ਰਾਜਸਥਾਨ ਦੀ ਵੀਰ ਭੂਮੀ ਚਿਤੌੜਗੜ੍ਹ

ਗੁਰਪ੍ਰੀਤ ਪਸ਼ੌਰੀਆ

ਸੈਰ ਸਫ਼ਰ

ਅਸੀਂ ਰਾਜਸਥਾਨ ਦੇ ਪ੍ਰਸਿੱਧ ਇਲਾਕੇ ਮੇਵਾੜ ਦੇ ਇਤਿਹਾਸਕ ਸ਼ਹਿਰ ਚਿਤੌੜਗੜ੍ਹ ਪਹੁੰਚੇ। 508 ਫੁੱਟ ਉੱਚੀ ਅਰਾਵਲੀ ਪਹਾੜੀ 'ਤੇ ਲਗਪਗ 800 ਏਕੜ ਵਿੱਚ ਫੈਲਿਆ ਚਿਤੌੜਗੜ੍ਹ ਦਾ ਵਿਸ਼ਾਲ ਕਿਲ੍ਹਾ ਮੇਵਾੜ ਦੀ ਰਾਜਪੂਤ ਵਾਸਤੂ ਸ਼ੈਲੀ ਦਾ ਬੇਜੋੜ ਨਮੂਨਾ ਹੈ। ਇਸੇ ਲਈ ਇਸ ਨੂੰ ਯੂਨੈਸਕੋ ਵਿਸ਼ਵ ਵਿਰਾਸਤ ਵਿੱਚ ਸ਼ਾਮਲ ਕੀਤਾ ਗਿਆ ਹੈ। ਪ੍ਰਾਚੀਨ ਸਮੇਂ ਵਿੱਚ ਚਿਤੌੜ ਨੂੰ 'ਪ੍ਰਾਗਵਾਤ ਅਤੇ ਮੇਦਪਾਤ' ਨਾਵਾਂ ਨਾਲ ਜਾਣਿਆ ਜਾਂਦਾ ਸੀ। ਸਥਾਨਕ ਲੋਕ ਇਸ ਜਗ੍ਹਾ ਦਾ ਸਬੰਧ ਮਹਾਂਭਾਰਤ ਦੇ ਭੀਮਸੈਨ ਨਾਲ ਵੀ ਜੋੜਦੇ ਹਨ। ਇਤਿਹਾਸਕ ਦ੍ਰਿਸ਼ਟੀਕੋਣ ਤੋਂ ਗੱਲ ਕਰੀਏ ਤਾਂ ਚਿਤੌੜ ਦੀ ਨੀਂਹ ਸੱਤਵੀਂ ਸਦੀ ਵਿੱਚ ਮੌਰੀਆ ਸ਼ਾਸਕ ਚਿਤਰਾਂਗਦ ਮੌਰੀਆ ਨੇ ਰੱਖੀ। ਉਸ ਨੇ ਇਸ ਦਾ ਮੁੱਢਲਾ ਨਾਂ ਚਿਤਰਕੂਟ ਰੱਖਿਆ ਸੀ, ਜੋ ਸਮੇਂ ਨਾਲ ਅਪਭ੍ਰੰਸ਼ ਹੋ ਕੇ ਚਿਤੌੜ ਬਣ ਗਿਆ। ਮੌਰੀਆ ਕਾਲ ਦੀਆਂ ਨਿਸ਼ਾਨੀਆਂ ਚਿਤਰਾਂਗ ਤੜਾਗ ਅਤੇ ਰਾਜ ਟਿੱਲਾ ਅੱਜ ਵੀ ਇੱਥੇ ਮੌਜੂਦ ਹਨ। ਚਿਤੌੜਗੜ੍ਹ ਦੇ ਲਗਪਗ ਸਾਰੇ ਇਤਿਹਾਸਕ ਸਮਾਰਕ ਕਿਲ੍ਹੇ ਵਿੱਚ ਹੀ ਮੌਜੂਦ ਹਨ। ਕਿਲ੍ਹਾ ਇੰਨਾ ਵਿਸ਼ਾਲ ਹੈ ਕਿ ਪੈਦਲ ਚੱਲ ਕੇ ਇਸ ਨੂੰ ਨਹੀਂ ਦੇਖਿਆ ਜਾ ਸਕਦਾ। ਸ਼ਹਿਰ ਤੋਂ ਕਿਲ੍ਹੇ ਤਕ ਸਵਾਰੀ ਦਾ ਪ੍ਰਬੰਧ ਆਸਾਨੀ ਨਾਲ ਹੋ ਜਾਂਦਾ ਹੈ। ਕਿਲ੍ਹੇ ਵਿੱਚ ਪ੍ਰਵੇਸ਼ ਪਹਿਲੇ ਦਰਵਾਜ਼ੇ (ਜਿਸ ਨੂੰ ਸਥਾਨਕ ਭਾਸ਼ਾ ਵਿੱਚ ਪੋਲ ਆਖਦੇ ਹਨ) 'ਪਾਡਲ ਪੋਲ' ਰਾਹੀਂ ਹੁੰਦਾ ਹੈ। ਕਿਲ੍ਹੇ ਦੇ ਕੁੱਲ ਸੱਤ ਪੋਲ ਹਨ ਜਿਨ੍ਹਾਂ ਦਾ ਨਿਰਮਾਣ 1433 ਵਿੱਚ ਰਾਜਗੱਦੀ 'ਤੇ ਬੈਠੇ ਮਹਾਰਾਣਾ ਕੁੰਭਾ ਨੇ ਕਰਵਾਇਆ ਸੀ। ਦੂਜਾ ਦਰਵਾਜ਼ਾ 'ਭੈਰਵ ਪੋਲ' ਹੈ ਜਿਸ ਦਾ ਨਾਂ ਭੈਰਵ ਦਾਸ ਸੋਲੰਕੀ ਦੇ ਨਾਂ 'ਤੇ ਰੱਖਿਆ ਗਿਆ, ਜੋ ਗੁਜਰਾਤ ਦੇ ਸੁਲਤਾਨ ਬਹਾਦਰ ਸ਼ਾਹ ਨਾਲ ਹੋਈ ਲੜਾਈ ਵਿੱਚ ਸ਼ਹੀਦ ਹੋਇਆ ਸੀ। ਤੀਜਾ ਦਰਵਾਜ਼ਾ 'ਹਨੂੰਮਾਨ ਪੋਲ' ਹੈ ਜਿਸ ਦੇ ਨੇੜੇ ਹੀ ਇੱਕ ਹਨੂੰਮਾਨ ਮੰਦਰ ਹੈ। ਗਣਪਤੀ ਦਾ ਮੰਦਰ ਨੇੜੇ ਹੋਣ ਕਰੇ ਚੌਥੇ ਦਰਵਾਜ਼ੇ ਦਾ ਨਾਂ 'ਗਣੇਸ਼ ਪੋਲ' ਹੈ। ਪੰਜਵਾਂ ਅਤੇ ਛੇਵਾਂ ਦਰਵਾਜ਼ਾ ਨੇੜੇ-ਨੇੜੇ ਹੈ। ਛੇਵੇਂ ਦਰਵਾਜ਼ੇ ਨਾਲ ਜੋੜਨ ਕਰਕੇ ਪੰਜਵੇਂ ਦਰਵਾਜ਼ੇ ਦਾ ਨਾਂ 'ਜੋੜਲਾ ਪੋਲ' ਹੈ। ਛੇਵਾਂ ਅਤੇ ਸੱਤਵਾਂ ਦਰਵਾਜ਼ਾ ਕ੍ਰਮਵਾਰ 'ਲਕਸ਼ਮਣ ਪੋਲ' ਅਤੇ 'ਰਾਮ ਪੋਲ' ਹਨ। ਜਿਸ ਨੇੜੇ ਸੂਰਜਵੰਸ਼ੀ ਰਾਜਪੂਤਾਂ ਦੇ ਪੂਰਵਜ ਸ੍ਰੀ ਰਾਮ ਚੰਦਰ ਦਾ ਮੰਦਰ ਹੈ। ਚਿਤੌੜ ਵਿੱਚ ਦੇਖਣ ਲਈ ਖੰਡਰ ਹਨ, ਸੁਣਨ ਲਈ ਇਤਿਹਾਸ ਹੈ ਅਤੇ ਖਾਣ ਲਈ ਸੀਤਾਫਲ ਹੈ। ਸੀਤਾਫਲ ਦੇ ਰੁੱਖ ਕਿਲ੍ਹੇ ਵਿੱਚ ਵੱਡੀ ਗਿਣਤੀ ਵਿੱਚ ਹਨ। ਇੱਥੇ ਸਭ ਤੋਂ ਪਹਿਲਾਂ ਪੂਰੀ ਤਰ੍ਹਾਂ ਖੰਡਰ ਹੋਇਆ ਕੁੰਭਾ ਮਹਿਲ ਦੇਖਿਆ। ਇਹ ਮਹਿਲ ਚਿਤੌੜ/ਮੇਵਾੜ ਰਾਜ ਘਰਾਣੇ ਦੀਆਂ ਕਈ ਇਤਿਹਾਸਕ ਘਟਨਾਵਾਂ ਦਾ ਮੂਲ ਸਥਾਨ ਹੈ। ਮਹਿਲ ਦੇ ਕਈ ਉਪ-ਭਾਗ ਹਨ ਜਿਨ੍ਹਾਂ ਵਿੱਚੋਂ ਬਾਰਾਂਦਰੀ, ਜ਼ਨਾਨਾ ਮਹਿਲ, ਸੂਰਜ ਗੋਖੜਾ, ਰਾਜਕੁਮਾਰਾਂ ਦਾ ਮਹਿਲ, ਮੀਰਾ ਮੰਦਰ ਅਤੇ ਕੁੰਭ ਸਿਆਮ ਮੰਦਰ ਵਰਣਨਯੋਗ ਸਮਾਰਕ ਹਨ। ਚਿਤੌੜਗੜ੍ਹ ਦੇ ਇਤਿਹਾਸ ਵਿੱਚ ਤਿੰਨ ਵੱਡੇ ਯੁੱਧ ਹੋਏ ਹਨ, ਜਿਨ੍ਹਾਂ ਨੂੰ ਚਿਤੌੜ ਦੇ ਤਿੰਨ ਸਾਕਿਆਂ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਭਾਰਤ ਦਾ ਇਹ ਸਭ ਤੋਂ ਵੱਡਾ ਕਿਲ੍ਹਾ ਯੁੱਧਨੀਤਕ ਦ੍ਰਿਸ਼ਟੀਕੋਣ ਤੋਂ ਕਦੇ ਵੀ ਕਾਰਗਰ ਸਾਬਤ ਨਹੀਂ ਹੋਇਆ। ਚਿਤੌੜਗੜ੍ਹ ਦਾ ਪਹਿਲਾ ਸਾਕਾ 1303 ਵਿੱਚ ਵਾਪਰਿਆ। ਉਦੋਂ ਚਿਤੌੜ ਦੇ ਰਾਣਾ ਰਤਨ ਸਿੰਘ ਦੀ ਰਾਣੀ ਪਦਮਿਨੀ ਦੀ ਸੁੰਦਰਤਾ 'ਤੇ ਮੋਹਿਤ ਹੋ ਕੇ ਅਲਾਊਦੀਨ ਖਿਲਜੀ ਨੇ ਚਿਤੌੜ 'ਤੇ ਹਮਲਾ ਕੀਤਾ ਅਤੇ ਕਿਲ੍ਹੇ ਦੀ ਘੇਰਾਬੰਦੀ ਕਰ ਲਈ। ਖਿਲਜੀ ਨੇ ਕਿਲ੍ਹੇ ਅੰਦਰ ਪ੍ਰਸਤਾਵ ਭੇਜਿਆ ਕਿ ਇੱਕ ਵਾਰ ਪਦਮਿਨੀ ਦਾ ਦੀਦਾਰ ਕਰਵਾ ਦਿੱਤਾ ਜਾਵੇ ਤਾਂ ਉਹ ਸੈਨਾ ਲੈ ਕੇ ਵਾਪਸ ਚਲਾ ਜਾਵੇਗਾ। ਰਾਜਪੂਤ, ਖਿਲਜੀ ਦੇ ਝਾਂਸੇ ਵਿੱਚ ਆ ਗਏ। ਉਨ੍ਹਾਂ ਨੇ ਉਸ ਨੂੰ ਪਦਮਿਨੀ ਦਾ ਪ੍ਰਤੀਬਿੰਬ ਸ਼ੀਸ਼ੇ ਵਿੱਚ ਦਿਖਾ ਦਿੱਤਾ। ਖਿਲਜੀ ਦੀ ਨੀਅਤ ਵਿਗੜ ਗਈ। ਉਸ ਨੇ ਵਾਪਸ ਦਰਵਾਜ਼ੇ ਤਕ ਛੱਡਣ ਆਏ ਰਾਣਾ ਰਤਨ ਸਿੰਘ ਨੂੰ ਬੰਦੀ ਬਣਾ ਲਿਆ। ਰਾਣੀ ਪਦਮਿਨੀ ਦੀ ਅਗਵਾਈ ਵਿੱਚ ਰਾਜਪੂਤਾਂ ਵੱਲੋਂ ਇਕੱਤਰਤਾ ਵਿੱਚ ਤੈਅ ਕੀਤੇ ਅਨੁਸਾਰ 'ਗੋਰਾ ਅਤੇ ਬਾਦਲ' ਦੀ ਕਮਾਨ ਹੇਠ ਚੁਣੇ ਹੋਏ ਰਾਜਪੂਤ ਯੋਧੇ ਇਸਤਰੀ ਭੇਸ ਵਿੱਚ ਪਦਮਿਨੀ ਨੂੰ ਨਾਲ ਲੈ ਕੇ ਰਤਨ ਸਿੰਘ ਨੂੰ ਮਿਲਵਾਉਣ ਬਹਾਨੇ ਖਿਲਜੀ ਦੇ ਸ਼ਿਵਰ ਵਿੱਚ ਪਹੁੰਚੇ ਅਤੇ ਰਾਣਾ ਰਤਨ ਸਿੰਘ ਨੂੰ ਆਜ਼ਾਦ ਕਰਵਾ ਲਿਆ। ਇਸ ਮੌਕੇ ਹੋਈ ਝੜਪ ਵਿੱਚ ਗੋਰਾ ਅਤੇ ਬਾਦਲ ਦੀ ਸ਼ਹਾਦਤ ਹੋਈ ਅਤੇ ਭੜਕੇ ਹੋਏ ਖਿਲਜੀ ਨੇ ਚਿਤੌੜ ਵਿੱਚ ਤਬਾਹੀ ਮਚਾ ਦਿੱਤੀ। ਰਾਣੀ ਪਦਮਿਨੀ ਨੇ 16,000 ਇਸਤਰੀਆਂ ਅਤੇ ਬੱਚਿਆਂ ਸਮੇਤ ਜੌਹਰ ਦੀ ਰਸਮ ਨਿਭਾਉਂਦਿਆਂ ਅਗਨ ਕੁੰਡ ਵਿੱਚ ਛਾਲ ਮਾਰ ਦਿੱਤੀ। ਖਿਲਜੀ ਦੇ ਹੱਥ ਸਿਰਫ਼ ਮਚਦੀਆਂ ਚਿਤਾਵਾਂ ਅਤੇ ਰਾਖ ਹੀ ਲੱਗੀ। ਖਿਲਜੀ ਨੇ ਚਿਤੌੜ 'ਤੇ ਅਧਿਕਾਰ ਕਰ ਕੇ ਆਪਣੇ ਪੁੱਤਰ ਖਿਜਰ ਖਾਂ ਨੂੰ ਇੱਥੋਂ ਦਾ ਸੂਬੇਦਾਰ ਥਾਪ ਕੇ ਇਸ ਦਾ ਨਾਂ ਖਿਜਰਾਬਾਦ ਰੱਖ ਦਿੱਤਾ। 1326 ਵਿੱਚ ਰਾਜਪੂਤ ਸਰਦਾਰ ਹਮੀਰ ਸਿੰਘ ਨੇ ਖਿਜਰ ਖਾਂ ਤੋਂ ਚਿਤੌੜ ਦਾ ਕਿਲ੍ਹਾ ਵਾਪਸ ਖੋਹ ਲਿਆ। 1433 ਵਿੱਚ ਸ਼ਕਤੀਸ਼ਾਲੀ ਰਾਜਪੂਤ ਰਾਜਾ ਰਾਣਾ ਕੁੰਭਾ ਚਿਤੌੜ ਦੀ ਗੱਦੀ 'ਤੇ ਬੈਠਿਆ। ਉਸ ਨੇ ਨਾ ਸਿਰਫ਼ ਕਿਲ੍ਹੇ ਦਾ ਵਿਸਥਾਰ ਕੀਤਾ, ਸਗੋਂ ਕਈ ਨਵੇਂ ਸਮਾਰਕ ਅਤੇ ਇਮਾਰਤਾਂ ਵੀ ਬਣਵਾਈਆਂ। 