ਰਾਜਸਥਾਨ: ਗਊ ਤਸਕਰੀ ਦੇ ਸ਼ੱਕ ਹੇਠ ਨੌਜਵਾਨ ਦੀ ਹੱਤਿਆ

Widow of 28 year old Akabar Khan lynched in Alwar. A TRIBUNE PHOTO ਅਕਬਰ ਖਾਨ ਦੀ (ਇਨਸੈੱਟ) ਮੌਤ ਦੀ ਖ਼ਬਰ ਸੁਣ ਕੇ ਵਿਰਲਾਪ ਕਰਦੇ ਹੋਏ ਉਸ ਦੇ ਸਕੇ ਸਬੰਧੀ।

ਜੈਪੁਰ, 21 ਜੁਲਾਈ ਰਾਜਸਥਾਨ ਦੇ ਅਲਵਰ ਜ਼ਿਲੇ ਵਿੱਚ ਭੀੜ ਨੇ ਇਕ ਸ਼ਖ਼ਸ ਨੂੰ ਗਊ ਤਸਕਰੀ ਦੇ ਸ਼ੱਕ ਹੇਠ ਕੁੱਟ ਕੁੱਟ ਕੇ ਮਾਰ ਦਿੱਤਾ ਹੈ। ਰਾਮਗੜ੍ਹ ਪੁਲੀਸ ਸਟੇਸ਼ਨ ਦੇ ਐਸਐਚਓ ਸੁਭਾਸ਼ ਸ਼ਰਮਾ ਨੇ ਦੱਸਿਆ ਕਿ 28 ਸਾਲਾ ਅਕਬਰ ਖ਼ਾਨ ਤੇ ਉਸ ਦਾ ਮਿੱਤਰ ਅਸਲਮ ਹਰਿਆਣੇ ’ਚ ਆਪਣੇ ਪਿੰਡ ਦੋ ਗਊਆਂ ਲੈ ਕੇ ਜਾ ਰਹੇ ਸਨ । ਰਾਤੀਂ ਜਦੋਂ ਉਹ ਅਲਵਰ ਜ਼ਿਲੇ ਦੇ ਲਾਲਾਵੰਦੀ ਪਿੰਡ ਲਾਗੇ ਜੰਗਲ ਦੇ ਇਲਾਕੇ ’ਚੋਂ ਲੰਘ ਰਹੇ ਸਨ ਤਾਂ ਪੰਜ ਕੁ ਬੰਦਿਆਂ ਨੇ ਉਨ੍ਹਾਂ ’ਤੇ ਹਮਲਾ ਕਰ ਦਿੱਤਾ। ਉਨ੍ਹਾਂ ਕਿਹਾ ਕਿ ਇਸ ਦੋਸ਼ ਦੀ ਅਜੇ ਪੁਸ਼ਟੀ ਨਹੀਂ ਹੋ ਸਕੀ ਕਿ ਅਕਬਰ ਖ਼ਾਨ ਗਉੂ ਤਸਕਰੀ ਵਿੱਚ ਸ਼ਾਮਲ ਸੀ। ਪੁਲੀਸ ਨੇ ਦੋ ਜਣਿਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਜਦਕਿ ਮੁੱਖ ਮੰਤਰੀ ਵਸੁੰਧਰਾ ਰਾਜੇ ਨੇ ਇਸ ਕੇਸ ਵਿੱਚ ਸਖ਼ਤ ਕਾਰਵਾਈ ਦਾ ਭਰੋਸਾ ਦਿਵਾਇਆ ਹੈ। ਪ੍ਰਦੇਸ਼ ਕਾਂਗਰਸ ਪ੍ਰਧਾਨ ਸਚਿਨ ਪਾਇਲਟ ਤੇ ਸਾਬਕਾ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਇਸ ਘਟਨਾ ਦੀ ਨਿੰਦਾ ਕਰਦਿਆਂ ਕਿਹਾ ਕਿ ਭਾਜਪਾ ਦੇ ਸਾਸ਼ਨ ਹੇਠਲੇ ਰਾਜਾਂ ਵਿੱਚ ਸ਼ੱਕ ਦੀ ਬਿਨਾਅ ’ਤੇ ਕਤਲ ਕਰਨਾ ਆਮ ਵਰਤਾਰਾ ਬਣ ਗਿਆ ਹੈ। ਉਨ੍ਹਾਂ ਕਿਹਾ ਕਿ ਪਹਿਲੂ ਖ਼ਾਨ ਦੀ ਹੱਤਿਆ ਤੋਂ ਇਕ ਸਾਲ ਬਾਅਦ ਅਖੌਤੀ ਗਊ ਰੱਖਿਅਕਾਂ ਨੇ ਇਕ ਹੋਰ ਮੁਸਲਮਾਨ ਦੀ ਜਾਨ ਲੈ ਲਈ ਹੈ। ਪੁਲੀਸ ਜਦੋਂ ਮੌਕੇ ’ਤੇ ਪੁੱਜੀ ਤਾਂ ਅਕਬਰ ਖ਼ਾਨ ਨੇ ਘਟਨਾ ਦੇ ਵੇਰਵੇ ਪੁਲੀਸ ਕਰਮੀਆਂ ਨੂੰ ਦੱਸੇ ਤੇ ਰਾਮਗੜ੍ਹ ਦੇ ਸਰਕਾਰੀ ਹਸਪਤਾਲ ਲਿਜਾਂਦਿਆਂ ਰਾਹ ਵਿੱਚ ਉਸ ਨੇ ਦਮ ਤੋੜ ਦਿੱਤਾ। ਮਕਤੂਲ ਦੇ ਪਿਤਾ ਸੁਲੇਮਾਨ ਖ਼ਾਨ ਨੇ ਕਿਹਾ ‘‘ਹਮਲਾਵਰਾਂ ਨੂੰ ਤੁਰੰਤ ਗ੍ਰਿਫ਼ਤਾਰ ਕੀਤਾ ਜਾਣਾ ਚਾਹੀਦਾ ਹੈ। ਅਸੀਂ ਇਨਸਾਫ਼ ਚਾਹੁੰਦੇ ਹਾਂ।’’ ਪੁਲੀਸ ਨੇ ਕਤਲ ਦਾ ਕੇਸ ਦਰਜ ਕਰ ਲਿਆ ਹੈ। ਜੈਪੁਰ ਰੇਂਜ ਦੇ ਆਈਜੀ ਹੇਮੰਤ ਪ੍ਰਿਆਦਰਸ਼ੀ ਨੇ ਕਿਹਾ ਕਿ ਦੋ ਮੁਲਜ਼ਮਾਂ ਧਰਮੇਂਦਰ ਯਾਦਵ ਤੇ ਪਰਮਜੀਤ ਸਿੰਘ ਸਰਦਾਰ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਤੇ ਹੋਰਨਾਂ ਮੁਲਜ਼ਮਾਂ ਨੂੰ ਵੀ ਜਲਦੀ ਕਾਬੂ ਕਰ ਲਿਆ ਜਾਵੇਗਾ। ਮ੍ਰਿਤਕ ਦੇ ਆਖਰੀ ਵੇਲੇ ਦੇ ਬਿਆਨ ਮੁਤਾਬਕ ਪੰਜ ਬੰਦਿਆਂ ਨੇ ਉਸ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਸੀ। ਆਈਜੀ ਨੇ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਅਕਬਰ ਤੇ ਅਸਲਮ ਨੇ ਪਿੰਡ ਲਾਡਪੁਰ ’ਚੋਂ ਦੋ ਗਾਵਾਂ ਖਰੀਦੀਆਂ ਸਨ ਤੇ ਉਨ੍ਹਾਂ ਨੂੰ ਹਰਿਆਣਾ ਦੇ ਨੁੂਹ ਜ਼ਿਲੇ ਵਿੱਚ ਆਪਣੇ ਪਿੰਡ ਕੋਲਗਾਓਂ ਲੈ ਕੇ ਆ ਰਹੇ ਸਨ। ਅਕਬਰ ਦਾ ਦੋਸਤ ਅਸਲਮ ਕਿਸੇ ਤਰ੍ਹਾਂ ਹਮਲਾਵਰਾਂ ਤੋਂ ਬਚ ਕੇ ਦੌੜ ਗਿਆ ਪਰ ਪੁਲੀਸ ਅਜੇ ਤੱਕ ਉਸ ਦਾ ਬਿਆਨ ਨਹੀਂ ਲੈ ਸਕੀ। ਪ੍ਰਿਆਦਰਸ਼ੀ ਨੇ ਕਿਹਾ ਕਿ ਪਹਿਲੀ ਨਜ਼ਰੇ ਅਕਬਰ ਖ਼ਾਨ ਦੀ ਅੰਦਰੂਨੀ ਸੱਟਾਂ ਕਾਰਨ ਮੌਤ ਹੋਈ ਹੈ ਤੇ ਇਹ ਜਾਂਚ ਕੀਤੀ ਜਾ ਰਹੀ ਹੈ ਕਿ ਕੀ ਕਿਸੇ ਤਰ੍ਹਾਂ ਅਕਬਰ ਤੇ ਅਸਲਮ ਦਾ ਪਿਛੋਕੜ ਗਊ ਤਸਕਰੀ ਨਾਲ ਜੁੜਿਆ ਹੋਇਆ ਸੀ ਜਾਂ ਨਹੀਂ।

ਮੋਦੀ ਨੂੰ ਬਦਨਾਮ ਕਰਨ ਲਈ ਕੀਤਾ ਗਿਆ ਕਤਲ: ਮੇਘਵਾਲ ਨਵੀਂ ਦਿੱਲੀ: ਕੇਂਦਰੀ ਮੰਤਰੀ ਅਰਜਨ ਮੇਘਵਾਲ ਨੇ ਇਹ ਕਹਿ ਕੇ ਵਿਵਾਦ ਖੜਾ ਕਰ ਦਿੱਤਾ ਕਿ ਅਲਵਰ ਵਿੱਚ ਵਾਪਰੀ ਹਜੂਮੀ ਕਤਲ ਦੀ ਘਟਨਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਲੋਕਪ੍ਰਿਅਤਾ ਨਾਲ ਜੁੜੀ ਹੋਈ ਹੈ ਤੇ ਜਿਉਂ ਜਿਉਂ ਸ੍ਰੀ ਮੋਦੀ ਹੋਰ ਲੋਕਪ੍ਰਿਅ ਹੁੰਦੇ ਜਾਣਗੇ ਇਹੋ ਜਿਹੀਆਂ ਘਟਨਾਵਾਂ ਵਾਪਰਦੀਆਂ ਰਹਿਣਗੀਆਂ। ਸ੍ਰੀ ਮੇਘਵਾਲ ਨੇ ਕਿਹਾ ‘‘ ਅਸੀਂ ਹਜੂਮੀ ਕਤਲ ਦੀ ਨਿੰਦਾ ਕਰਦੇ ਹਾਂ ਪਰ ਇਹ ਇਕੱਲੀ ਇਕਹਿਰੀ ਘਟਨਾ ਨਹੀਂ ਹੈ। ਤੁਹਾਨੂੰ ਇਤਿਹਾਸ ’ਤੇ ਝਾਤ ਮਾਰਨੀ ਪਵੇਗੀ। ਇਹ ਕਿਉਂ ਵਾਪਰਦੀ ਹੈ? ਕੀਹਨੂੰ ਰੋਕਣਾ ਚਾਹੀਦਾ ਹੈ? 1984 ਵਿੱਚ ਸਿੱਖਾਂ ਨਾਲ ਕੀ ਵਾਪਰਿਆ ਸੀ ਜਦੋਂ ਇਸ ਮੁਲਕ ਦੇ ਇਤਿਹਾਸ ਵਿੱਚ ਹਜੂਮੀ ਹੱਤਿਆਵਾਂ ਦੀ ਸਭ ਤੋਂ ਵੱਡੀ ਘਟਨਾ ਵਾਪਰੀ ਸੀ।’’ ਐਮਪੀ ਅਸਦੂਦੀਨ ਓਵੈਸੀ ਨੇ ਕਿਹਾ ਕਿ ਸਵਾ ਚਾਰ ਸਾਲਾਂ ਦਾ ਮੋਦੀ ਰਾਜ ‘ਲਿੰਚ ਰਾਜ’ ਬਣ ਕੇ ਰਹਿ ਗਿਆ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All