਪਰ ਨਜ਼ਰ ਫੇਰਿਆਂ ਕਿਸੇ ਚਮਕੀਲੇ, ਚੁਭਵੇਂ ਰੰਗ ਦੇ ਦਰਸ਼ਨ ਨਹੀਂ ਹੁੰਦੇ। ਮੁੱਖ ਤੌਰ ’ਤੇ ਸਿਆਹ ਵਿਚ ਸਫ਼ੈਦ ਮਿਲਾ ਕੇ ਤਿਆਰ ਹੋਈਆਂ ਰੰਗਤਾਂ ਨੂੰ ਸਿਰ ਦੇ ਵਾਲਾਂ, ਕਮੀਜ਼, ਕੋਟ-ਪੈਂਟ ਅਤੇ ਇਮਾਰਤਾਂ ਲਈ ਵਰਤਿਆ ਹੈ। ਇਮਾਰਤਾਂ ਦੇ ਦਰਾਂ, ਖਿੜਕੀਆਂ, ਰੋਸ਼ਨਦਾਨਾਂ ਲਈ ਗੂੜ੍ਹੀ ਰੰਗਤ ਵਰਤੀ ਹੈ। ਇਮਾਰਤਾਂ ਉੱਪਰ ਦਿਸ ਰਹੇ ਆਸਮਾਨ ਵਾਸਤੇ ਚਿਤੇਰੇ ਨੇ ਥੋੜ੍ਹਾ ਨੀਲੇ ਰੰਗ ਨੂੰ ਮਿਲਾਇਆ ਹੈ। ਇਮਾਰਤਾਂ ਦੀਆਂ ਕੰਧਾਂ ਵਾਸਤੇ ਥੋੜ੍ਹਾ ਪੀਲਾ ਰੰਗ ਰਲਾਇਆ ਹੈ। ਕਿਉਂਕਿ ਪਾਤਰ ਖ਼ੁਦ ਆਰਥਿਕ ਸੰਕਟ ਵਿਚੋਂ ਗੁਜ਼ਰ ਰਿਹਾ ਹੈ। ਉਹ ਉਦਾਸ, ਚੁੱਪ, ਸਥਿਰ ਜਿਹਾ ਹੈ। ਜੇ ਉਹਦੀ ਆਪਣੀ ਹਾਲਤ ਏਦਾਂ ਦੀ ਹੈ ਤਾਂ ਉਹਦਾ ਦੁਆਲਾ ਵੀ ਵੱਖਰਾ ਨਹੀਂ। ਲੱਗਦਾ ਹੈ ਇਹ ਮੋਹ ਟੁੱਟਣ ਦੀ ਅਵਸਥਾ ਹੈ। ਨਾ ਤਾਂ ਸ਼ਖ਼ਸ ਸ਼ਹਿਰ ਨੂੰ ਕੁਝ ਦੇਣ ਦੇ ਸਮਰੱਥ ਹੈ ਅਤੇ ਨਾ ਹੀ ਸ਼ਹਿਰ ਬਦਲੇ ਵਿਚ ਇਸ ਨੂੰ ‘ਕੁਝ ਚੰਗਾ-ਚੰਗਾ’ ਦੇ ਰਿਹਾ ਹੈ। ਰਾਮ ਕੁਮਾਰ ਖ਼ੁਦ ਅਰਥ-ਸ਼ਾਸਤਰ ਦੀ ਉੱਚ ਵਿੱਦਿਆ ਪ੍ਰਾਪਤ ਕਰ ਚੁੱਕਾ ਹੈ। ਉਹ ਬੇਕਾਰੀ ਦੇ ਅਰਥਾਂ ਅਤੇ ਕਾਰਨਾਂ ਨੂੰ ਭਲੀਭਾਂਤ ਜਾਣਦਾ ਹੋਵੇਗਾ। ਉਸ ਨੇ ਉਸੇ ਗਿਆਨ ਨੂੰ ਦ੍ਰਿਸ਼ ਰਚਨਾ ਦੀ ਪਿੱਠਭੂਮੀ ਲਈ ਵਰਤਿਆ ਹੋਵੇਗਾ। ਦਰਸ਼ਕ ਦੇ ਮਨ ਨੂੰ ਹੁਲਾਰ ਦੇਣ ਵਾਸਤੇ ਇੱਥੇ ਵਸਤੂ ਤਾਂ ਇਕ ਪਾਸੇ ਰਹੀ, ਇਕ ਬੁਰਸ਼ ਛੋਹ ਤਕ ਨਹੀਂ। ਪਿਛੋਕੜ ਵਿਚ ਪੀਲੇ ਰੰਗ ਦੀ ਟੁਕੜੀ ਦਿਖਾਈ ਦੇ ਰਹੀ ਹੈ। ਇਹ ਵੀ ਸ਼ੁੱਧ ਪੀਲੀ ਨਹੀਂ ਸਗੋਂ ਦੂਜੇ ਰੰਗਾਂ ਦੇ ਮੇਲ ਨਾਲ ਬਣੀ ਹੋਈ ਹੈ। ਇਹ ਰੰਗ ਊਰਜਾ, ਬਦਲਾਅ ਨਾਲ ਜੁੜਿਆ ਹੋਇਆ ਹੈ, ਪਰ ਇੱਥੇ ਇਹ ਇਕਰਸ ਰੰਗ ਵਰਤੋਂ ਨੂੰ ਤੋੜਦਾ ਹੈ। ਊਰਜਾ ਜਾਂ ਉਤਸ਼ਾਹ ਦਾ ਇਸ਼ਾਰਾ ਇਹਦੇ ਵਿਚ ਨਹੀਂ। ਸਾਧਾਰਨ ਅਤੇ ਪੜ੍ਹੇ-ਲਿਖੇ ਸ਼ਖ਼ਸ ਦੀ ਮੁੱਖ ਲੋੜ ‘ਕੰਮ’ ਹੈ ਤਾਂ ਕਿ ਜੀਵਨ ਸੁਚਾਰੂ ਢੰਗ ਨਾਲ ਚੱਲ ਸਕੇ। ‘ਕੰਮ’ ਸਮਾਜ ਨੂੰ ਵਿਕਾਰਾਂ ਵੱਲ ਜਾਣ ਤੋਂ ਰੋਕਦਾ ਹੈ, ਪਰ ਇੱਥੇ ਕੋਈ ਦੂਜਾ ਸ਼ਖ਼ਸ ਤਾਂ ਕੀ ਉਸ ਦੇ ਨਿਸ਼ਾਨ ਤਕ ਨਹੀਂ। ਇੱਥੇ ਇਕ ਸ਼ਖ਼ਸ ਹੀ ਜਿਵੇਂ ਸਮਾਜ ਦਾ ਪ੍ਰਤੀਨਿਧ ਹੈ। ਆਪਣੇ ਮੁੱਢਲੇ ਦੌਰ ਬਾਰੇ ਰਾਮ ਕੁਮਾਰ ਕਹਿੰਦਾ ਹੈ, ‘‘ ਉਨ੍ਹਾਂ ਦਿਨਾਂ ਵਿਚ ਮੈਂ ਖੱਬੇ ਪੱਖ ਦੀ ਰਾਜਨੀਤੀ ਵੱਲ ਧੂਹਿਆ ਗਿਆ ਸੀ ਜਿਹੜੀ ਜ਼ਿੰਦਗੀ ਨੂੰ ਵੱਖਰੇ ਕੋਣ ਤੋਂ ਦੇਖਦੀ ਹੈ। ਪੈਰਿਸ ਪੜਾਅ ਨੇ ਮੈਨੂੰ ਸਿਆਣਾ ਬਣਾ ਦਿੱਤਾ ਸੀ।’’ ‘‘ਇਹ ਕੰਮ ਭਾਵੇਂ ਕਿਸੇ ਵੀ ਅਸਰ (ਖੱਬੇ ਪੱਖੀ ਸੋਚ, ਆਪਣੇ ਪੈਰਿਸ ਪੜਾਅ ਵੇਲੇ ਉੱਥੋਂ ਦੇ ਪ੍ਰਮੁੱਖ ਕਲਾਕਾਰਾਂ ਦਾ ਕੰਮ/ਸ਼ੈਲੀ) ਕਾਰਨ ਰੂਪਮਾਨ ਹੋਇਆ ਹੈ। ਇਹ ਆਪਣੇ ਕਹਿਣ ਅਤੇ ਰਚੇ ਜਾਣ ਦੇ ਅੰਦਾਜ਼ ਕਰਕੇ ਹੋਰ ਸਾਰੇ ਕੰਮ ਤੋਂ ਵੱਖਰਾ ਹੈ।’’ ਸੰਪਰਕ: 98990-91186

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All