1498 ਵਿੱਚ ਨਗੌਰ ਦੀ ਰਾਜਕੁਮਾਰੀ ਮੀਰਾਬਾਈ ਦਾ ਵਿਆਹ ਚਿਤੌੜ ਦੇ ਕੁੰਵਰ ਭੋਜਰਾਜ ਨਾਲ ਹੋਇਆ। ਮੀਰਾਬਾਈ ਸ੍ਰੀ ਕ੍ਰਿਸ਼ਨ ਦੀ ਸ਼ਰਧਾਲੂ ਸੀ, ਜੋ ਹਰ ਵੇਲੇ ਕ੍ਰਿਸ਼ਨ ਭਗਤੀ ਵਿੱਚ ਲੀਨ ਰਹਿੰਦੀ। ਜਲਦੀ ਹੀ ਉਸ ਦੇ ਪਤੀ ਕੁੰਵਰ ਭੋਜਰਾਜ ਦੀ ਮੌਤ ਹੋ ਗਈ ਅਤੇ ਮੀਰਾ ਨੂੰ ਭਗਤੀ ਕਰਨ ਲਈ ਕਿਲ੍ਹੇ ਵਿੱਚ ਕ੍ਰਿਸ਼ਨ ਮੰਦਿਰ ਬਣਾ ਦਿੱਤਾ ਗਿਆ। ਚਿਤੌੜ ਦਾ ਦੂਜਾ ਸਾਕਾ 1535 ਵਿੱਚ ਵਾਪਰਿਆ। ਉਸ ਵੇਲੇ ਚਿਤੌੜ ਦਾ ਸ਼ਾਸਕ ਰਾਣਾ ਸਾਂਗਾ ਸੀ। ਗੁਜਰਾਤ ਦੇ ਸੁਲਤਾਨ ਬਹਾਦਰ ਸ਼ਾਹ ਨੇ ਚਿਤੌੜ 'ਤੇ ਹਮਲਾ ਕਰ ਦਿੱਤਾ। ਰਾਜਪੂਤਾਂ ਨੇ ਕੇਸਰੀਆ ਪਾ ਕੇ ਮੈਦਾਨ-ਏ-ਜੰਗ ਵਿੱਚ ਜੂਝਣ ਦਾ ਰਾਹ ਚੁਣਿਆ ਤੇ ਸ਼ਹੀਦ ਹੋਏ। ਰਾਣਾ ਸਾਂਗਾ ਦੀ ਰਾਣੀ ਕਰਨਾਵਤੀ 13,000 ਰਾਜਪੂਤ ਇਸਤਰੀਆਂ ਸਮੇਤ ਜੌਹਰ ਦੀ ਅੱਗ ਵਿੱਚ ਸਮਾ ਗਈ। ਇਸ ਸਾਕੇ ਵਿੱਚ ਕੁਰਬਾਨੀ ਦੀ ਇੱਕ ਅਦੁੱਤੀ ਮਿਸਾਲ ਸਾਹਮਣੇ ਆਈ। ਜੌਹਰ ਕਰਨ ਤੋਂ ਪਹਿਲਾਂ ਰਾਣੀ ਕਰਨਾਵਤੀ ਨੇ ਆਪਣੇ ਪੁੱਤਰ ਉਦੈ ਸਿੰਘ ਨੂੰ ਉਸ ਦੇ ਨਾਨਕੇ ਬੂੰਦੀ ਵਿੱਚ ਸੁਰੱਖਿਅਤ ਭੇਜਣ ਲਈ ਆਪਣੀ ਦਾਸੀ ਪੰਨਾ ਨੂੰ ਸੌਂਪ ਦਿੱਤਾ। ਸੈਨਾਪਤੀ ਬਨਵੀਰ ਜਦੋਂ ਕੁਲ ਦੀ ਆਖ਼ਰੀ ਨਿਸ਼ਾਨੀ ਉਦੈ ਸਿੰਘ ਨੂੰ ਮਾਰਨ ਆਇਆ ਤਾਂ ਪੰਨਾ ਨੇ ਦਿਲ 'ਤੇ ਪੱਥਰ ਰੱਖ ਕੇ ਆਪਣੇ ਪੁੱਤਰ ਚੰਦਨ ਦੇ ਰਾਜਕੁਮਾਰ ਵਾਲੇ ਕੱਪੜੇ ਪਾ ਕੇ ਉਦੈ ਸਿੰਘ ਨਾਲ ਵਟਾ ਦਿੱਤਾ। ਮਾਂ ਵੱਲੋਂ ਆਪਣੇ ਪੁੱਤਰ ਦੀ ਕੁਰਬਾਨੀ ਮੇਵਾੜ ਦੀਆਂ ਲੋਕ ਕਥਾਵਾਂ ਵਿੱਚ ਅਹਿਮ ਥਾਂ ਰੱਖਦੀ ਹੈ। ਇਹ ਬੱਚਾ ਵੱਡਾ ਹੋ ਕੇ ਮੇਵਾੜ ਦਾ ਸ਼ਾਸਕ ਬਣਿਆ ਜਿਸ ਨੇ ਉਦੈਪੁਰ ਵਸਾਇਆ। ਇਸ ਦੇ ਪੁੱਤਰ ਮਹਾਰਾਣਾ ਪ੍ਰਤਾਪ ਨੇ ਮੇਵਾੜ ਦੇ ਇਤਿਹਾਸ ਵਿੱਚ ਸੁਨਹਿਰੀ ਪੈੜਾਂ ਪਾਈਆਂ ਤੇ ਮੇਵਾੜ ਦੀ ਰੱਖਿਆ ਲਈ ਸ਼ਹਾਦਤ ਦਿੱਤੀ। ਚਿਤੌੜ ਦਾ ਤੀਜਾ ਸਾਕਾ 1568 ਵਿੱਚ ਵਾਪਰਿਆ। ਬਾਦਸ਼ਾਹ ਅਕਬਰ ਨੇ ਭਾਰੀ ਮੁਗ਼ਲ ਫ਼ੌਜ ਲੈ ਕੇ ਕਿਲ੍ਹੇ 'ਤੇ ਹਮਲਾ ਕਰ ਦਿੱਤਾ। ਰਾਣਾ ਉਦੈ ਸਿੰਘ ਕਿਲ੍ਹੇ ਦੀ ਰੱਖਿਆ ਦਾ ਭਾਰ ਵੇਦਨੌਰ ਦੇ ਰਾਜਾ ਜੈਮਲ ਅਤੇ ਕੈਲਵਾੜੇ ਦੇ ਰਾਜਾ ਫੱਤੇ ਦੇ ਹੱਥ ਸੌਂਪ ਕੇ ਆਪ ਅਰਾਵਲੀ ਦੀਆਂ ਪਹਾੜੀਆਂ ਵਿੱਚ (ਉਦੈਪੁਰ) ਚਲਿਆ ਗਿਆ। (ਬਾਅਦ ਵਿੱਚ ਉਸ ਨੇ ਉਦੈਪੁਰ ਨੂੰ ਮੇਵਾੜ ਦੀ ਨਵੀਂ ਰਾਜਧਾਨੀ ਬਣਾਇਆ।) ਜੈਮਲ ਅਤੇ ਫੱਤੇ ਨੇ ਮੁਗ਼ਲ ਫ਼ੌਜ ਦਾ ਬਹਾਦਰੀ ਨਾਲ ਟਾਕਰਾ ਕੀਤਾ ਤੇ ਲੜਦੇ-ਲੜਦੇ ਸ਼ਹੀਦ ਹੋਏ। ਜੈਮਲ ਤੇ ਫੱਤੇ ਦੀਆਂ ਵਾਰਾਂ ਅੱਜ ਵੀ ਗਾਈਆਂ ਜਾਂਦੀਆਂ ਹਨ। ਅਕਬਰ ਨੇ ਦੁਰਗ 'ਤੇ ਕਬਜ਼ਾ ਕੀਤਾ ਤੇ ਰਾਜਪੂਤ ਇਸਤਰੀਆਂ ਨੇ ਇਤਿਹਾਸਕ ਰਵਾਇਤ ਕਾਇਮ ਰੱਖਦਿਆਂ ਜੌਹਰ ਕੀਤਾ। ਚਿਤੌੜ ਦੁਰਗ ਦਾ ਸਭ ਤੋਂ ਉੱਚਾ ਤੇ ਸ਼ਾਨਦਾਰ ਸਮਾਰਕ ਵਿਜੇ ਸਤੰਭ ਹੈ। ਇਸ ਨੂੰ ਮਹਾਰਾਣਾ ਕੁੰਭਾ ਨੇ ਬਣਵਾਇਆ ਸੀ। ਇਸ ਦਾ ਨਿਰਮਾਣ 1440 ਤੋਂ 1448 ਦਰਮਿਆਨ ਹੋਇਆ। ਇਹ 9 ਮੰਜ਼ਿਲਾ ਸਤੰਭ 37 ਮੀਟਰ ਉੱਚਾ ਅਤੇ 40 ਫੁੱਟ ਚੌੜਾ ਹੈ। ਸਿਖਰ ਤਕ ਪਹੁੰਚਣ ਲਈ 157 ਘੁਮਾਅਦਾਰ  ਪੌੜੀਆਂ  ਹਨ ਜੋ ਇੰਨੀਆਂ ਭੀੜੀਆਂ ਹਨ ਕਿ ਇੱਕ ਵਾਰ ਇੱਕੋ ਇਨਸਾਨ ਉਪਰ ਚੜ੍ਹਦਾ ਹੈ। ਝੀਲਨੁਮਾ ਤਲਾਅ ਵਿੱਚ ਬਣੇ ਪਦਮਿਨੀ ਮਹਿਲ ਅੰਦਰ ਜਾਣ ਦਾ ਕੋਈ ਰਸਤਾ ਨਹੀਂ ਹੈ। ਮਹਿਲ ਚੁਫ਼ੇਰਿਓਂ ਪਾਣੀ ਨਾਲ ਘਿਰਿਆ ਹੈ। ਸਾਹਮਣੇ ਇੱਕ ਹੋਰ ਇਮਾਰਤ ਹੈ ਜਿਸ ਨੂੰ ਦਾਸੀਆਂ ਦਾ ਮਹਿਲ ਕਿਹਾ ਜਾਂਦਾ ਹੈ। ਇੱਥੋਂ ਹੀ ਸ਼ੀਸ਼ਾ ਲਾ ਕੇ ਪਾਣੀ ਵਾਲੇ ਮਹਿਲ ਦੀਆਂ ਪੌੜੀਆਂ 'ਤੇ ਖੜ੍ਹੀ ਪਦਮਿਨੀ ਦੀ ਝਲਕ ਅਲਾਊਦੀਨ ਖਿਲਜੀ ਨੂੰ ਦਿਖਾਈ ਗਈ ਸੀ। ਇਸ ਇਮਾਰਤ ਵਿੱਚ ਹੁਣ ਵੀ ਸ਼ੀਸ਼ਾ ਲੱਗਿਆ ਹੈ। ਸੀਤਾਫਲ ਦੇ ਰੁੱਖਾਂ ਉਪਰ ਲੰਗੂਰ  ਟਪੂਸੀਆਂ ਮਾਰ ਰਹੇ ਸਨ। ਗਾਈਡ ਸਾਨੂੰ ਖੁੱਲ੍ਹੀ ਜਗ੍ਹਾ ਦਿਖਾਉਂਦਿਆਂ ਦੱਸ ਰਿਹਾ ਸੀ ਕਿ ਇਹ ਜੌਹਰ ਕੁੰਡ ਹੈ ਜਿੱਥੇ ਹਜ਼ਾਰਾਂ ਰਾਜਪੂਤ ਇਸਤਰੀਆਂ ਨੇ ਜੌਹਰ ਕੀਤਾ। ਇਸ ਥਾਂ ਨੂੰ ਮਹਾਂਸਤੀ ਸਥਲ ਵੀ ਕਹਿੰਦੇ ਹਨ। ਕੁਝ ਸਥਾਨਕ ਲੋਕਾਂ ਦਾ ਮਤ ਹੈ ਕਿ ਰਾਣਾ ਕੁੰਭਾ ਦੇ ਮਹਿਲ ਵਿੱਚ ਕੁਝ ਭੂਮੀਗਤ ਤਹਿਖਾਨੇ ਅਤੇ ਸੁਰੰਗਾਂ ਹਨ ਜਿੱਥੇ ਜੌਹਰ ਹੋਏ। ਇਸ ਤੋਂ ਅੱਗੇ ਗੌਮੁੱਖ ਕੁੰਡ ਹੈ। ਇਹ ਕੁਝ ਡੂੰਘਾਈ ਵਿੱਚ ਬਣਿਆ ਤਲਾਅ ਹੈ ਜਿਸ ਵਿੱਚ ਗਊ ਦੇ ਮੂੰਹ ਵਰਗੀ ਚੱਟਾਨ ਤੋਂ ਝਰਨੇ ਦੇ ਰੂਪ ਵਿੱਚ ਡਿੱਗ ਕੇ ਪਾਣੀ ਇਕੱਤਰ ਹੁੰਦਾ ਹੈ। ਸਥਾਨਕ ਸ਼ਰਧਾਲੂ ਇਸ ਨੂੰ ਪਵਿੱਤਰ ਮੰਨਦਿਆਂ ਇੱਥੇ ਇਸ਼ਨਾਨ ਕਰਦੇ ਹਨ। ਪ੍ਰਾਚੀਨ ਸਮੇਂ ਵਿੱਚ ਇਹ ਥਾਂ ਮੰਦਾਕਨੀ ਨਾਂ ਦੇ ਤੀਰਥ ਨਾਲ ਜਾਣਿਆ ਜਾਂਦਾ ਸੀ। ਕਹਿੰਦੇ ਹਨ ਕਿ ਰਾਣੀਆਂ ਦੇ ਇਸ਼ਨਾਨ ਕਰਨ ਲਈ ਕੁੰਭਾ ਮਹਿਲ ਤੋਂ ਇੱਥੇ ਤਕ ਸਿੱਧੀ ਸੁਰੰਗ ਬਣਾਈ ਗਈ ਸੀ। ਕੁੰਡ ਦੇ ਉੱਤਰੀ ਕਿਨਾਰੇ 'ਤੇ ਜੈਨ ਤੀਰਥਾਂਕਰ ਭਗਵਾਨ ਪਾਰਸ਼ਵਨਾਥ ਦਾ ਮੰਦਰ ਹੈ। ਕਿਲ੍ਹੇ ਦੇ ਧੁਰ ਪੂਰਬੀ ਪਾਸੇ ਸੂਰਜ ਪੋਲ ਹੈ। ਸੂਰਜਵੰਸ਼ੀ ਰਾਜੇ-ਰਾਣੀਆਂ ਇੱਥੋਂ ਸੂਰਜ ਨੂੰ ਜਲ ਚੜ੍ਹਾਉਂਦੇ ਸਨ। ਜੈਮਲ ਤੇ ਫੱਤੇ ਦੀ ਸ਼ਹੀਦੀ ਵੀ ਇਸ ਥਾਂ ਨੇੜੇ ਹੋਈ ਸੀ। ਇੱਥੋਂ ਘਾਟੀ ਵਿੱਚ ਦੂਰ-ਦੂਰ ਤਕ ਫੈਲੇ ਜੰਗਲ ਦਾ ਸ਼ਾਨਦਾਰ ਦ੍ਰਿਸ਼ ਨਜ਼ਰ ਆਉਂਦਾ ਹੈ। ਰੁੱਖਾਂ ਦਾ ਝੁੰਡ ਲੇਟੇ ਹੋਏ ਮਨੁੱਖ ਦੀ ਆਕ੍ਰਿਤੀ ਬਣਾਉਂਦਾ ਨਜ਼ਰ ਆਉਂਦਾ ਹੈ। ਸੂਰਜ ਪੋਲ ਦੇ ਨੇੜੇ ਹੀ ਕੀਰਤੀ ਸਤੰਭ ਹੈ ਜਿਸ ਦਾ ਨਿਰਮਾਣ 12ਵੀਂ ਸਦੀ ਵਿੱਚ ਇੱਕ ਜੈਨ ਮਹਾਜਨ ਵੱਲੋਂ ਕਰਵਾਇਆ ਗਿਆ ਸੀ। ਸੱਤ ਮੰਜ਼ਿਲਾ ਇਹ ਸਤੰਭ ਲਗਪਗ 22 ਮੀਟਰ ਉੱਚਾ ਹੈ ਜੋ ਪਹਿਲੇ ਜੈਨ ਤੀਰਥਾਂਕਰ ਆਦਿਨਾਥ ਨੂੰ ਸਮਰਪਿਤ ਹੈ। ਸਤੰਭ ਦੇ ਆਲੇ-ਦੁਆਲੇ ਜੈਨ ਤੀਰਥਾਂਕਰ ਦੀਆਂ ਮੂਰਤੀਆਂ ਖੁਣੀਆਂ ਹਨ। ਕਿਲ੍ਹੇ ਵਿਚਲੀਆਂ ਇਤਿਹਾਸਕ ਥਾਵਾਂ ਦੇਖ ਕੇ ਅਸੀਂ ਅਗਲੇ ਸਫ਼ਰ 'ਤੇ ਤੁਰ ਪਏ। ਇਸ ਦੌਰਾਨ ਬਾਬੂ ਰਜਬ ਅਲੀ ਦੇ ਬੋਲ ਮਨ ਵਿੱਚ ਗੂੰਜਦੇ ਰਹੇ: ਕੌਲ ਨੀਂ ਭਦੌੜ ਜੈਸਾ, ਡਾਕੂ ਜਿਉਣੇ ਮੌੜ ਜੈਸਾ ਕਿਲ੍ਹਾ ਵੀ ਚਿਤੌੜ ਜੈੈਸਾ ਕਿਸੇ ਦੇਸ਼ ਹੋਣਾ ਨੀ...।

ਸੰਪਰਕ: 81462-11644

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All